ਕਿੱਧਰ ਤੁਰ ਗਏ ਰੁੱਖਾਂ ਦੇ ਬੇਲੀ?

ਰੁੱਖ ਤੇ ਮਨੁੱਖ ਦਾ ਰਿਸ਼ਤਾ ਬਹੁਤ ਹੀ ਪੁਰਾਣਾ ਤੇ ਗੂੜ੍ਹਾ ਹੈ। ਇਹ ਇਨਸਾਨ ਦੇ ਜਨਮ ਤੋਂ ਲੈ ਕੇ ਮਰਨ ਤਕ ਉਸ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦੇ ਹਨ।

ਹਕੀਕਤ ਇਹ ਵੀ ਹੈ ਕਿ ਇਨ੍ਹਾਂ ਤੋਂ ਬਿਨਾਂ ਧਰਤੀ ’ਤੇ ਇਨਸਾਨੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਵਿਗਿਆਨੀਆਂ ਅਨੁਸਾਰ ਅੱਗ ਦੇ ਗੋਲੇ ਧਰਤੀ ਨੂੰ ਜੀਵ- ਜੰਤੂਆਂ ਦੇ ਰਹਿਣ ਯੋਗ ਬਣਾਉਣ ’ਚ ਰੁੱਖਾਂ ਦੀ ਭੂਮਿਕਾ ਸਭ ਤੋਂ ਅਹਿਮ ਹੈ ਪਰ ਅਜੋਕੇ ਦੌਰ ਦਾ ਇਨਸਾਨ ਰੁੱਖਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਰਿਹਾ। ਆਪਣੀਆਂ ਜ਼ਰੂਰਤਾਂ ਦੀ ਪੂਰਤੀ ਖ਼ਾਤਿਰ ਰੁੱਖਾਂ ਦਾ ਖ਼ਾਤਮਾ ਜਾਂ ਰੁੱਖਾਂ ਨੂੰ ਨੁਕਸਾਨ ਪਹੁੰਚਾਉਣਾ ਉਸ ਲਈ ਆਮ ਵਰਤਾਰਾ ਹੋ ਗਿਆ ਹੈ। ਪਦਾਰਥਵਾਦੀ ਯੁੱਗ ਦੇ ਅਜੋਕੇ ਇਨਸਾਨ ਨੂੰ ਰੁੱਖਾਂ ਦਾ ਕਾਤਿਲ ਕਹਿ ਲੈਣਾ ਵੀ ਗ਼ਲਤ ਨਹੀਂ ਹੋਵੇਗਾ।

ਰੁੱਖਾਂ ’ਤੇ ਹੋਣ ਵਾਲੇ ਕਹਿਰ ’ਚ ਸਾਡਾ ਸੂਬਾ ਦੁਨੀਆ ਭਰ ’ਚੋਂ ਮੋਹਰੀ ਬਣਦਾ ਵਿਖਾਈ ਦੇ ਰਿਹਾ ਹੈ। ਖੇਤਾਂ ’ਚੋਂ ਰੁੱਖਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਸੱਚਾਈ ਤਾਂ ਇਹ ਹੈ ਕਿ ਇਨ੍ਹਾਂ ਨੂੰ ਖੇਤਾਂ ’ਚ ਕੋਈ ਜਰਦਾ ਹੀ ਨਹੀਂ। ਚੌਗਿਰਦੇ ਲਈ ਵਰਦਾਨ ਰੁੱਖਾਂ ਨੂੰ ਖੇਤੀ ਦਾ ਅੜਿੱਕਾ ਸਮਝਿਆ ਜਾਣ ਲੱਗਿਆ ਹੈ। ਝੋਨੇ ਦੀ ਖੇਤੀ ਇਨ੍ਹਾਂ ਦੇ ਵੱਡੀ ਪੱਧਰ ’ਤੇ ਉਜਾੜੇ ਦਾ ਸਬੱਬ ਬਣੀ ਹੈ। ਰੁੱਖਾਂ ਤੋਂ ਹੋਣ ਵਾਲਾ ਫ਼ਸਲੀ ਨੁਕਸਾਨ ਕਿਸਾਨਾਂ ਨੂੰ ਰੜਕਣ ਲੱਗਿਆ ਹੈ।ਪਿਤਾ ਜੀ ਦੇ ਖੇਤੀ ਕਰਨ ਸਮੇਂ ਝੋਨੇ ਦੀ ਖੇਤੀ ਤੋਂ ਪਹਿਲਾਂ ਸਾਡੇ ਆਪਣੇ ਖੇਤ ’ਚ ਘੱਟੋ-ਘੱਟ ਅੱਠ ਦਸ ਟਾਹਲੀਆਂ ਅਤੇ ਬੇਰੀਆਂ ਸਮੇਤ ਬਕਰੈਣ ਤੇ ਤੂਤ ਦੇ ਰੁੱਖ ਸਨ। ਬੇਰੀ ਤੋਂ ਬੇਰ ਤੋੜਨ ਸਮੇਂ ਤੇ ਤੂਤ ਤੋਂ ਤੂਤੀਆਂ ਤੋੜਨ ਸਮੇਂ ਬੱਚੇ ਫ਼ਸਲ ਦਾ ਬਹੁਤ ਸਾਰਾ ਨੁਕਸਾਨ ਕਰ ਦਿੰਦੇ ਸਨ ਪਰ ਇਹ ਉਨ੍ਹਾਂ ਲੋਕਾਂ ਦਾ ਰੁੱਖਾਂ ਪ੍ਰਤੀ ਸਨੇਹ ਤੇ ਸਮਝ ਹੀ ਸੀ ਕਿ ਉਨ੍ਹਾਂ ਨੂੰ ਰੁੱਖਾਂ ਤੋਂ ਹੋਣ ਵਾਲੇ ਫ਼ਾਇਦਿਆਂ ਸਾਹਮਣੇ ਨੁਕਸਾਨ ਤੁੱਛ ਜਾਪਦੇ ਸਨ।

