ਕਾਂਗਰਸ ਦੀ ਹਾਈਕਮਾਨ ਅਤੇ ਪੰਜਾਬ ਦੇ ਆਗੂ

Home » Blog » ਕਾਂਗਰਸ ਦੀ ਹਾਈਕਮਾਨ ਅਤੇ ਪੰਜਾਬ ਦੇ ਆਗੂ
ਕਾਂਗਰਸ ਦੀ ਹਾਈਕਮਾਨ ਅਤੇ ਪੰਜਾਬ ਦੇ ਆਗੂ

ਅਭੈ ਕੁਮਾਰ ਦੂਬੇ, ਕਾਂਗਰਸ ਅਤੇ ਉਸ ਦੇ ਸਮਰਥਕਾਂ ਦੀ ਅਕਸਰ ਸ਼ਿਕਾਇਤ ਰਹਿੰਦੀ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਉਸ ਦਾ ਪ੍ਰਚਾਰ ਤੰਤਰ ਗਾਂਧੀ ਪਰਿਵਾਰ ਖਾਸ ਤੌਰ ‘ਤੇ ਰਾਹੁਲ ਗਾਂਧੀ ਦਾ ਅਕਸ ਖਰਾਬ ਕਰਨ ਦੀ ਮੁਹਿੰਮ ਚਲਾਉਂਦੇ ਰਹਿੰਦੇ ਹਨ।

ਰਾਹੁਲ ਗਾਂਧੀ ਨੂੰ ਗੈਰ-ਗੰਭੀਰ ਹੀ ਨਹੀਂ ਕੁਝ ਘੱਟ ਬੁੱਧੀਮਾਨ ਅਤੇ ‘ਪਾਰਟ-ਟਾਈਮ’ ਰਾਜਨੇਤਾ ਸਾਬਤ ਕਰਨ ਲਈ ਭਾਜਪਾ ਕਈ ਤਰ੍ਹਾਂ ਦੀਆਂ ਤਰਕੀਬਾਂ ਬਣਾਉਂਦੀ ਰਹਿੰਦੀ ਹੈ। ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਉਨ੍ਹਾਂ ਦੇ ਕੱਦ ਨੂੰ ਘਟਾ ਕੇ ਉਸ ਦੇ ਮੁਕਾਬਲੇ ਨਰਿੰਦਰ ਮੋਦੀ ਦੇ ਕੱਦ ਨੂੰ ਵੱਡਾ ਦਿਖਾਏ ਜਾਣ ਲਈ ਹਰ ਤਰੀਕਾ ਅਪਣਾਇਆ ਜਾਂਦਾ ਹੈ। ਮੋਟੇ ਤੌਰ ‘ਤੇ ਕਾਂਗਰਸ ਦੀ ਇਹ ਸ਼ਿਕਾਇਤ ਸਹੀ ਹੈ ਪਰ ਪੰਜਾਬ ਦਾ ਰਾਜਨੀਤਕ ਘਟਨਾਕ੍ਰਮ ਦੱਸਦਾ ਹੈ ਕਿ ਖੁਦ ਗਾਂਧੀ ਪਰਿਵਾਰ (ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਅਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ) ਭਾਜਪਾ ਵਲੋਂ ਉਨ੍ਹਾਂ ਖਿਲਾਫ ਕਹੀ ਗਈ ਇਕ-ਇਕ ਗੱਲ ਨੂੰ ਸਹੀ ਸਾਬਤ ਕਰਨ ‘ਚ ਲੱਗਾ ਹੋਇਆ ਹੈ। ਪੰਜਾਬ ਦੀਆਂ ਘਟਨਾਵਾਂ ਬਿਨਾ ਕਿਸੇ ਸ਼ੱਕ ਦੇ ਕਹਿ ਰਹੀਆਂ ਹਨ ਕਿ ਰਾਹੁਲ ਅਤੇ ਪ੍ਰਿਅੰਕਾ ਨੂੰ ਰਾਜਨੀਤੀ ‘ਚ ਸਹੀ ਮੋਹਰੇ ਚੁਣਨ, ਸਹੀ ਦਾਅ ਚੱਲਣ ਅਤੇ ਆਪਣੇ ਟੀਚਿਆਂ ਦੀ ਪ੍ਰਾਪਤੀ ਕਰਨ ਲਈ ਰਣਨੀਤੀ ਬਣਾਉਣ ਦਾ ਨਾ ਤਾਂ ਤਜਰਬਾ ਹੈ ਅਤੇ ਨਾ ਹੀ ਉਨ੍ਹਾਂ ਕੋਲ ਅਜਿਹੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਹੀ ਸਲਾਹਕਾਰ ਹਨ।

ਜਿੱਥੋਂ ਤੱਕ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਦਾ ਸਵਾਲ ਹੈ, ਉਹ ਤਜਰਬੇਕਾਰ ਹਨ ਅਤੇ ਇਸ ਸਦੀ ਦੇ ਪਹਿਲੇ ਦਹਾਕੇ ‘ਚ ਉਹ ਆਪਣੀ ਰਾਜਨੀਤਕ ਕੁਸ਼ਲਤਾ ਬਾਰੇ ਜਾਣੂੰ ਕਰਵਾ ਚੁੱਕੇ ਹਨ ਪਰ ਅਜਿਹਾ ਲਗਦਾ ਹੈ ਕਿ ਜਾਂ ਤਾਂ ਰਾਹੁਲ-ਪ੍ਰਿਅੰਕਾ ਉਨ੍ਹਾਂ ਦੀ ਗੱਲ ਮੰਨ ਨਹੀਂ ਰਹੇ ਜਾਂ ਫਿਰ ਖਰਾਬ ਸਿਹਤ ਅਤੇ ਵਧਦੀ ਉਮਰ ਦੇ ਕਾਰਨ ਉਨ੍ਹਾਂ ਨੇ ਆਪਣੀ ਸੰਤਾਨ ਦੇ ਜ਼ਿੱਦੀ ਰਵੱਈਏ ਸਾਹਮਣੇ ਗੋਡੇ ਟੇਕ ਦਿੱਤੇ ਹਨ। ਭਾਰਤੀ ਲੋਕਤੰਤਰ ਦੇ ਇਤਿਹਾਸ ਅਤੇ ਖਾਸ ਤੌਰ ‘ਤੇ ਕਾਂਗਰਸ ਦੇ ਇਤਿਹਾਸ ‘ਚ ਪੰਜਾਬ ਦੇ ਘਟਨਾਕ੍ਰਮ ਨੂੰ ਸਦਾ ਚੇਤੇ ਰੱਖਿਆ ਜਾਏਗਾ। ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ‘ਚ ਆਉਣ ਨਾਲ ਪਹਿਲਾਂ ਭੂਮਿਕਾ ਅਤੇ ਹੈਸੀਅਤ ਕੀ ਸੀ? ਭਾਜਪਾ ‘ਚ ਉਹ ਅੰਮ੍ਰਿਤਸਰ ਤੋਂ ਜਿੱਤਣ ਵਾਲੇ ਇਕ ਅਜਿਹੇ ਸੰਸਦ ਮੈਂਬਰ ਸਨ, ਜਿਨ੍ਹਾਂ ਦੀ ਪਿੱਠ ‘ਤੇ ਅਰੁਣ ਜੇਤਲੀ ਦਾ ਹੱਥ ਸੀ। ਜਿਉਂ ਹੀ ਜੇਤਲੀ ਨੂੰ 2014 ਦੀਆਂ ਚੋਣਾਂ ਸਮੇਂ ਅੰਮ੍ਰਿਤਸਰ ਤੋਂ ਟਿਕਟ ਮਿਲੀ, ਉਦੋਂ ਹੀ ਸਿੱਧੂ ਉਸ ਇਨਸਾਨ ਦੇ ਖਿਲਾਫ ਹੋ ਗਏ ਜਿਸ ਨੂੰ ਉਹ ਆਪਣਾ ਰਾਜਨੀਤਕ ਗੁਰੂ ਕਹਿੰਦੇ ਸਨ। ਉਨ੍ਹਾਂ ਨੇ ਭਾਜਪਾ ਛੱਡੀ ਅਤੇ ਆਮ ਆਦਮੀ ਪਾਰਟੀ ਨਾਲ ਸੌਦੇਬਾਜ਼ੀ ਕਰਨ ਲੱਗੇ।

ਉਨ੍ਹਾਂ ਦੀਆਂ ਵਧੀਆਂ ਮੰਗਾਂ ਨਾਲ ਅਰਵਿੰਦ ਕੇਜਰੀਵਾਲ ਨੂੰ ਵੀ ਕੋਈ ਸ਼ੱਕ ਹੋਵੇਗਾ, ਇਸ ਲਈ ਸਿੱਧੂ ਦੀ ਦਾਲ ਉੱਥੇ ਨਹੀਂ ਗਲੀ। ਇਸ ਲਈ ਉਹ ਕਾਂਗਰਸ ‘ਚ ਆ ਗਏ ਅਤੇ ਦੇਖਦੇ-ਦੇਖਦੇ ਕੁਝ ਹੀ ਸਮੇਂ ‘ਚ ਪ੍ਰਿਅੰਕਾ-ਰਾਹੁਲ ਦੀ ਜੋੜੀ ਨੇ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਹੈਸੀਅਤ ਘੱਟ ਕਰਨ ਲਈ ਮੋਹਰੇ ਦੇ ਤੌਰ ‘ਤੇ ਚੁਣ ਲਿਆ। ਸਿੱਧੂ ਪਹਿਲਾਂ ਤੋਂ ਹੀ ਉਤਸ਼ਾਹੀ ਸਨ। ਭੈਣ-ਭਰਾ ਦੀ ਆਪਣੇ ‘ਤੇ ਨਿਰਭਰਤਾ ਨੂੰ ਦੇਖਦਿਆਂ ਉਨ੍ਹਾਂ ਨੇ ਇਨ੍ਹਾਂ ਦੋਵਾਂ ਦੀ ਜੰਮ ਕੇ ਵਰਤੋਂ ਕੀਤੀ। ਇਥੇ ਪੁੱਛਿਆ ਜਾ ਸਕਦਾ ਹੈ ਕਿ ਪ੍ਰਿਅੰਕਾ-ਰਾਹੁਲ ਸਿੱਧੂ ‘ਤੇ ਨਿਰਭਰ ਕਿਉਂ ਸਨ? ਇਸ ਲਈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਕਾਂਗਰਸ ‘ਚ ਦਬਦਬਾ ਖਤਮ ਕਰਨਾ ਚਾਹੁੰਦੇ ਸਨ। ਪਹਿਲਾਂ ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪਾਰਟੀ ਪ੍ਰਧਾਨ ਦੇ ਰੂਪ ‘ਚ ਅਜ਼ਮਾ ਕੇ ਇਹੀ ਕੰਮ ਕਰਵਾਉਣਾ ਚਾਹਿਆ ਸੀ ਪਰ ਅਮਰਿੰਦਰ ਦੇ ਸਾਹਮਣੇ ਬਾਜਵਾ ਦੀ ਇਕ ਨਾ ਚੱਲੀ। ਆਖਿਰ ਉਨ੍ਹਾਂ ਨੂੰ ਸਿੱਧੂ ਦੀ ਨਾਟਕੀ ਸ਼ਖਸੀਅਤ ਅਤੇ ਜ਼ਿੱਦੀ ਰਵੱਈਏ ‘ਚ ਅਜਿਹਾ ਵਿਅਕਤੀ ਮਿਲ ਗਿਆ ਜੋ ਅਮਰਿੰਦਰ ਦਾ ਸਿਆਸੀ ਜੀਵਨ ਖਤਮ ਕਰ ਸਕਦਾ ਸੀ।

