ਕਿਸਾਨਾਂ ਦੇ ਹਿਤ ਲਈ ਕਾਨੂੰਨਾਂ ‘ਚ ਕੋਈ ਤਬਦੀਲੀ ਚਾਹੀਦੀ ਹੈ ਤਾਂ ਸਰਕਾਰ ਚਰਚਾ ਲਈ ਤਿਆਰ-ਸੋਮ ਪ੍ਰਕਾਸ਼

• ਸ਼੍ਰੋਮਣੀ ਅਕਾਲੀ ਦਲ ਨੇ ਲਿਆ ਯੂ-ਟਰਨ • ਭਾਜਪਾ 117 ਸੀਟਾਂ ‘ਤੇ ਉਤਾਰੇਗੀ ਉਮੀਦਵਾਰ

ਨਵੀਂ ਦਿੱਲੀ / ਕੇਂਦਰ ਸਰਕਾਰ ਵਲੋਂ ਲਿਆਂਦੇ 3 ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪਿਛਲੇ 11 ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ ਨੂੰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪ੍ਰਦਰਸ਼ਨ ਖ਼ਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸਾਨਾਂ ਦੇ ਹਿਤ ‘ਚ ਕੋਈ ਤਬਦੀਲੀ ਚਾਹੀਦੀ ਹੈ ਤਾਂ ਉਸ ‘ਤੇ ਬੈਠ ਕੇ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਪਰ ਨਾਲ ਹੀ ਸਰਕਾਰ ਦਾ ਰੁਖ਼ ਸਪੱਸ਼ਟ ਕਰਦਿਆਂ ਇਹ ਵੀ ਕਿਹਾ ਕਿ ਜੇਕਰ ਗੱਲਬਾਤ ਪਹਿਲਾਂ ਤੋਂ ਰੱਖੀ ਕਾਨੂੰਨ ਰੱਦ ਕਰਨ ਦੀ ਸ਼ਰਤ ‘ਤੇ ਹੋਵੇਗੀ ਤਾਂ ਉਹ ਮਨਜ਼ੂਰ ਨਹੀਂ ਕੀਤੀ ਜਾ ਸਕਦੀ । ਚੋਣਾਂ ਦੇ ਮੁਹਾਨੇ ਖੜ੍ਹੇ ਪੰਜਾਬ ਦੇ ਸਿਆਸੀ, ਸੰਘਰਸ਼ੀ ਅਤੇ ਆਰਥਿਕ ਪਹਿਲੂਆਂ ‘ਤੇ ‘ਅਜੀਤ’ ਨਾਲ ਤਫ਼ਸੀਲੀ ਗੱਲ ਕਰਦਿਆਂ ਸੋਮ ਪ੍ਰਕਾਸ਼ ਨੇ ਚੋਖਾ ਚਿਰ ਖੇਤੀ ਕਾਨੂੰਨਾਂ ਨੂੰ ਲੈ ਕੇ ਸੂਬੇ ਅਤੇ ਦਿੱਲੀ ਦੀਆਂ ਬਰੂਹਾਂ ‘ਤੇ ਬਣ ਆਏ ਹਾਲਾਤ ‘ਤੇ ਚਰਚਾ ਕੀਤੀ, ਨਾਲ ਹੀ ਪੰਜਾਬ ਦੇ ਜੂਨੀਅਰ ਪਾਰਟਨਰ ਤੋਂ ਇਕੱਲੇ ਚੋਣ ਮੈਦਾਨ ‘ਚ ਜਾਣ ਵਾਲੀ ਭਾਜਪਾ ਦੀ ਚੋਣ ਰਣਨੀਤੀ ਦਾ ਖੁਲਾਸਾ ਕਰਦਿਆਂ ਕਿਹਾ ਕਿ ਹਾਲ ਦੀ ਘੜੀ ਪਾਰਟੀ ਬੂਥ ਪੱਧਰ ‘ਤੇ ਕਾਰਜਕਰਤਾਵਾਂ ਨੂੰ ਮਜ਼ਬੂਤ ਕਰ ਰਹੀ ਹੈ, ਜਿਸ ਤੋਂ ਬਾਅਦ ਸਮਾਂ ਪੈਣ ‘ਤੇ ਪ੍ਰਧਾਨ ਮੰਤਰੀ ਸਮੇਤ ਹੋਰ ਪਤਵੰਤੇ ਵੀ ਪ੍ਰਚਾਰ ਲਈ ਸੂਬੇ ਦਾ ਦੌਰਾ ਕਰਨਗੇ ।

ਕੇਂਦਰੀ ਮੰਤਰੀ ਨੇ ਮਹਿੰਗਾਈ ਵਧਣ ਦਾ ਦਾਅਵਾ ਤਾਂ ਸਵੀਕਾਰ ਕੀਤਾ ਪਰ ਨਾਲ ਹੀ ਪੈਟਰੋਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਬਨਾਮ ਸੂਬਾ ਸਰਕਾਰਾਂ ਦਾ ਤਰਕ ਦੇਣ ਤੋਂ ਗੁਰੇਜ਼ ਨਹੀਂ ਕੀਤਾ । ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਹਰ ਮਹੀਨੇ ਹੋਣ ਵਾਲੀ ਵਿੱਤ ਮੰਤਰੀਆਂ ਦੀ ਬੈਠਕ ‘ਚ ਇਸ ਮੁੱਦੇ ‘ਤੇ ਗੰਭੀਰ ਚਰਚਾ ਕਰਕੇ ਪੈਟਰੋਲ ‘ਤੇ ਆਪਣੇ ਹਿੱਸੇ ਦੇ ਟੈਕਸ ਘਟਾਉਣੇ ਚਾਹੀਦੇ ਹਨ ਤਾਂ ਜੋ ਆਮ ਆਦਮੀ ਨੂੰ ਨਿਜਾਤ ਮਿਲ ਸਕੇ ।

ਖੇਤੀ ਕਾਨੂੰਨ ਸ੍ਰੀ ਸੋਮ ਪ੍ਰਕਾਸ਼ ਨੇ ਗੱਲਬਾਤ ਨੂੰ ਹਰ ਸਮੱਸਿਆ ਦਾ ਹੱਲ ਦੱਸਦਿਆਂ ਕਿਹਾ ਕਿ ਜੰਗ ਜਿਹੇ ਮੁੱਦੇ ਨੂੰ ਵੀ ਗੱਲਬਾਤ ਰਾਹੀਂ ਹੀ ਖ਼ਤਮ ਕੀਤਾ ਜਾ ਸਕਦਾ ਹੈ । ਉਨ੍ਹਾਂ ਖੇਤੀ ਕਾਨੂੰਨਾਂ ‘ਤੇ ਕੇਂਦਰ ਦੇ ਰੁਖ਼ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਮਸਲੇ ਦਾ ਹੱਲ ਨਹੀਂ ਹੈ । ਉਨ੍ਹਾਂ ਕਿਸਾਨ ਆਗੂਆਂ ਨੂੰ ਵਿਚਲਾ ਰਾਹ ਭਾਵ ਸਮਝੌਤੇ ਦੇ ਰਾਹ ‘ਤੇ ਨਾ ਤੁਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਉਪਜੇ ਹਾਲਾਤ ਨੂੰ ਲੈ ਕੇ ਸਰਕਾਰ ਨੂੰ ਚਿੰਤਾ ਵੀ ਹੈ ਤੇ ਅਫ਼ਸੋਸ ਵੀ । ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨੂੰ ਕਿਸਾਨਾਂ ਦੇ ਹਿਤਾਂ ਦੀ ਰਾਖੀ ਕਰਨੀ ਚਾਹੀਦੀ ਸੀ ਪਰ ਉਨ੍ਹਾਂ ਦੀ ਅੜੀ ਨੇ ਮਾਮਲੇ ਨੂੰ ਰੋਕ ਦਿੱਤਾ । ਸੋਮ ਪ੍ਰਕਾਸ਼ ਨੇ ਸਰਕਾਰ ਵਲੋਂ ਕਿਸੇ ਨਵੇਂ ਪ੍ਰਸਤਾਵ ਸੰਬੰਧੀ ਪੁੱਛੇ ਸਵਾਲ ਦੇ ਜਵਾਬ ‘ਚ ਕਿਹਾ ਕਿ ਕਿਸਾਨਾਂ ਦੇ ਹਿਤ ‘ਚ ਜੋ ਤਬਦੀਲੀ ਚਾਹੀਦੀ ਹੈ ਉਹ ਸਰਕਾਰ ਕਰਨ ਨੂੰ ਤਿਆਰ ਹੈ, ਨਾਲ ਹੀ ਇਹ ਵੀ ਕਿਹਾ ਕਿ ਕਿਸਾਨ ਉਨ੍ਹਾਂ ਕਾਨੂੰਨਾਂ ਨੂੰ ਲੈ ਕੇ ਪਿਛਲੇ 1 ਸਾਲ ਤੋਂ ਪ੍ਰਦਰਸ਼ਨ ‘ਤੇ ਹਨ, ਜੋ ਅੱਜ ਤੱਕ ਲਾਗੂ ਨਹੀਂ ਹੋਏ ।

