ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਵਲੋਂ ਸਾਰੀਆਂ ਮੰਗਾਂ ਪ੍ਰਵਾਨ ਕਰਨ ਦਾ ਐਲਾਨ

Home » Blog » ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਵਲੋਂ ਸਾਰੀਆਂ ਮੰਗਾਂ ਪ੍ਰਵਾਨ ਕਰਨ ਦਾ ਐਲਾਨ
ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਵਲੋਂ ਸਾਰੀਆਂ ਮੰਗਾਂ ਪ੍ਰਵਾਨ ਕਰਨ ਦਾ ਐਲਾਨ

ਗੁਲਾਬੀ ਸੁੰਡੀ ਕਾਰਨ ਕਪਾਹ ਦੇ ਨੁਕਸਾਨ ਲਈ ਮੁਆਵਜ਼ਾ 12 ਤੋਂ ਵਧਾ ਕੇ 17 ਹਜ਼ਾਰ ਕੀਤਾ

ਚੰਡੀਗੜ੍ਹ / ਮੁੱਖ ਮੰਤਰੀ ਵਲੋਂ ਅੱਜ ਇੱਥੇ ਸੰਘਰਸ਼ ਕਰ ਰਹੀਆਂ 32 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਮੋਰਚਾ ਦੇਸ਼ ਦੇ ਕਿਸਾਨਾਂ ਦੇ ਮੁੱਢਲੇ ਹੱਕਾਂ ਸਬੰਧੀ ਵੱਡੀ ਲੜਾਈ ਲੜ ਰਿਹਾ ਹੈ ਅਤੇ ਪੰਜਾਬ ਸਰਕਾਰ ਉਨ੍ਹਾਂ ਨਾਲ ਖੜ੍ਹੀ ਹੈ । ਉਨ੍ਹਾਂ ਕਿਹਾ ਕਿ ਸਾਨੂੰ ਜੇ ਕਿਸਾਨ ਜਥੇਬੰਦੀਆਂ ਅਸਤੀਫ਼ੇ ਦੇ ਕੇ ਅੰਦੋਲਨ ਵਿਚ ਸ਼ਾਮਿਲ ਹੋਣ ਲਈ ਵੀ ਕਹਿਣ ਤਾਂ ਅਸੀਂ ਉਹ ਵੀ ਕਰ ਸਕਦੇ ਹਾਂ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਵਿਧਾਨ ਸਭਾ ‘ਚ ਇਕ ਮਤਾ ਸਰਬਸੰਮਤੀ ਨਾਲ ਪਾਸ ਕਰਕੇ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ‘ਤੇ ਸੂਬੇ ‘ਚ ਅਮਲ ‘ਤੇ ਪੱਕੇ ਤੌਰ ‘ਤੇ ਰੋਕ ਲਗਾ ਦਿੱਤੀ ਹੈ ਅਤੇ ਅਕਾਲੀ ਭਾਜਪਾ ਸਰਕਾਰ ਵਲੋਂ 2013 ਦੌਰਾਨ ਕਾਰਪੋਰੇਟ ਘਰਾਣਿਆਂ ਨੂੰ ਫ਼ਸਲਾਂ ਦੀ ਖ਼ਰੀਦ ਤੇ ਸੰਭਾਲ ਵਿਚ ਲਿਆਉਣ ਲਈ ਜੋ ਕਾਨੂੰਨ ਬਣਾਇਆ ਸੀ ਉਸ ਨੂੰ ਵੀ ਇਕ ਨਵਾਂ ਐਕਟ ਬਣਾ ਕੇ ਰੱਦ ਕਰ ਦਿੱਤਾ ਹੈ ।

