ਕਿਸਾਨਾਂ ਨੇ ਵਿਸਾਖੀ ਵੀ ਦਿੱਲੀ ਦੀਆਂ ਸਰਹੱਦਾਂ ‘ਤੇ ਮਨਾਈ

Home » Blog » ਕਿਸਾਨਾਂ ਨੇ ਵਿਸਾਖੀ ਵੀ ਦਿੱਲੀ ਦੀਆਂ ਸਰਹੱਦਾਂ ‘ਤੇ ਮਨਾਈ
ਕਿਸਾਨਾਂ ਨੇ ਵਿਸਾਖੀ ਵੀ ਦਿੱਲੀ ਦੀਆਂ ਸਰਹੱਦਾਂ ‘ਤੇ ਮਨਾਈ

ਨਵੀਂ ਦਿੱਲੀ / ਲੋਹੜੀ ਅਤੇ ਹੋਲੀ ਦਿੱਲੀ ਦੀਆਂ ਸਰਹੱਦਾਂ ‘ਤੇ ਮਨਾ ਚੁੱਕੇ ਕਿਸਾਨਾਂ ਨੇ ਵਿਸਾਖੀ ਦਾ ਤਿਉਹਾਰ ਵੀ ਰਾਜਧਾਨੀ ਵੱਲ ਆਉਂਦੇ ਰਸਤਿਆਂ ‘ਤੇ ਲਾਏ ਧਰਨਿਆਂ ਵਾਲੀਆਂ ਥਾਵਾਂ ‘ਤੇ ਮਨਾਇਆ |

ਵਿਸਾਖੀ ਮੌਕੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਵਧਾਈ ਸੰਦੇਸ਼ ‘ਚ ਮਿਹਨਤਕਸ਼ ਕਿਸਾਨਾਂ ਦਾ ਉਚੇਚਾ ਜ਼ਿਕਰ ਕੀਤਾ, ਉੱਥੇ ਸਿੰਘੂ ਬਾਰਡਰ ਦੀ ਸਟੇਜ ਤੋਂ ਆਗੂਆਂ ਨੇ ਕਿਸਾਨਾਂ ‘ਚ ਜੋਸ਼ ਭਰਦਿਆਂ ਡਟੇ ਰਹਿਣ ਦਾ ਮੰਤਰ ਦਿੱਤਾ | ਫ਼ਸਲਾਂ ਦੀ ਵਾਢੀ ਦੇ ਸਮੇਂ ਵਾਰੀਆਂ ਬੰਨ੍ਹ ਕੇ ਖੇਤੀ ਅਤੇ ਧਰਨੇ ਦੋਵਾਂ ਦਾ ਕੰਮ ਸਾਰ ਰਹੇ ਕਿਸਾਨਾਂ ਦੀ ਹਮਾਇਤ ‘ਚ ਬੀਬੀਆਂ ਅਤੇ ਬੱਚੇ ਵੀ ਵੱਡੀ ਗਿਣਤੀ ‘ਚ ਨਜ਼ਰ ਆ ਰਹੇ ਸੀ | ਸਟੇਜ ‘ਤੇ ਬੁਲਾਰਿਆਂ ਵਲੋਂ ਲੱਖਾ ਸਿਧਾਣਾ ਦੇ ਹੱਕ ‘ਚ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਦਿੱਲੀ ਪੁਲਿਸ ਵਲੋਂ ਉਸ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਪੁੱਛਗਿੱਛ ਕਰਨ ਦੇ ਬਹਾਨੇ ਗਿ੍ਫ਼ਤਾਰ ਕਰਨ ਅਤੇ ਉਸ ‘ਤੇ ਤਸ਼ੱਦਦ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ, ਨਾਲ ਹੀ ਸਰਕਾਰ ਵਲੋਂ ਅੰਦੋਲਨ ਨੂੰ ਤਾਰਪੀਡੋ ਕਰਨ ਦੇ ਵੱਖ-ਵੱਖ ਢੰਗ-ਤਰੀਕਿਆਂ ਦੀ ਨੁਕਤਾਚੀਨੀ ਕਰਦਿਆਂ ਵਾਰ-ਵਾਰ ਸਰਕਾਰ ਨੂੰ ਇਹ ਸੰਦੇਸ਼ ਵੀ ਦਿੱਤਾ ਗਿਆ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਉਹ ਕਾਮਯਾਬ ਨਹੀਂ ਹੋਣ ਦੇਣਗੇ |

