ਕਿਸਾਨ ਅੰਦੋਲਨ ਕਾਰਨ ਸੂਬੇ ਦੀ ਅਰਥ-ਵਿਵਸਥਾ ਨੂੰ ਲੈ ਕੇ ਕਾਰੋਬਾਰੀ ਤੇ ਸਨਅਤਕਾਰ ਚਿੰਤਤ

Home » Blog » ਕਿਸਾਨ ਅੰਦੋਲਨ ਕਾਰਨ ਸੂਬੇ ਦੀ ਅਰਥ-ਵਿਵਸਥਾ ਨੂੰ ਲੈ ਕੇ ਕਾਰੋਬਾਰੀ ਤੇ ਸਨਅਤਕਾਰ ਚਿੰਤਤ
ਕਿਸਾਨ ਅੰਦੋਲਨ ਕਾਰਨ ਸੂਬੇ ਦੀ ਅਰਥ-ਵਿਵਸਥਾ ਨੂੰ ਲੈ ਕੇ ਕਾਰੋਬਾਰੀ ਤੇ ਸਨਅਤਕਾਰ ਚਿੰਤਤ

ਜਲੰਧਰ / ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ ਕਰੀਬ 7 ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੇ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ ਤੇ ਉਥੇ ਹੀ ਖਾਸ ਕਰਕੇ ਸਨਅਤਕਾਰਾਂ ਤੇ ਵਪਾਰੀਆਂ ਨੂੰ ਕਾਫੀ ਨੁਕਸਾਨ ਉਠਾਉਣਾ ਪੈ ਰਿਹਾ ਹੈ |

ਪਿਛਲੇ ਸਮੇਂ ਦੌਰਾਨ ਰੇਲ ਅਤੇ ਸੜਕੀ ਆਵਾਜਾਈ ਠੱਪ ਹੋਣ ਕਾਰਨ ਜਿੱਥੇ ਕੱਚੇ ਮਾਲ ਦੀ ਸਪਲਾਈ ਪ੍ਰਭਾਵਿਤ ਹੋਈ, ਉੱਥੇ ਹੁਣ ਵੱਡੇ-ਵੱਡੇ ਸਟੋਰਾਂ ਦੇ ਮਹੀਨਿਆਂ ਤੋਂ ਬੰਦ ਹੋਣ ਕਾਰਨ ਇਨ੍ਹਾਂ ਸਟੋਰਾਂ ਦੇ ਮਾਲਕਾਂ ਤੇ ਹੋਰਨਾਂ ਕਾਰੋਬਾਰੀਆਂ ਨੂੰ ਲਗਾਤਾਰ ਨੁਕਸਾਨ ਸਹਿਣਾ ਪੈ ਰਿਹਾ ਹੈ | ਕਾਰੋਬਾਰੀਆਂ ਅਤੇ ਸਨਅਤਕਾਰਾਂ ਨੇ ਕਾਰੋਬਾਰੀ ਅਦਾਰਿਆਂ ਦੇ ਬੰਦ ਹੋਣ ਕਾਰਨ ਸੂਬੇ ਦੀ ਅਰਥ ਵਿਵਸਥਾ ਦੇ ਹੋਰ ਡਗਮਗਾਉਣ ਅਤੇ ਬੇਰੁਜ਼ਗਾਰੀ ਵਧਣ ਦਾ ਖਦਸ਼ਾ ਪ੍ਰਗਟ ਕੀਤਾ ਹੈ | ਇਨ੍ਹਾਂ ਦਾ ਕਹਿਣਾ ਹੈ ਕਿ ਕਾਰਪੋਰੇਟ ਘਰਾਣਿਆਂ ਵਲੋਂ ਸੂਬੇ ‘ਚ ਕੀਤੇ ਨਿਵੇਸ਼ ਕਾਰਨ ਰਾਜ ਅਰਥ ਵਿਵਸਥਾ ਨੂੰ ਵੱਡਾ ਹੁਲਾਰਾ ਮਿਲਿਆ ਸੀ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਵੀ ਮਿਲੇ ਸਨ ਪਰ ਹੁਣ ਕਿਸਾਨ ਅੰਦੋਲਨ ਕਾਰਨ ਕਿਸਾਨ ਜਥੇਬੰਦੀਆਂ ਵਲੋਂ ਕਾਰਪੋਰੇਟ ਘਰਾਣਿਆਂ ਨਾਲ ਸਬੰਧਿਤ ਵੱਡੇ-ਵੱਡੇ ਸਟੋਰਾਂ ਅਤੇ ਸ਼ਾਪਿੰਗ ਮਾਲਜ਼ ਨੂੰ ਬੰਦ ਕਰਵਾਉਣ ਨਾਲ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਤਾਂ ਕੋਈ ਫਰਕ ਪਵੇ ਜਾਂ ਨਾ ਪਵੇ ਪਰ ਪੰਜਾਬ ਦੇ ਕਾਰੋਬਾਰੀਆਂ ਅਤੇ ਸਨਅਤਕਾਰਾਂ ਨੂੰ ਵੱਡਾ ਘਾਟਾ ਪੈ ਰਿਹਾ ਹੈ |

ਉਨ੍ਹਾਂ ਕਿਹਾ ਕਿ ਪੰਜਾਬ ‘ਚ ਇਸ ਸਮੇਂ ਇਕੱਲੇ ਰਿਲਾਇੰਸ ਕੰਪਨੀ ਦੇ ਹੀ ਸੈਂਕੜੇ ਸਟੋਰ ਤੇ ਹੋਰ ਕਾਰੋਬਾਰੀ ਅਦਾਰੇ ਹਨ, ਜਿਨ੍ਹਾਂ ਨੂੰ ਅੰਦੋਲਨ ਕਾਰਨ ਤਾਲੇ ਲੱਗੇ ਹੋਏ ਹਨ | ਇਸੇ ਤਰ੍ਹਾਂ ਹੋਰ ਕਾਰੋਬਾਰੀ ਅਦਾਰਿਆਂ ਨੂੰ ਵੀ ਕਿਸਾਨਾਂ ਵਲੋਂ ਬੰਦ ਕਰਵਾਏ ਜਾਣ ਕਾਰਨ ਨਾ ਕੇਵਲ ਨੌਜਵਾਨ ਬੇਰੁਜ਼ਗਾਰ ਹੋ ਗਏ ਹਨ, ਉੱਥੇ ਇਨ੍ਹਾਂ ਸਟੋਰਾਂ ਨੂੰ ਕਿਰਾਏ ‘ਤੇ ਦੇਣ ਵਾਲੇ ਕਾਰੋਬਾਰੀਆਂ ਨੂੰ ਵੀ ਨੁਕਸਾਨ ਉਠਾਉਣਾ ਪੈ ਰਿਹਾ ਹੈ | ਇਸ ਸਬੰਧੀ ਜਲੰਧਰ ਦੇ ਇਕ ਸਟੋਰ ਮਾਲਕ ਨਿਰਮਲ ਸਿੰਘ ਨੇ ਕਿਹਾ ਕਿ ਕਈ ਕਾਰੋਬਾਰੀਆਂ ਨੇ ਤਾਂ ਬੈਂਕਾਂ ਤੋਂ ਕਰਜ਼ੇ ਲੈ ਕੇ ਆਪਣੀ ਪੂੰਜੀ ਇਨ੍ਹਾਂ ਸਟੋਰਾਂ ‘ਚ ਨਿਵੇਸ਼ ਕੀਤੀ ਹੈ ਪਰ ਹੁਣ ਕਿਰਾਇਆ ਨਾ ਮਿਲਣ ਕਾਰਨ ਭਾਰੀ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

ਤਰਨ ਤਾਰਨ ਦੇ ਮਾਨਵ ਸੂਦ ਨੇ ਕਿਹਾ ਕਿ ਜਿੱਥੋਂ ਤੱਕ ਰਿਲਾਇੰਸ ਕੰਪਨੀ ਦਾ ਸਬੰਧ ਹੈ ਤਾਂ ਉਸ ਨੇ ਪਹਿਲਾਂ ਹੀ ਸਾਫ ਕੀਤਾ ਹੋਇਆ ਹੈ ਕਿ ਉਸ ਦਾ ਕਾਰਪੋਰੇਟ ਖੇਤੀ ਖੇਤਰ ‘ਚ ਆਉਣ ਦਾ ਕੋਈ ਇਰਾਦਾ ਨਹੀਂ ਹੈ ਤੇ ਨਾ ਹੀ ਉਨ੍ਹਾਂ ਖੇਤੀ ਉਦੇਸ਼ ਲਈ ਕੋਈ ਜ਼ਮੀਨ ਆਦਿ ਹੀ ਖਰੀਦੀ ਹੈ | ਉਨ੍ਹਾਂ ਕਿਹਾ ਕਿ ਇਹ ਕੰਪਨੀ ਤਾਂ ਖੇਤੀ ਬਿੱਲਾਂ ਤੋਂ ਪਹਿਲਾਂ ਹੀ ਸੂਬੇ ਅੰਦਰ ਆਪਣਾ ਕਾਰੋਬਾਰ ਕਰ ਰਹੀ ਹੈ | ਇਸ ਦੇ ਨਾਲ ਹੀ ਉਨ੍ਹਾਂ ਮੋਬਾਈਲ ਟਾਵਰਾਂ ਦੀ ਵੀ ਗੱਲ ਕਰਦੇ ਹੋਏ ਕਿਹਾ ਕਿ ਮੋਬਾਈਲ ਅੱਜ ਸੰਚਾਰ ਦਾ ਮਹੱਤਵਪੂਰਨ ਸਾਧਨ ਹਨ ਤੇ ਇਨ੍ਹਾਂ ਨੂੰ ਬੰਦ ਕਰਵਾਉਣ ਨਾਲ ਵੀ ਸਾਡੇ ਆਪਣੇ ਹੀ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ | ਇਸ ਮੌਕੇ ਕਾਰੋਬਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਮਿਲ ਚੁੱਕੇ ਹਨ ਪਰ ਅਜੇ ਤੱਕ ਕਿਸੇ ਵੀ ਧਿਰ ਨੇ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ | ਉਨ੍ਹਾਂ ਮੁੱਖ ਮੰਤਰੀ ਅਤੇ ਕਿਸਾਨ ਜਥੇਬੰਦੀਆਂ ਕੋਲੋਂ ਮੰਗ ਕੀਤੀ ਹੈ ਕਿ ਸੂਬੇ ਦੀ ਆਰਥਿਕਤਾ ਨੂੰ ਬਚਾਉਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਕਾਰੋਬਾਰੀ ਅਦਾਰਿਆਂ ਅਤੇ ਸਟੋਰਾਂ ਨੂੰ ਤੁਰੰਤ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ |

Leave a Reply

Your email address will not be published.