ਚੰਨੀ ਨੇ ਇਸ ਮੌਕੇ ਐਲਾਨ ਕੀਤਾ ਕਿ ਗੁਲਾਬੀ ਸੁੰਡੀ ਕਾਰਨ ਕਪਾਹ ਦੇ ਹੋਏ ਨੁਕਸਾਨ ਸਬੰਧੀ ਕਿਸਾਨਾਂ ਵਲੋਂ ਜੋ ਖ਼ਦਸ਼ੇ ਪ੍ਰਗਟਾਏ ਗਏ ਉਸ ਤੋਂ ਬਾਅਦ ਰਾਜ ਸਰਕਾਰ ਵਲੋਂ 75 ਪ੍ਰਤੀਸ਼ਤ ਤੋਂ ਵੱਧ ਖ਼ਰਾਬ ਹੋਈ ਫ਼ਸਲ ਲਈ ਮੁਆਵਜ਼ਾ 12 ਹਜ਼ਾਰ ਰੁਪਏ ਤੋਂ ਵਧਾ ਕੇ 17 ਹਜ਼ਾਰ ਰੁ. ਪ੍ਰਤੀ ਏਕੜ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਨਾਲ ਖ਼ਜ਼ਾਨੇ ‘ਤੇ ਕੋਈ 200 ਕਰੋੜ ਰੁ[ ਦਾ ਹੋਰ ਬੋਝ ਪਵੇਗਾ । ਜਦੋਂ ਕਿ ਰਾਜ ਸਰਕਾਰ 416 ਕਰੋੜ ਰੁ[ ਦਾ ਮੁਆਵਜ਼ਾ ਦੇਣ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ । ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਪਾਹ ਚੁਗਣ ਦਾ ਕੰਮ ਕਰਨ ਵਾਲੀ ਲੇਬਰ ਨੂੰ ਵੀ ਇਸ ਮੁਆਵਜ਼ੇ ਦਾ 10 ਪ੍ਰਤੀਸ਼ਤ ਹਿੱਸਾ ਮਿਲੇਗਾ । ਮੁੱਖ ਮੰਤਰੀ ਨੇ ਮਗਰਲੇ ਸਮੇਂ ਦੌਰਾਨ ਕਾਲੇ ਕਾਨੂੰਨਾਂ ਦੇ ਵਿਰੋਧ ਦੌਰਾਨ ਰੇਲਾਂ ਤੇ ਸੜਕਾਂ ਰੋਕਣ ਅਤੇ ਦੂਜੇ ਮੁਜ਼ਾਹਰੇ ਕਰਨ ਮੌਕੇ ਕਿਸਾਨਾਂ ‘ਤੇ ਦਰਜ ਹੋਏ ਸਾਰੇ ਕੇਸ ਵਾਪਸ ਲੈਣ ਦਾ ਐਲਾਨ ਵੀ ਕੀਤਾ ਅਤੇ ਕਿਹਾ ਕਿ ਚੰਡੀਗੜ੍ਹ ਵਿਖੇ ਵੀ ਮੁਜ਼ਾਹਰਾਕਾਰੀ ਕਿਸਾਨਾਂ ਵਿਰੁੱਧ ਦਰਜ ਕੀਤੇ ਕੇਸ ਵਾਪਸ ਲੈਣ ਲਈ ਉਹ ਕਿਸਾਨਾਂ ਦੇ ਵਫ਼ਦ ਨਾਲ ਰਾਜਪਾਲ ਕੋਲ ਬੇਨਤੀ ਕਰਨ ਲਈ ਜਾਣਗੇ ।

