ਕਾਰਨ ਅਤੇ ਸਿੱਟੇ : ਪੰਜਾਬ ਦੀ ਵੰਡ ਦਾ ਪਿਛੋਕੜ

Home » Blog » ਕਾਰਨ ਅਤੇ ਸਿੱਟੇ : ਪੰਜਾਬ ਦੀ ਵੰਡ ਦਾ ਪਿਛੋਕੜ
ਕਾਰਨ ਅਤੇ ਸਿੱਟੇ : ਪੰਜਾਬ ਦੀ ਵੰਡ ਦਾ ਪਿਛੋਕੜ

ਜਸਪਾਲ ਸਿੰਘ ਸਿੱਧੂ ਸੰਨ ਸੰਤਾਲੀ ਵਿਚ ਹੋਈ ਦੇਸ਼ ਵੰਡ ਸਮੇਂ ਪੰਜਾਬ ਅਤੇ ਬੰਗਾਲ ਨੇ ਸਭ ਤੋਂ ਵੱਧ ਨੁਕਸਾਨ ਝੱਲਿਆ।

ਵੰਡ ਦੌਰਾਨ ਝੁੱਲੀ ਫ਼ਿਰਕੂ ਹਨੇਰੀ ਨੇ ਪੰਜਾਬੀਆਂ ਦੇ ਮਨਾਂ ਨੂੰ ਅਜਿਹੇ ਜ਼ਖ਼ਮ ਦਿੱਤੇ ਜੋ ਅਜੇ ਤਕ ਅੱਲੇ ਹਨ। ਇਹ ਲੇਖ ਪੰਜਾਬ ਦੀ ਵੰਡ ਦੇ ਕਾਰਨਾਂ ਅਤੇ ਸਿੱਟਿਆਂ ਬਾਰੇ ਵੱਖਰੇ ਨਜ਼ਰੀਏ ਤੋਂ ਗੱਲ ਕਰਦਾ ਹੈ। 1947 ਵਿਚ ਆਪਸੀ ਵਿਰੋਧੀ ਰਾਸ਼ਟਰਵਾਦਾਂ (ਨੈਸ਼ਨਲਿਜ਼ਮ) ਦੀ ਟੱਕਰ ਨੇ ਸਿਰਫ਼ ਪੰਜਾਬ ਦੇ ਟੁਕੜੇ ਹੀ ਨਹੀਂ ਕਰਵਾਏ ਸਗੋਂ ਪੰਜਾਬੀਆਂ ਦੀ ਇੰਨੀ ਭਿਆਨਕ ਵੱਢ-ਟੁੱਕ ਕਰਵਾਈ ਜਿਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਕਿਤੇ ਨਹੀਂ ਮਿਲਦੀ। ਕਾਮਰੇਡ ਪੀ. ਸੀ. ਜੋਸ਼ੀ ਇਸ਼ਤਿਆਕ ਅਹਿਮਦ ਨੇ ਵੰਡ ਬਾਰੇ ਲਿਖੀ ਕਿਤਾਬ ‘ਪੰਜਾਬ ਬਲੱਡੀਡ, ਪਾਰਟੀਸ਼ਨਡ ਐਂਡ ਕਲੀਨਜ਼ਡ’ ਵਿਚ ਪੰਜਾਬ ਵਿਚ ਮਾਰੇ ਗਿਆਂ ਦੀ ਗਿਣਤੀ ਛੇ ਤੋਂ ਅੱਠ ਲੱਖ ਦੱਸੀ ਹੈ। 1941 ਦੀ ਜਨਗਣਨਾ ਮੁਤਾਬਿਕ ਪੰਜਾਬ ਵਿਚ ਮੁਸਲਮਾਨਾਂ ਦੀ ਬਹੁਗਿਣਤੀ 55-56 ਫ਼ੀਸਦੀ ਸੀ, ਹਿੰਦੂ 29 ਫ਼ੀਸਦੀ, ਸਿੱਖ 14 ਫ਼ੀਸਦੀ ਅਤੇ ਬਾਕੀ ਡੇਢ ਤੋਂ ਦੋ ਫ਼ੀਸਦੀ ਇਸਾਈ ਸਨ। ਪੰਜਾਬ ਦੇ ਤਤਕਾਲੀ ਗਵਰਨਰ ਜੈਨਕਿਨ ਅਤੇ ਹੋਰ ਲੇਖਕਾਂ ਦਾ ਮੱਤ ਹੈ ਕਿ ਪੱਛਮੀ ਪੰਜਾਬ ਵਿਚੋਂ ਆਏ ਹਿੰਦੂ-ਸਿੱਖ ਰਿਫਿਊਜੀਆਂ ਦੇ ਵਸੇਬੇ ਲਈ ਪੂਰਬੀ ਪੰਜਾਬ ਵਿਚੋਂ ਮੁਸਲਮਾਨਾਂ ਦੀ ਵੱਡੇ ਪੱਧਰ ਉੱਤੇ ਜਬਰੀ ਹਿਜਰਤ ਕਰਵਾਈ ਗਈ।

ਇਸੇ ਕਰਕੇ ਹਿੰਸਾ ਵਿਚ ਜ਼ਿਆਦਾ ਮੁਸਲਮਾਨ ਮਾਰੇ ਗਏ ਅਤੇ ਜਿਨ੍ਹਾਂ ਦੀ ਗਿਣਤੀ ਕਈ ਲੇਖਕ 5 ਲੱਖ ਤੋਂ ਉੱਪਰ ਦੱਸਦੇ ਹਨ। ਪੰਜਾਬ ਵਿਚ ਤਾਇਨਾਤ ਅੰਗਰੇਜ਼ੀ ਅਫ਼ਸਰ ਪੈਂਡਰਲ ਮੂਨ ਲਿਖਦਾ ਹੈ ਕਿ “ਹਿੰਦੂ-ਸਿੱਖਾਂ ਨੇ ਪੰਜਾਬ ਦੀ ਵੰਡ ਵਿਚ ਜ਼ਿਆਦਾ ਜਾਇਦਾਦਾਂ ਗਵਾਈਆਂ ਅਤੇ ਮੁਸਲਮਾਨਾਂ ਨੇ ਜ਼ਿਆਦਾ ਜਾਨਾਂ।” ਫ਼ਿਰਕਾਪ੍ਰਸਤੀ ਅੱਗ ਦੀਆਂ ਲਾਟਾਂ ਵਿਚ ਸੜੇ ਲੱਖਾਂ ਕਾਮੇ, ਮਜ਼ਦੂਰ, ਗ਼ਰੀਬ ਦਲਿਤ ਪਰਿਵਾਰ ਗੁੰਮਨਾਮੀ ਅਤੇ ਅਣਗੌਲੇਪਣ ਦੀ ਡੂੰਘੀਆਂ ਪਰਤਾਂ ਥੱਲੇ ਦੱਬੇ ਗਏ। 1947 ਤੋਂ ਤਿੰਨ ਚਾਰ ਦਹਾਕਿਆਂ ਬਾਅਦ ਲੇਖਕ ਉਰਵਸ਼ੀ ਬੁਤਾਲੀਆ ਨੇ ਆਪਣੀ ਪੁਸਤਕ ‘ਦਿ ਅਦਰ ਸਾਈਡ ਆਫ਼ ਸਾਇਲੈਂਸ: ਵੌਇਸਿਸ ਫਰੌਮ ਦਿ ਪਾਰਟੀਸ਼ਨ ਆਫ਼ ਇੰਡੀਆ’ ਵਿਚ ਅਜਿਹੇ ਮਾਰੇ ਗਏ ਅਖੌਤੀ ਅਛੂਤਾਂ, ਕੰਮੀਆਂ ਦਾ ਖ਼ੂਬ ਜ਼ਿਕਰ ਕੀਤਾ। ਹੈਰਾਨੀ ਹੁੰਦੀ ਹੈ ਕਿ ਪਾਕਿਸਤਾਨ ਤੋਂ ਜਾਨਾਂ ਬਚਾ ਕੇ ਦੌੜੇ ਗ਼ੈਰ-ਮੁਸਲਮਾਨ ਅਛੂਤ ਸਮਝੇ ਜਾਂਦੇ ਲੋਕਾਂ ਲਈ ਸਵਰਨ ਜਾਤੀ ਰਿਫਿਊਜੀਆਂ ਦੇ ਵਿਰੋਧ ਕਾਰਨ ਭਾਰਤ ਸਰਕਾਰ ਨੂੰ ਵੱਖਰੇ ਕੈਂਪ ਲਾਉਣੇ ਪਏ ਸਨ। ਮਹਾਤਮਾ ਗਾਂਧੀ ਦਾ ਪੋਤਰਾ ਅਤੇ ਨਾਮਵਰ ਇਤਿਹਾਸਕਾਰ ਰਾਜਮੋਹਨ ਗਾਂਧੀ ਕਹਿੰਦਾ ਹੈ: ‘‘ਰੈੱਡਕਲਿਫ਼ ਲਾਈਨ’ ਦੇ ਦੋਵੇਂ ਪਾਸੇ ਮਾਰੇ ਗਏ ਦਲਿਤਾਂ ਅਤੇ ਕੰਮੀਆਂ ਦਾ ਦੋਵਾਂ ਮੁਲਕਾਂ ਨੇ ਕੋਈ ਰਿਕਾਰਡ ਨਹੀਂ ਰੱਖਿਆ ਕਿਉਂਕਿ ਉਹ ਸਰਕਾਰਾਂ ਦੇ ਰੈਵੇਨਿਊ ਰਿਕਾਰਡ ਵਿਚ ਘਰਾਂ ਦੇ ਮਾਲਕ ਵੀ ਨਹੀਂ ਸਨ।

