ਕਿਸਾਨਾਂ ਵਲੋਂ ਕਰਨਾਲ ਵਿਖੇ ਮਿੰਨੀ ਸਕੱਤਰੇਤ ਦਾ ਘਿਰਾਉ

Home » Blog » ਕਿਸਾਨਾਂ ਵਲੋਂ ਕਰਨਾਲ ਵਿਖੇ ਮਿੰਨੀ ਸਕੱਤਰੇਤ ਦਾ ਘਿਰਾਉ
ਕਿਸਾਨਾਂ ਵਲੋਂ ਕਰਨਾਲ ਵਿਖੇ ਮਿੰਨੀ ਸਕੱਤਰੇਤ ਦਾ ਘਿਰਾਉ

• ਪ੍ਰਸ਼ਾਸਨ ਨਾਲ ਬੇਸਿੱਟਾ ਰਹੀ 3 ਦੌਰ ਦੀ ਗੱਲਬਾਤ • ਬੈਰੀਕੇਡ ਤੋੜ ਕੇ ਵਧੇ ਕਿਸਾਨਾਂ ‘ਤੇ ਪੁਲਿਸ ਵਲੋਂ ਪਾਣੀ ਦੀਆਂ ਬੁਛਾੜਾਂ • ਕਈ ਆਗੂ ਹਿਰਾਸਤ ‘ਚ ਲੈ ਕੇ ਛੱਡੇ • ਪੱਕੇ ਧਰਨੇ ਦਾ ਕੀਤਾ ਐਲਾਨ

ਕਰਨਾਲ / ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ ਬਸਤਾੜਾ ਟੋਲ ਪਲਾਜ਼ਾ ‘ਤੇ ਬੀਤੀ 28 ਅਗਸਤ ਨੂੰ ਕਿਸਾਨਾਂ ‘ਤੇ ਕੀਤੇ ਲਾਠੀਚਾਰਜ ਖ਼ਿਲਾਫ਼ ਅੱਜ ਇਥੇ ਨਵੀਂ ਦਾਣਾ ਮੰਡੀ ‘ਚ ਰੱਖੀ ਮਹਾਂ ਕਿਸਾਨ ਪੰਚਾਇਤ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਬਾਰਿਸ਼ ਦੇ ਬਾਵਜੂਦ ਹਿੱਸਾ ਲਿਆ ਅਤੇ ਮਿੰਨੀ ਸਕੱਤਰੇਤ ਦਾ ਘਿਰਾE ਕੀਤਾ | ਇਸ ਦੌਰਾਨ ਸਰਕਾਰ ਅਤੇ ਭਾਜਪਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮਹਾਂ ਕਿਸਾਨ ਪੰਚਾਇਤ ਵਿਚ ਦਿੱਲੀ ਸਰਹੱਦ ‘ਤੇ ਦਿੱਤੇ ਜਾ ਰਹੇ ਧਰਨਿਆਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਸੰਘਰਸ਼ ਮੋਰਚੇ ਦੇ ਪ੍ਰਮੁੱਖ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ | ਹਾਲਾਂਕਿ ਪੁਲਿਸ ਵਲੋਂ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਗਈਆਂ ਪਰ ਕਿਸਾਨਾਂ ਦੇ ਜੋਸ਼ ਅੱਗੇ ਪੁਲਿਸ ਦੀ ਕੋਈ ਰਣਨੀਤੀ ਨਹੀਂ ਚੱਲੀ | ਪੁਲਿਸ ਵਲੋਂ ਕਈ ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਵੀ ਲਿਆ ਗਿਆ ਪਰ ਬਾਅਦ ‘ਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ | ਕਿਸਾਨ ਆਗੂਆਂ ਨੇ ਮਿੰਨੀ ਸਕੱਤਰੇਤ ਸਾਹਮਣੇ ਪੱਕੇ ਧਰਨੇ ਦਾ ਐਲਾਨ ਕਰ ਦਿੱਤਾ ਅਤੇ ਦੇਰ ਰਾਤ ਤੱਕ ਕਿਸਾਨ ਮਿੰਨੀ ਸਕੱਤਰੇਤ ਦੇ ਗੇਟ ਸਾਹਮਣੇ ਡਟੇ ਹੋਏ ਸਨ |

ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ, ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ, ਯੋਗੇਂਦਰ ਯਾਦਵ ਤੇ ਸੁਰੇਸ਼ ਕੋਥ ਸਮੇਤ ਕਈ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ 28 ਅਗਸਤ ਨੂੰ ਬਸਤਾੜਾ ਟੋਲ ਪਲਾਜ਼ਾ ‘ਤੇ ਕਿਸਾਨਾਂ ‘ਤੇ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਐਸ. ਡੀ. ਐਮ. ਆਯੂਸ਼ ਸਿਨਹਾ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ | ਮ੍ਤਿਕ ਕਿਸਾਨ ਦੇ ਪਰਿਵਾਰ ਨੂੰ 25 ਲੱਖ ਦਾ ਮੁਆਵਜ਼ਾ ਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਜ਼ਖ਼ਮੀਆਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਸੀ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਕਿਸੇ ਵੀ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ | ਪ੍ਰਸ਼ਾਸਨ ਵਲੋਂ ਕਿਸਾਨਾਂ ਦੀ ਨਵੀਂ ਦਾਣਾ ਮੰਡੀ ਵਿਖੇ ਮਹਾਂ ਪੰਚਾਇਤ ਕਰਨ ਤੋਂ ਬਾਅਦ ਮਿੰਨੀ ਸਕੱਤਰੇਤ ਦਾ ਘਿਰਾE ਕੀਤੇ ਜਾਣ ਦੇ ਕੀਤੇ ਐਲਾਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਦੇ ਹਲਕੇ ਅੰਦਰ ਚੱਪੇ-ਚੱਪੇ ‘ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਅਤੇ ਸ਼ਹਿਰ ਦੇ ਸੈਕਟਰ 12 ਜਿਥੇ ਮਿੰਨੀ ਸਕੱਤਰੇਤ ਹੈ ਨੂੰ ਜਾਣ ਵਾਲੇ ਸਾਰੇ ਹੀ ਰਸਤੇ ਵੱਡੇ-ਵੱਡੇ ਬੈਰੀਕੇਡ ਅਤੇ ਟਰਾਲੇ ਖੜ੍ਹੇ ਕਰਕੇ ਸੀਲ ਕੀਤੇ ਹੋਏ ਸਨ |

