ਐਮੀ ਵਿਰਕ ਦੀ ਫ਼ਿਲਮ `ਆਜਾ ਮੈਕਸੀਕੋ ਚੱਲੀਏ’ ਸੁਪਰਹਿੱਟ, 10 ਦਿਨਾਂ `ਚ ਰਿਕਾਰਡਤੋੜ ਕਮਾਈ

ਐਮੀ ਵਿਰਕ ਦੀ ਫ਼ਿਲਮ `ਆਜਾ ਮੈਕਸੀਕੋ ਚੱਲੀਏ’ ਸੁਪਰਹਿੱਟ, 10 ਦਿਨਾਂ `ਚ ਰਿਕਾਰਡਤੋੜ ਕਮਾਈ

ਪੰਜਾਬ `ਚ ਕਮਰਸ਼ੀਅਲ ਫ਼ਿਲਮਾਂ ਦਾ ਦੌਰ ਚੱਲ ਰਿਹਾ ਹੈ।

ਇਸ ਦਰਮਿਆਨ ਕਿਸੇ ਚੰਗੇ ਵਿਸ਼ੇ ਜਾਂ ਪੰਜਾਬ ਦੇ ਕਿਸੇ ਮੁੱਦੇ `ਤੇ ਫ਼ਿਲਮਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ। ਸ਼ਾਇਦ ਫ਼ਿਲਮ ਨਿਰਮਾਤਾ-ਨਿਰਦੇਸ਼ਕ ਜਾਂ ਖ਼ੁਦ ਕਲਾਕਾਰ ਵੀ ਇਹੋ ਜਿਹੀਆਂ ਫ਼ਿਲਮਾਂ ਤੋਂ ਗ਼ੁਰੇਜ਼ ਕਰਦੇ ਹਨ। ਕਿਉਂਕਿ ਉਨ੍ਹਾਂ ਨੂੰ ਡਰ ਰਹਿੰਦਾ ਹੈ ਕਿ ਇਸ ਤਰ੍ਹਾਂ ਦੀ ਗੰਭੀਰ ਮੁੱਦੇ `ਤੇ ਬਣਾਈ ਫ਼ਿਲਮ ਚੱਲੇਗੀ ਜਾਂ ਨਹੀਂ। ਅਜਿਹੇ `ਚ ਪਾਲੀਵੁੱਡ ਅਦਾਕਾਰ ਤੇ ਗਾਇਕ ਐਮੀ ਵਿਰਕ ਨੇ ਸਾਬਤ ਕਰ ਦਿਖਾਇਆ ਹੈ ਕਿ ਪੰਜਾਬ ਦੀ ਜਨਤਾ ਸਿਰਫ਼ ਹਾਸਾ ਠੱਠਾ ਹੀ ਪਸੰਦ ਨਹੀਂ ਕਰਦੀ। ਸਗੋਂ ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ ਆਮ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਵੱਡੇ ਪਰਦੇ `ਤੇ ਦਿਖਾਇਆ ਜਾਵੇ।