ਸ਼੍ਰੋਮਣੀ ਅਕਾਲੀ ਦਲ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਆਪਣੇ ਸਭ ਤੋਂ ਪੁਰਾਣੇ ਗੱਠਜੋੜ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਖ ਹੋਣ ‘ਤੇ ਟਿੱਪਣੀ ਕਰਦਿਆਂ ਭਾਜਪਾ ਆਗੂ ਨੇ ਅਕਾਲੀ ਦਲ ‘ਤੇ ਯੂ-ਟਰਨ ਲੈਣ ਦਾ ਦੋਸ਼ ਲਾਇਆ । ਸ੍ਰੀ ਸੋਮ ਪ੍ਰਕਾਸ਼ ਨੇ ਬਿਨਾਂ ਨਾਂਅ ਲਏ ਹਰਸਿਮਰਤ ਕੌਰ ਬਾਦਲ ਵੱਲ ਅਸਿੱਧਾ ਇਸ਼ਾਰਾ ਕਰਦਿਆਂ ਕਿਹਾ ਕਿ ਜੋ ਆਗੂ ਪਹਿਲਾਂ ਟੀ[ਵੀ[ ‘ਤੇ ਅਤੇ ਲੋਕਾਂ ‘ਚ ਵਿਚਰ ਕੇ ਖੇਤੀ ਕਾਨੂੰਨਾਂ ਦੇ ਫ਼ਾਇਦੇ ਗਿਣਵਾ ਰਹੇ ਸਨ ਉਨ੍ਹਾਂ ਅਚਾਨਕ ਯੂ-ਟਰਨ ਕਿਉਂ ਲਿਆ, ਇਹ ਉਹ ਹੀ ਜਾਣਦੇ ਹਨ ।

ਕਿਸੇ ਦੀ ਵੀ ਵਿਚੋਲਗੀ ਦੀ ਪਹਿਲ ‘ਤੇ ਕੋਈ ਸੰਕੋਚ ਨਹੀਂ ਹਾਲੀਆ ਅਤੀਤ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵਲੋਂ ਨਵੀਂ ਪਾਰਟੀ ਬਣਾਉਣ ਦਾ ਅਤੇ ਖੇਤੀ ਕਾਨੂੰਨਾਂ ‘ਚ ਵਿਚੋਲਗੀ ਰਾਹੀਂ ਮਸਲੇ ਦਾ ਹੱਲ ਕਰਵਾਉਣ ਦੇ ਐਲਾਨ ‘ਤੇ ਪ੍ਰਤੀਕਰਮ ਦਿੰਦਿਆਂ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਸਰਕਾਰ ਨੂੰ ਕਿਸੇ ਦੀ ਵੀ ਵਿਚੋਲਗੀ ਦੀ ਪਹਿਲ ‘ਤੇ ਕੋਈ ਸੰਕੋਚ ਨਹੀਂ ।