ਵਿਦੇਸ਼ੀਆਂ ਦੀ ਰੁੱਖਾਂ ਪ੍ਰਤੀ ਸੰਵੇਦਨਸ਼ੀਲਤਾ ਕਮਾਲ ਦੀ ਹੈ। ਦੱਸਦੇ ਹਨ ਕਿ ਉੱਥੇ ਰੁੱਖ ਕੱਟਣਾ ਸਾਡੇ ਵਾਂਗ ਆਸਾਨ ਨਹੀਂ ਹੈ। ਰੁੱਖਾਂ ਦੀ ਰਖਵਾਲੀ ਲਈ ਬਣੀਆਂ ਸੰਸਥਾਵਾਂ ਖ਼ੁਦ ਰੁੱਖ ਦੇ ਕੱਟਣ ਦੀ ਸਥਿਤੀ ਦੀ ਜਾਂਚ ਕਰਦੀਆਂ ਹਨ। ਜੇ ਵਾਕਈ ਹੀ ਰੁੱਖ ਕੱਟਣਾ ਬਣਦਾ ਹੋਵੇ ਤਾਂ ਉਹ ਖ਼ੁਦ ਰੁੱਖ ਕੱਟਦੇ ਹਨ ਤੇ ਨਾਲ ਦੀ ਨਾਲ ਇਕ ਰੁੱਖ ਦੀ ਕਟਾਈ ਦੇ ਇਵਜ਼ ’ਚ ਨਵੇਂ ਰੁੱਖ ਲਾਏ ਜਾਂਦੇ ਹਨ। ਰੁੱਖਾਂ ਦੀ ਰਖਵਾਲੀ ਲਈ ਕਾਨੂੰਨ ਤਾਂ ਸਾਡੇ ਮੁਲਕ ’ਚ ਵੀ ਮੌਜੂਦ ਹਨ ਪਰ ਇਹ ਕਾਨੂੰਨ ਤੇ ਉਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਵਾਲੀਆਂ ਸੰਸਥਾਵਾਂ ਮੂਕ ਦਰਸ਼ਕ ਦੀ ਭੂਮਿਕਾ ਤੋਂ ਵੱਧ ਕੁਝ ਵੀ ਨਹੀਂ ਹਨ। ਸਾਡੇ ਮੁਲਕ ਦੇ ਕਾਨੂੰਨ ਅਨੁਸਾਰ ਰੁੱਖ ਕੱਟਣ ਤੋਂ ਪਹਿਲਾਂ ਸਬੰਧਿਤ ਸੰਸਥਾਵਾਂ ਦੀ ਮਨਜ਼ੂਰੀ ਜ਼ਰੂਰੀ ਹੈ। ਬਿਨਾਂ ਮਨਜ਼ੂੂਰੀ ਰੱਖ ਕੱਟਣ ’ਤੇ ਜੁਰਮਾਨੇ ਦੀ ਤਜਵੀਜ਼ ਹੈ ਪਰ ਇਨ੍ਹਾਂ ਕਾਨੂੰਨਾਂ ਦੇ ਅਮਲ ਦੀ ਕਹਾਣੀ ਸਾਡੇ ’ਚੋਂ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਹੈ। ਰੁੱਖਾਂ ਦਾ ਵੱਡੀ ਪੱਧਰ ’ਤੇ ਹੋਇਆ ਉਜਾੜਾ ਸ਼ਾਇਦ ਰੁੱਖਾਂ ਦੀ ਰਖਵਾਲੀ ਲਈ ਬਣਾਏ ਨਿਯਮਾਂ ਨੂੰ ਲਾਗੂ ਕਰਨ ਪ੍ਰਤੀ ਢਿੱਲ ਦਾ ਹੀ ਨਤੀਜਾ ਹੈ।ਸਾਡੇ ਸੂਬੇ ’ਚ ਰੁੱਖਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਵਿਕਸਤ ਖੇਤੀ, ਸੜਕੀ ਵਿਕਾਸ ਤੇ ਸਨਅਤੀ ਕ੍ਰਾਂਤੀ ਨੇ ਰੁੱਖਾਂ ਦਾ ਵੱਡੀ ਪੱਧਰ ’ਤੇ ਉਜਾੜਾ ਕੀਤਾ ਹੈ। ਰੁੱਖਾਂ ਦੀਆਂ ਠੰਢੀਆਂ ਛਾਵਾਂ ਸਾਡੇ ਲਈ ਸੁਪਨਾ ਬਣ ਕੇ ਰਹਿ ਗਈਆਂ ਹਨ। ਪਿੱਪਲ ਤੇ ਬੋਹੜ ਦੇ ਦਰੱਖ਼ਤਾਂ ਹੇਠ ਜੁੜਦੀਆਂ ਮਹਿਫ਼ਲਾਂ ਵੀ ਅਤੀਤ ਦਾ ਹਿੱਸਾ ਹੀ ਬਣ ਕੇ ਰਹਿ ਗਈਆਂ।

