ਏਕ ਚਿੰਗਾਰੀ ਕਹੀਂ ਸੇ ਢੂੰਡ ਲਾਉ ਦੋਸਤੋ

Home » Blog » ਏਕ ਚਿੰਗਾਰੀ ਕਹੀਂ ਸੇ ਢੂੰਡ ਲਾਉ ਦੋਸਤੋ
ਏਕ ਚਿੰਗਾਰੀ ਕਹੀਂ ਸੇ ਢੂੰਡ ਲਾਉ ਦੋਸਤੋ

ਡਾ. ਦਰਸ਼ਨ ਪਾਲ ਇਤਿਹਾਸ ਜ਼ਿੰਦਗੀ ਵਾਂਗ ਹੀ ਇਕ ਬੜਾ ਦਿਲਚਸਪ ਅਤੇ ਅਲੌਕਿਕ ਵਰਤਾਰਾ ਹੈ।

ਜਿਉਂਦੇ ਜਾਗਦੇ ਪਾਤਰਾਂ ਵਾਂਗ। ਵਿਗਸਦੇ ਬਿਨਸਦੇ ਇਨਸਾਨਾਂ ਵਾਂਗ। ਇਹ ਕਦੇ ਬੜਾ ਹਾਰਿਆ ਹੋਇਆ, ਥੱਕਿਆ ਹੋਇਆ, ਉਦਾਸ ਅਤੇ ਹਤਾਸ਼ ਹੁੰਦਾ ਹੈ। ਪਰ ਕਦੇ ਸਰਪੱਟ ਦੌੜਦਾ ਹੋਇਆ, ਜੋਸ਼ ਭਰਪੂਰ, ਕੁਹਰਾਮ ਮਚਾਉਂਦਾ ਹੋਇਆ, ਵਿਸ਼ਾਲ ਕ੍ਰਾਂਤੀ/ ਤਬਦੀਲੀਆਂ ਦੇ ਰੂਪ ਵਿਚ ਵੀ ਸਾਹਮਣੇ ਹੁੰਦਾ ਹੈ। ਕਦੇ ਬੁਝੀ ਹੋਈ ਭੁੱਬਲ ਵਾਂਗ ਹੁੰਦਾ ਹੈ ਅਤੇ ਕਦੇ ਸਹਿਕਦੀ ਹੋਈ ਕਿਸੇ ਚੰਗਿਆੜੀ ਵਾਂਗ। ਪਰ ਕਈ ਵਾਰ ਇਹ ਬੁਝ ਰਹੀ, ਧੁਖ਼ ਰਹੀ ਇਸ ਇਕ ਚੰਗਿਆੜੀ ਤੋਂ ਲਟਲਟ ਬਲਦੇ ਭਾਬੜਾਂ ਵਿਚ ਵੀ ਤਾਂ ਤਬਦੀਲ ਹੋ ਜਾਂਦਾ ਹੈ। ਇਸ ਤਰ੍ਹਾਂ ਇਕ ਵਾਰ ਨਹੀਂ ਸਗੋਂ ਅਣਗਿਣਤ ਵਾਰ ਸੰਸਾਰ ਇਤਿਹਾਸ ਵਿਚ ਵਾਪਰਿਆ ਹੈ। ਇਸ ਤੱਥ ਦੀ ਪੁਸ਼ਟੀ ਲਈ ਇਕ ਉਦਾਹਰਣ ਹੀ ਕਾਫ਼ੀ ਹੋਵੇਗੀ। ਅੰਗਰੇਜ਼ੀ ਬਸਤੀਵਾਦ ਤੋਂ ਹਿੰਦੋਸਤਾਨੀ ਆਜ਼ਾਦੀ ਦੀ ਪਹਿਲੀ ਲੜਾਈ 1857 ਦੀ ਬਗ਼ਾਵਤ ਹੈ। ਈਸਟ ਇੰਡੀਆ ਕੰਪਨੀ ਦੀ ਫ਼ੌਜ ਦੇ ਇਕ ਸੈਨਿਕ ਮੰਗਲ ਪਾਂਡੇ ਦੀ 8 ਅਪਰੈਲ 1857 ਨੂੰ ਸ਼ਹਾਦਤ ਨਾਲ ਇਹ ਕਹਾਣੀ ਸ਼ੁਰੂ ਹੁੰਦੀ ਹੈ। ਕੁਝ ਹੀ ਦਿਨਾਂ ਬਾਅਦ 10 ਮਈ 1857 ਨੂੰ ਮੇਰਠ ਵਿਚ ਇਸ ਕਹਾਣੀ ਤੋਂ ਮਹਾਂ ਕਾਵਿ ਬਣਨ ਦਾ ਮੁੱਢ ਬੱਝਦਾ ਹੈ।