ਮੁੱਖ ਮੰਤਰੀ ਦਾ ਚਿਹਰਾ ਹੋਣਾ ਜਾਂ ਨਾ ਹੋਣਾ ਪਾਰਟੀ ਰਣਨੀਤੀ ‘ਤੇ ਆਧਾਰਿਤ ਭਾਜਪਾ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਤੋਂ ਚੋਣ ਲੜੇਗੀ ਪਰ ਪਾਰਟੀ ਹਮਖਿਆਲ ਪਾਰਟੀਆਂ ਨਾਲ ਗੱਠਜੋੜ ਕਰਨ ਦਾ ਵਿਕਲਪ ਵੀ ਖੁੱਲ੍ਹਾ ਰੱਖ ਰਹੀ ਹੈ । ‘ਅਜੀਤ’ ਵਲੋਂ ਸਾਰੀਆਂ ਸੀਟਾਂ ‘ਤੇ ਜਿੱਤ ਦੀ ਸਮਰੱਥਾ ਰੱਖਣ ਵਾਲੇ ਉਮੀਦਵਾਰਾਂ ਸੰਬੰਧੀ ਸ਼ੰਕਿਆਂ ਦੇ ਸਵਾਲ ਨੂੰ ਖ਼ਾਰਜ ਕਰਦਿਆਂ ਸੋਮ ਪ੍ਰਕਾਸ਼ ਨੇ ਇਹ ਵੀ ਕਿਹਾ ਕਿ ਭਾਜਪਾ ਭਾਰਤ ਦੀ ਸਭ ਤੋਂ ਵੱਡੀ ਪਾਰਟੀ ‘ਚ 117 ਸੀਟਾਂ ‘ਤੇ ਚੋਣ ਲੜਨ ਦੀ ਸਮਰੱਥਾ ਹੈ । ਉਨ੍ਹਾਂ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਬਾਕੀ ਪਾਰਟੀਆਂ ਦੀ ਮਿਸਾਲ ਦਿੰਦਿਆਂ ਕਿਹਾ ਕਿ ‘ਆਪ’ ਕੋਲ ਹਾਲੇ ਤੱਕ ਕੋਈ ਚਿਹਰਾ ਨਹੀਂ ਹੈ । ਕਾਂਗਰਸ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਐਲਾਨ ਪਾਰਟੀ ਅੰਦਰ ਬਣ ਆਏ ਹਾਲਾਤ ‘ਚ ਕਰਨਾ ਪਿਆ ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਪੱਕਾ ਚਿਹਰਾ ਬਾਦਲ ਪਰਿਵਾਰ ਹੈ । ਉਨ੍ਹਾਂ ਕਿਹਾ ਕਿ ਹਰ ਪਾਰਟੀ ਦੀ ਆਪਣੀ ਰਣਨੀਤੀ ਤਹਿਤ ਹੀ ਮੁੱਖ ਮੰਤਰੀ ਦਾ ਐਲਾਨ ਕੀਤਾ ਜਾਂਦਾ ਹੈ ।

ਚੋਣ ਕਮਿਸ਼ਨ ਨਿਰਪੱਖ ਚੋਣਾਂ ਯਕੀਨੀ ਬਣਾਏਗਾ ਪੰਜਾਬ ‘ਚ ਖੇਤੀ ਕਾਨੂੰਨਾਂ ਦੀ ਮੁਖਾਲਫ਼ਤ ਕਾਰਨ ਭਾਜਪਾ ਆਗੂਆਂ ਦੇ ਕੀਤੇ ਜਾ ਰਹੇ ਲਗਾਤਾਰ ਵਿਰੋਧ ਦਰਮਿਆਨ ਚੋਣਾਂ ਦਾ ਨਿਰਪੱਖ ਅਮਲ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸੋਮ ਪ੍ਰਕਾਸ਼ ਨੇ ਚੋਣ ਕਮਿਸ਼ਨ ਦੀ ਦੱਸਦਿਆਂ ਕਿਹਾ ਕਿ ਅਮਨ-ਅਮਾਨ ਨਾਲ ਚੋਣਾਂ ਕਰਵਾਉਣਾ ਕਮਿਸ਼ਨ ਦੀ ਜ਼ਿੰਮੇਵਾਰੀ ਹੈ ।