ਸੂਰਜ ਦੀਆਂ ਤਪਸ਼ਾਂ ਨੂੰ ਆਪਣੇ ਸਰੀਰਾਂ ’ਤੇ ਝੱਲ ਕੇ ਇਨਸਾਨ ਨੂੰ ਸ਼ੀਤਲਤਾ ਪ੍ਰਦਾਨ ਕਰਨ ਵਾਲੇ ਰੁੱਖਾਂ ਪ੍ਰਤੀ ਇਨਸਾਨ ਦੀ ਬੇਰੁਖ਼ੀ ਸਮਝ ਤੋਂ ਬਾਹਰ ਹੈ। ਸ਼ਾਇਦ ਅਜੋਕੇ ਯੁੱਗ ਦਾ ਇਨਸਾਨ ਪੜ੍ਹ- ਲਿਖ ਕੇ ਵੀ ਰੁੱਖਾਂ ਦੀ ਅਹਿਮੀਅਤ ਨੂੰ ਸਮਝਣ ਪੱਖੋਂ ਅਨਪੜ੍ਹ ਹੈ।

ਰੁੱਖ ਲਾਉਣ ਦੇ ਸਰਕਾਰੀ ਤੇ ਗ਼ੈਰ- ਸਰਕਾਰੀ ਹੰਭਲੇ ਵੀ ਮਹਿਜ਼ ਡਰਾਮੇਬਾਜ਼ੀ ਬਣ ਕੇ ਰਹਿ ਗਏ ਹਨ। ਮੁਹਿੰਮਾਂ ਤਹਿਤ ਲਾਏ ਰੁੱਖਾਂ ਦੀ ਹੋਣੀ ਤੋਂ ਵੀ ਆਪਾਂ ਸਾਰੇ ਜਾਣੂ ਹਾਂ। ਕਈ ਵਾਰ ਤਾਂ ਪਹਿਲਾਂ ਤੋਂ ਹੀ ਲੱਗੇ ਰੁੱਖਾਂ ਨਾਲ ਤਸਵੀਰ ਕਰਵਾ ਕੇ ਮੁਹਿੰਮ ਦੀ ਖਾਨਾਪੂਰਤੀ ਕਰ ਲਈ ਜਾਂਦੀ ਹੈ। ਜੇ ਆਪਾਂ ਇਨ੍ਹਾਂ ਮੁਹਿੰੰਮਾਂ ਪ੍ਰਤੀ ਗੰਭੀਰਤਾ ਵਿਖਾਈ ਹੁੰਦੀ ਤਾਂ ਪੰਜਾਬ ’ਚ ਰੁੱਖਾਂ ਦੀ ਗਿਣਤੀ ਚਿੰਤਾਜਨਕ ਹੱਦ ਤਕ ਨਾ ਘਟੀ ਹੁੰਦੀ ਤੇ ਨਾ ਹੀ ਹਰਿਆਲੀਆਂ ਨਾਲ ਮਸਤੀਆਂ ਕਰਨ ਵਾਲਾ ਪੰਜਾਬ ਲੋਹੜੇ ਦੀ ਗਰਮੀ ਦੀ ਧਰਤੀ ਬਣ ਕੇ ਰਾਜਸਥਾਨ ਦਾ ਭੁਲੇਖਾ ਪਾੳੇੁਣ ਲੱਗਿਆ ਹੁੰਦਾ।