ਵਾਜ਼ਬ ਕੀਮਤ ਮਿਲਣ ‘ਤੇ ਖੁਸ਼ਹਾਲ ਹੋਣਗੇ ਕਿਸਾਨ ਵੱਖ-ਵੱਖ ਬਾਰਡਰਾਂ ‘ਤੇ ਦਿਨ ਭਰ ਚੱਲੇ ਪ੍ਰੋਗਰਾਮਾਂ ‘ਚ ਬੁਲਾਰਿਆਂ ਨੇ ਅੱਜ ਦੇ ਦੌਰ ‘ਚ ਖੇਤੀ ਨੂੰ ਘਾਟੇ ਦਾ ਸੌਦਾ ਦੱਸਦਿਆਂ ਕਿਹਾ ਕਿ ਕਿਸਾਨ ਉਦੋਂ ਹੀ ਖੁਸ਼ਹਾਲ ਹੋ ਸਕਣਗੇ ਜਦੋਂ ਉਨ੍ਹਾਂ ਦੀ ਫ਼ਸਲ ਦਾ ਹਰੇਕ ਦਾਣਾ ਉੱਚਿਤ ਮੁੱਲ ‘ਤੇ ਵਿਕੇਗਾ ਅਤੇ ਕਾਰਪੋਰੇਟ ਸ਼ੋਸ਼ਣ ਤੋਂ ਛੁਟਕਾਰਾ ਮਿਲੇਗਾ | ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਦਿਨ ‘ਚ ਟਿਕਰੀ ਬਾਰਡਰ ‘ਤੇ ਕਈ ਖੇਡ ਮੁਕਾਬਲੇ ਕਰਵਾਏ ਗਏ, ਜਿਸ ‘ਚ ਕਿਸਾਨਾਂ ਤੋਂ ਇਲਾਵਾ ਸਥਾਨਕ ਲੋਕਾਂ ਨੇ ਵੀ ਹਿੱਸਾ ਲਿਆ | ਗਾਜ਼ੀਪੁਰ ਬਾਰਡਰ ਤੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ‘ਚ ਪ੍ਰਭਾਤ ਫੇਰੀ ਅਤੇ ਇਕ ਸ਼ਰਧਾਂਜਲੀ ਪ੍ਰੋਗਰਾਮ ਕੀਤਾ ਗਿਆ | ਸਿੰਘੂ ਬਾਰਡਰ ‘ਤੇ ਵੀ ਇਸ ਮੌਕੇ ਨਾਟਕ ਅਤੇ ਗੀਤ ਪੇਸ਼ ਕੀਤੇ ਗਏ, ਨਾਲ ਹੀ ਵਿਸਾਖੀ ਦੇ ਮੌਕੇ ‘ਤੇ ਦਿਨ ਭਰ ਜਲੇਬੀਆਂ ਅਤੇ ਪਕੌੜਿਆਂ ਦਾ ਲੰਗਰ ਵੀ ਵਰਤਾਇਆ ਗਿਆ | ਸਿੰਘੂ ਬਾਰਡਰ ‘ਤੇ ਜਸ ਬਾਜਵਾ, ਰੂਪੀ ਢਿੱਲੋਂ ਜਿਹੇ ਪੰਜਾਬੀ ਕਲਾਕਾਰ ਵੀ ਕਿਸਾਨ ਅੰਦੋਲਨ ਦੀ ਹਮਾਇਤ ‘ਚ ਅੱਗੇ ਆਏ |