ਇਹੋ ਕਾਰਨ ਹੈ ਕਿ ਸੰਤਾਲੀ ਦੀ ਕਤਲੋਗਾਰਤ ਵਿਚ ਮਾਰੇ ਗਏ ਪੰਜਾਬੀਆਂ ਦੀ ਸਹੀ ਗਿਣਤੀ ਨਹੀਂ ਮਿਲਦੀ। ਅੰਦਾਜ਼ੇ ਦਸ ਲੱਖ (ਇਕ ਮਿਲੀਅਨ) ਤੱਕ ਪਹੁੰਚ ਜਾਂਦੇ ਹਨ। ਘੱਟੋ-ਘੱਟ 90 ਲੱਖ ਤੋਂ ਇਕ ਕਰੋੜ ਲੋਕਾਂ ਨੇ ਘਰਾਂ ਤੋਂ ਉੱਜੜ ਕੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਰਿਫਿਊਜੀ ਬਣ ਕੇ ਮੁੜ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਉਧਾਲੀਆਂ ਗਈਆਂ ਔਰਤਾਂ ਦੀ ਗਿਣਤੀ ਵੀ ਇਕ ਲੱਖ ਦੱਸੀ ਜਾਂਦੀ ਹੈ। 16 ਅਗਸਤ 1946 ਨੂੰ ਜਿਨਾਹ ਵੱਲੋਂ ‘ਸਿੱਧੇ ਐਕਸ਼ਨ’ ਦੇ ਸੱਦੇ ਦੇ ਫ਼ਲਸਰੂਪ ਬਿਹਾਰ, ਬੰਗਾਲ, ਕਲਕੱਤੇ ਵਿਚ ਹਿੰਦੂ-ਮੁਸਲਮਾਨਾਂ ਵਿਚ ਫ਼ਿਰਕੂ ਦੰਗੇ ਭੜਕ ਪਏ ਸਨ, ਪਰ ਪੰਜਾਬ ਸ਼ਾਂਤ ਰਿਹਾ ਸੀ। ਇੱਥੋਂ ਤੱਕ ਕਿ ਜਨਵਰੀ 1947 ਵਿਚ ਹਿੰਦੂ ਸਿੱਖ, ਮੁਸਲਮਾਨ ਢਾਬਿਆਂ ਉੱਤੇ ਇਕੱਠੇ ਚਾਹ ਪੀਂਦੇ ਰਹੇ ਸਨ। 20 ਫਰਵਰੀ (1947) ਨੂੰ ਲੰਡਨ ਪਾਰਲੀਮੈਂਟ ਵਿਚ ਪ੍ਰਧਾਨ ਮੰਤਰੀ ਐਟਲੀ ਵੱਲੋਂ ਐਲਾਨ ਕੀਤਾ ਗਿਆ ਕਿ ਅੰਗਰੇਜ਼ੀ ਰਾਜ ਪੂਰਨ ਰੂਪ ਵਿਚ ਜੂਨ 1948 ਤੱਕ ਹਿੰਦੋਸਤਾਨੀ ਬਰੇ-ਸਗ਼ੀਰ ਵਿਚੋਂ ਨਿਕਲ ਆਵੇਗਾ। ਇਸ ਪਿੱਛੋਂ ਪੰਜਾਬ ਵਿਚ ਤੇਜ਼ੀ ਨਾਲ ਤਬਦੀਲੀਆਂ ਆਈਆਂ।

ਦੋ ਮਾਰਚ ਨੂੰ ਪੰਜਾਬ ਦੇ ਪ੍ਰੀਮੀਅਰ (ਮੁੱਖ ਮੰਤਰੀ 1942-1947) ਖਿਜ਼ਰ ਹਯਾਤ ਟਿਵਾਣਾ ਨੇ ਅਸਤੀਫ਼ਾ ਦੇ ਦਿੱਤਾ। ਪ੍ਰਸਾਸ਼ਨ ਗਵਰਨਰ ਜੈਨਕਿਨ ਦੇ ਕੋਲ ਚਲਾ ਗਿਆ। ਤਿੰਨ ਮਾਰਚ ਨੂੰ ਮਾਸਟਰ ਤਾਰਾ ਸਿੰਘ ਨੇ ਲਾਹੌਰ ਵਿਚ ਨੰਗੀ ਤਲਵਾਰ ਲਹਿਰਾਉਂਦਿਆਂ ਪਾਕਿਸਤਾਨ ਦੀ ਮੰਗ ਦਾ ਜਨਤਕ ਤੌਰ ’ਤੇ ਵਿਰੋਧ ਕੀਤਾ। ਅਗਲੇ ਦਿਨ ਸ਼ਹਿਰ ਵਿਚ ਹਿੰਦੂ-ਸਿੱਖਾਂ ਅਤੇ ਮੁਸਲਮਾਨਾਂ ਦਰਮਿਆਨ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ। ਇਸ ਤੋਂ ਤੁਰੰਤ ਬਾਅਦ ਫ਼ਿਰਕੂ ਦੰਗੇ ਜਲੰਧਰ, ਅੰਮਿਤਸਰ ਅਤੇ ਹੋਰ ਸ਼ਹਿਰਾਂ/ ਕਸਬਿਆਂ ਵਿਚ ਫੈਲ ਗਏ। ਮੁਸਲਮਾਨ ਬਹੁਗਿਣਤੀ ਖੇਤਰਾਂ ਖ਼ਾਸਕਰ ਰਾਵਲਪਿੰਡੀ ਦੇ ਇਲਾਕੇ ਵਿਚੋਂ ਮੁਸਲਮਾਨਾਂ ਦੇ ਹਮਲਿਆਂ ਕਾਰਨ ਉੱਥੋਂ ਦੇ ਘੱਟਗਿਣਤੀ ਹਿੰਦੂ-ਸਿੱਖਾਂ ਨੇ ਪੂਰਬੀ ਪੰਜਾਬ ਵੱਲ ਹਿਜਰਤ ਸ਼ੁਰੂ ਕਰ ਦਿੱਤੀ। ਤਿੰਨ ਜੂਨ 1947 ਨੂੰ ਲਾਰਡ ਮਾਊਂਟਬੈਂਟਨ ਨੇ ਦੇਸ਼ ਦੇ ‘ਬਟਵਾਰੇ ਦੀ ਯੋਜਨਾ’ ਦਾ ਐਲਾਨ ਕਰ ਦਿੱਤਾ। ਪੰਜਾਬ ਦੀ ਵੰਡ ਦੀ ਅਸਲ ਨਿਸ਼ਾਨਦੇਹੀ ਨੂੰ ਢਾਈ ਮਹੀਨਿਆਂ ਬਾਅਦ 7 ਅਗਸਤ ਨੂੰ ਜਨਤਕ ਕੀਤਾ ਗਿਆ। ਇੰਨੇ ਲੰਮੇ ਅਰਸੇ ਵਿਚ ਸਰਹੱਦ ਦੀ ਅਨਿਸ਼ਚਿਤਤਾ ਕਰਕੇ ਹਿੰਸਕ ਘਟਨਾਵਾਂ ਵਿਚ ਵੱਡਾ ਵਾਧਾ ਹੋਇਆ।

