ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ

Home » Blog » ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ
ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਬੀਤੇ ਸ਼ੁਕਰਵਾਰ, ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਪਾਰਕ ਵਿਚ ਇੱਕ ਬੜੇ ਵਧੀਆ ਸਭਿਆਚਾਰਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ।

ਕਲੀਵਵਿਊ ਐਸਟੇਟ ਵਿਚ ਨਵੇਂ ਉਸਰੇ ਘਰਾਂ ਦੇ ਬਜ਼ੁਰਗਾਂ ਨੇ ਕੁਝ ਦਿਨ ਪਹਿਲਾਂ ਹੀ ਰਲ ਮਿਲ ਕੇ ਇਸ ਸੀਨੀਅਰਜ਼ ਕਲੱਬ ਦਾ ਗਠਨ ਕੀਤਾ ਸੀ। ਇਸ ਪ੍ਰੋਗਰਾਮ ਵਿਚ ਤਕਰੀਬਨ 200 ਤੋਂ ਵੱਧ ਬੱਚਿਆਂ, ਔਰਤਾਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਭਾਗ ਲਿਆ। ਉਨ੍ਹਾਂ ਬੜੇ ਉਤਸ਼ਾਹ ਨਾਲ ਰਲ ਮਿਲ ਕੇ ਇਸ ਦਾ ਸਾਰਾ ਇੰਤਜ਼ਾਮ ਕੀਤਾ, ਜਿਸ ਵਿਚ ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਕੀਤਾ ਹੋਇਆ ਸੀ। ਬਰੈਂਪਟਨ ਵੈਸਟ ਤੋਂ ਐਮ ਪੀ ਪੀ ਅਮਰਜੋਤ ਸੰਧੂ, ਨੇ ਵੀ ਆ ਕੇ ਇਸ ਪ੍ਰੋਗਰਾਮ ਦੀ ਰੌਣਕ ਵਧਾਈ। ਪ੍ਰੋਗਰਾਮ ਦੀ ਸ਼ੁਰੂਆਤ, ਕਨੇਡਾ ਦੀ ਰਵਾਇਤ ਨੂੰ ਕਾਇਮ ਰਖਦਿਆਂ ਕਨੇਡਾ ਦੇ ਰਾਸ਼ਟਰੀ ਗੀਤ ‘ਓ ਕਨੇਡਾ’ ਦੇ ਗਾਇਣ ਨਾਲ ਕੀਤੀ ਗਈ। ਇਸ ਉਪਰੰਤ ਤਰਲੋਚਨ ਸਿੰਘ ਬਡਵਾਲ ਨੇ ਕਲੱਬ ਵਲੋਂ ਆਲੇ ਦੁਆਲੇ ਨੂੰ ਹੋਰ ਚੰਗੇਰਾ ਬਣਾਉਣ ਅਤੇ ਪਾਰਕ ਵਿਚ ਹੋਰ ਬਿਹਤਰ ਸਹੂਲਤਾਂ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਸੁਖਵਿੰਦਰ ਜੀਤ ਸਿੰਘ ਨੇ ਸਾਰੇ ਆਏ ਵਿਅੱਕਤੀਆਂ ਦੀ ਜਾਣ ਪਹਿਚਾਣ ਕਰਵਾਉਣ ਵਿਚ ਮਦਦ ਕੀਤੀ ਅਤੇ ਫਿਰ ਮੈਂਬਰਾਂ ਨੇ ਰੱਲ ਮਿਲ ਕੇ ਚਾਹ ਪਾਣੀ ਵਰਤਾਉਣ ਦਾ ਪ੍ਰਬੰਧ ਕੀਤਾ।

ਪ੍ਰੋਗਰਾਮ ਵਿਚ ਆਏ ਨੌਜਵਾਨਾ ਨੇ ਅਪਣਾ ਮੰਨੋਰੰਜਨ ਕਰਨ ਲਈ ਵਾਲੀਬਾਲ ਦਾ ਨੈੱਟ ਲਾ ਲਿਆ ਅਤੇ ਵੱਖ ਵੱਖ ਟੀਮਾ ਬਣਾ ਕੇ ਖੇਡਦੇ ਰਹੇ। ਐਮ ਪੀ ਪੀ ਅਮਰਜੋਤ ਸੰਧੂ, ਨੇ ਕੰਸਰਵਟਿਵ ਸਰਕਾਰ ਵਲੋਂ ਖਾਸ ਕਰ ਬਰੈਂਪਟਨ ਇਲਾਕੇ ਦੀਆਂ ਸਹੂਲਤਾਂ ਵਧਾਉਣ ਹਿੱਤ ਕੀਤੇ ਗਏ ਕੰਮਾਂ ਦਾ ਵਰਣਨ ਕੀਤਾ ਅਤੇ ਸਭ ਨੂੰ ਵਿਸ਼ਵਾਸ਼ ਦੁਆਇਆ ਕਿ ਬੇਸ਼ਕ ਕੁਝ ਗੱਲਾਂ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਵੀ ਆਉਂਦੀਆਂ ਫਿਰ ਵੀ ਉਹ ਮੈਂਬਰਾਂ ਵਲੋਂ ਦੱਸੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਲਈ ਯਤਨ ਕਰਨਗੇ। ਖਾਣ ਪੀਣ ਬਾਅਦ ਪ੍ਰੋਗਰਾਮ ਵਿਚ ਆਈਆਂ ਔਰਤਾਂ ਨੇ ਇਸ ਨੂੰ ਤੀਆਂ, ਜੋ ਪੰਜਾਬ ਵਿਚ ਸੌਣ ਮਹੀਨੇ ਦੀ ਤੀਜ ਤੋਂ ਪੂਰਨਮਾਸ਼ੀ ਤੱਕ ਮਨਾਈਆਂ ਜਾਂਦੀਆਂ ਹਨ, ਦਾ ਰੂਪ ਦੇ ਦਿੱਤਾ। ਵੱਡੇ ਘੇਰੇ ਵਿਚ ਜੁੜ, ਔਰਤਾਂ, ਬੋਲੀਆਂ ਪਾਉਂਦੀਆਂ, ਨਚਦੀਆਂ ਤੇ ਗਿੱਧਾ ਪਾਉਂਦੀਆਂ ਰਹੀਆਂ।

ਇਸ ਨੇ ਸਾਰੇ ਮੈਂਬਰਾਂ ਨੂੰ ਪੰਜਾਬ ਦਾ ਭੁਲਿਆ ਵਿਸਰਿਆ ਵਿਰਸਾ ਯਾਦ ਕਰਵਾ ਦਿੱਤਾ। ਪ੍ਰੋਗਰਾਮ ਦੇ ਆਖੀਰ ਤੇ ਔਰਤਾਂ ਨੇ ਰੱਲ ਕੇ ਬੱਲ੍ਹੋ ਵੀ ਪਾਈ ਜਿਸ ਨਾਲ ਪੰਜਾਬ ਦੀਆਂ ਤੀਆਂ ਵਿਚ ਔਰਤਾਂ ਦੇ ਮੰਨੋਰੰਜਣ ਦਾ ਇਹ ਪੁਰਾਣਾ ਪੱਖ ਵੀ ਸਾਹਮਣੇ ਆਇਆ। ਇਸ ਵਿਚ ਔਰਤਾਂ ਦੇ ਦੋ ਗਰੁਪ, ਇੱਕ ਜੋ ਮੁੰਡੇ ਵਾਲਿਆਂ ਦੀ ਨੁਮਾਂਇੰਦਗੀ ਕਰਦਾ ਹੈ ਅਤੇ ਦੂਸਰਾ ਕੁੜੀ ਵਾਲਿਆਂ ਦੀ, ਆਪਿਸ ਵਿਚ ਇੱਕ ਦੂਜੇ ਨੂੰ ਗੀਤਾਂ ਵਿਚ ਨਹੋਰੇ ਮਾਰਦੇ ਹਨ ਅਤੇ ਆਪੋ ਆਪਣੇ ਮੁੰਡੇ ਜਾਂ ਕੁੜੀ ਦੀ ਵਿਡਿਆਈ ਕਰਦੇ ਹਨ ਤੇ ਦੂਸਰੇ ਪੱਖ ਦੀ ਨੁਕਤਾਚੀਨੀ ਕਰਦੇ ਹਨ। ਇਸ ਦੋਪਾਸੀ ਮਿੱਠੀ ਬਹਿਸਬਾਜੀ ਨੇ ਚੰਗਾ ਰੰਗ ਬੰਨਿਆਂ। ਪ੍ਰੋਗਰਾਮ ਤੋਂ ਬਾਅਦ ਹੋਈ ਮੀਟਿੰਗ ਵਿਚ ਸਰਭਸੰਮਤੀ ਨਾਲ, ਕਰਨਲ ਗੁਰਮੇਲ ਸਿੰਘ ਸੋਹੀ ਨੂੰ ਸਰਪਰੱਸਤ, ਡਾ ਬਲਜਿੰਦਰ ਸਿੰਘ ਸੇਖੋਂ ਨੂੰ ਪ੍ਰਧਾਨ, ਸ੍ਰੀ ਜਵਾਹਰ ਲਾਲ ਨੂੰ ਮੀਤ ਪ੍ਰਧਾਨ, ਸ: ਤਰਲੋਚਨ ਸਿੰਘ ਬਡਵਾਲ ਨੂੰ ਸਕੱਤਰ, ਸ: ਮਨਜੀਤ ਸਿੰਘ ਨੂੰ ਮੀਤ ਸਕੱਤਰ, ਸ: ਸੁਖਵਿੰਦਰ ਜੀਤ ਸਿੰਘ ਨੂੰ ਖਜ਼ਾਨਚੀ, ਸ੍ਰੀ ਮਤੀ ਕਿਰਨ ਲਾਲ ਅਤੇ ਸ੍ਰੀ ਮਤੀ ਪੂਨਮ ਸਿੰਘ ਨੂੰ ਸਹਾਇਕ ਖਜ਼ਾਨਚੀ, ਸ੍ਰੀ ਮਤੀ ਜੈ ਸ਼੍ਰੀ ਪਾਂਡੀਆ ਅਤੇ ਸ੍ਰੀ ਮਤੀ ਨਛੱਤਰ ਕੌਰ ਨੂੰ ਡਾਇਰੈਕਟਰ ਬਣਾਇਆ ਗਿਆ। ਇਸ ਕਲੱਬ ਬਾਰੇ ਹੋਰ ਜਾਣਕਾਰੀ ਲਈ ਤਰਲੋਚਨ ਸਿੰਘ ਬਡਵਾਲ (647 960 9841) ਜਿਨ੍ਹਾਂ ਇਸ ਕਲੱਬ ਨੂੰ ਬਣਾਉਣ ਵਿਚ ਖਾਸ ਭੂਮਿਕਾ ਨਿਭਾਈ ਹੈ, ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published.