ਐਨ.ਆਰ.ਆਈ ਨੇ ਤਿਆਰ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦੀ ਡਾਕੂਮੈਂਟਰੀ ਸੀਰੀਜ਼

ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਵਿਚ ਚਾਰੇ ਦਿਸ਼ਾਵਾਂ ‘ਚ 38 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਚਾਰ ਯਾਤਰਾਵਾਂ ਕੀਤੀਆਂ। ਉਨ੍ਹਾਂ ਉਸ ਦਾ ਮਕਸਦ ਕੀ ਸੀ ? ਉਨ੍ਹਾਂ ਨੇ ਯਾਤਰਾਵਾਂ ਕਿਉਂ ਕੀਤੀਆਂ ? ਇਸ ਮਕਸਦ ਨੂੰ ਪੂਰਾ ਕਰਨ ਲਈ ਉਹ ਕਿੱਥੇ-ਕਿੱਥੇ ਗਏ, ਇਸ ਬਾਰੇ ਕਈ ਕਿਤਾਬਾਂ ਲਿਖੀਆਂ ਗਈਆਂ ਹਨ, ਪਰ ਅੱਜ ਦੇ ਸਮੇਂ ਦੇ ਮਾਧਿਅਮ ‘ਚ ਇਸ ਨੂੰ ਸਮਝਾਉਣ ਲਈ ਐਨਆਰਆਈ ਅਮਰਦੀਪ ਸਿੰਘ ਨੇ ਚਾਰ ਸਾਲ ਲਗਾ ਕੇ 24 ਹਿੱਸਿਆਂ ‘ਚ ਦਸਤਾਵੇਜ਼ੀ ਫ਼ਿਲਮ ਤਿਆਰ ਕੀਤੀ ਹੈ। ਇਹ ਦਸਤਾਵੇਜ਼ੀ ਫਿਲਮ ਹੁਣ ਤਕ ਤਿੰਨ ਭਾਸ਼ਾਵਾਂ ਅੰਗਰੇਜ਼ੀ, ਗੁਰਮੁਖੀ ਤੇ ਸ਼ਾਹਮੁਖੀ ‘ਚ ਰਿਲੀਜ਼ ਹੋ ਚੁੱਕੀ ਹੈ ਤੇ ਹਿੰਦੀ ਵਿਚ ਵੀ ਰਿਲੀਜ਼ ਕਰਨ ਦੀ ਤਿਆਰੀ ਹੈ। 2014 ਤਕ 25 ਸਾਲ ਅਮੇਰਿਕਨ ਐਕਸਪ੍ਰੈੱਸ ਬੈਂਕ ‘ਚ ਏਸ਼ਿਆਈ ਦੇਸ਼ਾਂ ‘ਚ ਉਨ੍ਹਾਂ ਦਾ ਕੰਮ ਦੇਖਣ ਵਾਲੇ ਅਮਰਦੀਪ ਨੂੰ ਆਖ਼ਿਰ ਕੀ ਸੁੱਝੀ ਕਿ ਉਨ੍ਹਾਂ ਨੇ ਇੰਨੇ ਵੱਡੇ ਕਾਰਪੋਰੇਟ ਜਗਤ ਨੂੰ ਛੱਡ ਕੇ ਆਪਣੀ ਪਤਨੀ ਨਾਲ 24 ਹਿੱਸਿਆਂ ‘ਚ ਇਹ ਸੀਰੀਜ਼ ਤਿਆਰ ਕੀਤੀ, ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕਈ ਵਾਰ ਤੁਹਾਡਾ ਪੈਸ਼ਨ ਕੁਝ ਹੁੰਦਾ ਹੈ, ਪਰ ਤੁਸੀਂ ਕਰ ਕੁਝ ਹੋ ਰਹੇ ਹੁੰਦੇ ਹੋ। ਉਨ੍ਹਾਂ ਦੱਸਿਆ ਕਿ 1947 ਦੀ ਵੰਡ ਵੇਲੇ ਸਾਡਾ ਪਰਿਵਾਰ ਪਾਕਿਸਤਾਨ ਦੇ ਮੁਜ਼ੱਫਰਾਬਾਦ ਤੋਂ ਭਾਰਤ ਆਇਆ ਸੀ। ਕਈ ਵਾਰ ਮੈਂ ਆਪਣੇ ਪੁਰਖਿਆਂ ਦੀ ਧਰਤੀ ‘ਤੇ ਜਾਣ ਬਾਰੇ ਸੋਚਿਆ। ਜਦੋਂ ਮੈਂ 2014 ‘ਚ ਪਾਕਿਸਤਾਨ ਗਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਬਾਰੇ ਕੁਝ ਲਿਖਣ ਦੇ ਦਰਵਾਜ਼ੇ ਆਪਣੇ ਆਪ ਖੁੱਲ੍ਹ ਗਏ। ਪਹਿਲਾਂ ਦੋ ਕਿਤਾਬਾਂ ਲਿਖੀਆਂ, ਪਰ 2018 ‘ਚ ਅਹਿਸਾਸ ਹੋਇਆ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਯਾਤਰਾ ਨੂੰ ਫਿਲਮਾਇਆ ਨਹੀਂ ਗਿਆ। ਇਹ ਕੀਤਾ ਜਾਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਨੇ ਨੌਂ ਦੇਸ਼ਾਂ ਦੀ ਯਾਤਰਾ ਕੀਤੀ ਹੈ। ਅੱਜ ਵੀ ਅਫ਼ਗਾਨਿਸਤਾਨ, ਇਰਾਕ ਆਦਿ ਦੇਸ਼ਾਂ ‘ਚ ਸਥਿਤੀ ਚੰਗੀ ਨਹੀਂ ਹੈ। ਉੱਥੇ ਹੀ ਵੀਡੀਓਗ੍ਰਾਫੀ ਖਤਰੇ ਤੋਂ ਖਾਲੀ ਨਹੀਂ ਹੈ ਪਰ ਅਸੀਂ ਉੱਥੇ ਦੇ ਸਥਾਨਕ ਲੋਕਾਂ ਦੀ ਮਦਦ ਨਾਲ ਚੁੱਪਚਾਪ ਕੰਮ ਕੀਤਾ। ਇਸ ਯਾਤਰਾ ‘ਚ ਅਮਰਦੀਪ ਦੀ ਪਤਨੀ ਵਨਿੰਦਰ ਕੌਰ ਵੀ ਉਨ੍ਹਾਂ ਦੇ ਨਾਲ ਰਹੇ ਤੇ ਗੁਰੂ ਨਾਨਕ ਸਾਹਿਬ ਨੂੰ ਸਮਝਣ ਲਈ ਉਨ੍ਹਾਂ ਦੀ 37 ਰਾਗਾਂ ‘ਚ ਲਿਖੀ ਬਾਣੀ ਦੇ ਗਾਇਨ ਰਾਹੀਂ ਸਮਝਾਉਣ ਦਾ ਕੰਮ ਉਨ੍ਹਾਂ ਆਪਣੀ ਟੀਮ ਜ਼ਰੀਏ ਪੂਰਾ ਕੀਤਾ ਹੈ। ਅਮਰਦੀਪ ਦੱਸਦੇ ਹਨ ਕਿ ਅਸੀਂ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਗੁਰਦੁਆਰਿਆਂ ‘ਚ ਲੱਭ ਰਹੇ ਹਾਂ, ਪਰ ਉਨ੍ਹਾਂ ਨੂੰ ਸਮਝਣਾ ਹੈ ਤਾਂ ਉਨ੍ਹਾਂ ਦੇ ਸ਼ਬਦਾਂ ‘ਚ ਸਮਝਣਾ ਪਵੇਗਾ। ਉਨ੍ਹਾਂ ਆਪਣੇ ਬਾਰੇ ਕਦੀ ਕੁਝ ਨਹੀਂ ਲਿਖਿਆ। ਅਸੀਂ ਉਨ੍ਹਾਂ ਦੇ ਸ਼ਬਦਾਂ ਦੀ ਸੂਚੀ ਤਿਆਰ ਕੀਤੀ ਤੇ ਕਮਾਲ ਦੀ ਗੱਲ ਇਹ ਹੈ ਕਿ ਇਸ ਕੰਮ ‘ਚ ਜਿੱਥੇ ਸਿੱਖ ਨੌਜਵਾਨਾਂ ਨੇ ਆਪਣਾ ਯੋਗਦਾਨ ਦਿੱਤਾ, ਉੱਥੇ ਹੀ ਮੁਸਲਿਮ ਭਾਈਚਾਰੇ ਤੇ ਹਿੰਦੂ ਵਰਗ ਦੇ ਲੋਕਾਂ ਨੇ ਵੀ ਓਨਾ ਹੀ ਕੰਮ ਕੀਤਾ। ਇਹੀ ਆਪਸੀ ਪ੍ਰੇਮ ਬਾਬਾ ਨਾਨਕ ਦਾ ਦਰਸ਼ਨ ਹੈ। ਬਕੌਲ ਅਮਰਦੀਪ ਟੀਮ ਦੇ ਮੈਂਬਰ ਜਦੋਂ ਕੈਲਾਸ਼ ਪਰਬਤ ਪੁੱਜੇ ਤਾਂ 15,000 ਫੁੱਟ ਦੀ ਉਚਾਈ ‘ਤੇ ਉਨ੍ਹਾਂ ਨੂੰ ਉਲਟੀਆਂ ਆਉਣ ਲੱਗੀਆਂ, ਪਰ ਕੋਈ ਵੀ ਮੈਂਬਰ ਕੰਮ ਨੂੰ ਪੂਰਾ ਕੀਤੇ ਬਿਨਾਂ ਨਹੀਂ ਪਰਤਿਆ। ਅਫ਼ਗਾਨਿਸਤਾਨ ‘ਚ ਜਦੋਂ ਪਤਨੀ ਨੂੰ ਗੱਡੀ ਚਲਾਉਂਦੇ ਦੇਖਿਆ ਤਾਂ ਲੋਕਾਂ ਨੇ ਸਾਨੂੰ ਬਹੁਤ ਡਰਾਇਆ ਕਿ ਇੱਥੇ ਔਰਤਾਂ ਗੱਡੀ ਨਹੀਂ ਚਲਾ ਸਕਦੀਆਂ, ਪਰ ਨਿਰਭੈ ਹੋਣ ਦੀ ਜਿਹੜੀ ਸ਼ਕਤੀ ਬਾਬੇ ਨਾਨਕ ਨੇ ਦਿੱਤੀ ਹੈ ਇਹ ਸਮੱਸਿਆਵਾਂ ਆਪਣੇ ਆਪ ਹੱਲ ਹੋ ਗਈਆਂ। ਅਮਰਦੀਪ ਨੇ ਦੱਸਿਆ ਕਿ ਅਸੀਂ ਇਸ 24 ਪਾਰਟਸ ਦੀ ਡਾਕੂਮੈਂਟਰੀ ਇੰਟਰਨੈੱਟ ਮੀਡੀਆ ‘ਤੇ ਅਪਲੇਡ ਕਰ ਦਿੱਤੀ ਹੈ ਤੇ ਇਹ ਬਿਲਕੁਲ ਮੁਫਤ ਹੈ। ਅਮਰਦੀਪ ਹਾਲ ਹੀ ‘ਚ ਚੰਡੀਗੜ੍ਹ ਵਿਚ ਸਨ ਜਿੱਥੇ ਉਨ੍ਹਾਂ ਇਸ ਦਾ ਆਖਰੀ ਪਾਰਟ ਰਿਲੀਜ਼ ਕੀਤਾ।

Leave a Reply

Your email address will not be published. Required fields are marked *