ਆਜਾ ਮੈਕਸੀਕੋ ਨੇ 10 ਦਿਨਾਂ `ਚ ਕਮਾਏ 17.75 ਕਰੋੜ ਰੁਪਏ

ਐਮੀ ਵਿਰਕ ਦੀ ਫ਼ਿਲਮ ਆਜਾ ਮੈਕਸੀਕੋ ਚੱਲੀਏ ਲੋਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ। ਇਹੀ ਨਹੀਂ ਫ਼ਿਲਮ ਕ੍ਰਿਟੀਕਸ ਨੇ ਵੀ ਇਸ ਫ਼ਿਲਮ ਦੀ ਕਾਫ਼ੀ ਤਾਰੀਫ਼ ਕੀਤੀ ਹੈ। ਲੋਕਾਂ ਦਾ ਕਹਿਣੈ ਕਿ ਪੰਜਾਬ `ਚ ਅੱਜ ਤੱਕ ਕਿਸੇ ਗੰਭੀਰ ਮੁੱਦੇ `ਤੇ ਕੋਈ ਫ਼ਿਲਮ ਨਹੀਂ ਬਣੀ। ਲੋਕ ਆਮ ਜਨਤਾ ਨਾਲ ਜੁੜੀਆਂ ਸਮੱਸਿਆਵਾਂ ਨੂੰ ਫ਼ਿਲਮਾਂ `ਚ ਦੇਖਣਾ ਚਾਹੁੰਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਇਹ ਫ਼ਿਲਮ ਲੋਕਾਂ ਨੂੰ ਖ਼ੂਬ ਪਸੰਦ ਆ ਰਹੀ ਹੈ।ਲੋਕਾਂ ਦੀ ਪਸੰਦ ਬਣਨ ਦੇ ਨਾਲ ਨਾਲ ਇਹ ਫ਼ਿਲਮ ਬਾਕਸ ਆਫ਼ਿਸ ;ਤੇ ਵੀ ਸੁਪਰ-ਡੁਪਰ ਹਿੱਟ ਸਾਬਤ ਹੋ ਰਹੀ ਹੈ। ਮਹਿਜ਼ 10 ਦਿਨਾਂ ਵਿੱਚ ਹੀ ਇਸ ਫ਼ਿਲਮ ਨੇ 17.75 ਕਰੋੜ ਦੀ ਕਮਾਈ ਕਰ ਲਈ ਹੈ। ਜੇ ਬਾਲੀਵੁੱਡ ਨਾਲ ਤੁਲਨਾ ਕਰੀਏ ਤਾਂ ਭਾਵੇਂ ਇਹ ਅੰਕੜਾ ਬਹੁਤਾ ਵੱਡਾ ਨਹੀਂ ਲੱਗਦਾ, ਪਰ ਪੰਜਾਬ ਦੇ ਹਿਸਾਬ ਇਹ ਮੀਲ ਪੱਥਰ ਹੈ। ਇਸ ਤਰ੍ਹਾਂ ਦੇ ਅਲੱਗ ਮੁੱਦੇ `ਤੇ ਬਣਾਈ ਫ਼ਿਲਮ ਨੂੰ ਲੋਕਾਂ ਦਾ ਪਿਆਰ ਮਿਲਣਾ ਤੇ ਫ਼ਿਲਮ ਦਾ ਬਾਕਸ ਆਫ਼ਿਸ `ਤੇ ਰਾਜ ਕਰਨਾ ਇਹ ਸਾਬਤ ਕਰਦਾ ਹੈ ਕਿ ਪੰਜਾਬੀ ਹੁਣ ਅਲੱਗ ਮੁੱਦਿਆਂ `ਤੇ ਫ਼ਿਲਮਾਂ ਦੇਖਣਾ ਚਾਹੁੰਦੇ ਹਨ। ਐਮੀ ਵਿਰਕ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਪੋਸਟ ;ਤੇ ਫ਼ੋਟੋ ਸ਼ੇਅਰ ਕਰ ਇਹ ਜਾਣਕਾਰੀ ਆਪਣੇ ਫ਼ੈਨਜ਼ ਨਾਲ ਸਾਂਝੀ ਕੀਤੀ।

ਬਿਲਕੁਲ ਅਲੱਗ ਮੁੱਦੇ `ਤੇ ਬਣੀ ਹੈ ਆਜਾ ਮੈਕਸੀਕੋ ਚੱਲੀਏ

ਪੰਜਾਬੀਆਂ `ਚ ਖ਼ਾਸ ਕਰਕੇ ਨੌਜਵਾਨਾਂ ਵਿੱਚ ਵਿਦੇਸ਼ਾਂ `ਚ ਜਾਣ ਦਾ ਖ਼ਾਸਾ ਕ੍ਰੇਜ਼ ਹੈ। ਅਜਿਹੇ `ਚ ਜੇਕਰ ਉਨ੍ਹਾਂ ਦਾ ਵੀਜ਼ਾ ਨਹੀਂ ਲੱਗਦਾ ਜਾਂ ਬਾਹਰ ਜਾਣ ਵਿੱਚ ਕੋਈ ਰੁਕਾਵਟ ਆਉਂਦੀ ਹੈ ਤਾਂ ਉਹ ਕਿਸੇ ਵੀ ਤਰ੍ਹਾਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਹਨ। ਜ਼ਿਆਦਾਤਰ ਲੋਕ ਯੂਐੱਸਏ ਯਾਨਿ ਅਮਰੀਕਾ ਦੀ ਚਮਕ ਦਮਕ ਤੇ ਉੱਥੇ ਦੇ ਲਾਈਫ਼ਸਟਾਈਲ ਨੂੰ ਦੇਖ ਕੇ ਅਮਰੀਕਾ ਜਾਣਾ ਚਾਹੁੰਦੇ ਹਨ। ਪਰ ਕਈ ਵਾਰ ਉਨ੍ਹਾਂ ਨੂੰ ਗ਼ਲਤ ਏਜੰਟ ਮਿਲਣ ਕਾਰਨ ਉਹ ਸਹੀ ਢੰਗ ਨਾਲ ਆਪਣੀ ਮੰਜ਼ਲ `ਤੇ ਪਹੁੰਚ ਨਹੀਂ ਪਾਉਂਦੇ।