ਚੰਨੀ ਨੇ ਕਿਹਾ ਕਿ ਦਿੱਲੀ-ਕਟੜਾ-ਅੰਮ੍ਤਿਸਰ ਵੇਅ ਲਈ ਪ੍ਰਾਪਤ ਕੀਤੀ ਜਾਣ ਵਾਲੀ ਜ਼ਮੀਨ ਵੱਖ ਵੱਖ ਜ਼ਿਿਲ੍ਹਆਂ ਵਿਚ ਵੱਖਰੇ ਪੈਮਾਨੇ ਰੱਖੇ ਜਾਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਉਨ੍ਹਾਂ ਸਬੰਧਤ ਜ਼ਿਲ੍ਹਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਡਿਵੀਜ਼ਨ ਕਮਿਸ਼ਨਰਾਂ ਨਾਲ ਇਕ ਮੀਟਿੰਗ ਸੱਦਣ ਦਾ ਫ਼ੈਸਲਾ ਲਿਆ ਹੈ ਤਾਂ ਜੋ ਪਾਰਦਰਸ਼ੀ ਮੁਆਵਜ਼ਾ ਨੀਤੀ ਅਪਣਾਈ ਜਾ ਸਕੇ । ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਵਲੋਂ ਮੋਗਾ ਜ਼ਿਲ੍ਹੇ ਵਿਚ ਝੋਨੇ ਦਾ ਨਕਲੀ ਬੀਜ ਸਪਲਾਈ ਕਰਨ ਵਾਲੇ ਡੀਲਰਾਂ ਸਬੰਧੀ ਕੀਤੀ ਗਈ ਸ਼ਿਕਾਇਤ ਜਿਸ ਕਾਰਨ ਕੋਈ 2000 ਏਕੜ ਵਿਚ ਕਿਸਾਨਾਂ ਦੀ ਫ਼ਸਲ ਖ਼ਰਾਬ ਹੋ ਗਈ, ਸਬੰਧੀ ਆਦੇਸ਼ ਦਿੱਤਾ ਕਿ ਜ਼ਿੰਮੇਵਾਰ ਪਨਸੀਡ ਦੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨਕਲੀ ਬੀਜ ਵੇਚਣ ਵਾਲੇ ਡੀਲਰਾਂ ਵਿਰੁੱਧ ਵੀ ਮੁਹਿੰਮ ਚਲਾਈ ਜਾਵੇ । ਉਨ੍ਹਾਂ ਨਕਲੀ ਬੀਜ ਕਾਰਨ ਫ਼ਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਸਰਕਾਰ ਵਲੋਂ ਦਿੱਤੇ ਜਾਣ ਦਾ ਐਲਾਨ ਕੀਤਾ ।

ਮੀਟਿੰਗ ਦੌਰਾਨ ਦੁੱਧ ਪ੍ਰਾਪਤ ਕਰਨ ਦੀਆਂ ਕੀਮਤਾਂ ਵਧਾਏ ਜਾਣ ਅਤੇ ਮਿਲਾਵਟੀ ਦੁੱਧ ਦੀ ਸਮੱਸਿਆ ‘ਤੇ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਜੋ ਲੋਕ ਦੁੱਧ ਵਿਚ ਮਿਲਾਵਟ ਕਰ ਰਹੇ ਹਨ ਉਹ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ ਅਤੇ ਉਨ੍ਹਾਂ ਨੂੰ ਕਿਸੇ ਕੀਮਤ ‘ਤੇ ਮੁਆਫ਼ ਨਹੀਂ ਕੀਤਾ ਜਾਣਾ ਚਾਹੀਦਾ । ਉਨ੍ਹਾਂ ਸਬੰਧਤ ਵਿਭਾਗ ਨੂੰ ਵੀ ਕਿਹਾ ਕਿ ਉਹ ਇਸ ਸਬੰਧੀ ਸਖ਼ਤ ਕਾਰਵਾਈ ਕਰਨ । ਬੇਰੁਜ਼ਗਾਰੀ ਦੀ ਸਮੱਸਿਆ ਨਾਲ ਨਿਪਟਣ ਅਤੇ ਗੈਰ ਪੰਜਾਬੀਆਂ ਨੂੰ ਸੂਬੇ ਵਿਚ ਮਿਲ ਰਹੀਆਂ ਵੱਡੀ ਗਿਣਤੀ ਵਿਚ ਨੌਕਰੀਆਂ ਦੇ ਮੁੱਦੇ ‘ਤੇ ਮੱਖ ਮੰਤਰੀ ਨੇ ਦੱਸਿਆ ਕਿ ਮੰਤਰੀ ਮੰਡਲ ਦੀ ਅਗਲੀ ਬੈਠਕ ਵਿਚ ਸੂਬੇ ਵਿਚਲੀਆਂ 75 ਪ੍ਰਤੀਸ਼ਤ ਨੌਕਰੀਆਂ ਸਥਾਨਕ ਲੋਕਾਂ ਨੂੰ ਦੇਣ ਜਾਂ ਉਨ੍ਹਾਂ ਲਈ ਰਾਖਵਾਂਕਰਨ ਕੀਤੇ ਜਾਣ ਸਬੰਧੀ ਕਾਨੂੰਨ ਪਾਸ ਕਰ ਦਿੱਤਾ ਜਾਵੇਗਾ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਖੇਤੀ ਮਾਹਿਰ ਨੂੰ ਹੀ ਵਾਈਸ ਚਾਂਸਲਰ ਲਾਏ ਜਾਣ ਦੀ ਮੰਗ ਸੰਬੰਧੀ ਵੀ ਉਨ੍ਹਾਂ ਆਪਣੀ ਸਹਿਮਤੀ ਦਿੱਤੀ ਅਤੇ ਖੇਤੀ ਵਿਕਾਸ ਅਫ਼ਸਰਾਂ ਦੀਆਂ ਖ਼ਾਲੀ ਅਸਾਮੀਆਂ ਵੀ ਜਲਦੀ ਪੁਰ ਕਰਨ ਦਾ ਭਰੋਸਾ ਦਿੱਤਾ ।