ਪੁਲਿਸ ਤਸ਼ੱਦਦ ਦੀ ਨਿਖੇਧੀ ਸਟੇਜ ‘ਤੇ ਕਈ ਬੁਲਾਰਿਆਂ ਨੇ ਸਮਾਜਿਕ ਕਾਰਕੁੰਨ ਲੱਖਾ ਸਿਧਾਣਾ ਦੇ ਚਚੇਰੇ ਭਰਾ ‘ਤੇ ਦਿੱਲੀ ਪੁਲਿਸ ਵਲੋਂ ਕੀਤੀ ਕਾਰਵਾਈ ਦੀ ਨਿਖੇਧੀ ਕੀਤੀ, ਨਾਲ ਹੀ ਪੰਜਾਬ ਸਰਕਾਰ ‘ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਬਿਨਾਂ ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਦੀ ਇਜਾਜ਼ਤ ਤੇ ਦਿੱਲੀ ਪੁਲਿਸ ਨੇ ਇਹ ਕਾਰਵਾਈ ਕਿਵੇਂ ਕੀਤੀ? ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਵੀ ਇਸ ਸਬੰਧ ‘ਚ ਫੌਰੀ ਕਾਰਵਾਈ ਕਰਨ ਦੀ ਅਪੀਲ ਕੀਤੀ | ਸਟੇਜ ਤੋਂ ਭਾਸ਼ਨ ਦੇ ਰਹੇ ਕਈ ਨੌਜਵਾਨ ਆਗੂਆਂ ਨੇ ਦੀਪ ਸਿੱਧੂ ਨੂੰ ਰਿਹਾਅ ਕਰਨ ਦੀ ਵੀ ਮੰਗ ਕੀਤੀ | ਕਿਸਾਨ ਅੰਦੋਲਨ ਦੀ ਅੱਗੇ ਦੀ ਰਣਨੀਤੀ ਤੈਅ ਕਰਨ ਅਤੇ ਇਸ ਦਾ ਦਾਇਰਾ ਹੋਰ ਵੱਡਾ ਕਰਨ ਲਈ ਮਈ ‘ਚ ਭਾਰਤ ਦੀਆਂ 571 ਕਿਸਾਨ ਜਥੇਬੰਦੀਆਂ ਦੀ ਕਾਨਫ਼ਰੰਸ ਕੀਤੀ ਜਾਵੇਗੀ ਹਾਲਾਂਕਿ ਕਾਨਫ਼ਰੰਸ ਦੀ ਥਾਂ ਅਤੇ ਤਾਰੀਖ ਅਜੇ ਨਿਸਚਿਤ ਨਹੀਂ ਕੀਤੀ ਗਈ ਪਰ ਇਸ ਲਈ ਰੂਪ-ਰੇਖਾ ਉਲੀਕਣੀ ਸ਼ੁਰੂ ਕਰ ਦਿੱਤੀ ਗਈ ਹੈ | ਕਿਸਾਨ ਆਗੂ ਸਤਨਾਮ ਸਿੰਘ ਅਜਨਾਲਾ ਨੇ ‘ਅਜੀਤ’ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਨਫ਼ਰੰਸ ‘ਚ 571 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ ਅਤੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਨੂੰ ਆਪੋ-ਆਪਣੇ ਇਲਾਕੇ ਅਤੇ ਮੋਰਚੇ ‘ਚ ਵੀ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਵੇਗਾ | ਕਿਸਾਨ ਅੰਦੋਲਨ ਦੇ ਭਵਿੱਖ ਬਾਰੇ ‘ਅਜੀਤ’ ਵਲੋਂ ਪੁੱਛੇ ਸਵਾਲ ‘ਤੇ ਅਜਨਾਲਾ ਨੇ ਦਾਰਸ਼ਨਿਕ ਜਵਾਬ ਦਿੰਦਿਆਂ ਕਿਹਾ ਕਿ ਅਜਿਹੇ ਇਤਿਹਾਸਕ ਅੰਦੋਲਨਾਂ ਨੂੰ ਸਮਾਂ ਹੱਦ ‘ਚ ਬੰਨ੍ਹ ਕੇ ਨਹੀਂ ਵੇਖਿਆ ਜਾਣਾ ਚਾਹੀਦਾ |