ਵੇਖਦੇ ਹੀ ਵੇਖਦੇ ਚੰਗਿਆੜੀ ਭਾਂਬੜ ਵਿਚ ਬਦਲ ਜਾਂਦੀ ਹੈ ਅਤੇ ਚਹੁੰ ਮਹੀਨਿਆਂ ਤੋਂ ਵੀ ਘੱਟ ਸਮੇਂ ਵਿਚ ਲਖਨਊ, ਕਾਨਪੁਰ, ਝਾਂਸੀ, ਗਵਾਲੀਅਰ, ਦਿੱਲੀ ਸਮੇਤ ਪੂਰੇ ਮੱਧ ਭਾਰਤ ਨੂੰ ਆਪਣੇ ਅਸਰ ਹੇਠ ਲੈ ਲੈਂਦੀ ਹੈ। ਸ਼ਹਿਰਾਂ/ ਤਾਕਤ ਦੇ ਕੇਂਦਰਾਂ ਦੀ ਘੇਰਾਬੰਦੀ ਹੁੰਦੀ ਹੈ। ਇਕ ਇਕਲੌਤੀ ਘਟਨਾ ਵੱਡੀ ਜੰਗ ਵਿਚ ਤਬਦੀਲ ਹੋਣ ਲੱਗਦੀ ਹੈ। ਅੰਗਰੇਜ਼ ਕੰਪਨੀ ਦੀਆਂ ਤਾਕਤਵਰ ਫ਼ੌਜਾਂ ਨਾਲ ਜੰਗਾਂ ਹੁੰਦੀਆਂ ਹਨ ਅਤੇ ਪੂਰੇ 14 ਮਹੀਨੇ ਬਗ਼ਾਵਤੀ ਯੋਧੇ ਈਸਟ ਇੰਡੀਆ ਕੰਪਨੀ ਨੂੰ ਵਾਹਣੀ ਪਾਈ ਰੱਖਦੇ ਹਨ। ਕੰਪਨੀ ਦਾ ਰਾਜ ਖ਼ਤਮ ਹੁੰਦਾ ਹੈ ਭਾਵੇਂ ਇਸ ਜੰਗ ਵਿਚ ਉਹ ਖ਼ੁਦ ਵੀ ਵੱਡੀ ਗਿਣਤੀ ਵਿਚ ਨੇਸਤੋ-ਨਾਬੂਦ ਹੋ ਜਾਂਦੇ ਹਨ। ਖ਼ੈਰ! ਬਹੁਤੀ ਸਮਾਨਤਾ ਨਾ ਹੋਣ ਦੇ ਬਾਵਜੂਦ ਵਰਤਮਾਨ ਕਿਸਾਨੀ ਘੋਲ ਨਾਲ ਇਸ ਘਟਨਾ ਦੇ ਕਈ ਸਮਾਨਾਂਤਰ ਪਾਸਾਰ ਹਨ। ਜੂਨ ਤੋਂ ਸਤੰਬਰ 2020 ਵਿਚ ਭਾਰਤ ਸਰਕਾਰ ਖੇਤੀ/ਮੰਡੀ ਅਤੇ ਖਾਧ ਪਦਾਰਥਾਂ ਨਾਲ ਸਬੰਧਤ ਤਿੰਨ ਕਾਨੂੰਨ ਬੜੀ ਕਾਹਲੀ ਵਿਚ ਪਾਸ ਕਰਦੀ ਹੈ। ਕਰੋਨਾ ਮਹਾਂਮਾਰੀ ਤੋਂ ਬੇਵੱਸ ਲੋਕ ਘਰਾਂ ਵਿਚ ਤਾੜੇ ਹੋਏ ਹਨ। ਸਾਰਾ ਹਿੰਦੋਸਤਾਨ ਚੁੱਪ-ਚਾਪ ਸਾਹ-ਸਤਹੀਣ ਹੋਇਆ ਪਿਆ ਹੈ। ਦੂਰ ਦੂਰ ਤੱਕ ਕਿਤੇ ਵੀ ਰੌਸ਼ਨੀ ਦੀ ਕੋਈ ਕਿਰਨ ਵਿਖਾਈ ਨਹੀਂ ਦੇ ਰਹੀ।