ਕਿਸਾਨਾਂ ਵਲੋਂ ਰਹਿ ਗਏ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਸਬੰਧੀ ਉਠਾਈ ਮੰਗ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਸਬੰਧੀ ਵਿੱਤ ਵਿਭਾਗ ਨਾਲ ਮੀਟਿੰਗ ਕਰਕੇ ਪਤਾ ਲਗਾਉਣਗੇ ਕਿ ਸਰਕਾਰ ਇਸ ਸਬੰਧੀ ਹੋਰ ਕੀ ਕਰ ਸਕਦੀ ਹੈ । ਮੁੱਖ ਮੰਤਰੀ ਕਿਹਾ ਕਿ ਰਾਜ ਸਰਕਾਰ ਨੇ ਗੰਨੇ ਦੇ ਖ਼ਰੀਦ ਮੁੱਲ ਵਿਚ 50 ਰੁ[ ਦਾ ਵਾਧਾ ਦੇ ਕੇ ਪ੍ਰਤੀ ਕੁਇੰਟਲ 35 ਰੁ. ਦੀ ਸਬਸਿਡੀ ਦੇਣ ਦਾ ਫ਼ੈਸਲਾ ਲਿਆ ਹੈ, ਜਦੋਂ ਕਿ 15 ਰੁ[ ਖੰਡ ਮਿੱਲਾਂ ਵਲੋਂ ਅਦਾ ਕੀਤੇ ਜਾਣਗੇ । ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ 152 ਪਰਿਵਾਰਾਂ ਨੂੰ ਨੌਕਰੀਆਂ ਅਤੇ 5 ਲੱਖ ਦੀ ਸਹਾਇਤਾ ਰਾਸ਼ੀ ਦੇ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਸੂਬੇ ‘ਚ ਝੋਨੇ ਦੀ 98 ਪ੍ਰਤੀਸ਼ਤ ਖ਼ਰੀਦ ਪੂਰੀ ਹੋ ਗਈ ਹੈ ਲੇਕਿਨ ਜੇ ਕਿਸਾਨਾਂ ਦਾ ਕੋਈ ਝੋਨਾ ਅਜੇ ਬਚਿਆ ਹੈ ਤਾਂ ਉਸ ਦੀ ਖ਼ਰੀਦ ਲਈ ਵੀ ਸਰਕਾਰ ਕਈ ਮੰਡੀਆਂ ਖੁੱਲ੍ਹੀਆਂ ਰੱਖੀਆਂ ਹਨ । ਲੇਕਿਨ ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ ਬਾਹਰੋਂ ਆਉਣ ਵਾਲੇ ਝੋਨੇ ਦੀ ਖ਼ਰੀਦ ਕਿਸੇ ਕੀਮਤ ‘ਤੇ ਨਹੀਂ ਹੋਣ ਦਿੱਤੀ ਜਾਵੇਗੀ । ਡੀ.ਏ.ਪੀ. ਖਾਦ ਦੀ ਕਮੀਂ ਬਾਰੇ ਕਿਹਾ ਕਿ ਆਉਂਦੇ ਇਕ ਹਫ਼ਤੇ ਵਿਚ ਸੂਬੇ ਵਿਚ ਇਸ ਦੀ ਕਮੀ ਖ਼ਤਮ ਹੋ ਜਾਵੇਗੀ । ਉਨ੍ਹਾਂ ਤਤਕਾਲ ਸਕੀਮ ਹੇਠ 500 ਖੇਤੀ ਬਿਜਲੀ ਕੁਨੈਕਸ਼ਨਾਂ ਦੇ ਅਲਾਟੀਆਂ ਨੂੰ ਵੀ ਮੁਫ਼ਤ ਬਿਜਲੀ ਮੁਹੱਈਆ ਕਰਨ ਦਾ ਐਲਾਨ ਕੀਤਾ । ਮੁੱਖ ਮੰਤਰੀ ਨੇ ਇਸ ਮੌਕੇ ਐਲਾਨ ਕੀਤਾ ਕਿ ਪਰਾਲੀ ਸਾੜਨ ਲਈ ਜਿਨ੍ਹਾਂ ਲੋਕਾਂ ਵਿਰੁੱਧ ਹੁਣ ਤੱਕ ਕੇਸ ਦਰਜ ਹੋਏ ਹਨ ਉਨ੍ਹਾਂ ਨੂੰ ਆਮ ਮੁਆਫ਼ੀ ਦਿੱਤੀ ਜਾ ਰਹੀ ਹੈ ਲੇਕਿਨ ਭਵਿੱਖ ਵਿਚ ਪਰਾਲੀ ਸਾੜਨ ‘ਤੇ ਸਖ਼ਤੀ ਨਾਲ ਰੋਕ ਲਗਾਈ ਜਾਵੇਗੀ । ਮੁੱਖ ਮੰਤਰੀ ਐਲਾਨ ਕੀਤਾ ਕਿ ਕਿਸਾਨਾਂ ਦੀਆਂ ਅੱਜ ਸਾਰੀਆਂ 17 ਮੰਗਾਂ ਉਨ੍ਹਾਂ ਪ੍ਰਵਾਨ ਕੀਤੀਆਂ ਅਤੇ ਕਿਸਾਨ ਜਥੇਬੰਦੀਆਂ ਖ਼ੁਦ ਕਿਹਾ ਕਿ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਉਨ੍ਹਾਂ ਦੇ ਮਸਲੇ ਏਨੀ ਛੇਤੀ ਹੱਲ ਕੀਤੇ ਹਨ । ਮੁਲਾਜ਼ਮ ਅੰਦੋਲਨਾਂ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਸਿੱਖਿਆ ਅਤੇ ਸਿਹਤ ਵਿਭਾਗ ਦੇ ਮੁਲਾਜ਼ਮ ਅੰਦੋਲਨ ਕਰ ਰਹੇ ਹਨ ਅਤੇ ਦੋਵਾਂ ਸਬੰਧਤ ਵਿਭਾਗਾਂ ਦੇ ਮੰਤਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਅੰਦੋਲਨਕਾਰੀ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਅਤੇ ਪਹਿਲਾਂ ਇਨ੍ਹਾਂ ਮੁਲਾਜ਼ਮ ਜਥੇਬੰਦੀਆਂ ਦਾ ਵੀ ਛੇਤੀ ਹੱਲ ਕੱਢ ਲਿਆ ਜਾਵੇਗਾ । ਇਸ ਮੌਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ, ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਪਰਗਟ ਸਿੰਘ, ਗੁਰਕੀਰਤ ਸਿੰਘ ਕੋਟਲੀ ਅਤੇ ਮੁੱਖ ਸਕੱਤਰ ਅਨੀਰੁੱਧ ਤਿਵਾੜੀ ਤੋਂ ਇਲਾਵਾ ਪ੍ਰਮੁੱਖ ਸਕੱਤਰ ਵਿੱਤ ਕੇ.ਏ.ਪੀ. ਸਿਨਹਾ ਵੀ ਹਾਜ਼ਰ ਸਨ ।

