ਕੁਲਗਾਮ ‘ਚ ਲਸ਼ਕਰ ਦੇ 2 ਅੱਤਵਾਦੀ ਹਲਾਕ

Home » Blog » ਕੁਲਗਾਮ ‘ਚ ਲਸ਼ਕਰ ਦੇ 2 ਅੱਤਵਾਦੀ ਹਲਾਕ
ਕੁਲਗਾਮ ‘ਚ ਲਸ਼ਕਰ ਦੇ 2 ਅੱਤਵਾਦੀ ਹਲਾਕ

ਸ੍ਰੀਨਗਰ / ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ‘ਚ ਮੰਗਲਵਾਰ ਨੂੰ ਹੋਏ ਮੁਕਾਬਲੇ ‘ਚ ਲਸ਼ਕਰ-ਏ-ਤਾਇਬਾ ਦੇ 2 ਅੱਤਵਾਦੀ ਮਾਰੇ ਗਏ ਹਨ, ਜਿਨ੍ਹਾਂ ‘ਚੋਂ ਇਕ ਅੱਤਵਾਦੀ ਸੰਗਠਨ ਦੇ ‘ਹਿੱਟ-ਸੁਕਾਡ’ ਟੀ.ਆਰ.ਐਫ. ਦਾ ਜ਼ਿਲ੍ਹਾ ਕਮਾਂਡਰ ਹੈ ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਕੁਲਗਾਮ ਦੇ ਵਓਕੇ ਪਿੰਡ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ‘ਤੇ ਫ਼ੌਜ ਦੀ 9 ਆਰ.ਆਰ., ਪੁਲਿਸ ਤੇ ਸੀ.ਆਰ.ਪੀ.ਐਫ. ਦੀ 18 ਬਟਾਲੀਅਨ ਵਲੋਂ ਅੱਜ ਤੜਕੇ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ ਗਈ, ਜਦੋਂ ਸੁਰੱਖਿਆ ਬਲਾਂ ਦੇ ਜਵਾਨ ਇਲਾਕੇ ਨੂੰ ਘੇਰੇ ‘ਚ ਲੈ ਕੇ ਅਬਦੁਲ ਹਮੀਦ ਦੇ ਮਕਾਨ ਵੱਲ ਵਧੇ ਤਾਂ ਲੁਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ । ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਕਈ ਵਾਰ ਹਥਿਆਰ ਸੁੱਟ ਕੇ ਬਾਹਰ ਆਉਣ ਤੇ ਆਤਮ-ਸਮਰਪਣ ਕਰਨ ਦੀ ਅਪੀਲ ਕੀਤੀ, ਪਰ ਉਨ੍ਹਾਂ ਗੋਲੀਬਾਰੀ ਦਾ ਸਿਲਸਿਲਾ ਜਾਰੀ ਰੱਖਿਆ ਤਾਂ ਸੁਰੱਖਿਆ ਬਲਾਂ ਨੇ ਜਵਾਬੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਕਈ ਘੰਟੇ ਜਾਰੀ ਰਹੇ ਦੁਪਾਸੜ ਮੁਕਾਬਲੇ ‘ਚ ਦੋਵੇਂ ਅੱਤਵਾਦੀ ਮਾਰੇ ਗਏ ।

ਪੁਲਿਸ ਨੇ ਤਲਾਸ਼ੀ ਦੌਰਾਨ ਅੱਤਵਾਦੀਆਂ ਦੀਆਂ ਲਾਸ਼ਾਂ ਕੋਲੋਂ ਇਕ ਏ.ਕੇ.-47 ਰਾਈਫਲ ਤੇ ਇਕ ਪਿਸਤੌਲ ਬਰਾਮਦ ਕੀਤੀ ਹੈ । ਕਸ਼ਮੀਰ ਰੇਂਜ ਦੇ ਆਈ.ਜੀ.ਪੀ. ਵਿਜੇ ਕੁਮਾਰ ਨੇ 2 ਅੱਤਵਾਦੀਆਂ ਦੇ ਮਾਰੇ ਜਾਣ ਦੀ ਤਸਦੀਕ ਕਰਦਿਆਂ ਇਨ੍ਹਾਂ ਦੀ ਪਛਾਣ ਲਸ਼ਕਰ ਦੇ ਹਿੱਟ-ਸੁਕਾਡ ਟੀ.ਆਰ.ਐਫ. ਦੇ ਅੱਤਵਾਦੀ ਆਮਿਰ ਅਹਿਮਦ ਵਾਨੀ ਆਲਮ ਗੰਜ, ਸ਼ੋਪੀਆਂ ਤੇ ਸਮੀਰ ਅਹਿਮਦ ਖਾਨ ਟਿਕਨ ਪੁਲਵਾਮਾ ਚੱਕ ਚੌਲਾਨ, ਸ਼ੋਪੀਆਂ ਵਜੋਂ ਕੀਤੀ ਹੈ । ਇਹ ਦੱਖਣੀ ਕਸ਼ਮੀਰ ‘ਚ ਕਈ ਅੱਤਵਾਦੀ ਵਾਰਦਾਤਾਂ ਲਈ ਜ਼ਿੰਮੇਵਾਰ ਸਨ ਅਤੇ ਆਮਿਰ ਅਹਿਮਦ ਟੀ.ਆਰ.ਐਫ. ਦਾ ਜ਼ਿਲ੍ਹਾ ਕਮਾਂਡਰ ਸੀ । ਉਨ੍ਹਾਂ ਦੱਸਿਆ ਕਿ ਵਾਦੀ ਕਸ਼ਮੀਰ ‘ਚ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ ਤੇ ਸਾਲ ਦੇ ਪਹਿਲੇ ਚਾਰ ਦਿਨਾਂ ‘ਚ 2 ਵਿਦੇਸ਼ੀ ਅੱਤਵਾਦੀਆਂ ਸਮੇਤ 6 ਅੱਤਵਾਦੀ ਮਾਰੇ ਜਾ ਚੁੱਕੇ ਹਨ ।

Leave a Reply

Your email address will not be published.