ਕਾਂਗਰਸ ਦਾ ਕਾਟੋ-ਕਲੇਸ਼ : ਚੰਨੀ ਦਾ ਭਰਾ, ਭੱਟੀ ਦੀ ਪਤਨੀ ਅਤੇ ਰਾਣਾ ਦਾ ਬੇਟਾ ਬਾਗ਼ੀ

Home » Blog » ਕਾਂਗਰਸ ਦਾ ਕਾਟੋ-ਕਲੇਸ਼ : ਚੰਨੀ ਦਾ ਭਰਾ, ਭੱਟੀ ਦੀ ਪਤਨੀ ਅਤੇ ਰਾਣਾ ਦਾ ਬੇਟਾ ਬਾਗ਼ੀ
ਕਾਂਗਰਸ ਦਾ ਕਾਟੋ-ਕਲੇਸ਼ : ਚੰਨੀ ਦਾ ਭਰਾ, ਭੱਟੀ ਦੀ ਪਤਨੀ ਅਤੇ ਰਾਣਾ ਦਾ ਬੇਟਾ ਬਾਗ਼ੀ

ਟਿਕਟ ਨਾ ਮਿਲਣ ਤੋਂ ਖ਼ਫ਼ਾ ਹੋਏ ਦਰਜਨਾਂ ਕਾਂਗਰਸੀ ਆਗੂਆਂ ਨੇ ਪਾਰਟੀ ਉਮੀਦਵਾਰਾਂ ਖ਼ਿਲਾਫ਼ ਬਗ਼ਾਵਤੀ ਝੰਡਾ ਚੁੱਕ ਲਿਆ ਹੈ।

ਚਰਨਜੀਤ ਸਿੰਘ ਚੰਨੀ ਦੇ ਛੋਟੇ ਭਰਾ ਡਾ. ਮਨੋਹਰ ਸਿੰਘ, ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਭਰਾ ਰਾਜਨ ਗਿੱਲ ਅਤੇ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਸਮੇਤ ਅੱਧਾ ਦਰਜਨ ਦੇ ਕਰੀਬ ਆਗੂ ਆਜ਼ਾਦ ਰੂਪ ’ਚ ਚੋਣ ਮੈਦਾਨ ’ਚ ਕੁੱਦ ਗਏ ਹਨ। ਕਈ ਹਲਕਿਆਂ ਵਿਚੋ ਕਾਂਗਰਸੀ ਆਗੂਆਂ ਨੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੀਆਂ ਅੰਦਰੋ -ਅੰਦਰੀਂ ਜੜ੍ਹਾਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਨਾਲ ਕਾਂਗਰਸੀ ਉਮੀਦਵਾਰਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਪਿਛਲੇ ਕੁੱਝ ਮਹੀਨਿਆਂ ਤੋ ਕਾਂਗਰਸ ’ਚ ਬਗ਼ਾਵਤੀ ਅੱਗ ਧੁਖ ਰਹੀ ਹੈ, ਪਰ ਚੋਣਾਂ ਸਿਰ ’ਤੇ ਹੋਣ ਦੇ ਬਾਵਜੂਦ ਬਗ਼ਾਵਤੀ ਅੱਗ ਠੰਢੀ ਪੈਣ ਦੀ ਬਜਾਏ ਹੋਰ ਵਧਦੀ ਜਾ ਰਹੀ ਹੈ।

ਕਾਂਗਰਸ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਵੱਡਾ ਦਾਅ ਖੇਡਦੇ ਹੋਏ ਸ੍ਰੀ ਚਮਕੌਰ ਸਾਹਿਬ ਦੇ ਨਾਲ-ਨਾਲ ਭਦੌੜ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ ਪਰ, ਉਨ੍ਹਾਂ ਦਾ ਛੋਟਾ ਭਰਾ ਡਾ. ਮਨਹੋਰ ਸਿੰਘ ਬਾਗ਼ੀ ਹੋ ਗਿਆ ਹੈ, ਜਿਨ੍ਹਾਂ ਨੇ ਬਸੀ ਪਠਾਣਾ ਹਲਕੇ ਤੋ ਆਜ਼ਾਦ ਉਮੀਦਵਾਰ ਵਜੋਂ ਕਾਗ਼ਜ਼ ਦਾਖ਼ਲ ਕੀਤੇ ਹਨ। ਹਾਲਾਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਭਰਾ ਨੂੰ ਮਨਾਉਣ ਦੀ ਗੱਲ ਕਹਿ ਚੁੱਕੇ ਹਨ। ਦੂਜੇ ਪਾਸੇ ਮਲੋਟ ਤੋ ਟਿਕਟ ਕੱਟੇ ਜਾਣ ’ਤੇ ਖਫ਼ਾ ਹੋਏ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਪਤਨੀ ਮਨਜੀਤ ਕੌਰ ਮੁੱਖ ਮੰਤਰੀ ਚੰਨੀ ਨੂੰ ਟੱਕਰ ਦੇਣ ਲਈ ਭਦੌੜ ’ਚ ਖੜ੍ਹੀ ਹੋ ਗਈ ਹੈ। ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਆਪਣੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਸੁਲਤਾਨਪੁਰ ਲੋਧੀ ਤੋ ਟਿਕਟ ਦਿਵਾਉਣਾ ਚਾਹੁੰਦੇ ਸਨ, ਪਰ ਕਾਂਗਰਸ ਨੇ ਮੌਜੂਦਾ ਵਿਧਾਇਕ ਨਵਤੇਜ ਸਿੰਘ ਚੀਮਾ ’ਤੇ ਮੁੜ ਭਰੋਸਾ ਪ੍ਰਗਟ ਕਰਦਿਆਂ ਉਮੀਦਵਾਰ ਬਣਾਇਆ ਹੈ।