ਇਥੇ ਦੂਜਾ ਸਵਾਲ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਇਹ ਦੋਵੇਂ ਅਮਰਿੰਦਰ ਸਿੰਘ ਨੂੰ ਪਾਸੇ ਕਿਉਂ ਕਰਨਾ ਚਾਹੁੰਦੇ ਸਨ? ਆਖਿਰਕਾਰ ਅਮਰਿੰਦਰ ਸਿੰਘ ਹਮੇਸ਼ਾ ਸੋਨੀਆ ਗਾਂਧੀ ਦੀ ਗੱਲ ਮੰਨਦੇ ਰਹੇ ਸਨ। 2014 ‘ਚ ਉਹ ਲੋਕ ਸਭਾ ਦੀ ਚੋਣ ਨਹੀਂ ਸਨ ਲੜਨਾ ਚਾਹੁੰਦੇ ਪਰ ਜਿਵੇਂ ਹੀ ਸੋਨੀਆ ਨੇ ਉਨ੍ਹਾਂ ਨੂੰ ਕਿਹਾ ਤਾਂ ਉਹ ਜੇਤਲੀ ਖਿਲਾਫ ਟਿਕਟ ਲੈਣ ਲਈ ਤਿਆਰ ਹੋ ਗਏ। ਉਂਜ, ਅਮਰਿੰਦਰ ਨੂੰ ਨਹੀਂ ਸੀ ਪਤਾ ਕਿ ਪ੍ਰਿਅੰਕਾ-ਰਾਹੁਲ ਨੂੰ ਉਨ੍ਹਾਂ ਦੀ ਵਫਾਦਾਰੀ ਦੀ ਇਹ ਡਿਗਰੀ ਨਾਕਾਫੀ ਲੱਗ ਰਹੀ ਹੈ। ਪ੍ਰਿਅੰਕਾ-ਰਾਹੁਲ ਇਸ ਗੱਲ ਤੋਂ ਵੀ ਨਾਰਾਜ਼ ਸਨ ਕਿ ਵਿਧਾਨ ਸਭਾ ਚੋਣ ਦੀ ਕਮਾਨ ਆਪਣੇ ਹੱਥ ‘ਚ ਲੈਣ ਅਤੇ ਮੁੱਖ ਮੰਤਰੀ ਦੇ ਚਿਹਰੇ ਦੇ ਰੂਪ ‘ਚ ਆਪਣੇ ਨਾਂ ਦੇ ਐਲਾਨ ‘ਚ ਦੇਰੀ ਹੋਣ ਨਾਲ ਨਾਰਾਜ਼ ਹੋ ਕੇ ਅਮਰਿੰਦਰ ਨੇ ਅਲੱਗ ਪਾਰਟੀ ਬਣਾ ਲੈਣ ਦੀ ਧਮਕੀ ਦਿੱਤੀ ਸੀ। ਅਸਲ ਵਿਚ ਅਮਰਿੰਦਰ ਖੁਦ ਨੂੰ ਕਾਂਗਰਸ ਦੇ ਉਨ੍ਹਾਂ ਖੇਤਰੀ ਲੀਡਰਾਂ ਵਾਂਗ ਦੇਖਦੇ ਸਨ ਜਿਨ੍ਹਾਂ ਦੀ ਹੈਸੀਅਤ ਨਹਿਰੂ ਦੇ ਜ਼ਮਾਨੇ ‘ਚ ਹਾਈਕਮਾਨ ਤੋਂ ਸੁਤੰਤਰ ਅਤੇ ਵੱਖਰੀ ਸੀ।