ਪੰਜਾਬ ਦੇ ਲੋਕਾਂ ਦੀ ਰੁੱਖਾਂ ਪ੍ਰਤੀ ਘਟ ਰਹੀ ਸੰਵੇਦਨਸ਼ੀਲਤਾ ਸਭ ਨੂੰ ਮਾਤ ਪਾਉਂਦੀ ਨਜ਼ਰ ਆ ਰਹੀ ਹੈ। ਰੁੱਖਾਂ ਦੀਆਂ ਭਾਵਨਾਵਾਂ ਤੇ ਇਨ੍ਹਾਂ ਦੇ ਇਨਸਾਨੀ ਜ਼ਿੰਦਗੀ ’ਚ ਮਹੱਤਵ ਤੋਂ ਅਸੀਂ ਉੱਕਾ ਹੀ ਅਨਜਾਣ ਬਣੇ ਹੋਏ ਹਾਂ। ਸਾਡੀ ਮਤਲਬ ਪ੍ਰਸਤੀ ਰੁੱਖਾਂ ਲਈ ਕਹਿਰ ਬਣਦੀ ਜਾ ਰਹੀ ਹੈ। ਫ਼ਸਲਾਂ ਦੀ ਰਹਿੰਦ- ਖੂੰਹਦ ਸਾੜਨ ਦੌਰਾਨ ਖੇਤਾਂ ’ਚ ਖੜ੍ਹੇ ਰੁੱਖਾਂ ਦਾ ਸੜਨਾ ਆਮ ਹੋ ਗਿਆ ਹੈ। ਝੋਨੇ ਦੀ ਪਰਾਲੀ ਸਾੜਨ ਦੇ ਨਾਲ- ਨਾਲ ਕਣਕ ਦੇ ਨਾੜ ਨੂੰ ਸਾੜਨ ਦਾ ਵਿਆਪਕ ਹੋ ਰਿਹਾ ਰੁਝਾਨ ਰੁੱਖਾਂ ਦੇ ਸੜਨ ਦਾ ਵੀ ਸਬੱਬ ਬਣ ਰਿਹਾ ਹੈ। ਫ਼ਸਲ ਦੇ ਨਾੜ ਨੂੰ ਸਾੜਦਿਆਂ ਖੇਤਾਂ ’ਚ ਖੜੇ੍ਹ ਰੁੱਖਾਂ ਦੀ ਸੁਰੱਖਿਆ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ। ਲੋਹੜੇ ਦੀ ਗਰਮੀ ’ਚ ਕਣਕ ਦੇ ਨਾੜ ਦੀ ਅੱਗ ’ਚ ਸੜਦੇ ਹਰੇ-ਭਰੇ ਰੁੱਖਾਂ ਦੀਆਂ ਹਿਰਦਾ ਵਲੂੰਧਰ ਦੇਣ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੱਡੀ ਗਿਣਤੀ ’ਚ ਵਾਇਰਲ ਹੋਣ ਲੱਗੀਆਂ ਹਨ।

