ਕਣਕ ਦੇ ਭਾਅ ‘ਚ 40 ਰੁ: ਦਾ ਵਾਧਾ

Home » Blog » ਕਣਕ ਦੇ ਭਾਅ ‘ਚ 40 ਰੁ: ਦਾ ਵਾਧਾ
ਕਣਕ ਦੇ ਭਾਅ ‘ਚ 40 ਰੁ: ਦਾ ਵਾਧਾ

• ਮਸਰ ਅਤੇ ਸਰੋ੍ਹਾ ‘ਚ 400 ਰੁਪਏ ਕੁਇੰਟਲ ਦਾ ਵਾਧਾ • ਕੇਂਦਰ ਵਲੋਂ ਹਾੜ੍ਹੀ ਦੀਆਂ ਫ਼ਸਲਾਂ ‘ਚ ਵਾਧੇ ਦਾ ਐਲਾਨ

ਨਵੀਂ ਦਿੱਲੀ / ਕਿਸਾਨਾਂ ਦੇ ਲਗਾਤਾਰ ਚੱਲ ਰਹੇ ਅੰਦੋਲਨ ਦਰਮਿਆਨ ਕੇਂਦਰ ਸਰਕਾਰ ਨੇ ਅਗਲੇ ਸੀਜ਼ਨ ਲਈ ਹਾੜ੍ਹੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਵਧਾਉਣ ਦਾ ਐਲਾਨ ਕੀਤਾ ਹੈ | ਕਣਕ, ਜਵਾਰ, ਬਾਜਰਾ, ਛੋਲੇ, ਮਸਰ, ਕੈਨੋਲਾ, ਸਰੋ੍ਹਾ ਤੇ ਕੁਸੁਮ ਦੇ ਫੁੱਲ ਲਈ ਐੱਮ.ਐੱਸ.ਪੀ. ਦੇ ਵਾਧੇ ਨੂੰ ਬੁੱਧਵਾਰ ਨੂੰ ਕੈਬਨਿਟ ਵਲੋਂ ਮਨਜ਼ੂਰੀ ਦਿੱਤੀ ਗਈ ਹੈ | ਸਰਕਾਰ ਵਲੋਂ ਐਲਾਨੇ ਗਏ ਵਾਧੇ ‘ਚ ਸਭ ਤੋਂ ਜ਼ਿਆਦਾ ਵਾਧਾ 400 ਰੁਪਏ ਮਸਰ ਅਤੇ ਸਰੋਂ ਦੀ ਐੱਮ.ਐੱਸ.ਪੀ. ‘ਚ ਕੀਤਾ ਗਿਆ ਹੈ, ਜਦਕਿ ਕਣਕ ਦੇ ਐੱਮ.ਐੱਸ.ਪੀ. ‘ਚ ਸਿਰਫ਼ 40 ਰੁਪਏ ਦਾ ਭਾਵ 2 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ, ਜੋ ਕਿ ਇਸ ਦਹਾਕੇ ਦਾ ਸਭ ਤੋਂ ਘੱਟ ਵਾਧਾ ਹੈ | ਸਰਕਾਰ ਨੇ ਕਣਕ ਦੇ ਐੱਮ.ਐੱਸ.ਪੀ. ਨੂੰ 1975 ਰੁਪਏ ਕੁਇੰਟਲ ਤੋਂ ਵਧਾ ਕੇ 2015 ਰੁ: ਕੀਤਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਆਰਥਿਕ ਮਾਮਲਿਆਂ ਬਾਰੇ ਕਮੇਟੀ ਵਲੋਂ ਲਏ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਖੇਤੀ ਮੰਤਰਾਲੇ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਕਣਕ ਦੀ ਉਤਪਾਦਨ ਲਾਗਤ 1008 ਰੁਪਏ ਕੁਇੰਟਲ ਹੈ ਅਤੇ ਸਰਕਾਰ ਵਲੋਂ ਐੱਮ.ਐੱਸ.ਪੀ. ‘ਚ ਕੀਤੇ ਵਾਧੇ ਤੋਂ ਬਾਅਦ ਹੁਣ ਕਿਸਾਨ ਨੂੰ ਲਾਗਤ ‘ਤੇ 100 ਫ਼ੀਸਦੀ ਫਾਇਦਾ ਹੋਵੇਗਾ |

