ਐਡਵੋਕੇਟ ਜਨਰਲ ਦਾ ਅਸਤੀਫ਼ਾ ਪ੍ਰਵਾਨ ਡੀ.ਜੀ.ਪੀ. ਵੀ ਬਦਲਿਆ ਜਾਵੇਗਾ

ਆਖਿਰ ਚੰਨੀ ਨੇ ਮੰਨੀਆਂ ਸਿੱਧੂੁ ਦੀਆਂ ਮੰਗਾਂ-ਨਵੇਂ ਏ.ਜੀ. ਦੀ ਨਿਯੁਕਤੀ ਅੱਜ

ਚੰਡੀਗੜ੍ਹ / ਪੰਜਾਬ ਦੇ ਐਡਵੋਕੇਟ ਜਨਰਲ ਏ.ਪੀ.ਐਸ. ਦਿਓਲ ਅਤੇ ਡੀ.ਜੀ.ਪੀ. ਸ. ਇਕਬਾਲਪ੍ਰੀਤ ਸਿੰਘ ਸਹੋਤਾ ਦੀਆਂ ਨਿਯੁਕਤੀਆਂ ਨੂੰ ਲੈ ਕੇ ਮੁੱਖ ਮੰਤਰੀ ਸ[ ਚਰਨਜੀਤ ਸਿੰਘ ਚੰਨੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸ.ਨਵਜੋਤ ਸਿੰਘ ਸਿੱਧੂ ਦਰਮਿਆਨ ਮਗਰਲੇ ਕਈ ਦਿਨਾਂ ਤੋਂ ਚੱਲ ਰਿਹਾ ਵਿਵਾਦ ਅੱਜ ਖ਼ਤਮ ਹੋ ਗਿਆ, ਜਦੋਂ ਮੁੱਖ ਮੰਤਰੀ ਸ. ਚੰਨੀ ਨੇ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਸ[ ਦਿEਲ ਦਾ ਅਸਤੀਫ਼ਾ ਪ੍ਰਵਾਨ ਕਰਨ ਦਾ ਐਲਾਨ ਕਰ ਦਿੱਤਾ। ਮੁੱਖ ਮੰਤਰੀ ਦੱਸਿਆ ਕਿ ਮੰਤਰੀ ਮੰਡਲ ਦੀ ਪ੍ਰਵਾਨਗੀ ਤੋਂ ਬਾਅਦ ਅਸਤੀਫ਼ਾ ਪ੍ਰਵਾਨਗੀ ਲਈ ਰਾਜਪਾਲ ਪੰਜਾਬ ਨੂੰ ਭੇਜ ਦਿੱਤਾ ਗਿਆ ਹੈ ਅਤੇ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਕੱਲ੍ਹ ਤੱਕ ਹੋ ਜਾਵੇਗੀ। ਮੁੱਖ ਮੰਤਰੀ ਇਹ ਵੀ ਕਿਹਾ ਕਿ ਡੀ.ਜੀ.ਪੀ. ਦੀ ਨਿਯੁਕਤੀ ਲਈ ਵੀ ਭਾਰਤ ਸਰਕਾਰ ਨੂੰ 30 ਸਾਲਾਂ ਤੋਂ ਵੱਧ ਸੇਵਾਕਾਲ ਵਾਲੇ ਸਾਰੇ ਪੁਲਿਸ ਅਧਿਕਾਰੀਆਂ ਦੇ ਨਾਂਅ ਭੇਜੇ ਹੋਏ ਹਨ ਅਤੇ ਇਨ੍ਹਾਂ ਦੇ ਆਧਾਰ ‘ਤੇ ਜੋ ਵੀ ਪੈਨਲ ਯੂ[ਪੀ[ਐਸ[ਸੀ[ ਵਲੋਂ ਰਾਜ ਨੂੰ ਭੇਜਿਆ ਜਾਵੇਗਾ ਉਸ ਨੂੰ ਵਿਚਾਰਨ ਤੋਂ ਬਾਅਦ ਨਵੇਂ ਡੀ.ਜੀ.ਪੀ. ਦੀ ਨਿਯੁਕਤੀ ਕੀਤੀ ਜਾਵੇਗੀ।

ਦਿਲਚਸਪ ਗੱਲ ਇਹ ਸੀ ਕਿ ਪੱਤਰਕਾਰ ਸੰਮੇਲਨ ਵਿਚ ਸ. ਸਿੱਧੂ ਵੀ ਮੁੱਖ ਮੰਤਰੀ ਨਾਲ ਬੈਠੇ ਸਨ ਪ੍ਰੰਤੂ ਉਨ੍ਹਾਂ ਇਸ ਮੁੱਦੇ ‘ਤੇ ਕੁਝ ਨਹੀਂ ਕਿਹਾ। ਮੁੱਖ ਮੰਤਰੀ ਦੇ ਐਲਾਨ ਤੋਂ ਸਪਸ਼ਟ ਸੀ ਕਿ ਸ. ਸਿੱਧੂ ਵਲੋਂ ਉਠਾਏ ਜਾ ਰਹੇ ਦੋਵਾਂ ਮੁੱਦਿਆਂ ਨੂੰ ਸਰਕਾਰ ਨੇ ਆਖ਼ਰਕਾਰ ਪ੍ਰਵਾਨ ਕਰ ਹੀ ਲਿਆ ਹੈ। ਸ. ਸਿੱਧੂ ਜਿਨ੍ਹਾਂ ਇਨ੍ਹਾਂ ਦੋ ਅਧਿਕਾਰੀਆਂ ਦੀ ਨਿਯੁਕਤੀ ਨੂੰ ਲੈ ਕੇ ਅਸਤੀਫ਼ਾ ਦਿੱਤਾ ਸੀ ਅਤੇ ਕਾਂਗਰਸ ਭਵਨ ਵਿਖੇ ਆਪਣੇ ਦਫ਼ਤਰ ਵੀ ਨਹੀਂ ਜਾ ਰਹੇ ਸਨ, ਸਬੰਧੀ ਸਮਝਿਆ ਜਾਂਦਾ ਹੈ ਕਿ ਉਹ ਕੱਲ੍ਹ ਤੋਂ ਪ੍ਰਦੇਸ਼ ਕਾਂਗਰਸ ਦੇ ਦਫ਼ਤਰ ਵਿਖੇ ਵੀ ਆਪਣੀਆਂ ਜ਼ਿੰਮੇਵਾਰੀਆਂ ਬਕਾਇਦਾ ਸੰਭਾਲ ਸਕਦੇ ਹਨ। ਅੱਜ ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਸ. ਸਿੱਧੂ ਨਾਲ ਮੁੱਖ ਮੰਤਰੀ ਵਲੋਂ ਮੁਲਾਕਾਤ ਕੀਤੀ ਗਈ। ਸ. ਸਿੱਧੂ ਜੋ ਅੱਜ ਸਵੇਰੇ ਡੇਰਾ ਬਾਬਾ ਨਾਨਕ ਗਏ ਸਨ ਨੂੰ ਪਾਰਟੀ ਹਾਈਕਮਾਂਨ ਵਲੋਂ ਬਾਅਦ ਦੁਪਹਿਰ ਚੰਡੀਗੜ੍ਹ ਪੁੱਜਣ ਲਈ ਸੁਨੇਹਾ ਦਿੱਤਾ ਸੀ ਤਾਂ ਜੋ ਪੰਜਾਬ ਕਾਂਗਰਸ ਵਿਚਲਾ ਕਲੇਸ਼ ਖ਼ਤਮ ਹੋ ਸਕੇ।

Leave a Reply

Your email address will not be published. Required fields are marked *