ਸਰਕਾਰ ਨੇ ਅੰਦੋਲਨ ‘ਚ ਜਾਨਾਂ ਗੁਆ ਚੁੱਕੇ ਕਿਸਾਨਾਂ ਦੀ ਸੂਚੀ ਮੰਗੀ ਚੰਡੀਗੜ੍ਹ / ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਨੂੰ ਲੈ ਕੇ ਪੋਰਟਲ ਉਤੇ ਖ਼ਾਮੀਆਂ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਤਿੰਨ ਚਾਰ ਦਿਨਾਂ ‘ਚ ਉਸ ਦਾ ਨਿਪਟਾਰਾ ਕਰਕੇ ਅਦਾਇਗੀ ਕਰ ਦਿੱਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਸਰਕਾਰ ਨੇ ਮੰਨ ਲਿਆ ਹੈ ਕਿ ਪੰਜਾਬ ‘ਚ ਕਿਸਾਨਾਂ ਖ਼ਿਲਾਫ਼ ਹੁਣ ਤੱਕ ਦਰਜ ਹੋਏ ਕੇਸ ਰੱਦ ਕੀਤੇ ਜਾਣਗੇ ਅਤੇ ਚੰਡੀਗੜ੍ਹ ‘ਚ ਦਰਜ ਹੋਏ ਕੇਸਾਂ ਸਬੰਧੀ ਮੁੱਖ ਮੰਤਰੀ ਰਾਜਪਾਲ ਨਾਲ ਮੁਲਾਕਾਤ ਕਰਕੇ ਕੇਸ ਰੱਦ ਕਰਨ ਦੀ ਅਪੀਲ ਕਰਨਗੇ । ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ‘ਚ ਜਾਨਾਂ ਗੁਆ ਚੁੱਕੇ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਲਈ ਸਰਕਾਰ ਨੇ ਕਿਸਾਨਾਂ ਦੀ ਸੂਚੀ ਮੰਗੀ ਹੈ ।

ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਵਿਚ ਮੰਗ ਕੀਤੀ ਗਈ ਕਿ 2017 ਦੀਆਂ ਵਿਧਾਨ-ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਚੋਣ-ਮਨੋਰਥ ਪੱਤਰ ਰਾਹੀਂ ਕੀਤੇ ਕਿਸਾਨਾਂ ਦੀ ਪੂਰਨ ਕਰਜ਼ ਮੁਆਫ਼ੀ ਦੇ ਵਾਅਦੇ ਨੂੰ ਪੂਰਾ ਕੀਤਾ ਜਾਵੇ, ਜਿਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਕਰਜ਼ ਮਾਫ਼ੀ ਸੰਬੰਧੀ ਹਫ਼ਤੇ ‘ਚ ਸਰਕਾਰ ਮੀਟਿੰਗ ਲੈ ਕੇ ਫ਼ੈਸਲਾ ਲਵੇਗੀ । ਪੂਰਨ ਕਰਜ਼ ਸਰਕਾਰ ਕਿਸ ਸਰੋਤ ਰਾਹੀਂ ਮਾਫ਼ ਕਰੇਗੀ ਬਾਰੇ ਸਰਕਾਰ ਕੋਲ ਕੋਈ ਜਵਾਬ ਨਹੀਂ ਸੀ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗ ਉੱਤੇ ਸਰਕਾਰ ਕਿਸਾਨਾਂ-ਖੇਤ ਮਜ਼ਦੂਰਾਂ ਲਈ ਪੈਨਸ਼ਨ ਸਕੀਮ ਲਿਆਂਦੀ ਜਾਵੇਗੀ ।

ਚੜੂਨੀ ਦੀਆਂ ਸਿਆਸੀ ਗਤੀਵਿਧੀਆਂ ਦਾ ਹੋਵੇਗਾ ਵਿਰੋਧ-ਰਾਜੇਵਾਲ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਗੁਰਨਾਮ ਸਿੰਘ ਚੜੂਨੀ ਵਲੋਂ ਪੰਜਾਬ ‘ਚ ਸਿਆਸੀ ਗਤੀਵਿਧੀਆਂ ਲੈ ਕੇ ਕਿਸਾਨ ਮੋਰਚੇ ਦਾ ਨਾਂਅ ਵਰਤਿਆ ਜਾ ਰਿਹਾ ਹੈ ਪਰ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਜੋ ਸਲੂਕ ਹੋਰ ਸਿਆਸੀ ਪਾਰਟੀਆਂ ਨਾਲ ਹੋਵੇਗਾ ਉਨ੍ਹਾਂ ਨਾਲ ਵੀ ਹੋਵੇਗਾ ਅਤੇ ਉਨ੍ਹਾਂ ਨੂੰ ਵੀ ਕਾਲੇ ਝੰਡੇ ਦਿਖਾਏ ਜਾਣਗੇ ।

Leave a Reply

Your email address will not be published.