ਕੇਂਦਰ ਵਲੋਂ ਬਾਕੀ ਫ਼ਸਲਾਂ ਲਈ ਕੀਤੇ ਗਏ ਵਾਧੇ ਮੁਤਾਬਿਕ ਜਵਾਰ ਦੀ ਕੀਮਤ 1600 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 1635, ਛੋਲੇ 5100 ਰੁਪਏ ਤੋਂ ਵਧਾ ਕੇ 5235 ਰੁਪਏ, ਮਸਰ 5100 ਰੁਪਏ ਤੋਂ ਵਧਾ ਕੇ 5500 ਰੁਪਏ | ਕੈਨੋਲਾ ਅਤੇ ਸਰੋ੍ਹਾ ਦੀ ਕੀਮਤ 4650 ਰੁਪਏ ਤੋਂ ਵਧਾ ਕੇ 5050 ਰੁਪਏ ਅਤੇ ਕੁਸੁਮ ਦੇ ਫੁੱਲ ਦੀ 5327 ਰੁਪਏ ਤੋਂ ਵਧਾ ਕੇ 5441 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ | ਸਰਕਾਰ ਵਲੋਂ ਇਹ ਵਾਧਾ ਉਸ ਵੇਲੇ ਐਲਾਨਿਆ ਗਿਆ ਹੈ, ਜਦੋਂ ਹਾਲੀਆ ਸਮੇਂ ਕਿਸਾਨਾਂ ਨੇ ਆਪਣਾ ਅੰਦੋਲਨ ਹੋਰ ਤਿੱਖਾ ਕਰ ਦਿੱਤਾ ਹੈ | 5 ਸਤੰਬਰ ਨੂੰ ਮੁਜ਼ੱਫਰਨਗਰ ‘ਚ ਕੀਤੀ ਮਹਾਂਪੰਚਾਇਤ ‘ਚ ਕਿਸਾਨਾਂ ਨੇ ਵੱਡਾ ਇਕੱਠ ਕਰਕੇ ਸਰਕਾਰ ਅੱਗੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਸੀ, ਜਦਕਿ ਬੁੱਧਵਾਰ ਨੂੰ ਵੀ ਜਿਸ ਦਿਨ ਕੇਂਦਰ ਵਲੋਂ ਐੱਮ.ਐੱਸ.ਪੀ. ਐਲਾਨਿਆ ਗਿਆ, ਕਿਸਾਨ ਅਤੇ ਹਰਿਆਣਾ ਪ੍ਰਸ਼ਾਸਨ ਆਹਮੋ-ਸਾਹਮਣੇ ਸਨ |

ਕੱਪੜਾ ਸੈਕਟਰ ਲਈ 10,683 ਕਰੋੜ ਰੁਪਏ ਦੀ ਮਨਜ਼ੂਰੀ ਕੇਂਦਰੀ ਮੰਤਰੀ ਮੰਡਲ ਨੇ ਕੱਪੜਾ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ 10,683 ਕਰੋੜ ਰੁਪਏ ਦੀ ਉਤਪਾਦਨ ਅਧਾਰਿਤ ਸਕੀਮ (ਪੀ.ਐੱਲ.ਆਈ.) ਨੂੰ ਵੀ ਮਨਜ਼ੂਰੀ ਦਿੱਤੀ ਹੈ | ਕੱਪੜਾ ਮੰਤਰੀ ਪਿਊਸ਼ ਗੋਇਲ ਨੇ ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਅਗਲੇ 5 ਸਾਲ ‘ਚ ਇਹ ਰਕਮ ਖ਼ਰਚ ਕਰੇਗੀ | ਗੋਇਲ ਮੁਤਾਬਿਕ ਇਸ ਸਕੀਮ ਨਾਲ ਸਿੱਧੇ ਤੌਰ ‘ਤੇ ਸਾਢੇ 7 ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ |

56 ਟ੍ਰਾਂਸਪੋਰਟ ਜਹਾਜ਼ਾਂ ਦੀ ਖ਼ਰੀਦ ਨੂੰ ਮਨਜ਼ੂਰੀ ਸੁਰੱਖਿਆ ਸਬੰਧੀ ਕੈਬਨਿਟ ਮੰਤਰੀ ਨੇ ਭਾਰਤੀ ਹਵਾਈ ਫ਼ੌਜ ਲਈ 56 ਟ੍ਰਾਂਸਪੋਰਟ ਜਹਾਜ਼ਾਂ ਦੀ ਖ਼ਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ | ਸੀ-295 ਐੱਮ. ਡਬਲਿਊ ਜਹਾਜ਼ ‘ਚ 5 ਤੋਂ 10 ਟਨ ਸਮਰੱਥਾ ਹੈ | ਇਹ ਜਹਾਜ਼ ਹਵਾਈ ਫ਼ੌਜ ਦੇ ਪੁਰਾਣੇ ਏਨਰੋ ਜਹਾਜ਼ਾਂ ਦੀ ਥਾਂ ਲੈਣਗੇ | ਇਨ੍ਹਾਂ 56 ਜਹਾਜ਼ਾਂ ‘ਚੋਂ 40 ਦਾ ਨਿਰਮਾਣ ਭਾਰਤ ‘ਚ ਕੀਤਾ ਜਾਵੇਗਾ | ਜਾਣਕਾਰੀ ਮੁਤਾਬਿਕ ਸਮਝੌਤੇ ‘ਤੇ ਦਸਤਖ਼ਤ ਹੋਣ ਦੇ 48 ਮਹੀਨਿਆਂ ਅੰਦਰ ਸਪੇਨ ਤੋਂ 16 ਜਹਾਜ਼ਾਂ ਦੀ ਡਿਲਵਰੀ ਕੀਤੀ ਜਾਵੇਗੀ, ਜਦਕਿ 10 ਸਾਲਾਂ ਅੰਦਰ ਟਾਟਾ ਕੰਸੋਰਟੀਅਮ ਵਲੋਂ ਭਾਰਤ ‘ਚ 40 ਜਹਾਜ਼ ਬਣਾਏ ਜਾਣਗੇ |

ਕਿਸਾਨਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ-ਕੈਪਟਨ ਚੰਡੀਗੜ, 8 ਸਤੰਬਰ (ਅ.ਬ.)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਵਲੋਂ ਕਣਕ ਦੀ ਐਮ.ਐਸ.ਪੀ. ‘ਚ ਕੀਤੇ ਮਾਮੂਲੀ 40 ਰੁਪਏ ਦੇ ਵਾਧੇ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਇਸ ਨੂੰ ਕਿਸਾਨਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦੇ ਬਰਾਬਰ ਦੱਸਿਆ | ਉਨ੍ਹਾਂ ਕਿਹਾ ਕਿ ਜਦੋਂ ਭਾਰਤ ਦਾ ਖੇਤੀਬਾੜੀ ਖੇਤਰ ਔਖੇ ਸਮੇਂ ‘ਚੋਂ ਲੰਘ ਰਿਹਾ ਹੈ ਤੇ ਕਿਸਾਨ ਢੁਕਵੀਂ ਐਮ.ਐਸ.ਪੀ. ਲਈ ਅੰਦੋਲਨ ਕਰ ਰਹੇ ਹਨ, ਅਜਿਹੇ ਸਮੇਂ ‘ਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅੰਨਦਾਤਿਆਂ ਨਾਲ ਕੋਝਾ ਮਜ਼ਾਕ ਕੀਤਾ ਹੈ |

ਅਕਾਲੀ ਦਲ ਵਲੋਂ ਐਮ.ਐਸ.ਪੀ. ਰੱਦ ਚੰਡੀਗੜ੍ਹ, (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਵਲੋਂ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ‘ਚ 40 ਰੁਪਏ ਪ੍ਰਤੀ ਕੁਇੰਟਲ ਦੇ ਕੀਤੇ ਵਾਧੇ ਨੂੰ ਰੱਦ ਕਰ ਦਿੱਤਾ ਹੈ ਤੇ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਜਿਣਸ ਦੀ ਵਾਜਬ ਕੀਮਤ ਦੇਣ ਵਾਸਤੇ ਕਣਕ ਦੀ ਐਮ.ਐਸ.ਪੀ. ‘ਚ ਘੱਟੋ-ਘੱਟ 150 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਜਾਣਾ ਚਾਹੀਦਾ ਸੀ | ਉਨ੍ਹਾਂ ਨੇ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖ਼ਲ ਦੀ ਵੀ ਮੰਗ ਕੀਤੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਦਾ ਵੱਡਾ ਨੁਕਸਾਨ ਨਾ ਹੋਵੇ | ਕਿਸਾਨਾਂ ਨਾਲ ਨਵਾਂ ਮਜ਼ਾਕ-ਹੁੱਡਾ ਚੰਡੀਗੜ੍ਹ, (ਵਿਸ਼ੇਸ਼ ਪ੍ਰਤੀਨਿਧ) – ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਣਕ, ਜੌਂ ਤੇ ਛੋਲਿਆਂ ‘ਚ ਨਾ ਮਾਤਰ 2 ਫ਼ੀਸਦੀ ਨੂੰ ਨਾਕਾਫ਼ੀ ਕਰਾਰ ਦਿੱਤਾ ਤੇ ਇਹ ਕਿਸਾਨਾਂ ਨਾਲ ਮਜ਼ਾਕ ਕਿਹਾ ਹੈ |

Leave a Reply

Your email address will not be published.