ਮੁਸਲਮਾਨਾਂ ਤੇ ਹਿੰਦੂ-ਸਿੱਖ ਧਿਰਾਂ ਵੱਧ ਤੋਂ ਵੱਧ ਇਲਾਕੇ ਆਪਣੇ ਕਬਜ਼ੇ ਵਿਚ ਕਰਨਾ ਚਾਹੁੰਦੀਆਂ ਸਨ। ਜਿਵੇਂ ਅੰਮ੍ਰਿਤਸਰ ਸ਼ਹਿਰ ਉੱਤੇ ਵੀ ਮੁਸਲਿਮ ਲੀਗ ਕਬਜ਼ਾ ਰੱਖਣਾ ਚਾਹੁੰਦੀ ਸੀ ਕਿਉਂਕਿ ਉੱਥੇ ਮੁਸਲਮਾਨਾਂ ਦੀ ਆਬਾਦੀ ਅੱਧ ਦੇ ਨੇੜੇ (47 ਫ਼ੀਸਦੀ) ਸੀ, ਪਰ ਆਲੇ-ਦੁਆਲੇ ਪਿੰਡਾਂ ਵਿਚ ਸਿੱਖਾਂ ਦੀ ਚੋਖੀ ਵਸੋਂ ਸੀ। ਉਪ-ਮਹਾਂਦੀਪ ਦੇ ਬਟਵਾਰੇ ਦੀ ਜੜ੍ਹ ਅਸਲ ਵਿਚ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਅਗਵਾਈ ਕਰਦੀ ਕਾਂਗਰਸ ਪਾਰਟੀ ਅਤੇ ਕੁੱਲ ਆਬਾਦੀ ਦੇ 25 ਫ਼ੀਸਦੀ ਮੁਸਲਮਾਨਾਂ ਦੀ ਪ੍ਰਤੀਨਿਧ ਜਮਾਤ, ਮੁਸਲਿਮ ਲੀਗ਼ ਵਿਚਕਾਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਆਪਸ ਵਿਚ ਬੇਭਰੋਸਗੀ ਬਣੀ ਰਹੀ ਅਤੇ ਸਿਆਸੀ ਸਮਝੌਤਾ ਨਾ ਹੋ ਸਕਿਆ। ਅਖ਼ੀਰ ਬਰੇ-ਸਗ਼ੀਰ ਦਾ ਬਟਵਾਰਾ ਇੰਡੀਆ (ਭਾਰਤ) ਅਤੇ ਪਾਕਿਸਤਾਨ ਦੋ ਨੇਸ਼ਨ-ਸਟੇਟਸ (ਮੁਲਕਾਂ) ਵਿਚ ਹੋ ਹੀ ਗਿਆ। 19ਵੀਂ ਸਦੀ ਦੇ ਅੱਧ ਤੋਂ ਬਹੁਗਿਣਤੀ ਹਿੰਦੂ ਸਮਾਜ ਨੂੰ ਆਧਾਰ ਬਣਾ ਕੇ ਇੰਡੀਅਨ ਨੈਸ਼ਨਲਿਜ਼ਮ ਦਾ ਉਭਾਰ ਸ਼ੁਰੂ ਹੋਇਆ ਸੀ। ਕੁਝ ਬੰਗਾਲੀ ਬੁੱਧੀਜੀਵੀਆਂ ਨੇ ਇਸ ਉਭਾਰ ਵਿਚ ਚੋਖਾ ਹਿੱਸਾ ਪਾਇਆ। ਮਹਾਤਮਾ ਗਾਂਧੀ ਨੇ 1920 ਵਿਚ ਕਾਂਗਰਸ ਨਾਲ ਜੁੜਨ ਪਿੱਛੋਂ ਧਾਰਮਿਕ ਪ੍ਰਤੀਕਾਂ, ਜਿਵੇਂ ਭਾਰਤ ਵਿਚ ‘ਰਾਮਰਾਜ ਲਿਆਉਣਾ’ ਆਦਿ ਦੀ ਵੱਡੇ ਪੱਧਰ ਉੱਤੇ ਵਰਤੋਂ ਕੀਤੀ। ਇਸ ਕਰਕੇ ਕਾਂਗਰਸ ਵੱਡੀ ਦੇਸ਼ਵਿਆਪੀ ਲੋਕਾਂ ਦੀ ਪਾਰਟੀ ਬਣ ਗਈ। ਮੁਸਲਮਾਨਾਂ ਨੂੰ ਇਹ ਸਭ ਕੁਝ ਧਾਰਮਿਕ ਪੱਧਰ ਉੱਤੇ ਰਾਸ ਨਹੀਂ ਆ ਰਿਹਾ ਸੀ।