ਫ਼ਸਲਾਂ ਦੇ ਨਾੜ ਦੀ ਅੱਗ ’ਚ ਰੁੱਖ ਸਾੜਨ ਵਾਲੇ ਜਿੱਥੇ ਆਪਣੇ ਗੁਨਾਹ ਨੂੰ ਪੂਰੀ ਤਰ੍ਹਾਂ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ, ਉੱਥੇ ਹੀ ਪੂਰੀ ਤਰ੍ਹਾਂ ਬੇਖ਼ੌਫ਼ ਵੀ ਵਿਖਾਈ ਦਿੰਦੇ ਹਨ। ਫ਼ਸਲਾਂ ਦੇ ਨਾੜ ਦੀ ਅੱਗ ’ਚ ਰੁੱਖ ਸਾੜਨ ਵਾਲਿਆਂ ਪ੍ਰਤੀ ਰੁੱਖਾਂ ਦੀ ਰਖਵਾਲੀ ਲਈ ਬਣੇ ਕਾਨੂੰਨ ਵੀ ਪੂਰੀ ਤਰ੍ਹਾਂ ਮੂਕ ਦਰਸ਼ਕ ਬਣੇ ਹੋਏ ਹਨ। ਫ਼ਸਲਾਂ ਦੇ ਨਾੜ ਦੀ ਅੱਗ ਨਾਲ ਹੋਣ ਵਾਲੇ ਰੁੱਖਾਂ ਦੇ ਨੁਕਸਾਨ ਨੂੰ ਮਾਮੂਲੀ ਜਿਹੀ ਮੁਸ਼ੱਕਤ ਨਾਲ ਹੀ ਰੋਕਿਆ ਜਾ ਸਕਦਾ ਹੈ। ਰੁੱਖਾਂ ਦੇ ਦੁਆਲੇ ਦਾ ਕੁਝ ਫੁੱਟ ਖੇਤਰ ਵਾਹ ਕੇ ਨਾੜ ਦੀ ਅੱਗ ਨੂੰ ਰੁੱਖਾਂ ਦੇ ਨੇੜੇ ਜਾਣ ਤੋਂ ਰੋਕਿਆ ਜਾ ਸਕਦਾ ਹੈ। ਬਸ ਗੱਲ ਤਾਂ ਰੁੱਖਾਂ ਦੇ ਦਰਦ ਨੂੰ ਸਮਝਣ ਦੀ ਹੈ।

ਫ਼ਸਲਾਂ ਦੀ ਰਹਿੰਦ- ਖੂੰਹਦ ’ਚ ਰੁੱਖ ਸਾੜਨ ਵਾਲਿਆਂ ਨੂੰ ਸੜਦੇ ਰੁੱਖਾਂ ਦਾ ਦਰਦ ਜ਼ਰੂਰ ਸਮਝਣਾ ਚਾਹੀਦਾ ਹੈ ਕਿਉਂਕਿ ਧਰਤੀ ’ਤੇ ਜੀਵਨ ਦੀ ਹੋਂਦ ਬਣਾਈ ਰੱਖਣ ਲਈ ਇਨਸਾਨ ਦੀ ਰੁੱਖਾਂ ਪ੍ਰਤੀ ਸੰਵੇਦਨਸ਼ੀਲਤਾ ਬਹੁਤ ਜ਼ਰੂਰੀ ਹੈ। ਕਿਤੇ ਇਹ ਨਾ ਹੋਵੇ ਕਿ ਰੁੱਖਾਂ ਦੀ ਕਮੀ ਬਦੌਲਤ ਤਪਸ਼, ਪ੍ਰਦੂਸ਼ਣ ਤੇ ਘਾਤਕ ਬਿਮਾਰੀਆਂ ਦੀ ਮਾਰ ਹੇਠ ਆ ਰਹੀ ਗੁਰੂਆਂ-ਪੀਰਾਂ ਦੀ ਧਰਤੀ ਇਨਸਾਨੀ ਜੀਵਨ ਦੇ ਲਾਇਕ ਹੀ ਨਾ ਰਹੇ।

—-ਬਿੰਦਰ ਸਿੰਘ ਖੁੱਡੀ ਕਲਾਂ

Leave a Reply

Your email address will not be published. Required fields are marked *