ਸਿਰਫ਼ ਖੇਤੀ ਨਾਲ ਸਬੰਧਤ ਹੀ ਨਹੀਂ, ਸਨਅਤੀ ਮਜ਼ਦੂਰਾਂ ਨਾਲ ਸਬੰਧਤ ਕਾਨੂੰਨਾਂ ਨਾਲ ਵੀ ਛੇੜਛਾੜ ਕਰਕੇ, ਕੁਝ ਨਵੇਂ ਕਾਨੂੰਨ ਪਾਸ ਕਰ ਦਿੱਤੇ ਗਏ। ਪਰ ਜਿਵੇਂ ਕਿ ਅਕਸਰ ਇਤਿਹਾਸ ਵਿਚ ਕਈ ਵਾਰ ਅਣਕਿਆਸਿਆ ਵੀ ਵਾਪਰ ਜਾਂਦਾ ਹੈ, ਐਨ ਉਵੇਂ ਹੀ ਹੋਇਆ। ਜਦੋਂ ਸਾਰਾ ਸ਼ਹਿਰ ਸੁੱਤਾ ਪਿਆ ਹੋਵੇ, ਉਦੋਂ ਵੀ ਕੋਈ ਨਾ ਕੋਈ ਜਾਗਦਾ ਹੀ ਹੁੰਦਾ ਹੈ। ਇਨ੍ਹਾਂ ਉਦਾਸ/ ਨਿਰਾਸ਼ੇ ਸਮਿਆਂ ’ਚ… ‘ਪੰਜਾਬ ਸਿੰਘ’ ਜਾਗਦਾ ਸਾਬਤ ਹੋਇਆ। ਉਹ ਬੁਝ ਰਹੀ ਭੁੱਬਲ ਵਿਚ ਇਕ ਚਮਕਦੀ ਚੰਗਿਆੜੀ ਵਾਂਗ ਸੀ। ਸਮੁੱਚੇ ਭਾਰਤ ’ਚ ਇਕੱਲਾ। ਪੰਜਾਬ ਵਿਚ ਕਾਰਜਸ਼ੀਲ ਕਿਸਾਨ ਜਥੇਬੰਦੀਆਂ ਦੀ ਸੁਲਝੀ ਹੋਈ ਲੀਡਰਸ਼ਿਪ ਨੇ ਜਦੋਂ ਇਨ੍ਹਾਂ ਪਾਸ ਕੀਤੇ ਨਵੇਂ ਖੇਤੀ ਕਾਨੂੰਨਾਂ ਬਾਰੇ ਗੰਭੀਰ ਅਧਿਐਨ ਕੀਤਾ ਤਾਂ ਉਨ੍ਹਾਂ ਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋ ਜਾਣ ਨਾਲ ਛੋਟੇ/ ਦਰਮਿਆਨੇ ਕਿਸਾਨ ਤਾਂ ਉਜੜਨਗੇ ਹੀ ਸਗੋਂ ਆਮ ਗ਼ਰੀਬ ਕਾਰੋਬਾਰੀ, ਖਪਤਕਾਰ, ਗਾਹਕ ਆਦਿ ਦਾ ਜਿਉਣਾ ਵੀ ਮੁਹਾਲ ਹੋ ਜਾਵੇਗਾ। ਸੋ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਬਿਨਾਂ ਦੇਰ ਕੀਤਿਆਂ ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ ਅਤੇ ਜਿਸ ਗ਼ੈਰ-ਸੰਵਿਧਾਨਕ/ਗ਼ੈਰ-ਜਮਹੂਰੀ ਤਰੀਕੇ ਨਾਲ ਸਰਕਾਰ ਵੱਲੋਂ ਇਹ ਪਾਸ ਕੀਤੇ ਗਏ ਸਨ, ਦੇ ਖਿਲਾਫ਼ ਅੰਦੋਲਨ ਵਿੱਢ ਦਿੱਤਾ।

