ਸ੍ਰੀਨਗਰ / ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਪਤਨੀਟਾਪ ਇਲਾਕੇ ‘ਚ ਮੰਗਲਵਾਰ ਨੂੰ ਸੈਨਾ ਦੇ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਦੋਵੇਂ ਪਾਇਲਟ ਹਸਪਤਾਲ ‘ਚ ਇਲਾਜ਼ ਦੌਰਾਨ ਦਮ ਤੋੜ ਗਏ ।
ਉੱਤਰੀ ਕਮਾਂਨ ਦੇ ਬੁਲਾਰੇ ਨੇ ਦੱਸਿਆ ਕਿ ਸੈਨਾ ਦਾ ਚੀਤਾ ਹੈਲੀਕਾਪਟਰ ਮੰਗਲਵਾਰ ਸਵੇਰੇ 10.30 ਕੁ ਵਜੇ ਉਡਾਨ ਭਰਨ ਦੇ ਕੁਝ ਦੇਰ ਬਾਅਦ ਪਤਨੀਟਾਪ ਦੇ ਉਪਰਲੇ ਸ਼ਿਵ ਧਾਰ ਇਲਾਕੇ ‘ਚ ਹੋਟਲ ਗ੍ਰੀਨਟਾਪ ਨੇੜੇ ਖਰਾਬ ਮੌਸਮ ਦੇ ਚੱਲਦੇ ਹਾਦਸਾਗ੍ਰਸਤ ਹੋ ਗਿਆ । ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਆਵਾਜ਼ ਸੁਣ ਕੇ ਮੌਕੇ ‘ਤੇ ਪੁੱਜੇ ਸਥਾਨਕ ਲੋਕ ਗੰਭੀਰ ਜ਼ਖ਼ਮੀ ਹਾਲਤ ‘ਚ ਪਾਇਲਟਾਂ ਨੂੰ ਹੈਲੀਕਾਪਟਰ ‘ਚੋਂ ਕੱਢ ਕੇ ਲਗਭਗ ਇੱਕ ਕਿਲੋਮੀਟਰ ਮੋਢਿਆਂ ‘ਤੇ ਚੁੱਕ ਕੇ ਸੜਕ ਕਿਨਾਰੇ ਲੈ ਆਏ, ਜਿਥੋਂ ਪੁਲਿਸ ਤੇ ਫ਼ੌਜ ਦੀਆਂ ਬਚਾਅ ਟੀਮਾਂ ਨੇ ਜ਼ਖ਼ਮੀ ਪਾਇਲਟਾਂ ਨੂੰ ਊਧਮਪੁਰ ਸਥਿਤ ਫ਼ੌਜ ਦੇ ਕਮਾਂਡ ਹਸਪਤਾਲ ਪਹੁੰਚਾਇਆ । ਇਲਾਜ ਦੌਰਾਨ ਦੋਵੇਂ ਪਾਇਲਟ ਜ਼ਖਮਾਂ ਦੀ ਤਾਬ ਨਾ ਸਹਾਰਦੇ ਦਮ ਤੋੜ ਗਏ, ਹੈਲੀਕਾਪਟਰ ਦੇ ਪਾਇਲਟ ਤੇ ਕੋ-ਪਾਇਲਟ ਦੀ ਪਛਾਣ ਕ੍ਰਮਵਾਰ ਮੇਜਰ ਰੋਹਿਤ ਕੁਮਾਰ ਵਾਸੀ ਜੰਮੂ ਤੇ ਮੇਜਰ ਅਨੁਜ ਰਾਜਪੂਤ ਵਾਸੀ ਚੰਡੀਗੜ੍ਹ ਵਜੋਂ ਦੱਸੀ ਗਈ ਹੈ । ਇਹ ਦੋਵੇਂ ਊਧਮਪੁਰ ਸਥਿਤ ਫ਼ੌਜ ਦੀ ਰੈਕੀ ਤੇ ਅਬਜ਼ਰਵੇਸ਼ਨ ਯੂਨਿਟ ‘ਚ ਤਾਇਨਾਤ ਸਨ ।