ਇੱਥਂੋ ਰਾਣਾ ਇੰਦਰ ਪ੍ਰਤਾਪ ਸਿੰਘ ਆਜ਼ਾਦ ਉਮੀਦਵਾਰ ਵਜੋ ਕੁੱਦ ਗਏ ਹਨ। ਖਡੂਰ ਸਾਹਿਬ ਤੋ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੇ ਭਰਾ ਰਾਜਨ ਗਿੱਲ ਨੇ ਆਜ਼ਾਦ ਕਾਗ਼ਜ਼ ਭਰੇ ਹਨ। ਐਨ ਆਖ਼ਰੀ ਮੌਕੇ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸੈਣੀ ਦੀ ਟਿਕਟ ਕੱਟੇ ਜਾਣ ’ ਤੇ ਉਹ ਆਜ਼ਾਦ ਤੌਰ ’ਤੇ ਚੋਣ ਮੈਦਾਨ ਵਿਚ ਕੁੱਦ ਗਏ ਹਨ। ਮੌੜ ਤੋਂ ਟਿਕਟ ਮਿਲਣ ਦੀ ਉਮੀਦ ਲਾਈ ਬੈਠੇ ਹਰਮਿੰਦਰ ਜੱਸੀ ਵੀ ਬਾਗ਼ੀ ਹੋ ਗਏ ਹਨ। ਖਰੜ ਦੇ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਆਪਣੇ ਬੇਟੇ ਯਾਦਵਿੰਦਰ ਸਿੰਘ ਕੰਗ ਲਈ ਟਿਕਟ ਦੀ ਮੰਗ ਕਰ ਰਹੇ ਸਨ ਪਰ ਆਖ਼ਰੀ ਮੌਕੇ ਟਿਕਟ ਕੱਟੇ ਜਾਣ ’ਤੇ ਕੰਗ ਨੇ ਪੁੱਤਰਾਂ ਸਮੇਤ ਆਪ ਦਾ ਝਾੜੂ ਚੁੱਕ ਲਿਆ। ਇਸ ਤੋ ਪਹਿਲਾਂ ਟਿਕਟ ਕੱਟਣ ਤੋ ਖ਼ਫ਼ਾ ਹੋਏ ਮੋਗਾ ਦੇ ਵਿਧਾਇਕ ਹਰਜੋਤ ਕਮਲ ਸਿੰਘ ਤੇ ਗੜ੍ਹਸ਼ੰਕਰ ਦੀ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ, ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ, ਸਾਬਕਾ ਮੰਤਰੀ ਗੁਰਮੀਤ ਸਿੰਘ ਸੋਢੀ ਭਾਜਪਾ ਦਾ ਪੱਲਾ ਫੜ ਚੁੱਕੇ ਹਨ।

ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਪਣੇ ਬੇਟੇ ਨੂੰ ਬਟਾਲੇ ਤੋਂ ਟਿਕਟ ਦਿਵਾਉਣ ਲਈ ਜ਼ੋਰ ਲਾ ਰਹੇ ਸਨ, ਪਰ ਪਾਰਟੀ ਨੇ ਹਿੰਦੂ ਚਿਹਰੇ ਵਜੋ ਅਸ਼ਵਨੀ ਸੇਖੜੀ ’ਤੇ ਦਾਅ ਖੇਡਿਆ ਹੈ। ਜਗਰਾਓਂ ਹਲਕੇ ਤੋਂ ਟਿਕਟ ਨਾ ਮਿਲਣ ’ਤੇ ਖ਼ਫ਼ਾ ਹੋਏ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਬਗ਼ਾਵਤ ਕਰਦਿਆਂ ਬਾਲਮੀਕ ਭਾਈਚਾਰੇ ਨੂੰ ਹੀ ਕਾਂਗਰਸ ਖ਼ਿਲਾਫ਼ ਭੁਗਤਣ ਦੀ ਅਪੀਲ ਕਰ ਦਿੱਤੀ ਹੈ। ਫਿਰੋਜ਼ਪੁਰ ਤੋਂ ਵਿਧਾਇਕ ਸਤਿਕਾਰ ਕੌਰ, ਬੱਲੂਆਣਾ ਤੋਂ ਨੱਥੂ ਰਾਮ, ਅਟਾਰੀ ਤੋਂ ਤਰਸੇਮ ਸਿੰਘ ਡੀਸੀ ਸਮੇਤ ਦਸ ਵਿਧਾਇਕਾਂ ਦੀ ਟਿਕਟ ਕੱਟ ਦਿੱਤੀ ਗਈ ਹੈ। ਭਾਵੇਂ ਇਨ੍ਹਾਂ ਵਿਧਾਇਕਾਂ ਨੇ ਚੁੱਪ ਧਾਰੀ ਹੋਈ ਹੈ ਪਰ ਸਿਆਸੀ ਮਾਹਿਰ ਇਨ੍ਹਾਂ ਦੀ ਚੁੱਪ ਨੂੰ ਤੂਫ਼ਾਨ ਆਉਣ ਤੋ ਪਹਿਲਾਂ ਦੀ ਸ਼ਾਂਤੀ ਮੰਨ ਰਹੇ ਹਨ। ਬੰਗਾ ਤੋ ਕਮਲਜੀਤ ਲਾਲ, ਬਲਾਚੌਰ ਤੋਂ ਅਸ਼ੋਕ ਨਾਨੋਵਾਲ ਵੀ ਆਜ਼ਾਦ ਤੌਰ ’ਤੇ ਚੋਣ ਮੈਦਾਨ ’ਚ ਕੁੱਦ ਗਏ ਹਨ।

Leave a Reply

Your email address will not be published.