ਜੱਸ ਬਾਜਵਾ ਪੰਜਾਬੀ ਗਾਇਕ ਜੱਸ ਬਾਜਵਾ ਨੇ ਕਿਸਾਨ ਅੰਦੋਲਨ ‘ਚ ਆਏ ਠਹਿਰਾਅ ਨੂੰ ਵਕਤੀ ਕਰਾਰ ਦਿੰਦਿਆਂ ਕਿਹਾ ਕਿ ਜਦੋਂ ਅੰਦਲਨ ਲੋਕ ਘੋਲ ਬਣ ਜਾਣ ਤਾਂ ਉਤਰਾਅ ਚੜ੍ਹਾਅ ਆਉਂਦੇ ਹੀ ਹਨ | ਜੱਸ ਬਾਜਵਾ ਨੇ ਨੌਜਵਾਨਾਂ ਨੂੰ ਸੰਜਮ ਬਣਾਏ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਜ਼ਿਆਦਾਤਰ ਤੱਤੇ ਭਾਸ਼ਨਾਂ ਦੀ ਉਮੀਦ ਕਰਕੇ ਆਉਂਦੇ ਹਨ ਪਰ ਆਰਜ਼ੀ ਜੋਸ਼ ਅੰਦੋਲਨ ‘ਤੇ ਭਾਰੀ ਪੈ ਸਕਦਾ ਹੈ | ਬਾਜਵਾ ਨੇ ‘ਅਜੀਤ’ ਨਾਲ ਗੱਲ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਅਗਲੀ ਰਣਨੀਤੀ ਬਹੁਤ ਸੁਚੇਤ ਹੋ ਕੇ ਉਲੀਕਣੀ ਪਵੇਗੀ | ਬਾਜਵਾ ਨੇ ਮਈ ਲਈ ਐਲਾਨੇ ਗਏ ਸੰਸਦ ਮਾਰਚ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੰਸਦ ਮਾਰਚ ਦੀ ਯੋਜਨਾ, ਰੂਟ ਪਲਾਨ ਆਦਿ ਨੂੰ ਪਹਿਲਾਂ ਤੋਂ ਹੀ ਜਾਣਕਾਰੀ ਦੇਣੀ ਹੋਵੇਗੀ ਤਾਂ ਜੋ 26 ਜਨਵਰੀ ਜਿਹੀ ਘਟਨਾ ਦੁਬਾਰਾ ਨਾ ਵਾਪਰੇ |

ਹਰਦੀਪ ਸਿੰਘ ਨੇ ਸੁਣਾਈ ਹੱਡਬੀਤੀ 26 ਨਵੰਬਰ ਨੂੰ ਦਿੱਲੀ ‘ਚ ਦਾਖ਼ਲ ਹੋਣ ਤੋਂ ਪਹਿਲਾਂ ਪੁਲਿਸ ਦੀਆਂ ਡਾਂਗਾਂ ਤੋਂ ਬਚਦਿਆਂ ਅੱਗੇ ਵਧਦੇ ਕਿਸਾਨ ਦੀ ਤਸਵੀਰ ਕਿਸਾਨ ਅੰਦੋਲਨ ਦਾ ਚਿਹਰਾ ਬਣ ਗਈ ਸੀ | ਪਟਿਆਲਾ ਦੇ ਹਰਦੀਪ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਕਿਹਾ ਕਿ ਉਹ ਉਸ ਸਮੇਂ ਤੋਂ ਸਿੰਘੂ ਬਾਰਡਰ ‘ਤੇ ਹੀ ਹਨ ਅਤੇ ਉਦੋਂ ਤੱਕ ਇੱਥੇ ਰਹਿਣਗੇ ਜਦੋਂ ਤੱਕ ਤਿੰਨੋਂ ਕਾਨੂੰਨ ਵਾਪਸ ਨਹੀਂ ਹੁੰਦੇ | ਹਰਦੀਪ ਸਿੰਘ ਨੇ ‘ਅਜੀਤ’ ਨਾਲ ਗੱਲ ਕਰਦਿਆਂ ਜਿੱਥੇ ਮਾਣ ਨਾਲ ਇਹ ਦੱਸਿਆ ਕਿ ਬਾਹਰਲੇ ਮੁਲਕਾਂ ਤੋਂ ਲੋਕ ਫ਼ੋਨ ਕਰਕੇ ਉਨ੍ਹਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਦੀਆਂ ਤਸਵੀਰਾਂ ਵਾਲੀਆਂ ਟੀ ਸ਼ਰਟਾਂ ਅਤੇ ਕਮੀਜ਼ਾਂ ਹੱਥੋ-ਹੱਥ ਵਿਕ ਰਹੀਆਂ ਹਨ, ਉੱਥੇ ਇਹ ਵੀ ਕਿਹਾ ਕਿ ਜਾਂ ਤਾਂ ਕਾਲੇ ਕਾਨੂੰਨ ਵਾਪਸ ਹੋਣਗੇ ਜਾਂ ਉਨ੍ਹਾਂ ਦਾ ਮ੍ਤਿਕ ਸਰੀਰ ਉਂਝ ਹੀ ਉਨ੍ਹਾਂ ਦੇ ਪਿੰਡ ਪਹੁੰਚੇਗਾ ਜਿਵੇਂ ਵਿਦੇਸ਼ਾਂ ‘ਚ ਮਰੇ ਲੋਕਾਂ ਦਾ ਸਰੀਰ ਪਹੁੰਚਦਾ ਹੈ |

Leave a Reply

Your email address will not be published.