ਏਅਰ ਇੰਡੀਆ ਨੂੰ ਝਟਕਾ, ਇਲਕਰ ਆਈਸੀ ਨੇ ਕੰਪਨੀ ਦਾ ਸੀਈਓ ਬਣਨ ਤੋਂ ਕੀਤਾ ਇਨਕਾਰ

ਏਅਰ ਇੰਡੀਆ ਨੂੰ ਕੁਝ ਦਿਨ ਪਹਿਲਾ ਟਾਟਾ ਸੰਸ ਨੇ ਖਰੀਦ ਲਿਆ ਸੀ।

ਤੁਰਕੀ ਏਅਰਲਾਈਨਜ਼ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਸਾਬਕਾ ਚੇਅਰਮੈਨ ਇਲਕਰ ਆਇਸੀ ਹੁਣ ਏਅਰ ਇੰਡੀਆ ਦੇ ਨਵੇਂ ਐਮਡੀ ਅਤੇ ਸੀਈਓ ਨਹੀਂ ਹੋਣਗੇ। ਉਸ ਨੇ ਇਸ ਸਬੰਧ ਵਿਚ ਟਾਟਾ ਸੰਨਜ਼ ਤੋਂ ਮਿਲੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।

ਟਾਟਾ ਸੰਨਜ਼ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਦਰਅਸਲ, ਆਈਸੀ ਦੀ ਨਿਯੁਕਤੀ ਦੇ ਐਲਾਨ ਦੇ ਕੁਝ ਦਿਨਾਂ ਬਾਅਦ ਹੀ ਭਾਰਤ ਵਿੱਚ ਭਾਰੀ ਵਿਰੋਧ ਹੋਇਆ ਸੀ। ਟਾਟਾ ਸੰਨਜ਼ ਨੇ 14 ਫਰਵਰੀ ਨੂੰ ਏਅਰ ਇੰਡੀਆ ਦੇ ਐਮਡੀ ਅਤੇ ਸੀਈਓ ਵਜੋਂ ਇਲਕਰ ਆਈਸੀ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ।

ਸਰਕਾਰ ਨੇ ਉਸ ਦੀ ਨਿਯੁਕਤੀ ਤੇ ਇਤਰਾਜ਼ ਜਤਾਇਆ ਕਿਉਂਕਿ ਆਈਸੀ ਦਾ ਪਾਕਿਸਤਾਨ ਕੁਨੈਕਸ਼ਨ ਸਾਹਮਣੇ ਆਇਆ ਸੀ। ਸਰਕਾਰ ਦੇ ਇਤਰਾਜ਼ ਤੋਂ ਬਾਅਦ ਇਹ ਖਦਸ਼ਾ ਸੀ ਕਿ ਹੁਣ ਕੋਈ ਹੋਰ ਏਅਰ ਇੰਡੀਆ ਦਾ ਐਮਡੀ ਅਤੇ ਸੀਈਓ ਬਣੇਗਾ ਨਾ ਕਿ ਇਲਕਰ ਆਈਸੀ।

ਮੀਡੀਆ ਰਿਪੋਰਟਾਂ ਮੁਤਾਬਕ ਆਈਸੀ ਨੇ ਕਿਹਾ ਕਿ ਮੇਰੀ ਨਿਯੁਕਤੀ ‘ਤੇ ਭਾਰਤੀ ਮੀਡੀਆ ਨੇ ਕਈ ਤਰ੍ਹਾਂ ਦੀਆਂ ਖ਼ਬਰਾਂ ਚਲਾਈਆਂ। ਇਨ੍ਹਾਂ ਨੂੰ ਦੇਖਦਿਆਂ ਮੈਂ ਇਸ ਫੈਸਲੇ ‘ਤੇ ਪਹੁੰਚ ਗਿਆ ਹਾਂ ਕਿ ਜਦੋਂ ਇਸ ਤਰ੍ਹਾਂ ਦਾ ਬਿਰਤਾਂਤ ਚੱਲ ਰਿਹਾ ਹੋਵੇ ਤਾਂ ਇਸ ਅਹੁਦੇ ਨੂੰ ਸਵੀਕਾਰ ਕਰਨਾ ਸਹੀ ਜਾਂ ਸਤਿਕਾਰਯੋਗ ਨਹੀਂ ਹੈ।

ਉਨ੍ਹਾਂ ਕਿਹਾ ਕਿ ਮੈਂ ਦੇਖ ਰਿਹਾ ਸੀ ਕਿ ਮੇਰੀ ਨਿਯੁਕਤੀ ਦੇ ਬਾਅਦ ਤੋਂ ਹੀ ਭਾਰਤੀ ਮੀਡੀਆ ਦਾ ਇੱਕ ਹਿੱਸਾ ਮੇਰੀ ਨਿਯੁਕਤੀ ਨੂੰ ਜ਼ਬਰਦਸਤੀ ਕੋਈ ਹੋਰ ਰੰਗ ਦੇਣ ਵਿੱਚ ਲੱਗਾ ਹੋਇਆ ਹੈ। ਇੱਕ ਕਾਰੋਬਾਰੀ ਆਗੂ ਵਜੋਂ ਮੈਂ ਹਮੇਸ਼ਾ ਇੱਕ ਪੇਸ਼ੇਵਰ ਪਹੁੰਚ ਅਪਣਾਈ ਹੈ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੈਂ ਆਪਣੇ ਪਰਿਵਾਰ ਦੀ ਖੁਸ਼ੀ ਅਤੇ ਤੰਦਰੁਸਤੀ ਬਾਰੇ ਚਿੰਤਤ ਹਾਂ।

ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਮੈਂ ਫੈਸਲਾ ਕੀਤਾ ਹੈ ਕਿ ਇਹ ਪੇਸ਼ਕਸ਼ ਸਵੀਕਾਰ ਕਰਨਾ ਕੋਈ ਸਨਮਾਨਯੋਗ ਗੱਲ ਨਹੀਂ ਹੈ।ਟਾਟਾ ਸੰਨਜ਼ ਕੋਲ ਇਸ ਸਮੇਂ ਤਿੰਨ ਏਅਰਲਾਈਨਜ਼ ਹਨ। ਇਸ ਵਿੱਚ ਏਅਰ ਏਸ਼ੀਆ, ਵਿਸਤਾਰਾ ਅਤੇ ਏਅਰ ਇੰਡੀਆ ਸ਼ਾਮਲ ਹਨ। ਟਾਟਾ ਸੰਨਜ਼ ਦੇ ਟੇਕਓਵਰ ਤੋਂ ਬਾਅਦ ਟਾਟਾ ਦੇਸ਼ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਬਣ ਗਈ ਹੈ।

Leave a Reply

Your email address will not be published. Required fields are marked *