ਮਹਾਤਮਾ ਗਾਂਧੀ ਨੇ ਆਪਣੇ ਆਪ ਨੂੰ ਸਨਾਤਨ ਹਿੰਦੂ ਵੀ ਦੱਸਿਆ ਅਤੇ ਹਿੰਦੀ ਦੇ ਹੱਕ ਵਿਚ ਤਣ ਗਿਆ। ਮੁਹੰਮਦ ਅਲੀ ਜਿਨਾਹ ਨੇ ਆਪਣੀ ਸਿਆਸੀ ਜ਼ਿੰਦਗੀ ਕਾਂਗਰਸ ਪਾਰਟੀ ਦੇ ਲੀਡਰ ਤੌਰ ਉੱਤੇ ਸ਼ੁਰੂ ਕੀਤੀ ਸੀ। ਉਸ ਨੂੰ ਹਿੰਦੂ-ਮੁਸਲਮਾਨ ਏਕਤਾ ਦਾ ਰਾਜਦੂਤ ਵੀ ਕਿਹਾ ਗਿਆ। ਜਿਸ ਪੱਧਰ ’ਤੇ ਭਾਰਤੀ ਰਾਸ਼ਟਰਵਾਦ ਕਾਂਗਰਸ ਦੀਆਂ ਬਹੁਗਿਣਤੀ ਆਧਾਰਿਤ ਨੀਤੀਆਂ ਉੱਤੇ ਦਿਨ-ਬ-ਦਿਨ ਮਜ਼ਬੂਤ ਹੋਇਆ, ਉਸੇ ਪੱਧਰ ਉੱਤੇ ਮੁਸਲਮਾਨ ਕਾਂਗਰਸ ਤੋਂ ਪਾਸਾ ਵੱਟ ਕੇ ਮੁਸਲਿਮ ਲੀਗ ਵੱਲ ਜਾਂਦੇ ਰਹੇ। ਕਾਂਗਰਸ ਅਤੇ ਮੁਸਲਿਮ ਲੀਗ ਨੂੰ 1916 ਵਾਲਾ ‘ਲਖਨਊ ਪੈਕਟ’ ਅਤੇ ਬਾਅਦ ਦੀਆਂ ਹੋਰ ਕਈ ਸਿਆਸੀ ਕੋਸ਼ਿਸ਼ਾਂ ਵੀ ਇਕ-ਦੂਜੇ ਦੇ ਨੇੜੇ ਨਾ ਲਿਆ ਸਕੀਆਂ। ਫਿਰ 1937 ਦੀਆਂ ਅਸੈਂਬਲੀ ਚੋਣਾਂ ਵਿਚ ਵੱਡੀ ਜਿੱਤ ਪ੍ਰਾਪਤ ਕਰਨ ਮਗਰੋਂ ਕਾਂਗਰਸ ਨੇ ਮੁਸਲਿਮ ਲੀਗ ਨੂੰ ਰਾਜ ਭਾਗ ਵਿਚ ਸਿਰਫ਼ ਹਿੱਸੇਦਾਰੀ ਤੋਂ ਪਰ੍ਹੇ ਨਹੀਂ ਰੱਖਿਆ ਸਗੋਂ ਲੀਗ ਨੂੰ ਤੋੜਨ ਲਈ ਕਾਂਗਰਸ ਅੰਦਰ ਮੁਸਲਮਾਨਾਂ ਦੀ ਵੱਡੇ ਪੱਧਰ ਉੱਤੇ ਭਰਤੀ ਵੀ ਸ਼ੁਰੂ ਕਰ ਦਿੱਤੀ। ਕਾਂਗਰਸ ਦੀ ਇਸ ਚਾਲ ਤੋਂ ਖਫ਼ਾ ਹੋਏ ਜਿਨਾਹ ਨੇ 1940 ਵਿਚ ਵੱਖਰਾ ਮੁਲਕ ਪਾਕਿਸਤਾਨ ਬਣਾਉਣ ਦਾ ਐਲਾਨ ਕਰ ਦਿੱਤਾ ਅਤੇ ਆਪਣੀ ਟੂ-ਨੇਸ਼ਨ ਥਿਊਰੀ ਨੂੰ ਖ਼ੂਬ ਪ੍ਰਚਾਰਿਆ ਜਿਸ ਕਰਕੇ ਮੁਸਲਮਾਨਾਂ ਅੰਦਰ ਵੀ ਰਾਸ਼ਟਰਵਾਦ ਪ੍ਰਚੰਡ ਹੋ ਗਿਆ।

ਦੂਜੇ ਪਾਸੇ ਕਾਂਗਰਸ ਦੇ ਨਰਮ ਹਿੰਦੂ ਰਾਸ਼ਟਰਵਾਦ ਨੂੰ 1925 ਵਿਚ ਸਥਾਪਿਤ ਹੋਈ ਆਰਐੱਸਐੱਸ ਅਤੇ ਸਾਵਰਕਰ ਦੇ ਹਿੰਦੂਤਵ ਦੇ ਸੰਕਲਪ ਨੇ ਕੱਟੜਤਾ ਦੀ ਪੁੱਠ ਚਾੜ੍ਹ ਦਿੱਤੀ। ਉਨ੍ਹਾਂ ਦਿਨਾਂ ਵਿਚ ਪ੍ਰਚੱਲਿਤ ਪੱਛਮੀ ਤਰਜ਼ ਵਾਲੇ ‘ਨੇਸ਼ਨ ਸਟੇਟ’ ਦੇ ਕੇਂਦਰਵਾਦੀ ਰਾਜ ਪ੍ਰਬੰਧ ਦੀ ਸਿਆਸੀ ਸਮਝ ਵਿਚੋਂ ਵੀ ਕੌਮੀਅਤ/ਰਾਸ਼ਟਰਵਾਦ ਹੀ ਉਪਜਦਾ ਸੀ। ਇਸ ਕਰਕੇ 1940 ਤੋਂ ਬਾਅਦ ਭਾਰਤ ਵਿਚ ਦੋ ਵਿਰੋਧੀ ਰਾਸ਼ਟਰਵਾਦ ਟਕਰਾਉਣ ਲੱਗੇ। ਇਸ ਕਾਰਨ ਦੇਸ਼ ਨੂੰ ਇਕੱਠਾ ਰੱਖਕੇ ਫੈਡਰਲ ਢਾਂਚਾ ਉਸਾਰਨ ਲਈ ਅੰਗਰੇਜ਼ੀ ਰਾਜ ਵੱਲੋਂ 1946 ਵਿਚ ਲਿਆਂਦੇ ‘ਕੈਬਨਿਟ ਪਲੈਨ’ ਨੂੰ ਨਹਿਰੂ-ਪਟੇਲ ਨੇ ਪ੍ਰਵਾਨ ਨਾ ਕੀਤਾ। ਕਾਂਗਰਸ ਵੱਲੋਂ ਪਲੈਨ ਰੱਦ ਕਰਨ ਉੱਤੇ ਜਿਨਾਹ ਨੇ ਸਖ਼ਤ ਪ੍ਰਤੀਕਰਮ ਦਿੱਤਾ ਤਾਂ ਬਟਵਾਰਾ ਯਕੀਨੀ ਹੋ ਗਿਆ। ਉਸ ਸਮੇਂ ਕਾਂਗਰਸੀ ਲੀਡਰਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ “ਫੈਡਰਲ ਇੰਡੀਆ ਨਾਲੋਂ ਅਸੀਂ ‘ਡਿਵਾਈਡਡ’ (ਵੰਡਿਆ ਹੋਇਆ) ਇੰਡੀਆ ਪਸੰਦ ਕਰਦੇ ਹਾਂ।” ਇਸੇ ਕਰਕੇ ਕਾਂਗਰਸ ਨੇ 8 ਮਾਰਚ 1947 ਨੂੰ ਮਤਾ ਪਾ ਕੇ ਹਿੰਦੋਸਤਾਨ ਦੇ ਬਟਵਾਰੇ ਅਤੇ ਪਾਕਿਸਤਾਨ ਦੇ ਬਣਨ ਉੱਤੇ ਖ਼ੁਦ ਹੀ ਮੋਹਰ ਲਾ ਦਿੱਤੀ। ਕਾਂਗਰਸ ਪਿੱਛੇ ਲੱਗ ਕੇ ਅਕਾਲੀ ਲੀਡਰ ਵੀ ਬਟਵਾਰੇ ਲਈ ਤਿਆਰ ਹੋ ਗਏ। ਇਸ ਦੌਰਾਨ ਅਕਾਲੀਆਂ ਨੇ ‘ਸਿੱਖ ਨੈਸ਼ਨਲਿਜ਼ਮ’ ਉਭਾਰਨ ਉੱਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ।