ਇਸ ਲਈ ਅਮਰਿੰਦਰ ਹਾਈਕਮਾਨ ਦੁਆਰਾ ਦਿੱਲੀ ਤਲਬ ਕੀਤੇ ਜਾਣ ‘ਤੇ ਜਾਣ ਤੋਂ ਇਨਕਾਰ ਕਰਨ ਦੀ ਹਿੰਮਤ ਵੀ ਰੱਖਦੇ ਸਨ। ਲਗਦਾ ਹੈ ਕਿ ਉਨ੍ਹਾਂ ਦੇ ਇਸ ਰਵੱਈਏ ਨੂੰ ਵੀ ਪ੍ਰਿਅੰਕਾ-ਰਾਹੁਲ ਦੇ ਰਾਜਨੀਤਕ ਸ਼ਬਦ-ਕੋਸ਼ ‘ਚ ‘ਨਾਫਰਮਾਨੀ’ ਮੰਨਿਆ ਗਿਆ। ਫਿਲਹਾਲ ਤੱਥ ਇਹ ਹੈ ਕਿ ਭੈਣ-ਭਰਾ ਦੀ ਜੋੜੀ ਨੇ ਸਿੱਧੂ ਨੂੰ ਚੁਣਿਆ। ਉਨ੍ਹਾਂ ਰਾਹੀਂ ਅਮਰਿੰਦਰ ਸਿੰਘ ਖਿਲਾਫ ਕਾਂਗਰਸ ਵਿਧਾਇਕ ਦਲ ‘ਚ ‘ਬਾਗ਼ੀ ਧੜਾ’ ਖੜ੍ਹਾ ਕੀਤਾ ਗਿਆ। ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਸ ‘ਚ ਸ਼ਾਮਿਲ ਸਨ। ਫਿਰ ਅਮਰਿੰਦਰ ਸਿੰਘ ਦੀਆਂ ਭਾਵਨਾਵਾਂ, ਰਾਜਨੀਤਕ ਮਾਣ ਅਤੇ ਸੇਵਾਵਾਂ ਦੀ ਕਦਰ ਨਾ ਕਰਦੇ ਹੋਏ ਹਾਈਕਮਾਨ ਵਲੋਂ ਦੋ ਅਜਿਹੇ ਕਦਮ ਚੁੱਕੇ ਗਏ ਜਿਸ ਨਾਲ ਸਾਫ ਹੋ ਗਿਆ ਕਿ ਮੁੱਖ ਮੰਤਰੀ ਦੇ ਦਿਨ ਹੁਣ ਗਿਣਤੀ ਦੇ ਰਹਿ ਗਏ ਹਨ। ਪਹਿਲਾਂ ਸਿੱਧੂ ਨੂੰ ਜ਼ਬਰਦਸਤੀ ਪੰਜਾਬ ਦੇ ਪ੍ਰਧਾਨ ਦੇ ਅਹੁਦੇ ‘ਤੇ ਬਿਠਾਇਆ ਗਿਆ, ਫਿਰ ਵਿਧਾਇਕ ਦਲ ਦੀ ਬੈਠਕ ਬੁਲਾ ਕੇ ਨਿਰਦੇਸ਼ ਦਿੱਤੇ ਗਏ ਕਿ ਵਿਧਾਇਕ ਸਿੱਧੇ ਕਾਂਗਰਸ ਭਵਨ ਹੀ ਪੁੱਜਣ ਅਤੇ ਅਮਰਿੰਦਰ ਸਿੰਘ ਵਲੋਂ ਆਪਣੇ ਫਾਰਮ ਹਾਊਸ ‘ਤੇ ਬੁਲਾਈ ਗਈ ਬੈਠਕ ‘ਚ ਨਾ ਜਾਣ।

ਸੁਨੇਹਾ ਸਾਫ ਸੀ। ਹਾਈਕਮਾਨ ਅਮਰਿੰਦਰ ਸਿੰਘ ਨੂੰ ਆਪਣੇ ਸਮਰਥਨ ‘ਚ ਵਿਧਾਇਕ ਲਾਮਬੰਦ ਕਰਨ ਦਾ ਕੋਈ ਵੀ ਮੌਕਾ ਨਹੀਂ ਸੀ ਦੇਣਾ ਚਾਹੁੰਦੀ। ਨਤੀਜਾ ਇਹ ਹੋਇਆ ਕਿ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਪਿਆ। ਜਦੋਂ ਸਾਰੇ ਲੋਕ ਇਸ ਅਸਤੀਫੇ ਨੂੰ ਅਮਰਿੰਦਰ ਸਿੰਘ ਦੀ ਹਾਰ ਦੇ ਰੂਪ ‘ਚ ਦੇਖ ਰਹੇ ਸਨ, ਉਦੋਂ ਕੁਝ ਘਟਨਾਵਾਂ ਅਜਿਹੀਆਂ ਵਾਪਰੀਆਂ ਜਿਸ ਨੇ ਬਾਜ਼ੀ ਪਲਟ ਦਿੱਤੀ। ਪ੍ਰਿਅੰਕਾ-ਰਾਹੁਲ ਨੇ ਗਲਤੀਆਂ ਦਾ ਇਕ ਸਿਲਸਿਲਾ ਸ਼ੁਰੂ ਕਰ ਦਿੱਤਾ। ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ। ਇਹ ਦੇਖ ਕੇ ਅਮਰਿੰਦਰ ਸਿੰਘ ਨੇ ਸਾਫ ਕਰ ਦਿੱਤਾ ਕਿ ਜੇ ਉਨ੍ਹਾਂ ਦੇ ਧੜੇ ਦਾ ਕੋਈ ਵਿਅਕਤੀ ਮੁੱਖ ਮੰਤਰੀ ਨਹੀਂ ਬਣਿਆ ਤਾਂ ਉਹ ਖੁੱਲ੍ਹਾ ਵਿਰੋਧ ਕਰਨ ਦੀ ਹੱਦ ਤੱਕ ਚੱਲੇ ਜਾਣਗੇ। ਇਸ ਨਾਲ ਭੈਣ-ਭਰਾ ਦੀ ਹਾਈਕਮਾਨ ਦਬਾਅ ‘ਚ ਆ ਗਈ। ਉਨ੍ਹਾਂ ਘਬਰਾ ਕੇ ਅੰਬਿਕਾ ਸੋਨੀ ਨੂੰ ਦਿੱਲੀ ਤੋਂ ਭੇਜ ਕੇ ਸਾਂਝਾ ਮੁੱਖ ਮੰਤਰੀ ਬਣਾਉਣਾ ਚਾਹਿਆ ਪਰ ਅੰਬਿਕਾ ਸੋਨੀ ਕੰਡਿਆਂ ਦਾ ਇਹ ਤਾਜ ਪਹਿਨਣ ਲਈ ਤਿਆਰ ਨਾ ਹੋਈ। ਉਹ ਦੂਜੀ ਸੁਸ਼ਮਾ ਸਵਰਾਜ ਨਹੀਂ ਸੀ ਬਣਨਾ ਚਾਹੁੰਦੀ। ਦਿੱਲੀ ‘ਚ ਭਾਜਪਾ ਨੇ ਸਾਹਿਬ ਸਿੰਘ ਵਰਮਾ ਨੂੰ ਹਟਾਉਣ ਤੋਂ ਬਾਅਦ ਛੇ ਮਹੀਨੇ ਪਹਿਲਾਂ ਸੁਸ਼ਮਾ ਸਵਰਾਜ ਨੂੰ ਮੁੱਖ ਮੰਤਰੀ ਬਣਾਇਆ ਸੀ।

ਚੇਤੇ ਰਹੇ ਕਿ ਉਸ ਤੋਂ ਬਾਅਦ ਭਾਜਪਾ ਦਿੱਲੀ ‘ਚ ਲਗਾਤਾਰ ਛੇ ਚੋਣਾਂ ਹਾਰ ਚੁੱਕੀ ਹੈ। ਫਿਰ ਕਿਸੇ ਹਿੰਦੂ (ਸੁਨੀਲ ਜਾਖੜ) ਨੂੰ ਬਣਾਉਣ ਦੀ ਗੱਲ ਚੱਲੀ। ਉਨ੍ਹਾਂ ਦਾ ਸਿੱਖ ਨੇਤਾਵਾਂ ਵਲੋਂ ਵਿਰੋਧ ਕੀਤਾ ਗਿਆ। ਫਿਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਬਣਾਉਣ ਦੀ ਕੋਸ਼ਿਸ਼ ਹੋਈ। ਉਨ੍ਹਾਂ ਨੂੰ ਸਿੱਧੂ ਨੇ ਨਹੀਂ ਬਣਨ ਦਿੱਤਾ। ਅੰਤ ‘ਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ। ਦਲਿਤ ਹੋਣ ਦੇ ਨਾਂ ‘ਤੇ ਸ਼ੁਰੂ ‘ਚ ਕਿਸੇ ਨੇ ਉਨ੍ਹਾਂ ਦਾ ਖੁੱਲ੍ਹ ਕੇ ਵਿਰੋਧ ਨਹੀਂ ਕੀਤਾ। ਇਹ ਵੀ ਕਿਹਾ ਜਾਣ ਲੱਗਾ ਕਿ ‘ਮਾਸਟਰ ਸਟ੍ਰੋਕ’ ਹੈ। ਹੁਣ ਕਾਂਗਰਸ ਨੂੰ ਅੰਦਰੂਨੀ ਕਲੇਸ਼ ਦੇ ਕਾਰਨ ਆਪਣੀ ਗੁਆਚੀ ਜ਼ਮੀਨ ਸਿੱਖ-ਹਿੰਦੂ-ਦਲਿਤ ਵੋਟਾਂ ਦੇ ਸਮੀਕਰਨ ਦੇ ਰੂਪ ‘ਚ ਫਿਰ ਤੋਂ ਮਿਲ ਜਾਵੇਗੀ ਪਰ ਕਿਸੇ ਨੂੰ ਨਹੀਂ ਸੀ ਅੰਦਾਜ਼ਾ ਕਿ ਸਿੱਧੂ ਫਿਰ ਹਮਲਾ ਕਰਨ ਦੀ ਫਿਰਾਕ ‘ਚ ਹੈ।

ਜਿਸ ਹਾਈਕਮਾਨ ਨੇ ਉਨ੍ਹਾਂ ਨੂੰ ਪ੍ਰਧਾਨ ਦੀ ਹੈਸੀਅਤ ਦਿੱਤੀ ਸੀ, ਸਿੱਧੂ ਨੇ ਉਸੇ ਹੈਸੀਅਤ ਨੂੰ ਘਟਾਉਂਦਿਆਂ ਆਰ-ਪਾਰ ਦੀ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਪਰ ਪ੍ਰਿਅੰਕਾ-ਰਾਹੁਲ ਕੋਲ ਉਨ੍ਹਾਂ ਨੂੰ ਕਾਬੂ ਕਰਨ ਜਾਂ ਆਪਣੀ ਗਤੀ ‘ਤੇ ਪਹੁੰਚਾਉਣ ਦੀ ਸਮਰੱਥਾ ਉਨ੍ਹਾਂ ‘ਚ ਨਹੀਂ ਹੈ। ਸਪਸ਼ਟ ਹੈ ਕਿ ਪ੍ਰਿਅੰਕਾ-ਰਾਹੁਲ ਦੀ ਮੈਂਬਰੀ ਵਾਲੀ ਹਾਈਕਮਾਨ ਦੀ ਹੁਣ ਕੋਈ ਸਾਖ ਨਹੀਂ ਰਹਿ ਗਈ। ਕਾਂਗਰਸ ਨੇ ਇਸ ਘਟਨਾਕ੍ਰਮ ‘ਚ ਜੋ ਗੁਆਇਆ ਹੈ, ਉਸ ਦਾ ਬਹੁਤ ਵੱਡਾ ਘਾਟਾ ਉਸ ਨੂੰ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਝੱਲਣਾ ਪਵੇਗਾ। ਇਹ ਵਿਧਾਨ ਸਭਾ ਚੋਣਾਂ ਜਿਸ ਨੂੰ ਉਹ ਬਿਨਾ ਕਿਸੇ ਮੁਸ਼ਕਿਲ ਦੇ ਜਿੱਤ ਸਕਦੀ ਸੀ ਪਰ ਹਾਈਕਮਾਨ ਦੀਆਂ ਗਲਤੀਆਂ ਕਾਰਨ ਉਹੀ ਕਾਂਗਰਸ ਅੱਜ ਪੰਜਾਬ ‘ਚ ਵੰਡੀ ਹੋਈ ਦਿਖਾਈ ਦੇ ਰਹੀ ਹੈ।

Leave a Reply

Your email address will not be published.