ਇਨਸੌਮਨੀਆ ਯਾਨੀ ਨੀਂਦ ਨਾ ਆਉਣਾ ਇਕ ਅਜਿਹੀ ਗੰਭੀਰ ਸਮੱਸਿਆ ਹੈ, ਜੋ ਅੱਜ ਦੇ ਸਮੇਂ ਆਮ ਹੁੰਦੀ ਜਾ ਰਹੀ ਹੈ। ਤੁਸੀਂ ਆਪਣੇ ਆਲੇ-ਦੁਆਲੇ ਬਹੁਤ ਸਾਰੇ ਲੋਕਾਂ ਨੂੰ ਨੀਂਦ ਨਾ ਆਉਣ ਬਾਰੇ ਗੱਲ ਕਰਦੇ ਸੁਣਿਆ ਹੋਵੇਗਾ। ਵੈਸੇ, ਇਨਸੋਮਨੀਆ ਦੇ ਇਲਾਜ ਲਈ ਕਈ ਤਰੀਕੇ ਹਨ, ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਲੈਣੀਆਂ ਪੈਂਦੀਆਂ ਹਨ। ਦੂਜੇ ਪਾਸੇ ਕੁਝ ਲੋਕਾਂ ਨੂੰ ਦਵਾਈਆਂ ਖਾਣਾ ਪਸੰਦ ਨਹੀਂ ਹੁੰਦਾ ਤਾਂ ਅਜਿਹੇ ਲੋਕ ਆਯੁਰਵੈਦਿਕ ਵਿਧੀ ਵੀ ਅਜ਼ਮਾ ਸਕਦੇ ਹਨ। ਭਾਰਤ ਵਿੱਚ ਐਲੋਪੈਥੀ ਤੋਂ ਪਹਿਲਾਂ ਆਯੁਰਵੈਦ ਇਲਾਜ ਦਾ ਮੁੱਖ ਮਾਧਿਅਮ ਸੀ, ਜਿਸ ਨੇ ਸਦੀਆਂ ਤੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਹੈ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਵੱਡੀਆਂ-ਵੱਡੀਆਂ ਤਕਲੀਫਾਂ ਲਈ ਵੀ ਆਯੁਰਵੇਦ ‘ਤੇ ਵਿਸ਼ਵਾਸ ਦਿਖਾਉਂਦੇ ਹਨ। ਇਸ ਲੇਖ ਵਿਚ ਅਸੀਂ ਕੁਝ ਅਜਿਹੇ ਤਰੀਕਿਆਂ ਬਾਰੇ ਜਾਣਾਂਗੇ, ਜਿਨ੍ਹਾਂ ਦੀ ਮਦਦ ਨਾਲ ਮਨ ਅਤੇ ਸਰੀਰ ਨੂੰ ਸੰਤੁਲਿਤ ਰੱਖ ਕੇ ਚੰਗੀ ਨੀਂਦ ਲਈ ਜਾ ਸਕਦੀ ਹੈ। ਇਕ ਦਿਨ ਵਿਚ ਲੋੜੀਂਦੀ ਨੀਂਦ ਦੀ ਮਾਤਰਾ ਵਿਅਕਤੀ ਤੋਂ ਵੱਖਰੀ ਹੁੰਦੀ ਹੈ, ਪਰ ਜ਼ਿਆਦਾਤਰ ਬਾਲਗਾਂ ਨੂੰ ਹਰ ਰੋਜ਼ ਔਸਤਨ 7-8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਮਾਹਿਰਾਂ ਅਨੁਸਾਰ ਜੋ ਲੋਕ ਪੂਰੀ ਨੀਂਦ ਨਹੀਂ ਲੈ ਪਾਉਂਦੇ, ਉਹ ਇਨਸੋਮਨੀਆ ਦੇ ਸ਼ਿਕਾਰ ਹੋ ਸਕਦੇ ਹਨ। ਇਸ ਦੇ ਲੱਛਣ ਸੌਣ ਵਿੱਚ ਮੁਸ਼ਕਲ, ਚਿੜਚਿੜਾਪਨ, ਰਾਤ ਨੂੰ ਅਕਸਰ ਜਾਗਣਾ, ਉਦਾਸ ਮਹਿਸੂਸ ਕਰਨਾ, ਫੋਕਸ ‘ਚ ਕਮੀ, ਦਿਨ ਭਰ ਥਕਾਣ ਤੇ ਨੀਂਦ ਮਹਿਸੂਸ ਕਰਨਾ ਆਦਿ ਹੁੰਦੇ ਹਨ। ਇਸ ਦੇ ਇਲਾਜ ਵੀ ਹਨ। ਆਯੁਰਵੈਦ ਵਿਚ ਪੰਚਕਰਮਾ ਥੈਰੇਪੀ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ, ਜੋ ਸਰੀਰ ਨੂੰ ਡੀਟੌਕਸ ਤੇ ਮੁੜ ਸੁਰਜੀਤ ਕਰਨ ਵਿੱਚ ਮਦਦ ਕਰਦੀ ਹੈ। ਇਹ ਥੈਰੇਪੀ ਇਨਸੋਮਨੀਆ ਲਈ ਫਾਇਦੇਮੰਦ ਹੋ ਸਕਦੀ ਹੈ। ਇਸ ਵਿਚ ਖਾਸ ਇਲਾਜ ਸ਼ਾਮਲ ਹਨ ਜਿਵੇਂ ਕਿ ਸ਼ਿਰੋਧਾਰਾ (ਮੱਥੇ ‘ਤੇ ਹਲਕਾ ਗਰਮ ਤੇਲ ਪਾਉਣਾ) ਅਤੇ ਨਾਸਯ (ਨੱਕ ਰਾਹੀਂ ਪਾਣੀ ਦੇਣਾ), ਜੋ ਸਰੀਰ ਨੂੰ ਸੰਤੁਲਿਤ ਕਰ ਕੇ ਅਤੇ ਮਨ ਨੂੰ ਸ਼ਾਂਤ ਕਰ ਕੇ ਬਿਹਤਰ ਨੀਂਦ ਨੂੰ ਉਤਸ਼ਾਹਿਤ ਕਰਦੇ ਹਨ। ਅਭਯੰਗ ਥੈਰੇਪੀ ਥੈਰੇਪੀ ਵਿਚ ਗਰਮ ਤੇਲ ਨਾਲ ਸਵੈ-ਮਾਲਿਸ਼ ਕੀਤੀ ਜਾਂਦੀ ਹੈ। ਹੌਟ ਸ਼ਾਵਰ ਲੈਣ ਤੋਂ ਪਹਿਲਾਂ ਆਪਣੇ ਸਰੀਰ ਨੂੰ ਤਿਲ ਦੇ ਤੇਲ ਜਾਂ ਨਾਰੀਅਲ ਦੇ ਤੇਲ ਨਾਲ ਮਾਲਿਸ਼ ਕਰੋ। ਇਹ ਸਵੈ-ਸੰਭਾਲ ਦਾ ਸਭ ਤੋਂ ਵਧੀਆ ਰੂਪ ਹੈ ਜੋ ਦਿਮਾਗੀ ਪ੍ਰਣਾਲੀ ਨੂੰ ਸ਼ਾਂਤ ਕਰਕੇ ਬਿਹਤਰ ਨੀਂਦ ਨੂੰ ਉਤਸ਼ਾਹਿਤ ਕਰਦਾ ਹੈ। ਰਕਤਮੋਕਸ਼ਣ ਥੈਰੇਪੀ ਆਯੁਰਵੈਦਿਕ ਪੰਚਕਰਮਾ ਥੈਰੇਪੀ ਦਾ ਇਕ ਹਿੱਸਾ ਹੈ, ਜੋ ਬਿਹਤਰ ਨੀਂਦ ਨੂੰ ਉਤਸ਼ਾਹਿਤ ਕਰਨ ਲਈ ਮਨ ਅਤੇ ਸਰੀਰ ਦੇ ਸੰਤੁਲਨ ‘ਤੇ ਜ਼ੋਰ ਦਿੰਦੀ ਹੈ। ਇਹ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਤੇ ਵਾਧੂ ਪਿੱਤ ਨੂੰ ਕੱਢਣ ਵਿਚ ਮਦਦ ਕਰਦਾ ਹੈ, ਤਣਾਅ ਘਟਾਉਂਦਾ ਹੈ ਤੇ ਆਰਾਮ ਨੂੰ ਉਤਸ਼ਾਹਿਤ ਕਰਦਾ ਹੈ ਜਿਸ ਨਾਲ ਹੌਲੀ-ਹੌਲੀ ਇਨਸੋਮਨੀਆ ਦੀ ਸਮੱਸਿਆ ਘੱਟ ਜਾਂਦੀ ਹੈ। ਸਾਹ ਲੈਣ ਦੀਆਂ ਕੁਝ ਤਕਨੀਕਾਂ ਤੇ ਪ੍ਰਾਣਾਯਾਮ ਸਧਾਰਨ ਤਰੀਕੇ ਹਨ ਜੋ ਤੁਸੀਂ ਮਨ ਨੂੰ ਸ਼ਾਂਤ ਕਰਨ ਲਈ ਕਿਤੇ ਵੀ ਤੇ ਕਦੇ ਵੀ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ, ਜਿਸ ਨਾਲ ਸਰੀਰ ਆਰਾਮਦਾਇਕ ਨੀਂਦ ਲੈਣ ਲਈ ਤਿਆਰ ਰਹਿੰਦਾ ਹੈ। ਸੌਣ ਤੋਂ ਕੁਝ ਮਿੰਟ ਪਹਿਲਾਂ ਨੱਕ ਤੋਂ ਪੇਟ ਤਕ ਡੂੰਘਾ ਸਾਹ ਲਓ ਅਤੇ ਹੌਲੀ-ਹੌਲੀ ਸਾਹ ਛੱਡੋ। ਇਨ੍ਹਾਂ ਤਕਨੀਕਾਂ ਨਾਲ ਇਨਸੋਮਨੀਆ ਨੂੰ ਦੂਰ ਕੀਤਾ ਜਾ ਸਕਦਾ ਹੈ।