ਸਿੱਖ ਪੰਥ ਨੂੰ ‘ਸਿੱਖ ਕੌਮ’ ਕਹਿ ਕੇ ਉਹ ਆਪਣੇ ਲਈ ਵੱਖਰੀ ਸਿਆਸੀ ਸਪੇਸ ਅਤੇ ਖਿੱਤਾ ਤਲਾਸ਼ਣ ਲੱਗ ਪਏ ਸਨ। ਸਾਥੀ ਧਨਵੰਤਰੀ ਦੀ ਰਿਪੋਰਟ ਸ਼ਹੀਦ ਭਗਤ ਸਿੰਘ ਦੇ ਸਾਥੀ ਧਨਵੰਤਰੀ ਵੱਲੋਂ ਪੰਜਾਬ ਦੇ ਉਨ੍ਹਾਂ ਹਾਲਾਤ ਬਾਰੇ ਅਗਸਤ 1947 ਦੇ ਅਖ਼ੀਰ ਵਿਚ ਤਿਆਰ ਕੀਤੀ ਰਿਪੋਰਟ ਅਹਿਮ ਦਸਤਾਵੇਜ਼ ਹੈ। ਧਨਵੰਤਰੀ ਨੂੰ ਸ਼ਹੀਦ ਭਗਤ ਸਿੰਘ ਨਾਲ ਜੁੜੇ ਕੇਸਾਂ ਵਿਚ ਕਾਲੇਪਾਣੀ ਦੀ ਸੱਤ ਸਾਲ ਦੀ ਸਜ਼ਾ ਹੋਈ ਸੀ। ਰਿਹਾਅ ਹੋਣ ਪਿੱਛੋਂ ਉਹ 1939 ਵਿਚ ਲਾਹੌਰ ਕਾਂਗਰਸ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਉਹ ਪੰਜਾਬ ਵਿਚ ਹੋਏ ਕਤਲੇਆਮ ਦਾ ਚਸ਼ਮਦੀਦ ਗਵਾਹ ਹੈ। ਉਸ ਦੀ 20 ਸਫ਼ਿਆਂ ਦੀ ਰਿਪੋਰਟ ਅਤੇ ਇਸ ਸਬੰਧ ਵਿਚ ਦਿੱਗਜ ਕਮਿਊਨਿਸਟ ਨੇਤਾ ਪੀ.ਸੀ. ਜੋਸ਼ੀ ਦੀ 10 ਸਫ਼ਿਆਂ ਦੀ ਰਿਪੋਰਟ ਇਕੱਠੀਆਂ ਇਕ ਕਿਤਾਬ ਦੇ ਰੂਪ ਵਿਚ ਸਤੰਬਰ 1947 ਵਿਚ ਛਾਪੀਆਂ ਗਈਆਂ ਸਨ। ਧਨਵੰਤਰੀ ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਨੂੰ ਨਾਲ ਲੈ ਕੇ ਨਹਿਰੂ ਪਟੇਲ ਨੂੰ ਪੰਜਾਬ ਦੇ ਹਾਲਾਤ ਬਾਰੇ ਜਾਣੂੰ ਕਰਵਾਉਣ ਲਈ 26 ਅਗਸਤ 1947 ਨੂੰ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਇਆ। ਉਸ ਨੇ ਆਪਣੀ ਰਿਪੋਰਟ ਵਿਚ ਭਰਵੇਂ ਸੰਕੇਤ ਦਿੱਤੇ ਹਨ ਕਿ ਪੱਛਮੀ ਪੰਜਾਬ ਵਿਚੋਂ ਹਿੰਦੂ-ਸਿੱਖ ਅਤੇ ਪੂਰਬੀ ਪੰਜਾਬ ਵਿਚੋਂ ਮੁਸਲਮਾਨਾਂ ਦੀ ਜਬਰੀ ਹਿਜਰਤ ਕਰਾਉਣ ਲਈ ਭਿਆਨਕ ਖ਼ੂਨ ਖਰਾਬੇ ਕਰਵਾਏ ਗਏ ਸਨ।

ਧਨਵੰਤਰੀ ਲਿਖਦਾ ਹੈ ਕਿ ਕਲਕੱਤੇ, ਨੋਆਖਲੀ, ਬਿਹਾਰ ਅਤੇ ਹੋਰ ਸ਼ਹਿਰਾਂ ਵਿਚ ਹਿੰਸਾ ਫ਼ਿਰਕੂ ਦੰਗੇ ਸਨ। ਪਰ ਪੰਜਾਬ ਵਿਚ ਹੋਈਆਂ ਹਿੰਸਕ ਵਾਰਦਾਤਾਂ ਨੂੰ ਦੰਗੇ ਨਹੀਂ ਕਿਹਾ ਜਾ ਸਕਦਾ, ਇੱਥੇ ਹਿੰਸਾ ਸਿਆਸੀ ਪਾਰਟੀਆਂ ਨੇ ਜਥੇਬੰਦਕ ਤਰੀਕੇ ਨਾਲ ਸ਼ੁਰੂ ਕੀਤੀ ਅਤੇ ਫੈਲਾਈ। ਇਹ ਘੱਟਗਿਣਤੀਆਂ ਦੇ ਸਫ਼ਾਏ ਲਈ ਨਿਰੰਤਰ ਯੁੱਧ ਲੜਿਆ ਜਾ ਰਿਹਾ ਸੀ, ਪੱਛਮੀ ਪੰਜਾਬ ਵਿਚ ਹਿੰਦੂ ਸਿੱਖਾਂ ਦੇ ਸਫ਼ਾਏ ਲਈ ਅਤੇ ਚੜ੍ਹਦੇ ਪੰਜਾਬ ਵਿਚ ਮੁਸਲਮਾਨਾਂ ਦੇ ਸਫ਼ਾਏ ਲਈ। ਪੰਜਾਬ ਵਿਚ ਤਿੰਨਾਂ ਧਾਰਮਿਕ ਭਾਈਚਾਰਿਆਂ ਨੇ ਅੰਦਰੋ ਅੰਦਰੀ ਗੁੰਡਿਆਂ/ ਬਦਮਾਸ਼ਾਂ ਅਤੇ ਸਾਬਕਾ ਫ਼ੌਜੀਆਂ ਦੇ ਗਰੁੱਪ ਤਿਆਰ ਕੀਤੇ ਸਨ। ਆਧੁਨਿਕ ਹਥਿਆਰਾਂ/ ਬੰਦੂਕਾਂ ਅਤੇ ਗਰਨੇਡਾਂ ਨਾਲ ਲੈਸ ਕੀਤਾ। ਧਨਵੰਤਰੀ ਉਨ੍ਹਾਂ ਨੂੰ ਫ਼ਿਰਕਾਪ੍ਰਸਤ ਪਾਰਟੀਆਂ ਦੇ ‘ਫ਼ੌਜੀ ਦਸਤੇ’ ਦੱਸਦਾ ਹੈ। ਧਨਵੰਤਰੀ ਲਿਖਦਾ ਹੈ ਕਿ ਸਿਵਿਲ ਅਫ਼ਸਰਸ਼ਾਹੀ ਤੇ ਪੁਲੀਸ ਧਾਰਮਿਕ ਫ਼ਿਰਕਿਆਂ ਵਿਚ ਵੰਡੀ ਗਈ ਸੀ ਅਤੇ ਉਹ ਧਾੜਵੀ ਜੁੰਡਲੀਆਂ ਦੀ ਸਿੱਧੀ ਮਦਦ ਵਿਚ ਉਤਰ ਆਈ ਸੀ। ਪੂਰਬੀ ਪੰਜਾਬ ਵਿਚ ਕਈ ਥਾਈਂ ਸੰਵੇਦਨਸ਼ੀਲ ਸਿੱਖਾਂ ਨੇ ਤਲਵਾਰਾਂ ਅਤੇ ਨੇਜ਼ੇ ਲੈ ਕੇ ਮੁਸਲਮਾਨਾਂ ਦੇ ਕਾਫ਼ਲਿਆਂ ਦੀ ਰਾਖੀ ਕੀਤੀ ਅਤੇ ਉਨ੍ਹਾਂ ਨੂੰ ਸਰਹੱਦ ਟਪਾ ਕੇ ਵਾਪਸ ਆਏ। ਧਨਵੰਤਰੀ ਨੇ ਅਜਿਹੇ 900 ਮੁਸਲਮਾਨਾਂ ਦੇ ਅੰਮ੍ਰਿਤਸਰ ਦੇ (ਗ਼ਦਰੀ ਬਾਬਿਆਂ ਦੇ ਪ੍ਰਭਾਵ ਵਾਲੇ) ਖਾਪੜ੍ਹਖੇੜੀ ਪਿੰਡ ਵਿਚ ਲੱਗੇ ਕੈਂਪ ਦਾ ਵੇਰਵਾ ਦਿੱਤਾ।

