ਕੁਪਵਾੜਾ ‘ਚ ਮੁਕਾਬਲੇ ਦੌਰਾਨ ਹਿਜ਼ਬੁਲ ਦਾ ਚੋਟੀ ਦਾ ਕਮਾਂਡਰ ਹਲਾਕ

Home » Blog » ਕੁਪਵਾੜਾ ‘ਚ ਮੁਕਾਬਲੇ ਦੌਰਾਨ ਹਿਜ਼ਬੁਲ ਦਾ ਚੋਟੀ ਦਾ ਕਮਾਂਡਰ ਹਲਾਕ
ਕੁਪਵਾੜਾ ‘ਚ ਮੁਕਾਬਲੇ ਦੌਰਾਨ ਹਿਜ਼ਬੁਲ ਦਾ ਚੋਟੀ ਦਾ ਕਮਾਂਡਰ ਹਲਾਕ

ਸ੍ਰੀਨਗਰ / ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਹੰਦਵਾੜਾ ਇਲਾਕੇ ‘ਚ ਸੁਰੱਖਿਆ ਬਲਾਂ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਉਨ੍ਹਾਂ ਨੇ ਪਿਛਲੇ 9 ਸਾਲ ਤੋਂ ਹਿਜ਼ਬੁਲ ਮੁਜਾਹਦੀਨ ਦੇ ਅਤਿ ਲੋੜੀਂਦੇ ਕਮਾਂਡਰ ਮਹਿਰਾਜ-ਉ-ਦੀਨ ਹਲਵਾਈ (36) ਉਰਫ਼ ਓਬੇਦ ਨੂੰ ਕਾਰਵਾਈ ਦੌਰਾਨ ਹਲਾਕ ਕਰ ਦਿੱਤਾ |

ਸੂਤਰਾਂ ਅਨੁਸਾਰ ਹੰਦਵਾੜਾ ਦੇ ਕਰਾਲਗੁੰਡ ਇਲਾਕੇ ‘ਚ ਸੋਮਵਾਰ ਦੇਰ ਸ਼ਾਮ ਪੁਲਿਸ ਅਤੇ ਐਸ.ਐਸ.ਬੀ ਵਲੋਂ ਲਗਾਏ ਨਾਕੇ ਦੌਰਾਨ ਜਦ ਮਹਿਰਾਜ-ਉ-ਦੀਨ ਕਾਰ ‘ਚ ਸਵਾਰ ਹੋ ਕੇ ਅਚਾਨਕ ਨਾਕੇ ਨੇੜੇ ਪਹੁੰਚਿਆ ਤਾਂ ਉਸ ਨੇ ਚਲਾਕੀ ਨਾਲ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਤੁਰੰਤ ਦਬੋਚ ਲਿਆ ਗਿਆ | ਕਾਰ ਦੀ ਤਲਾਸ਼ੀ ਦੌਰਾਨ ਇਕ ਗ੍ਰਨੇਡ ਬਰਾਮਦ ਹੋਇਆ, ਉਸ ਨੂੰ ਤੁਰੰਤ ਨੇੜੇ ਦੀ ਪੁਲਿਸ ਚੌਕੀ ਵਿਖੇ ਪੁੱਛਗਿੱਛ ਲਈ ਪਹੁੰਚਾਇਆ ਗਿਆ | ਜਿਥੇ ਉਸ ਨੇ ਆਪਣੀ ਸ਼ਨਾਖਤ ਹਿਜ਼ਬੁਲ ਦੇ ਅੱਤਵਾਦੀ ਵਜੋਂ ਜ਼ਾਹਿਰ ਕਰ ਦਿੱਤੀ | ਪੁਲਿਸ ਨੇ ਇਸ ਕੋਲੋਂ ਸੰਗਠਨ ਅਤੇ ਹਥਿਆਰਾਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਜਿਸ ‘ਤੇ ਉਸ ਨੇ ਪੰਜ਼ੀਪੋਰਾ ਪਿੰਡ ਵਿਖੇ ਲੁਕਾਏ ਹਥਿਆਰਾਂ ਬਾਰੇ ਜਾਣਕਾਰੀ ਦਿੱਤੀ |

32 ਆਰ.ਆਰ. 92 ਸੀ.ਆਰ.ਪੀ.ਐਫ. ਅਤੇ ਪੁਲਿਸ ਟੀਮ ਜਦ ਹੰਦਵਾੜਾ ਦੇ ਪੰਜ਼ੀਪੋਰਾ ਪਿੰਡ ਪਹੁੰਚੀ ਤਾਂ ਉਕਤ ਅੱਤਵਾਦੀ ਨੇ ਉਥੇ ਲੁਕਾ ਕੇ ਰੱਖੀ ਏ.ਕੇ. 47 ਚੁੱਕ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ‘ਚ ਮਹਿਰਾਜ-ਉ-ਦੀਨ ਮਾਰਿਆ ਗਿਆ | ਤਲਾਸ਼ੀ ਦੌਰਾਨ ਪੁਲਿਸ ਨੇ ਏ.ਕੇ. 47, 4 ਏ.ਕੇ. ਮੈਗਜ਼ੀਨ, ਇਕ ਪਾਵਰ ਬੈਂਕ, ਕੰਬਲ, ਦਵਾਈਆਂ, ਸੰਗਠਨ ਨਾਲ ਜੁੜੇ ਦਸਤਾਵੇਜ਼ ਬਰਾਮਦ ਕੀਤੇ | ਕਸ਼ਮੀਰ ਰੇਂਜ ਦੇ ਆਈ.ਜੀ.ਪੀ. ਵਿਜੇ ਕੁਮਾਰ ਨੇ ਹਿਜ਼ਬੁਲ ਦੇ ਮਾਰੇ ਗਏ ਅਤਿ ਲੋੜੀਂਦੇ ਅੱਤਵਾਦੀ ਮਹਿਰਾਜ-ਉ-ਦੀਨ ਦੇ ਮਾਰੇ ਜਾਣ ਦੀ ਤਸਦੀਕ ਕਰਦਾ ਇਸ ਨੂੰ ਸੁਰੱਖਿਆ ਬਲਾਂ ਲਈ ਭਾਰੀ ਸਫਲਤਾ ਦੱਸਿਆ | ਪੁਲਿਸ ਅਨੁਸਾਰ 12ਵੀਂ ਪਾਸ ਮਹਿਰਾਜ-ਉ-ਦੀਨ ਨੂੰ ਸੰਚਾਰ ਦੀਆਂ ਆਧੁਨਿਕ ਬਾਰੀਕੀਆਂ ਅਤੇ ਇੰਟਰਨੈੱਟ ਮੀਡੀਆ ਦੀ ਚੰਗੀ ਜਾਣਕਾਰੀ ਸੀ | ਜਿਸ ਦੁਆਰਾ ਉਹ ਨੌਜਵਾਨਾਂ ਨੂੰ ਅੱਤਵਾਦੀ ਸੰਗਠਨਾਂ ‘ਚ ਸ਼ਾਮਿਲ ਕਰਨ ਲਈ ਪ੍ਰੇਰਦਾ ਸੀ | ਸੁਰੱਖਿਆ ਬਲਾਂ ਦੀ ਅਤਿ ਲੋੜੀਂਦੇ 10 ਅੱਤਵਾਦੀਆਂ ਦੀ ਸੂਚੀ ‘ਚ ਉਹ ਚੌਥੇ ਨੰਬਰ ‘ਤੇ ਸੀ |

Leave a Reply

Your email address will not be published.