ਗ਼ਰੀਬ ਪੱਖੀ ਏਜੰਡਾ ਪਰ ਮਹਿੰਗਾਈ ‘ਤੇ ਚੁੱਪੀ ਭਾਜਪਾ ਦਾ ਚੋਣ ਏਜੰਡਾ ਗ਼ਰੀਬ ਪੱਖੀ ਹੋਣ ਦਾ ਦਾਅਵਾ ਕਰਦਿਆਂ ਸੋਮ ਪ੍ਰਕਾਸ਼ ਨੇ ਕਿਹਾ ਕਿ ਗ਼ਰੀਬ ਵਰਗ ਅਖ਼ਬਾਰਾਂ ‘ਚ ਨਹੀਂ ਆਉਂਦਾ ਪਰ ਉਹ ਸ਼ਾਂਤ ਵੋਟਰ ਉਸ ਪਾਰਟੀ ਨੂੰ ਵੀ ਵੋਟ ਕਰਦਾ ਹੈ, ਜਿਸ ਨੇ ਉਸ ਨੂੰ ਫਾਇਦਾ ਪਹੁੰਚਾਇਆ ਹੋਵੇ । ਸੋਮ ਪ੍ਰਕਾਸ਼ ਨੇ ਜਨ-ਧਨ ਯੋਜਨਾ ਅਤੇ ਉੱਜਵਲਾ ਯੋਜਨਾ ਨੂੰ ਗ਼ਰੀਬ ਪੱਖੀ ਦੱਸਦਿਆਂ ਆਪਣੀ ਸਰਕਾਰ ਦੀ ਪਿੱਠ ਤਾਂ ਥਾਪੜੀ ਪਰ ਮਹਿੰਗਾਈ ਦੇ ਮੁੱਦੇ ‘ਤੇ ਚੁੱਪ ਧਾਰ ਲਈ ।

ਪੰਜਾਬ ਦੇ ਅਰਥਚਾਰੇ ਦੀ ਮੁੜ ਸੁਰਜੀਤੀ ਲਈ ਪਹਿਲਾਂ ਮਾਹੌਲ ਠੀਕ ਕਰਨਾ ਪਵੇਗਾ ਪੰਜਾਬ ਦੇ ਅਰਥਚਾਰੇ ਦੇ ਨਿਘਾਰ ਲਈ ਭਾਜਪਾ ਆਗੂ ਨੇ ਮਾਕੂਲ ਮਾਹੌਲ ਨਾ ਮਿਲਣ ਨੂੰ ਜ਼ਿੰਮੇਵਾਰ ਠਹਿਰਾਇਆ । ਉਨ੍ਹਾਂ ਕਿਸਾਨਾਂ ਦੀ ਪਹੁੰਚ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇ ਕੋਈ ਨਿਵੇਸ਼ਕ ਆਉਂਦਾ ਹੈ ਤਾਂ ਕਿਸਾਨ ਉਸ ਦਾ ਵਿਰੋਧ ਕਰਦੇ ਹਨ । ਉਨ੍ਹਾਂ ਲੁਧਿਆਣਾ ‘ਚ ਬੰਦ ਹੋਈ ਖੁਸ਼ਕ ਬੰਦਰਗਾਹ ਦੀ ਮਿਸਾਲ ਦਿੰਦਿਆਂ ਸਵਾਲੀਆ ਲਹੀਜੇ ‘ਚ ਪੁੱਛਿਆ ਕਿ ਆਖਿਰ ਨੁਕਸਾਨ ਕਿਸ ਦਾ ਹੋਇਆ?

Leave a Reply

Your email address will not be published. Required fields are marked *