ਦੋਵੇਂ ਪਾਸੇ ਰਿਫਿਊਜੀਆਂ ਦੀਆਂ ਰੇਲਗੱਡੀਆਂ ਉੱਤੇ ਹਥਿਆਰਬੰਦ ਧਾੜਵੀਆਂ ਅਤੇ ਲੁਟੇਰਿਆਂ ਦੀਆਂ ਜੁੰਡਲੀਆਂ ਨੇ ਲਗਾਤਾਰ ਹਮਲੇ ਕੀਤੇ। ਧਨਵੰਤਰੀ ਲਿਖਦਾ ਹੈ ਕਿ ਪੂਰਬੀ ਅਤੇ ਕੇਂਦਰੀ ਪੰਜਾਬ ਦੇ ਬਾਰਾਂ ਜ਼ਿਲ੍ਹਿਆਂ ਵਿੱਚ ਭਿਆਨਕ ਕਤਲੋਗਾਰਤ ਹੋਈ। ਇਸ ਦਾ ਕਾਰਨ ਉਹ ‘ਸਿੱਖ ਪਲੈਨ’ ਨੂੰ ਦੱਸਦਾ ਹੈ ਜਿਸ ਦੇ ਤਹਿਤ ਪੂਰਬੀ ਪੰਜਾਬ ਵਿਚੋਂ ਮੁਸਲਮਾਨਾਂ ਨੂੰ ਪੂਰਨ ਰੂਪ ਵਿਚ ਬਾਹਰ ਕੱਢ ਕੇ ਅਕਾਲੀ ਆਪਣੇ ਪ੍ਰਭਾਵ ਵਾਲਾ ਵੱਖਰਾ ਖਿੱਤਾ ਤਿਆਰ ਕਰਨਾ ਚਾਹੁੰਦੇ ਸਨ। ਉਸ ਪਾਗ਼ਲਪਣ ਦੇ ਦੌਰ ਵਿਚ ਸਿੱਖ ਦਸਤਿਆਂ ਨੇ ਅੰਮ੍ਰਿਤਸਰ ਦੇ ਬਾਜ਼ਾਰਾਂ ਵਿਚ ਨੰਗੀਆਂ ਮੁਸਲਮਾਨਾਂ ਔਰਤਾਂ ਦਾ ਜਲੂਸ ਕੱਢਿਆ। ਪ੍ਰਿੰਸੀਪਲ ਤੇਜਾ ਸਿੰਘ ਇਸ ਘਟਨਾ ਦਾ ਜ਼ਿਕਰ ਆਪਣੀ ਆਤਮਕਥਾ ‘ਆਰਸੀ’ ਵਿਚ ਕਰਦਿਆਂ ਇਸ ਨੂੰ ਸਿੱਖ ਧਰਮ ਵਿਰੋਧੀ ਕਾਰਵਾਈ ਕਹਿੰਦਾ ਹੈ। ਉਨ੍ਹਾਂ ਦਿਨਾਂ ’ਚ, ਖਾਲਸਾ ਕਾਲਜ ਦੇ ਗੁਰਦੁਆਰੇ ਵਿਚ ਕਥਾ ਕਰਦਿਆਂ ਪ੍ਰਿੰਸੀਪਲ ਤੇਜਾ ਸਿੰਘ ਨੇ ਮੁਸਲਮਾਨ ਔਰਤਾਂ ਦੀ ਅਜਿਹੀ ਪਰੇਡ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ, “ਉਹ ਤੀਵੀਆਂ ਮੇਰੀਆਂ ਮਾਵਾਂ ਭੈਣਾਂ ਸਨ।” ਕਈ ਨੌਜਵਾਨ ਸਿੱਖਾਂ ਨੇ ਗੁੱਸੇ ਵਿਚ ਉਸ ਨੂੰ ਕਿਹਾ, “ਤੁਸੀਂ ਨੌਜਵਾਨਾਂ ਦੀ ਸਪਿਰਟ ਨੂੰ ਕੁਚਲ ਚਾਹੁੰਦੇ ਹੋ।”

ਪ੍ਰਿੰਸੀਪਲ ਨੇ ਜੁਆਬ ਦਿੱਤਾ, “ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਮੈਨੂੰ ਇਹੋ ਕੁਝ ਅਹੁੜਿਆ ਜੋ ਮੈਂ ਕਹਿ ਦਿੱਤਾ ਹੈ। ਇੱਥੋ ਇਹੋ ਕੁਝ ਕਹਿਣਾ ਬਣਦਾ ਹੈ।” ਧਨਵੰਤਰੀ ਔਰਤਾਂ ਦੇ ਬਲਾਤਕਾਰਾਂ ਦਾ ਵੇਰਵਾ ਵੀ ਦਿੰਦਾ ਹੈ। ਅੰਮ੍ਰਿਤਸਰ ਵਰਤਾਰੇ ਦੇ ਬਦਲੇ ਵਿਚ ਮੁਸਲਮਾਨ ਗੁੰਡਿਆਂ ਨੇ ਸਿਆਲਕੋਟ ਵਿੱਚ ਹਿੰਦੂ-ਸਿੱਖ ਔਰਤਾਂ ਨੂੰ ਨੰਗੀਆਂ ਕਰਕੇ ਬਾਜ਼ਾਰਾਂ ਵਿਚ ਘੁੰਮਾਇਆ ਸੀ। ਬਹੁਤ ਥਾਈਂ ਜਵਾਨ ਲੜਕੀਆਂ ਦੀ ਬੇਪਤੀ ਹੋਣ ਦੇ ਡਰ ਤੋਂ ਮਾਪਿਆਂ ਨੇ ਖ਼ੁਦ ਹੀ ਮਾਰ ਦਿੱਤੀਆਂ ਸਨ। ਅਜਿਹੇ ਹੈਵਾਨੀਅਤ ਦੇ ਮਾਹੌਲ ਵਿਚ ਜਵਾਨ ਔਰਤਾਂ ਟੋਭੇ, ਖੂਹਾਂ ਅਤੇ ਨਹਿਰਾਂ ਵਿਚ ਖ਼ੁਦ ਛਾਲਾਂ ਮਾਰ ਕੇ ਮਰ ਗਈਆਂ ਸਨ। ਜੋਸ਼ੀ ਅਤੇ ਧਨਵੰਤਰੀ ਦੀਆਂ ਰਿਪੋਰਟਾਂ ‘ਪਾਕਿਸਤਾਨ ਸ਼ਪੈਸ਼ਲ’ ਉੱਤੇ ਹਮਲੇ ਦੀ ਯੋਜਨਾ ਦਾ ਖ਼ਾਸ ਜ਼ਿਕਰ ਕਰਦੀਆਂ ਹਨ। ਇਹ ਸ਼ਪੈਸਲ ਰੇਲਗੱਡੀ 10 ਅਗਸਤ 1947 ਨੂੰ ਸੀਨੀਅਰ ਮੁਸਲਮਾਨ ਸਰਕਾਰੀ ਅਫ਼ਸਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੈ ਕੇ ਦਿੱਲੀ ਤੋਂ ਕਰਾਚੀ ਲਈ ਰਵਾਨਾ ਹੋਈ ਸੀ। ਪੂਰਬੀ ਪੰਜਾਬ ਵਿਚੋਂ ਲੰਘਣ ਸਮੇਂ ਇਸ ਗੱਡੀ ਨੂੰ ਉਡਾ ਦੇਣ ਲਈ ਹਥਿਆਰਬੰਦ ਗਰੁੱਪ ਪਟਿਆਲੇ ਤੋਂ ਭੇਜਿਆ ਗਿਆ।

