ਕਹਾਣੀਕਾਰ ਪ੍ਰੇਮ ਗੋਰਖੀ ਦਾ ਦੇਹਾਂਤ

Home » Blog » ਕਹਾਣੀਕਾਰ ਪ੍ਰੇਮ ਗੋਰਖੀ ਦਾ ਦੇਹਾਂਤ
ਕਹਾਣੀਕਾਰ ਪ੍ਰੇਮ ਗੋਰਖੀ ਦਾ ਦੇਹਾਂਤ

ਜ਼ੀਰਕਪੁਰ / ਚਰਚਿਤ ਪੰਜਾਬੀ ਕਹਾਣੀਕਾਰ, ਸਵੈ-ਜੀਵਨੀ ਲੇਖਕ ਅਤੇ ਪੱਤਰਕਾਰ ਪ੍ਰੇਮ ਗੋਰਖੀ ਦਾ ਅੱਜ ਅਚਾਨਕ ਦੇਹਾਂਤ ਹੋ ਗਿਆ।

ਉਹ ਜ਼ੀਰਕਪੁਰ ਵਿੱਚ ਰਹਿ ਰਹੇ ਸਨ। ਪ੍ਰੇਮ ਗੋਰਖੀ ਦਾ ਜਨਮ 15 ਜੂਨ 1947 ਨੂੰ ਹੋਇਆ। ਉਨ੍ਹਾਂ ਦਾ ਦਾਦਕਾ ਪਿੰਡ ਲਾਡੋਵਾਲੀ ਤੇ ਨਾਨਕਾ ਪਿੰਡ ਬਹਾਨੀ ਜ਼ਿਲ੍ਹਾ ਕਪੂਰਥਲਾ ਹੈ। ਚਾਰ ਭਰਾਵਾਂ ਤੇ ਦੋ ਭੈਣਾਂ ਵਿੱਚੋਂ ਉਨ੍ਹਾਂ ਨੂੰ ਹੀ ਪੜ੍ਹਨ ਦਾ ਮੌਕਾ ਮਿਲਿਆ ਸੀ। ਉਹ ‘ਪੰਜਾਬੀ ਟ੍ਰਿਬਿਊਨ’ ਵਿੱਚੋਂ ਸੇਵਾਮੁਕਤ ਹੋ ਕੇ ਆਪਣੇ ਪਰਿਵਾਰ ਨਾਲ ਜ਼ੀਰਕਪੁਰ ਰਹਿ ਰਹੇ ਸਨ। ਉਨ੍ਹਾਂ ਨੇ ਪੰਜਾਬ ਦੇ ਦਲਿਤ ਸਮਾਜ ਦੇ ਅਣਗੌਲੇ ਜੀਵਨ ਨੂੰ ਲਿਖਤਾਂ ਵਿੱਚ ਮੂਰਤੀਮਾਨ ਕੀਤਾ। ਉਹ ਆਪਣੇ ਪਲੇਠੇ ਕਹਾਣੀ ਸੰਗ੍ਰਹਿ ‘ਮਿੱਟੀ ਰੰਗੇ ਲੋਕ’ ਤੇ ਨਾਵਲੈੱਟ ‘ਤਿੱਤਰ-ਖੰਭੀ ਜੂਹ’ ਨਾਲ ਚਰਚਾ ਵਿੱਚ ਆਏ। ਉਨ੍ਹਾਂ ਨੇ ਪੰਜਾਬੀ ਕਹਾਣੀ ਸੰਗ੍ਰਹਿ ‘ਮਿੱਟੀ ਰੰਗੇ ਲੋਕ’, ‘ਜੀਣ ਮਰਣ’, ‘ਅਰਜਣ ਸਫੈਦੀ ਵਾਲਾ’, ‘ਧਰਤੀ ਪੁੱਤਰ’ ਤੇ ‘ਜੈਨਰੇਸ਼ਨ ਗੈਪ’ ਅਤੇ ਤਿੰਨ ਨਾਵਲੈੱਟ ਸੰਗ੍ਰਹਿ ‘ਤਿੱਤਰ ਖੰਭੀ ਜੂਹ’, ‘ਬੁੱਢੀ ਰਾਤ ਤੇ ਸੂਰਜ’ ਅਤੇ ‘ਵਣਵੇਲਾ’ ਪੰਜਾਬੀ ਸਾਹਿਤ ਦੀ ਝੋਲੀ ਪਾਏ। ‘ਗ਼ੈਰਹਾਜ਼ਰ ਆਦਮੀ’ ਉਨ੍ਹਾਂ ਦੀ ਸਵੈਜੀਵਨੀ ਹੈ। ਉਨ੍ਹਾਂ ਲੰਬਾ ਅਰਸਾ ਪੰਜਾਬੀ ਟ੍ਰਿਬਿਊਨ ਅਤੇ ਦੇਸ਼ ਸੇਵਕ ਅਖ਼ਬਾਰਾਂ ਸੇਵਾ ਨਿਭਾਈ। ਉਨ੍ਹਾਂ ਨੇ ਦਬੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਕਲਮ ਰਾਹੀਂ ਦੁਨੀਆਂ ਦੇ ਕੋਨੇ ਕੋਨੇ ’ਚ ਪਹੁੰਚਾਇਆ। ਉਨ੍ਹਾਂ ਆਪਣੀ ਜੀਵਨ ਗਾਥਾ ਵਿੱਚ ਉਹ ਸਾਰੇ ਦੁੱਖ ’ਤੇ ਤਸੀਹੇ ਦਰਸਾਏ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਇੱਕ ਸਾਹਿਤਕਾਰ ਬਣਾ ਦਿੱਤਾ। ਜੋ ਵੀ ਕੁਝ ਪ੍ਰੇਮ ਗੋਰਖੀ ਨੇ ਆਪਣੀਆਂ ਕਿਤਾਬਾਂ ਵਿੱਚ ਲਿਖਿਆ ਹੈ, ਉਹ ਜ਼ਿਆਦਾਤਰ ਆਪਣੇ ਪਿੰਡੇ ’ਤੇ ਹੰਢਾਇਆ ਹੈ। ਉਨ੍ਹਾਂ ਦੀ ਅਚਨਚੇਤ ਮੌਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

Leave a Reply

Your email address will not be published.