ਕੁਰੂਕਸ਼ੇਤਰ  ਚ ਹੋਵੇਗਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈੱਡਕੁਆਰਟਰ

ਚੰਡੀਗੜ੍ਹ : ਹਰਿਆਣਾ ਦੇ ਗੁਰਦੁਆਰਿਆਂ ਦੇ ਸੰਚਾਲਨ ਤੇ ਰੱਖ-ਰਖਾਅ ਲਈ ਜਲਦੀ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਕਮੇਟੀ ਦਾ ਗਠਨ ਹੋਵੇਗਾ। ਸੂਬਾ ਸਰਕਾਰ ਨੇ ਸੂਬੇ ਦੇ 52 ਗੁਰਦੁਆਰਿਆਂ ਦਾ 18 ਮਹੀਨੇ ਲਈ ਸੰਚਾਲਨ ਕਰਨ ਲਈ 38 ਮੈਂਬਰੀ ਆਰਜ਼ੀ ਕਮੇਟੀ ਬਣਾਈ ਹੈ। ਇਨ੍ਹਾਂ 38 ਮੈਂਬਰਾਂ ’ਚੋਂ 11 ਮੈਂਬਰ ਕਾਰਜ ਸੰਚਾਲਨ ਕਮੇਟੀ ਗਠਿਤ ਕੀਤੀ ਜਾਵੇਗੀ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਪ੍ਰਧਾਨ ਤੋਂ ਇਲਾਵਾ ਇਕ ਸੀਨੀਅਰ ਮੀਤ ਪ੍ਰਧਾਨ, ਇਕ ਮੀਤ ਪ੍ਰਧਾਨ, ਇਕ ਜਨਰਲ ਸਕੱਤਰ ਤੇ ਇਕ ਜੁਆਇੰਟ ਸਕੱਤਰ ਬਣਾਏ ਜਾਣਗੇ। ਬਾਕੀ ਛੇ ਮੈਂਬਰ ਹੋਣਗੇ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈੱਡਕੁਆਰਟਰ ਕੁਰੂਕਸ਼ੇਤਰ ਹੋਵੇਗਾ, ਜਦਕਿ ਦੋ ਖੇਤਰੀ ਦਫ਼ਤਰ ਖੋਲ੍ਹੇ ਜਾਣਗੇ। ਇਕ ਦਫ਼ਤਰ ਜੀਂਦ ’ਚ ਤਾਂ ਦੂਜਾ ਪੰਚਕੂਲਾ ’ਚ ਖੋਲ੍ਹਿਆ ਜਾਵੇਗਾ। ਹਰਿਆਣਾ ’ਚ ਤਿੰਨ ਲੋਕ ਸਭਾ ਖੇਤਰ ਤੇ 27 ਵਿਧਾਨ ਸਭਾ ਖੇਤਰ ਅਜਿਹੇ ਹਨ, ਜੋ ਸਿੱਖ ਬਹੁਗਿਣਤੀ ਹਨ। ਇਨ੍ਹਾਂ ਸੀਟਾਂ ’ਤੇ ਸਿੱਖ ਵੋਟਰ ਉਮੀਦਵਾਰਾਂ ਦੀ ਹਾਰ ਜਿੱਤ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸੁਪਰੀਮ ਕੋਰਟ ਨੇ ਹਰਿਆਣਾ ਦੀ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦਿੱਤੀ ਹੈ। ਹੁਣ ਤਕ ਹਰਿਆਣਾ ਦੇ ਸਾਰੇ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਅਧੀਨ ਕੰਮ ਕਰ ਰਹੇ ਸਨ, ਜਿਸ ਕਾਰਨ ਇੱਥੋਂ ਦੇ ਗੁਰੂ ਘਰਾਂ ਦਾ ਚੜ੍ਹਾਵਾ ਪੰਜਾਬ ਚਲਾ ਜਾਂਦਾ ਸੀ। ਹਰਿਆਣਾ ਦੇ ਸਿੱਖਾਂ ਨੇ ਸੂਬੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਕਾਰਜਕਾਲ ’ਚ ਕੀਤਾ, ਪਰ ਪੂੁਰੇ ਪ੍ਰਾਜੈਕਟ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਰਕਾਰ ਨੇ ਸਿਰੇ ਚੜ੍ਹਾਇਆ ਹੈ। ਕੁਰੂਕਸ਼ੇਤਰ ਦੇ ਡੀਸੀ ਸਾਰੇ 38 ਮੈਂਬਰਾਂ ਨੂੰ ਅਹੁਦੇ ਤੇ ਗੋਪਨੀਤਾ ਦੀ ਸਹੁੰ ਚੁਕਾਉਣਗੇ। ਇਸਦੇ ਲਈ ਤਰੀਕ ਦਾ ਐਲਾਨ ਹੋਣਾ ਬਾਕੀ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਲਈ ਐਡਹਾਕ ਕਮੇਟੀ ਕਰੀਬ ਅੱਠ ਸਾਲ ਦੀ ਲੰਬੀ ਉਡੀਕ ਮਗਰੋਂ ਬਣੀ ਹੈ। ਐਡਹਾਕ ਕਮੇਟੀ ’ਚ ਅੱਠ ਪੁਰਾਣੇ ਮੈਂਬਰਾਂ ਨੂੰ ਮੁੜ ਤੋਂ ਜਗ੍ਹਾ ਮਿਲੀ ਹੈ, ਜਦਕਿ 10 ਵੱਡੇ ਚਿਹਰੇ ਬਾਹਰ ਹੋ ਗਏ। ਸਰਕਾਰ ਨੇ ਜਿਨ੍ਹਾਂ 38 ਮੈਂਬਰਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ, ਉਨ੍ਹਾਂ ’ਚ 30 ਨਵੇਂ ਚਿਹਰੇ ਸ਼ਾਮਲ ਹਨ।

Leave a Reply

Your email address will not be published. Required fields are marked *