ਜਿਵੇਂ 1857 ’ਚ ਮੇਰਠ ਨਵੇਂ ਮਹਾਂ-ਕਾਵਿ ਦਾ ਕੇਂਦਰ ਬਿੰਦੂ ਬਣਿਆ, ਉਵੇਂ ਹੁਣ ਪੰਜਾਬ ਕਿਸਾਨ/ਮਜ਼ਦੂਰ ਅੰਦੋਲਨ ਦੀ ਸ਼ੁਰੂਆਤ ਦਾ ਕੇਂਦਰ ਬਿੰਦੂ ਬਣਿਆ। ਕਿਸਾਨ ਯੂਨੀਅਨਾਂ ਦੀ ਆਵਾਜ਼ ਨਾਲ ਅੰਦੋਲਨੀ ਹਵਾ ਰੁਮਕਣ ਲੱਗੀ। ਹਵਾ ਦੇ ਰੁਮਕਣ ਨਾਲ ਚੰਗਿਆੜੀ ਪਹਿਲਾਂ ਚਮਕਣ ਲੱਗੀ, ਫਿਰ ਭਬਕਣ ਲੱਗੀ। ਪੰਜਾਬ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ ਤੋਂ ਉਲੰਘ ਕੇ ਗੁਆਂਢੀਆਂ ਦੀਆਂ ਸਰਹੱਦਾਂ ਤੱਕ ਇਸ ਦੀ ਰੌਸ਼ਨੀ ਪਹੁੰਚੀ…। 1857 ਦੇ ਸਾਕੇ ਵਾਂਗ… ਵੇਖਦੇ ਹੀ ਵੇਖਦੇ, ਦਸੰਬਰ 2020 ਤੱਕ ਇਸ ਅੰਦੋਲਨ ਨੇ ਪੂਰੇ ਉੱਤਰੀ ਭਾਰਤ ਨੂੰ ਆਪਣੀ ਲਪੇਟ ’ਚ ਲੈ ਲਿਆ ਸੀ। ਇਕ ਚੰਗਿਆੜੀ ਹੁਣ ਪੂਰਾ ਭਾਂਬੜ ਬਣ ਚੁੱਕੀ ਸੀ। ਪੰਜਾਬੀਆਂ ਦੇ ਹੋਕੇ ਨੇ ਗੁਆਂਢੀ ਜਗਾ ਦਿੱਤੇ ਸਨ। ਉਨ੍ਹਾਂ ਨੇ ‘ਪੰਜਾਬ ਸਿੰਘ’ ਦੇ ਕਾਫ਼ਲੇ ਦਾ ਬਾਹਵਾਂ ਫੈਲਾਅ ਕੇ ਸੁਆਗਤ ਕੀਤਾ। ਇਹ ਇੰਝ ਹੀ ਹੋਣਾ ਸੀ, ਕਿਉਂਕਿ ਬਕੌਲ ਦੁਸ਼ਯੰਤ ਕੁਮਾਰ: ਏਕ ਚਿੰਗਾਰੀ ਕਹੀਂ ਸੇ ਢੂੰਡ ਲਾਉ ਦੋਸਤੋ ਇਸ ਦੀਏ ਮੇਂ ਤੇਲ ਸੇ ਭੀਗੀ ਹੂਈ ਬਾਤੀ ਤੋ ਹੈ। ਪੰਜਾਬੀ ਤਾਂ ਗੁਆਂਢੀਆਂ ਲਈ ਚੰਗਿਆੜੀ ਹੀ ਨਹੀਂ, ਬਲਦੀ ਹੋਈ ਮਸ਼ਾਲ ਲੈ ਕੇ ਪਹੁੰਚੇ ਸਨ ਅਤੇ ਫਿਰ ਬੱਸ, ਫਹੁੜੀਆਂ ’ਤੇ ਤੁਰ ਰਿਹਾ ਇਤਿਹਾਸ ਸਰਪਟ ਦੌੜਨ ਲੱਗਾ। ਦੀਵੇ ਤੋਂ ਦੀਵਾ ਜਗਣ ਲੱਗਾ।