ਜਿਸ ਦੇ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਹਨ। ਕਈ ਟਰੈਵਲ ਏਜੰਟ ਪੰਜਾਬੀਆਂ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਮੈਕਸੀਕੋ ਦੇ ਰਸਤੇ ਤੋਂ ਅਮਰੀਕਾ ਭੇਜਦੇ ਹਨ। ਯਾਨਿ ਕਿ ਉਨ੍ਹਾਂ ਨੂੰ ਅਮਰੀਕਾ ਪਹੁੰਚਣ ਲਈ ਮੈਕਸੀਕੋ ਦਾ ਸੰਘਣਾ ਜੰਗਲ ਪਾਰ ਕਰਨਾ ਪੈਂਦਾ ਹੈ। ਹਰ ਕਿਸੇ ਦੀ ਕਿਸਮਤ ਇੰਨੀਂ ਚੰਗੀ ਨਹੀਂ ਹੁੰਦੀ, ਕਿਉਂਕਿ ਕਈ ਲੋਕ ਇਸ ਜੰਗਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਕਰਦੇ ਇਨ੍ਹਾਂ ਜੰਗਲਾਂ ਵਿਚ ਹਮੇਸ਼ਾ ਲਈ ਅਲੋਪ ਹੋ ਜਾਂਦੇ ਹਨ। ਇਸੇ ਮੁੱਦੇ ਨੂੰ ਫ਼ਿਲਮ ਰਾਹੀਂ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਹੈ।

ਜ਼ਾਹਰ ਗੱਲ ਹੈ ਕਿ ਸਿਨੇਮਾ ਆਪਣੀ ਗੱਲ ਲੱਖਾਂ ਕਰੋੜਾਂ ਲੋਕਾਂ ਤੱਕ ਪਹੁੰਚਾਉਣ ਦਾ ਸਭ ਤੋਂ ਬੇਹਤਰੀਨ ਜ਼ਰੀਆ ਹੈ। ਫ਼ਿਲਮਾਂ ਨੂੰ ਸਮਾਜ ਦਾ ਅਕਸ ਕਹਿਣਾ ਗ਼ਲਤ ਨਹੀਂ ਹੋਵੇਗਾ। ਕਿਉਂਕਿ ਲੋਕ ਖ਼ਾਸ ਕਰਕੇ ਨੌਜਵਾਨ ਪੀੜ੍ਹੀ, ਜੋ ਆਪਣੇ ਮਨਪਸੰਦ ਕਲਾਕਾਰਾਂ ਨੂੰ ਫ਼ਾਲੋ ਕਰਦੇ ਹਨ। ਉਹ ਸਿਰਫ਼ ਉਨ੍ਹਾਂ ਨੂੰ ਸੋਸ਼ਲ ਮੀਡੀਆ ਪਲੇਫ਼ਾਰਮਾਂ `ਤੇ ਹੀ ਫ਼ਾਲੋ ਨਹੀਂ ਕਰਦੇ ਸਗੋਂ ਉਹ ਆਪਣੇ ਮਨਪਸੰਦ ਕਲਾਕਾਰਾਂ ਦੀਆਂ ਪੈੜ੍ਹ ਚਾਲਾਂ `ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਇਸ ਸਭ ਦੇ ਦਰਮਿਆਨ ਇਹ ਕਲਾਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਦਰਸ਼ਕਾਂ ਅੱਗੇ ਕੀ ਪਰੋਸ ਰਹੇ ਹਨ।

Leave a Reply

Your email address will not be published.