ਓਮਾਨ/ਮਸਕਟ ‘ਚ ਫਸੀਆਂ 13 ਪੰਜਾਬੀ ਕੁੜੀਆਂ, ਹਰਸਿਮਰਤ ਨੇ ਕੇਂਦਰ ਨੂੰ ਕੀਤੀ ਮਦਦ ਦੀ ਅਪੀਲ

ਬਠਿੰਡਾ : ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਮਸਕਟ/ਓਮਾਨ ਵਿੱਚ ਫਸੀਆਂ 13 ਪੰਜਾਬੀਆਂ ਕੁੜੀਆਂ ਦੀ ਮਦਦ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਓਮਾਨ/ਮਸਕਟ ਵਿੱਚ ਫਸੀਆਂ ਇਨ੍ਹਾਂ 13 ਪੰਜਾਬੀ ਕੁੜੀਆਂ ਦਾ ਇੱਕ ਦੁੱਖਾਂ ਭਰਿਆ ਕਾਲ ਆਇਆ। ਇੱਕ ਸਥਾਨਕ ਏਜੰਟ ਨੇ ਉਨ੍ਹਾਂ ਨੂੰ ਘਰੇਲੂ ਸਹਾਇਕ/ ਕੁੱਕ ਵਜੋਂ ਨੌਕਰੀਆਂ ਦੇਣ ਦਾ ਭਰੋਸਾ ਦੇ ਕੇ ਉਨ੍ਹਾਂ ਨੂੰ ਆਪਣੇ ਜੋਗਾ ਛੱਡ ਦਿੱਤਾ। ਉਨ੍ਹਾਂ ਨੇ ਆਪਣੇ ਪਾਸਪੋਰਟ ਏਜੰਟਾਂ ਦੇ ਹਵਾਲੇ ਕੀਤੇ ਹੋਏ ਸਨ, ਜਿਸ ਕਰਕੇ ਹੁਣ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ।ਬੀਬਾ ਬਾਦਲ ਨੇ ਵਿਦੇਸ਼ ਮੰਤਰਾਲਾ ਦੇ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੁੜੀਆਂ ਨੂੰ ਵਿੱਤੀ ਮਦਦ ਦੇਣ ਲਈ ਇਹ ਮਾਮਲਾ ਮਸਕਟ ਦੇ ਸਬੰਧਤ ਅਧਿਕਾਰੀਆਂ ਕੋਲ ਉਠਾਉਣ ਅਤੇ ਲੜਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਕੋਲ ਵਾਪਸ ਲਿਆਉਣ ਲਈ ਤੁਰੰਤ ਅਤੇ ਢੁਕਵੀਆਂ ਕੋਸ਼ਿਸ਼ਾਂ ਕਰਨ। ਦੱਸ ਦੇਈਏ ਕਿ ਓਮਾਨ/ਮਸਕਟ ਵਿੱਚ ਲੁਧਿਆਣਾ, ਜਲੰਧਰ, ਮੋਗਾ, ਫਰੀਦਕੋਟ ਸਣੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀਆਂ ਕੁੜੀਆਂ ਘਰੇਲੂ ਨੌਕਰ ਵਜੋਂ ਕੰਮ ਕਰਨ ਗਈਆਂ ਕੁੜੀਆਂ ਫਸੀਆਂ ਹੋਈਆਂ ਹਨ। ਇੱਕ ਨਿਊਜ਼ ਚੈਨਲ ਨਾਲ ਟੈਲੀਫੋਨ ‘ਤੇ ਗੱਲਬਾਤ ਕਰਦਿਆਂ 8 ਮਹੀਨਿਆਂ ਤੋਂ ਓਮਾਨ ਵਿੱਚ ਰਹਿ ਰਹੀ ਲੁਧਿਆਣਾ ਦੀ ਰਹਿਣ ਵਾਲੀ ਅਮਨਦੀਪ ਕੌਰ ਨੇ ਦੱਸਿਆ ਕਿ ਉਹ ਢਾਈ ਮਹੀਨਿਆਂ ਤੋਂ ਬਿਨਾਂ ਕੰਮ ਅਤੇ ਰਿਹਾਇਸ਼ ਤੋਂ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਅਸੀਂ ਇੱਥੇ ਘਰ ਵਿੱਚ ਨੌਕਰਾਣੀ ਵਜੋਂ ਕੰਮ ਕਰਨ ਲਈ ਆਏ ਹਾਂ ਪਰ ਏਜੰਟਾਂ ਦੇ ਵਾਅਦੇ ਮੁਤਾਬਕ ਇੱਥੇ ਕੁਝ ਨਹੀਂ ਹੋਇਆ। ਪੰਜਾਬ ਦੀਆਂ ਕੁੜੀਆਂ ਨੂੰ ਇੱਥੇ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਨੂੰ ਜਿਸ ਤਰ੍ਹਾਂ ਦਾ ਕੰਮ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉਸ ਤਰ੍ਹਾਂ ਦਾ ਕੰਮ ਨਹੀਂ ਮਿਲਿਆ ਅਤੇ ਨਾ ਹੀ ਤਨਖ਼ਾਹ। ਇਥੇ ਬਹੁਤ ਸਾਰੀਆਂ ਔਰਤਾਂ ਹਨ, ਕਈਆਂ ਨਾਲ ਜਬਰ-ਜ਼ਨਾਹ ਵੀ ਕੀਤਾ ਗਿਆ। ਆਪਣੀ ਦੁਰਦਸ਼ਾ ਸਾਂਝੀ ਕਰਦੇ ਹੋਏ ਉਸ ਨੇ ਕਿਹਾ ਕਿ ਉਸ ਨੂੰ ਅਤੇ ਹੋਰ ਲੜਕੀਆਂ ਨੂੰ ਹਰ ਵੇਲੇ ਕੰਮ ਕਰਵਾਇਆ ਜਾਂਦਾ ਹੈ, ਸਹੀ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਨਾ ਤਾਂ ਸਾਡੇ ਕੋਲ ਪੈਸੇ ਹਨ ਤੇ ਨਾ ਹੀ ਪਾਸਪੋਰਟ। ਸਾਡੇ ਇੱਥੇ ਪਹੁੰਚਣ ‘ਤੇ ਏਜੰਟਾਂ ਨੇ ਪਾਸਪੋਰਟ ਲੈ ਲਏ। ਹੁਣ ਅਸੀਂ ਜਿੱਥੇ ਕੰਮ ਕਰ ਰਹੇ ਸੀ, ਉਥੋਂ ਕੰਮ ਛੱਡ ਦਿੱਤਾ ਹੈ ਅਤੇ ਸਾਡੇ ਕੋਲ ਕੋਈ ਕੰਮ ਨਹੀਂ ਹੈ। ਮਦਦ ਲਈ ਕਈ ਦਰਵਾਜ਼ੇ ਖੜਕਾਏ ਪਰ ਕੋਈ ਜਵਾਬ ਨਹੀਂ ਮਿਲਿਆ। ਅਸੀਂ ਭਾਰਤੀ ਦੂਤਾਵਾਸ ਤੱਕ ਪਹੁੰਚ ਕੀਤੀ ਪਰ ਉਨ੍ਹਾਂ ਨੇ ਸਾਡੀ ਕੋਈ ਮਦਦ ਨਹੀਂ ਕੀਤੀ। ਦੂਤਾਵਾਸ ਨੇ ਸਾਡੀ ਵਾਪਸੀ ਦੀ ਸਹੂਲਤ ਲਈ ਸਾਨੂੰ 1.2 ਲੱਖ ਰੁਪਏ ਦਾ ਜੁਰਮਾਨਾ ਅਦਾ ਕਰਨ ਲਈ ਕਿਹਾ। ਉਨ੍ਹਾਂ ਨੇ ਸਾਨੂੰ ਰਿਪੋਰਟ ਦਰਜ ਕਰਨ ਅਤੇ ਦੋ ਤੋਂ ਤਿੰਨ ਮਹੀਨੇ ਉਡੀਕ ਕਰਨ ਲਈ ਕਿਹਾ। ਉਨ੍ਹਾਂ ਸੀ.ਐੱਮ. ਮਾਨ ਨੂੰ ਮਦਦ ਦੀ ਗੁਹਾਰ ਲਾਈ ਹੈ।

Leave a Reply

Your email address will not be published.