ਜਮਨਾ ਦੇ ਪੱਛਮੀ ਕੰਢੇ ਤੋਂ ਖਲੋ ਕੇ ਜਦੋਂ ਅੰਦੋਲਨਕਾਰੀ ਕਿਸਾਨਾਂ ਨੇ ਯੂਪੀ/ਉੱਤਰਾਖੰਡ ਵਾਸੀਆਂ ਨੂੰ ਆਵਾਜ਼ ਮਾਰੀ ਤਾਂ ਉਨ੍ਹਾਂ ਗਾਜ਼ੀਪੁਰ ਵੱਲ ਵਹੀਰਾਂ ਘੱਤ ਲਈਆਂ ‘‘…ਸੱਦੀ ਹੋਈ ਭਰਾਵਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ’’ ਵਾਂਗ। ਯੂਪੀ, ਉੱਤਰਾਖੰਡ, ਰਾਜਸਥਾਨ, ਹਰਿਆਣਾ ਅਤੇ ਪੰਜਾਬ ਸਮੇਤ ਸਾਰਿਆਂ ਨੇ ਰਲ ਕੇ ਦਿੱਲੀ ਨੂੰ ਘੇਰ ਘੱਤਿਆ। ਕਿਸਾਨ ਅੰਦੋਲਨ ਹੁਣ ਤੱਕ ਦਰਪੇਸ਼ ਅਨੇਕਾਂ ਕਿਸਮ ਦੀਆਂ ਦੁਸ਼ਵਾਰੀਆਂ ਨੂੰ ਉਲੰਘਦਾ ਹੋਇਆ, ਦਿਨੋ ਦਿਨ ਹੋਰ ਵੱਧ ਨਿਖਾਰ ਨਾਲ ਨਵੀਆਂ ਅਤੇ ਸਹੀ ਦਿਸ਼ਾਵਾਂ ਵੱਲ ਵਿਕਸਤ ਹੋ ਰਿਹਾ ਹੈ। ਅੱਜ ਇਸ ਅੰਦੋਲਨ ਦੀ ਚੜ੍ਹਤ ਇਸ ਕਰਕੇ ਹੈ ਕਿਉਂਕਿ ਇਸ ਨੇ ਹਰ ਕਿਸਮ ਦੇ ਜਾਤੀ, ਧਾਰਮਿਕ, ਨਸਲੀ ਅਤੇ ਇਲਾਕਾਈ ਤਫ਼ਰਕਾਤਾਂ ਨੂੰ ਬੜੇ ਸਹਿਜ ਅਤੇ ਸੂਝ ਨਾਲ ਸਰ ਕਰ ਲਿਆ ਹੈ। ਸਭ ਤਰ੍ਹਾਂ ਦੀਆਂ ਮਜ਼ਹਬੀ ਨਫ਼ਰਤਾਂ ਅਤੇ ਵੰਡੀਆਂ ਦੀਆਂ ਲਕੀਰਾਂ ਮੇਸ ਦਿੱਤੀਆਂ ਹਨ। ਇਸ ਸਾਰੇ ਸਫ਼ਰ ਦੌਰਾਨ ਲੀਡਰਸ਼ਿਪ ਵੱਲੋਂ ਕੀਤੇ ਨਵੇਂ ਤਜਰਬਿਆਂ ਅਤੇ ਕਵਾਇਦਾਂ ਨਾਲ ਇਸ ਨੇ ਹੋਰ ਵਿਸ਼ਾਲਤਾ ਹਾਸਲ ਕੀਤੀ ਹੈ। ‘ਸਮਾਂਨਾਂਤਰ ਕਿਸਾਨ ਸੰਸਦ’ ਵਰਗੇ ਨਵੀਨ ਤਜਰਬੇ ਨਾਲ ਅੰਤਰਰਾਸ਼ਟਰੀ ਪ੍ਰਸਿੱਧੀ ਦੀਆਂ ਸਿਖਰਾਂ ਛੂਹੀਆਂ ਹਨ।