ਇਸ ਤੋਂ ਵੱਡੀ ਸਾਜ਼ਿਸ਼ ਦਾ ਜ਼ਿਕਰ ਅਮਰੀਕੀ ਸੀਨੀਅਰ ਪੱਤਰਕਾਰ ਨਿਸਿਦ ਹਜਾਰੀ ਆਪਣੀ ਕਿਤਾਬ ‘ੰਿਦਨਿਗਹਟ’ਸ ਾਂੁਰਿੲਸ’ ਵਿਚ ਕਰਦਾ ਹੈ। ਮੁਹੰਮਦ ਅਲੀ ਜਿਨਾਹ ਨੂੰ ਮਾਰਨ ਦੀ ਯੋਜਨਾ ਘੜੀ ਗਈ ਸੀ ਜਿਸ ਦਾ ਪੁਲੀਸ ਨੂੰ ਅਗਾਊਂ ਪਤਾ ਲੱਗ ਗਿਆ। ਮਾਸਟਰ ਤਾਰਾ ਸਿੰਘ ਦੀਆਂ ਨੀਤੀਆਂ ਦਾ ਨਿਚੋੜ ਉਸ ਦਾ ਭਰਾ ਪ੍ਰਿੰਸੀਪਲ ਨਿਰੰਜਨ ਸਿੰਘ ਆਪਣੀ ਸਵੈਜੀਵਨੀ ‘ਜੀਵਨ ਵਿਕਾਸ’ ਵਿਚ ਦਿੰਦਾ (ਸਫ਼ਾ 233-34) ਹੈ: ‘‘ਮੁਸਲਿਮ ਲੀਗੀ ਪਾਕਿਸਤਾਨ ਬਣਾਉਣ ਉੱਤੇ ਤੁਲੇ ਹੋਏ ਸਨ- ਉਨ੍ਹਾਂ ਨੇ ਹਿੰਦੂਆਂ-ਸਿੱਖਾਂ ਨੂੰ ਮਾਰਨਾ ਵੱਢਣਾ ਸ਼ੁਰੂ ਕਰ ਦਿੱਤਾ। ਅਕਾਲੀ ਚੰਗੇ ਜਥੇਬੰਦ ਸਨ ਤੇ ਮਾਸਟਰ ਤਾਰਾ ਸਿੰਘ ਉਨ੍ਹਾਂ ਦਾ ਵਾਹਦ ਲੀਡਰ ਸੀ। ਦੋਵੇਂ ਧਿਰਾਂ ਦਰਮਿਆਨ ਬਰਾਬਰ ਦੀ ਖੜਕਣ ਲੱਗ ਪਈ। ਦੋਵੇਂ ਪਾਸੇ ਬੇਅੰਤ ਜ਼ੁਲਮ ਹੋਏ। ਮਾਸਟਰ ਤਾਰਾ ਸਿੰਘ ਨੇ ਸਿੱਖਾਂ ਨੂੰ ਤਾਂ ਬਚਾਇਆ, ਪਰ ਬਟਵਾਰੇ ਵਿਚ ਸਿੱਖੀ ਦੇ ਕੇ। ਸਿੱਖੀ ਗ਼ਰੀਬਾਂ ਅਨਾਥਾਂ ਉੱਤੇ ਹੱਥ ਚੁੱਕਣ ਵਿਚ ਨਹੀਂ। ਸਿੱਖੀ ਤਾਂ ਭਾਈ ਮਨੀ ਸਿੰਘ ਤੇ ਭਾਈ ਤਾਰੂ ਸਿੰਘ ਵਾਂਗ ਸ਼ਹੀਦ ਹੋਣ ਵਿਚ ਹੈ।” ਪਹਿਲਾਂ 14-15 ਮਈ (1947) ਜਿਨਾਹ ਅਤੇ ਲਿਆਕਤ ਅਲੀ ਖ਼ਾਨ ਨੇ ਮਹਾਰਾਜਾ ਪਟਿਆਲਾ ਅਤੇ ਅਕਾਲੀ ਲੀਡਰਾਂ ਨਾਲ ਮੁਲਾਕਾਤਾਂ ਦੌਰਾਨ ਸਿੱਖਾਂ ਨੂੰ ਪਾਕਿਸਤਾਨ ਵਿਚ ਰਲਾਉਣ ਲਈ ਖੁੱਲ੍ਹਦਿਲੀ ਵਾਲੀਆਂ ਪੇਸ਼ਕਸ਼ਾਂ ਕੀਤੀਆਂ ਸਨ।

ਪਰ ਮਾਸਟਰ ਤਾਰਾ ਸਿੰਘ ਅਤੇ ਖ਼ਾਸਕਰ ਉਸ ਸਮੇਂ ਰੱਖਿਆ ਮੰਤਰੀ ਬਲਦੇਵ ਸਿੰਘ ਪੂਰਨ ਰੂਪ ਵਿਚ ਅੰਦਰੋਂ ਨਹਿਰੂ ਪਟੇਲ ਨਾਲ ਜੁੜ ਚੁੱਕੇ ਸਨ। ਉਨ੍ਹਾਂ ਨੇ ਕਾਂਗਰਸ ਨੂੰ ਬਿਨਾਂ ਸ਼ਰਤ ਮਦਦ ਦਿੱਤੀ ਸੀ। ਪੰਜਾਬ ਦੇ ਵੰਡਣ ਨਾਲ ਪਾਕਿਸਤਾਨ ਕਮਜ਼ੋਰ ਬਣ ਗਿਆ ਸੀ। ਇਸੇ ਕਰਕੇ ਜਿਨਾਹ ਨੇ ਮਾਊਂਟਬੈਟਨ ਨੂੰ ਕਿਹਾ ਸੀ: “ਮੈਨੂੰ ਕੀੜਿਆਂ ਖਾਧਾ ਪਾਕਿਸਤਾਨ ਦੇ ਦਿੱਤਾ।” ਅਖ਼ੀਰਲੇ ਦਿਨਾਂ ਵਿਚ ਗੁਰਦਾਸਪੁਰ ਨੂੰ ਪਾਕਿਸਤਾਨ ਤੋਂ ਬਾਹਰ ਕੱਢਣ ਨੂੰ ਲੀਗ ਲੀਡਰਾਂ ਨੇ ਮਾਊਂਟਬੈਟਨ ਵੱਲੋਂ ਨਹਿਰੂ ਦੀ ਤਰਫ਼ਦਾਰੀ ਕਿਹਾ ਸੀ। ਮਾਊਂਟਬੈਟਨ ਬਾਅਦ ਵਿਚ ਵੀ ਕਹਿੰਦਾ ਰਿਹਾ ਕਿ ‘‘ਪਾਕਿਸਤਾਨ ਨਹੀਂ ਬਚੇਗਾ’’। ਖ਼ੂਨ ਸਫ਼ੈਦ ਨਹੀਂ ਹੋਇਆ ਤਿੰਨਾਂ ਧਾਰਮਿਕ ਧਿਰਾਂ ਦੇ ਹਥਿਆਰਬੰਦ ਦਸਤਿਆਂ ਨੇ ਫ਼ਿਰਕੂ ਕਤਲੇਆਮ ਕਰਵਾਏ। ਫਿਰ ਵੀ ਪੰਜਾਬੀਅਤ ਖ਼ਤਮ ਨਹੀਂ ਹੋਈ ਸੀ। ਰਾਜਮੋਹਨ ਗਾਂਧੀ ਜ਼ੋਰ ਦੇ ਕੇ ਕਹਿੰਦਾ ਹੈ: “ਮਾਰਨ ਵਾਲਿਆਂ ਨਾਲੋਂ ਬਚਾਉਣ ਵਾਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਸੀ। ਜੇ ਬਚਾਉਣ ਵਾਲੇ ਨਾ ਹੁੰਦੇ ਤਾਂ ਪੂਰਬੀ ਪੰਜਾਬ ਤੋਂ 44 ਲੱਖ ਮੁਸਲਮਾਨ ਅਤੇ ਪੱਛਮੀ ਪੰਜਾਬ ਤੋਂ 36 ਲੱਖ ਹਿੰਦੂ ਸਿੱਖ ਕਿਵੇਂ ਇੱਧਰ ਉੱਧਰਲੇ ਪੰਜਾਬਾਂ ਵਿਚ ਬਚ ਕੇ ਆ ਜਾਂਦੇ।” ਧਨਵੰਤਰੀ ਵੀ ਕਹਿੰਦਾ ਹੈ ਕਿ ਕਿਸਾਨ ਸਭਾ ਅਤੇ ਕਮਿਊੁਨਿਸਟ ਵਰਕਰਾਂ ਨੇ ਮੁਸਲਮਾਨ ਕਾਫ਼ਲਿਆਂ ਦੀ ਰਾਖੀ ਕਰਦਿਆਂ ਜਾਨਾਂ ਵੀ ਦਿੱਤੀਆਂ।

ਗਹਿਲ ਸਿੰਘ ਛੱਜਲਵੱਢੀ, ਕੋਟ ਧਰਮਚੰਦ ਪਿੰਡ ਦੇ ਮੇਘ ਸਿੰਘ ਅਤੇ ਸੂਬਾ ਸਿੰਘ ਵਰਗੇ ਕਾਮਰੇਡਾਂ ਨੂੰ ਧਾੜਵੀਆਂ ਨੇ ਮਾਰ ਦਿੱਤਾ ਸੀ। ਇੱਧਰ-ਉਧਰ ਹਿਜਰਤ ਕਰ ਰਹੇ ਸਨਅਤੀ ਕਾਮਿਆਂ ਨੇ ਦੂਜੇ ਧਰਮ ਦੇ ਵਰਕਰ ਸਾਥੀਆਂ ਨੂੰ ਬਚਾਇਆ। ਰੇਲਵੇ ਵਰਕਰ ਯੂਨੀਅਨ ਦੇ ਲੀਡਰ ਕਾਮਰੇਡ ਸ੍ਰੀ ਚੰਦ ਨੇ ਮੁਸਲਮਾਨ ਸਾਥੀ ਲੀਡਰਾਂ ਨੂੰ ਨਾਲ ਲੈ ਕੇ ਲਾਹੌਰ ਵਿਚ ਸੈਂਕੜੇ ਹਿੰਦੂ-ਸਿੱਖਾਂ ਨੂੰ ਸੁਰੱਖਿਅਤ ਕੈਪਾਂ ਵਿਚ ਪਹੁੰਚਾਇਆ। ਭਾਰਤ ਨਗਰ ਵਿਚ ਉਸ ਦਾ ਆਪਣਾ ਘਰ ਸ਼ਰਨਾਰਥੀ ਕੈਂਪ ਬਣ ਗਿਆ ਸੀ। ਇਕ ਦਿਨ ਪੁਲੀਸ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਥਾਣੇ ਲੈ ਗਈ। ਸਾਥੀਆਂ ਦੇ ਦਬਾਅ ਹੇਠ ਪੁਲੀਸ ਨੂੰ ਸ੍ਰੀ ਚੰਦ ਨੂੰ ਛੱਡਣਾ ਪਿਆ, ਪਰ ਬਾਹਰ ਨਿਕਲਦਿਆਂ ਹੀ ਮੁਸਲਮਾਨ ਸਿਪਾਹੀਆਂ ਨੇ ਗੋਲੀ ਚਲਾ ਕੇ ਉਸ ਨੂੰ ਅਤੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਮਾਰ ਦਿੱਤਾ। ਉਸ ਦੀ ਪਤਨੀ ਅਤੇ ਮਾਂ ਸਖ਼ਤ ਜ਼ਖ਼ਮੀ ਹੋ ਗਈਆਂ ਸਨ। ਇੰਡੀਆ ਇੰਡੀਪੈਂਡੈਂਸ ਬਿਲ ਕਾਮਰੇਡ ਧਨਵੰਤਰੀ ਅਤੇ ਕਾਮਰੇਡ ਪੀ. ਸੀ. ਜੋਸ਼ੀ ਦੀ ਲਿਖੀ ਰਿਪੋਰਟ ਦਾ ਟਾਈਟਲ। ਬਰਤਾਨਵੀ ਸੰਸਦ ਵਿਚ 10 ਜੁਲਾਈ 1947 ਨੂੰ ਭਾਰਤ ਨੂੰ ਆਜ਼ਾਦੀ ਦੇਣ ਵਾਲੇ ਬਿੱਲ ਉੱਤੇ ਬਹਿਸ ਸ਼ੁਰੂ ਹੋਈ। ਐਲਮ ਡੰਕਨ ਵਰਗੇ ਕਈ ਮੈਂਬਰਾਂ ਨੇ ਕਿਹਾ ਕਿ ਹਿੰਦੋਸਤਾਨੀ ਬਰੇ-ਸਗ਼ੀਰ ਦਾ ਬਟਵਾਰਾ ਕੋਈ ਸਮੱਸਿਆ ਹੱਲ ਨਹੀਂ ਕਰੇਗਾ ਸਗੋਂ ਵੰਡ ਦੀ ਲਕੀਰ ਦੋ ਦੁਸ਼ਮਣਾਂ ਨੂੰ ਆਹਮਣੇ ਸਾਹਮਣੇ ਖੜ੍ਹਾ ਕਰ ਦੇਵੇਗੀ।

ਉਨ੍ਹਾਂ ਦੀ ਪੇਸ਼ੀਨਗੋਈ ਦਰੁਸਤ ਸਾਬਿਤ ਹੋਈ। ਆਪੋ ਆਪਣੇ ਦੇਸ਼ ਦੀ ਅੰਦਰੂਨੀ ਸਿਆਸਤ ਉੱਤੇ ਕਬਜ਼ਾ ਕਰਨ ਲਈ ਕੱਟੜ ਧਾਰਮਿਕ ਰਾਸ਼ਟਰਵਾਦ ਖੜ੍ਹਾ ਕਰਨਾ ਪਾਕਿਸਤਾਨ ਅਤੇ ਭਾਰਤ ਦੀਆਂ ਹੁਕਮਰਾਨ ਜਮਾਤਾਂ ਦੀ ਲੋੜ ਬਣ ਗਿਆ ਅਤੇ ਦੋਵਾਂ ਮੁਲਕਾਂ ਦੀ ਦੁਸ਼ਮਣੀ ਨੂੰ ਹਰ ਹੀਲੇ ਬਰਕਰਾਰ ਰੱਖਣਾ ਦੋਵੇਂ ਮੁਲਕਾਂ ਦੀ ਸਿਆਸਤ ਦਾ ਹਿੱਸਾ ਬਣ ਗਿਆ। ਇਹ ਕੌੜੀ ਸੱਚਾਈ ਇੱਧਰ-ਉੱਧਰ ਸੰਵੇਦਨਸ਼ੀਲ ਪੰਜਾਬੀਆਂ ਨੂੰ ਰੜਕਦੀ ਰਹਿੰਦੀ ਹੈ। ਇਸੇ ਕਰਕੇ 18 ਅਗਸਤ 1947 ਨੂੰ ਬਰਤਾਨਵੀ ਸੰਸਦ ਵਿਚ ਬਿੱਲ ਪਾਸ ਹੋਣ ਸਮੇਂ ਪ੍ਰਧਾਨ ਮੰਤਰੀ ਕਲੀਮੈਂਟ ਰਿਚਰਡ ਐਟਲੀ ਦੇ ਆਖ਼ਰੀ ਸ਼ਬਦਾਂ ਨੂੰ ਦੁਹਰਾਉਣਾ ਪੰਜਾਬੀਆਂ ਨੂੰ ਸਕੂਨ ਦਿੰਦਾ ਹੈ: “ਮੇਰੀ ਸੰਜੀਦਾ ਇੱਛਾ ਹੈ ਕਿ ਇਹ ਬਟਵਾਰੇ ਦੀ ਲਕੀਰ ਮਿਟ ਜਾਵੇ-ਅਤੇ ਕੁਝ ਅਰਸੇ ਬਾਅਦ ਦੋਵੇਂ ਹਿੱਸੇ ਫਿਰ ਇੱਕ ਹੋ ਜਾਣ।”

Leave a Reply

Your email address will not be published.