ਇਥੋਂ ਤੱਕ ਕਿ ਕਈ ਜਗ੍ਹਾ ‘ਤੇ ਤਾਂ ਕੰਡਿਆਲੀਆਂ ਤਾਰਾਂ ਵੀ ਲਗਾਈਆਂ ਗਈਆਂ ਸਨ | ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿਚ ਕਿਸਾਨਾਂ ਤੋਂ ਇਲਾਵਾ ਸੰਯੁਕਤ ਮੋਰਚੇ ਦੇ ਇਕ ਦਰਜਨ ਤੋਂ ਵੱਧ ਆਗੂਆਂ ਦੀ ਸ਼ਮੂਲੀਅਤ ਤੋਂ ਬਾਅਦ ਪ੍ਰਸ਼ਾਸਨ ਨੇ ਆਪਣਾ ਨਰਮ ਵਤੀਰਾ ਦਿਖਾਉਂਦੇ ਹੋਏ ਕਿਸਾਨ ਆਗੂਆਂ ਦੇ 11 ਮੈਂਬਰੀ ਵਫ਼ਦ ਨੂੰ ਗੱਲਬਾਤ ਰਾਹੀਂ ਟਕਰਾਅਪੂਰਨ ਸਥਿਤੀ ਨੂੰ ਸ਼ਾਂਤ ਕਰਨ ਦਾ ਸੱਦਾ ਦਿੱਤਾ ਪਰ ਤਿੰਨ ਗੇੜ ਵਿਚ ਹੋਈ ਗੱਲਬਾਤ ਦੌਰਾਨ ਕੋਈ ਨਤੀਜਾ ਨਹੀਂ ਨਿਕਲ ਸਕਿਆ | ਪ੍ਰਸ਼ਾਸਨ ਵਲੋਂ ਕੀਤੇ ਸਖ਼ਤ ਸੁਰੱਖਿਆ ਪ੍ਰਬੰਧਾਂ ‘ਤੇ ਏ. ਡੀ. ਜੀ. ਪੀ. ਕਾਨੂੰਨ ਅਤੇ ਆਦੇਸ਼ ਨਵਦੀਪ ਸਿੰਘ ਵਿਰਕ ਅਤੇ ਕਰਨਾਲ ਰੇਂਜ ਦੀ ਆਈ. ਜੀ. ਮਮਤਾ ਸਿੰਘ ਨੇ ਪੂਰੀ ਨਜ਼ਰ ਰੱਖੀ | ਹੈਰਾਨੀਜਨਕ ਪਹਿਲੂ ਤਾਂ ਇਹ ਹੈ ਕਿ ਜਦੋਂ ਕਿਸਾਨ ਆਗੂ ਅਧਿਕਾਰੀਆਂ ਨਾਲ ਮੀਟਿੰਗ ਕਰਨ ਲਈ ਮਿੰਨੀ ਸਕੱਤਰੇਤ ਪਹੁੰਚੇ ਤਾਂ ਉਸ ਸਮੇਂ ਨੀਮ ਫ਼ੌਜੀ ਬਲਾਂ ਵਲੋਂ ਸਮੁੱਚੇ ਖੇਤਰ ਨੂੰ ਆਪਣੇ ਕਬਜ਼ੇ ਵਿਚ ਲਿਆ ਹੋਇਆ ਸੀ |

ਗੁੰਡਾਗਰਦੀ ਸਹਿਣ ਨਹੀਂ ਕੀਤੀ ਜਾਵੇਗੀ- ਟਿਕੈਤ ਮੀਟਿੰਗ ‘ਚੋਂ ਬਾਹਰ ਆਉਣ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਗੁੰਡਾਗਰਦੀ ਸਹਿਣ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਕੋਈ ਵੀ ਮੰਗ ਨਹੀਂ ਮੰਨਣਾ ਚਾਹੁੰਦੀ | ਉਨ੍ਹਾਂ ਕਿਹਾ ਕਿ ਕਿਸਾਨ ਪੰਚਾਇਤ ਵਿਚ ਜਾ ਕੇ ਹੀ ਫ਼ੈਸਲਾ ਲਿਆ ਜਾਵੇਗਾ ਕਿ ਅਗਲੀ ਕੀ ਰਣਨੀਤੀ ਹੈ? ਪ੍ਰਸ਼ਾਸਨ ਨਾਲ ਹੋਈ ਮੀਟਿੰਗ ਬੇ ਨਤੀਜਾ ਰਹਿਣ ਤੋਂ ਬਾਅਦ ਕਿਸਾਨ ਆਗੂਆਂ ਨੇ ਮਿੰਨੀ ਸਕੱਤਰੇਤ ਦਾ ਘਿਰਾE ਕਰਨ ਦਾ ਫ਼ੈਸਲਾ ਕਰ ਲਿਆ | ਜਿਸ ਦਾ ਐਲਾਨ ਕਿਸਾਨ ਪੰਚਾਇਤ ਵਿਚ ਜਾ ਕੇ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣੇ ਆਗੂਆਂ ਦੀ ਅਗਵਾਈ ਹੇਠ ਮਿੰਨੀ ਸਕੱਤਰੇਤ ਵੱਲ ਕੂਚ ਸ਼ੁਰੂ ਕਰ ਦਿੱਤਾ | ਮਿੰਨੀ ਸਕੱਤਰੇਤ ਦਾ ਘਿਰਾE ਕਰਨ ਦਾ ਐਲਾਨ ਮੰਚ ਤੋਂ ਬਲਬੀਰ ਸਿੰਘ ਰਾਜੇਵਾਲ ਵਲੋਂ ਕੀਤਾ ਗਿਆ |