ਕਾਰਪੋਰੇਟ ਸੈਕਟਰ ਨਾਲ ਲਾਈਨ ਖਿੱਚ ਕੇ ਵਿੱਢੀ ਹੋਈ ਇਹ ਜੰਗ ਦੁਨੀਆਂ ਵਿਚ ਬੇਮਿਸਾਲ ਸਾਬਤ ਹੋ ਰਹੀ ਹੈ। ਅੰਦੋਲਨ ਦੇ ਅਸਰ ਹੇਠ ਆਏ ਇਲਾਕਿਆਂ, ਖ਼ਾਸ ਕਰਕੇ ਪੰਜਾਬ ਅਤੇ ਹਰਿਆਣਾ ਵਿਚ ਸਮਾਜਿਕ, ਰਾਜਨੀਤਕ ਅਤੇ ਸਭਿਆਚਾਰਕ ਤਬਦੀਲੀ ਦਾ ਆਗਾਜ਼ ਹੁੰਦਾ ਨਜ਼ਰ ਆ ਰਿਹਾ ਹੈ। ਵਿਦਿਆਰਥੀਆਂ, ਨੌਜਵਾਨਾਂ ਅਤੇ ਇਸਤਰੀ ਵਰਗ ’ਚ ਇਕ ਨਵਾਂ ਕ੍ਰਾਂਤੀਕਾਰੀ ਜੋਸ਼ ਅਤੇ ਚੇਤਨਾ ਵਿਕਸਤ ਹੋਈ ਹੈ। ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਸਮੁੱਚਾ ਭਾਰਤ ਜਾਗ ਉੱਠਿਆ ਹੈ। ਵੱਡੇ ਵੱਡੇ ‘ਵਿਸ਼ਾਲ ਜਾਗੋ ਸਮਾਰੋਹਾਂ’ ਵਾਂਗ …ਜਾਟ ਪੰਚਾਇਤਾਂ, ਕਿਸਾਨ ਪੰਚਾਇਤਾਂ ਹੋ ਰਹੀਆਂ ਹਨ। ਉਮੀਦ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਦੇਸ਼ ਭਰ ਅੰਦਰ ਸਾਰੇ ਸੂਬਿਆਂ ’ਚ ਇਕਾਈਆਂ (ਕਿਸਾਨ ਇਕਾਈਆਂ) ਵੀ ਗਠਿਤ ਹੋ ਜਾਣ। ਅੱਜ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ’ਚੋਂ ਕਦੇ ਸੈਂਕੜੇ ਅਤੇ ਕਦੇ ਕਦੇ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ/ਮੁਲਾਜ਼ਮ/ਮਜ਼ਦੂਰ ਸਾਥੀ… ਦਿੱਲੀ ਦੇ ਸਥਾਈ ਮੋਰਚਿਆਂ ਸਿੰਘੂ, ਟਿਕਰੀ, ਗਾਜ਼ੀਪੁਰ, ਪਲਵਲ, ਸ਼ਾਹਜਹਾਂਪੁਰ ਵਿਚ ਸ਼ਮੂਲੀਅਤ ਕਰਨ ਲਈ ਆ ਰਹੇ ਹਨ।

ਤਾਮਿਲਨਾਡੂ, ਕਰਨਾਟਕ, ਕੇਰਲ, ਛੱਤੀਸਗੜ੍ਹ, ਝਾਰਖੰਡ, ਤਿਲੰਗਾਨਾ ਆਦਿ ਸੂਬਿਆਂ ਵਿਚ ਕਿਸਾਨ ਅੰਦੋਲਨ ਦਾ ਜਾਦੂਮਈ ਅਸਰ ਹੋ ਰਿਹਾ ਹੈ। ਦੇਸ਼ ਭਰ ’ਚੋਂ ਕੋਈ ਅਜਿਹੀ ਕਿਸਾਨ ਜਥੇਬੰਦੀ/ ਸਭਾ ਨਹੀਂ ਬਚੀ ਜੋ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਾ ਬਣੀ ਹੋਵੇ। ਪੰਜਾਬ ਤੋਂ ਉੱਠੀ ਇਹ ਛੋਟੀ ਜਿਹੀ ਚੰਗਿਆੜੀ ਅੱਜ ਸਮੁੱਚੇ ਦੇਸ਼/ਸੰਸਾਰ ਲਈ ਇਕ ਬਹੁਤ ਵੱਡਾ ਚਾਨਣ ਮੁਨਾਰਾ, ਇਕ ਦਗਦਾ ਸੂਰਜ ਬਣ ਚੁੱਕੀ ਹੈ। ਇਹ ਇਕ ਬਹੁ-ਪਾਸਾਰੀ ਲਹਿਰ ਬਣ ਚੁੱਕੀ ਹੈ। ਜਿਵੇਂ 1857 ਦੀ ਬਗ਼ਾਵਤ ਨੇ ਹਿੰਦੋਸਤਾਨ ’ਚੋਂ ਈਸਟ ਇੰਡੀਆ ਕੰਪਨੀ ਦਾ ਰਾਜ ਖ਼ਤਮ ਕਰ ਦਿੱਤਾ ਸੀ, ਇਸੇ ਤਰ੍ਹਾਂ ਇਸ ਕਿਸਾਨ ਅੰਦੋਲਨ ਨੇ… ਕੀ ਕੀ ਬਦਲਣਾ, ਕੀ ਕੀ ਉਖਾੜ ਦੇਣਾ ਅਤੇ ਕੀ ਕੀ ਸੁਆਰ ਦੇਣਾ ਹੈ… ਇਹ ਤਾਂ ਇਤਿਹਾਸ ਹੀ ਦੱਸੇਗਾ, ਪਰ ਇਕ ਗੱਲ ਪੱਕੀ ਹੈ ਕਿ ਇਸ ਅੰਦੋਲਨ ਨੇ ਇਤਿਹਾਸ ਦੇ ਮੁਹਾਂਦਰੇ ’ਤੇ ਆਪਣੀ ਅਮਿੱਟ ਛਾਪ ਜ਼ਰੂਰ ਛੱਡੀ ਹੈ। ਇਹ ਅੰਦੋਲਨ ਕਿਸੇ ਵੱਡੇ ਅਦਿੱਖ ਬਦਲਾਅ ਦਾ ਸ਼ੁਰੂਆਤੀ ਬਿਗਲ ਹੈ। ਪ੍ਰਸਿੱਧ ਹਿੰਦੀ ਸ਼ਾਇਰ ਦੁਸ਼ਯੰਤ ਕੁਮਾਰ ਦੇ ਹੀ ਸ਼ਬਦਾਂ ਵਿਚ : ਸਿਰਫ਼ ਹੰਗਾਮਾ ਖੜ੍ਹਾ ਕਰਨਾ ਮੇਰਾ ਮਕਸਦ ਨਹੀਂ, ਮੇਰੀ ਕੋਸ਼ਿਸ਼ ਹੈ ਕਿ ਯੇ ਸੂਰਤ ਬਦਲਨੀ ਚਾਹੀਏ। ਮੇਰੇ ਸੀਨੇ ਮੇਂ ਨਹੀਂ… ਤੋ ਤੇਰੇ ਸੀਨੇ ਮੇਂ ਸਹੀ ਹੋ ਕਹੀਂ ਭੀ ਆਗ, ਲੇਕਿਨ ਆਗ ਜਲਨੀ ਚਾਹੀਏ।

ਅਤੇ ਅੱਜ ਇਹ ਮੰਜ਼ਰ ਚੁਫ਼ੇਰੇ ਨਜ਼ਰ ਆ ਰਿਹਾ ਹੈ। ਇਹ ਅੰਦੋਲਨ ਮਹਿਜ਼ ਕੋਈ ਬੇਮਕਸਦ ਹੰਗਾਮਾ ਨਹੀਂ। ਇਹ ਸਾਡੇ ਸਮਾਜ/ਸਟੇਟ ਦੀ ਕੋਝੀ ਸੂਰਤ ਬਦਲਣ ਲਈ ਲੜਿਆ ਜਾ ਰਿਹਾ ਅੰਦੋਲਨ ਬਣ ਚੁੱਕਿਆ ਹੈ। ਲੋਕ ਸੀਨਿਆਂ ’ਚ ਬਲ ਰਹੀ ਅੱਗ, ਰੋਹ ਅਤੇ ਗੁੱਸਾ ਹਕੂਮਤ ਤੋਂ ਨਿਆਂ ਦੀ ਮੰਗ ਕਰ ਰਿਹਾ ਹੈ। ਹੁਣੇ ਹੀ ਹੋਇਆ ਮੁਜ਼ੱਫਰ ਨਗਰ ਦਾ ਇਹ ‘ਕਿਸਾਨ ਮਹਾਂਕੁੰਭ’ ਇਸ ਸਾਰੇ ਕੁਝ ਦੀ ਤਾਈਦ ਕਰਦਾ ਹੈ। ਲੱਖਾਂ ਦੀ ਗਿਣਤੀ ਵਿਚ ਦੂਰ ਦੁਰਾਡਿਉ ਪਹੁੰਚਿਆ ਕਿਸਾਨਾਂ ਦਾ ਸੈਲਾਬ ਇਸ ਤੱਥ ਦਾ ਸੰਕੇਤ ਹੈ ਕਿ ਸਾਡੇ ਦੇਸ਼ ਨੂੰ ਮੌਜੂਦਾ ਨਵਉਦਾਰਵਾਦੀ ਕਾਰਪੋਰੇਟੀ ਵਿਕਾਸ ਮਾਡਲ ਨਹੀਂ ਚਾਹੀਦਾ ਸਗੋਂ ਦੇਸ਼ ਦੇ ਸਥਾਈ ਅਤੇ ਸਰਬਪੱਖੀ ਵਿਕਾਸ ਲਈ ਸਾਨੂੰ ਸਾਡਾ ਆਪਣਾ ਵੱਖਰਾ ਮਾਡਲ ਵਿਕਸਿਤ ਕਰਨ ਦੀ ਲੋੜ ਹੈ। ਕਿਸਾਨ ਆਖ਼ਰ ਚਾਹੁੰਦੇ ਕੀ ਹਨ? ਕੁਝ ਵੀ ਤਾਂ ਨਹੀਂ। ਮਾਤਰ ਇਹੋ ਕਿ (ੳ) ਇਹ ਪਾਸ ਕੀਤੇ ਕਾਨੂੰਨ ਸਾਨੂੰ ਨਹੀਂ ਚਾਹੀਦੇ… ਸਾਡੇ ’ਤੇ ਇਹ ਕਾਨੂੰਨ ਜ਼ਬਰਦਸਤੀ ਨਾਲ ਲਾਗੂ ਨਾ ਕਰੋ; ਅਤੇ (ਅ) ਸਾਡੀਆਂ ਪੁੱਤਰਾਂ-ਧੀਆਂ ਵਾਂਗ ਪਾਲੀਆਂ ਫ਼ਸਲਾਂ ਦੇ ਘੱਟੋ ਘੱਟ ਸਮਰੱਥਨ ਮੁੱਲ ’ਤੇ ਵਾਜਬ ਭਾਅ ਦੇਵੋ। ਪਰ ਤੁਸੀਂ ਹੋ ਕਿ ਰਾਜ ਹਠ ਅਧੀਨ ਸਾਨੂੰ ਅਣਸੁਣੇ ਕਰਕੇ ਸਿਰਫ਼ ਤੇ ਸਿਰਫ਼ ਕਾਰਪੋਰੇਟਾਂ ਦੀ ਹੀ ਸੁਣ ਰਹੇ ਹੋ। ਸੁਣੋ ਵੀ ਕਿਉਂ ਨਾ! ਆਖ਼ਰ ਉਨ੍ਹਾਂ ਨੇ ਹੀ ਤਾਂ ਤੁਹਾਨੂੰ ਕੁਰਸੀ ’ਤੇ ਬਿਠਾਇਆ ਹੋਇਆ ਹੈ। ਪਰ ਕਿਸਾਨਾਂ/ਲੋਕਾਂ ਨੂੰ ਪਤਾ ਹੈ ਕਿ: ‘‘ਤੁਮਹਾਰੇ ਪਾਂਵੋਂ ਕੇ ਨੀਚੇ ਕੋਈ ਜ਼ਮੀਨ ਨਹੀਂ ਕਮਾਲ ਯੇ ਹੈ ਕਿ ਫਿਰ ਭੀ ਤੁਮਹੇਂ ਯਕੀਨ ਨਹੀਂ॥’’

Leave a Reply

Your email address will not be published.