ਬੈਰੀਕੇਡ ਤੋੜ ਪਹੁੰਚੇ ਨਮਸਤੇ ਚੌਕ ਨਵੀਂ ਦਾਣਾ ਮੰਡੀ ‘ਚ ਲਏ ਫ਼ੈਸਲੇ ਤੋਂ ਬਾਅਦ ਕਿਸਾਨ ਚਾਰ ਬੈਰੀਕੇਡ ਤੋੜ ਕੇ ਨਮਸਤੇ ਚੌਕ ‘ਤੇ ਪਹੁੰਚੇ, ਜਿਥੇ ਪੁਲਿਸ ਵਲੋਂ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਲਿਆ ਗਿਆ, ਮਨੁੱਖੀ ਕਤਾਰ ਬਣਾ ਕੇ ਹੋਰਨਾਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਅਤੇ ਉਥੇ ਹੀ ਧਰਨਾ ਦੇ ਕੇ ਬੈਠ ਗਏ | ਇਸ ਮੌਕੇ ਟਿਕੈਤ ਅਤੇ ਚੜੂਨੀ ਸਮੇਤ ਸਾਰੇ ਹੀ ਆਗੂ ਹਾਜ਼ਰ ਸਨ | ਇਸੇ ਮੌਕੇ ਡੀ. ਸੀ. ਨਿਸ਼ਾਂਤ ਕੁਮਾਰ ਯਾਦਵ ਅਤੇ ਐਸ. ਪੀ. ਗੰਗਾ ਰਾਮ ਪੂਨੀਆ ਨੇ ਮੌਕੇ ‘ਤੇ ਪਹੁੰਚ ਕੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਗਿ੍ਫ਼ਤਾਰੀਆਂ ਦੇਣ ਦਾ ਫ਼ੈਸਲਾ ਲਿਆ | ਜਦੋਂ ਕਿਸਾਨ ਆਗੂਆਂ ਨੂੰ ਗਿ੍ਫ਼ਤਾਰ ਕਰਕੇ ਮੌਕੇ ‘ਤੇ ਖੜ੍ਹੀਆਂ ਕੀਤੀਆਂ ਰੋਡਵੇਜ਼ ਦੀਆਂ ਬੱਸਾਂ ‘ਚ ਬਿਠਾਉਣ ਦੀ ਤਿਆਰੀ ਕੀਤੀ ਤਾਂ ਉਸੇ ਦੌਰਾਨ ਹੀ ਬੱਸਾਂ ਦੇ ਟਾਇਰਾਂ ਦੀ ਹਵਾ ਕਿਸਾਨਾਂ ਵਲੋਂ ਕੱਢ ਦਿੱਤੀ ਗਈ, ਜਿਸ ਕਾਰਨ ਹਿਰਾਸਤ ਵਿਚ ਲਏ ਗਏ ਕਿਸਾਨ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ |

ਮਿੰਨੀ ਸਕੱਤਰੇਤ ਘੇਰ ਕੇ ਦਿੱਤਾ ਧਰਨਾ ਕਿਸਾਨ ਆਗੂਆਂ ਦੀ ਗਿ੍ਫ਼ਤਾਰੀ ਅਤੇ ਰਿਹਾਈ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਨੇ ਮਿੰਨੀ ਸਕੱਤਰੇਤ ਵੱਲ ਕੂਚ ਕਰ ਦਿੱਤਾ, ਜਿਨ੍ਹਾਂ ਨੂੰ ਰਾਹ ਵਿਚ ਕਈ ਜਗ੍ਹਾ ‘ਤੇ ਖੜ੍ਹੀ ਵੱਡੀ ਗਿਣਤੀ ‘ਚ ਪੁਲਿਸ ਨੇ ਰੋਕਣ ਦੀ ਕੋਈ ਵੱਡੀ ਕੋਸ਼ਿਸ਼ ਨਹੀਂ ਕੀਤੀ ਪਰ ਮਿੰਨੀ ਸਕੱਤਰੇਤ ਨੇੜੇ ਸਥਿਤ ਨਿਰਮਲ ਕੁਟੀਆ ਅੱਗੇ ਲਗਾਏ ਬੈਰੀਕੇਡ ਅਤੇ ਟਰਾਲਿਆਂ ਤੋਂ ਅੱਗੇ ਵਧਣ ਲਈ ਕਿਸਾਨਾਂ ਨੂੰ ਪੁਲਿਸ ਵਲੋਂ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਗਈਆਂ ਪਰ ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਇਸ ਦਾ ਕੋਈ ਅਸਰ ਨਾ ਹੋਇਆ ਅਤੇ ਕਿਸਾਨ ਮਿੰਨੀ ਸਕੱਤਰੇਤ ਵਿਚ ਦਾਖ਼ਲ ਹੋ ਗਏ ਅਤੇ ਉਥੇ ਹੀ ਉਨ੍ਹਾਂ ਧਰਨਾ ਸ਼ੁਰੂ ਕਰ ਦਿੱਤਾ |

ਮੋਬਾਈਲ ਇੰਟਰਨੈਟ ਸੇਵਾਵਾਂ ‘ਤੇ ਰੋਕ ਇਕ ਦਿਨ ਹੋਰ ਵਧਾਈ ਗ੍ਰਹਿ ਵਿਭਾਗ ਨੇ ਦੇਰ ਸ਼ਾਮ ਕਰਨਾਲ ‘ਚ ਮੋਬਾਈਲ ਇੰਟਰਨੈਟ ਸੇਵਾਵਾਂ ‘ਤੇ ਲਗਾਈ ਰੋਕ ਨੂੰ ਬੁੱਧਵਾਰ ਅੱਧੀ ਰਾਤ ਤੱਕ (23:59 ਵਜੇ ਤੱਕ) ਵਧਾ ਦਿੱਤਾ ਕਿਉਂਕਿ ਸਥਿਤੀ ਅਜੇ ਵੀ ਅਸਥਿਰ ਬਣੀ ਹੋਈ ਹੈ | ਇਸ ਤੋਂ ਪਹਿਲਾਂ, ਇਹ ਸੇਵਾਵਾਂ ਕਰਨਾਲ ਦੇ ਨਾਲ ਲੱਗਦੇ ਚਾਰ ਜ਼ਿਲ੍ਹਿਆਂ ਕੁਰੂਕਸ਼ੇਤਰ, ਕੈਥਲ, ਜੀਂਦ ਅਤੇ ਪਾਣੀਪਤ ‘ਚ ਮੰਗਲਵਾਰ ਅੱਧੀ ਰਾਤ ਤੱਕ ਮੁਅੱਤਲ ਕੀਤੀਆਂ ਗਈਆਂ ਸਨ | ਆਦੇਸ਼ ਨੇ ਮੁਅੱਤਲੀ ਵਧਾਉਂਦੇ ਹੋਏ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੇ ਹੋਰ ਤੇਜ਼ ਹੋਣ ਦੀ ਉਮੀਦ ਹੈ ਜਿਸ ਨਾਲ ਕਰਨਾਲ ਜ਼ਿਲ੍ਹੇ ‘ਚ ਜਨਤਕ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਉੱਤੇ ਬੁਰਾ ਪ੍ਰਭਾਵ ਪੈ ਸਕਦਾ ਹੈ |

Leave a Reply

Your email address will not be published.