ਉੱਤਰੀ ਕੋਰੀਆ ਨੇ ਮੁੜ ਤੋਂ ਪਰਮਾਣੂ ਪ੍ਰੀਖਣ ਸ਼ੁਰੂ ਕਰਨ ਦੀ ਦਿੱਤੀ ਧਮਕੀ

ਅਮਰੀਕਾ ਤੇ ਧਮਕਾਉਣ ਦੇ ਦੋਸ਼ ਲਾਉਂਦੇ ਹੋਏ ਉੱਤਰੀ ਕੋਰੀਆ ਨੇ ਪਰਮਾਣੂ ਪ੍ਰੀਖਣ ਮੁੜ ਸ਼ੁਰੂ ਕਰਨ ਦੀ ਧਮਕੀ ਦਿੱਤੀ ਹੈ।

ਉਸ ਨੇ ਕਿਹਾ ਕਿ ਆਰਜ਼ੀ ਤੌਰ ’ਤੇ ਬੰਦ ਸਾਰੀਆਂ ਸਰਗਰਮੀਆਂ ਨੂੰ ਮੁੜ ਤੋਂ ਸ਼ੁਰੂ ਕਰਨ ’ਤੇ ਵਿਚਾਰ ਕੀਤਾ ਜਾਵੇਗਾ। ਟਰੰਪ ਪ੍ਰਸ਼ਾਸਨ ਨਾਲ ਵਾਰਤਾ ਦੌਰਾਨ ਉੱਤਰੀ ਕੋਰੀਆ ਨੇ ਪਰਮਾਣੂ ਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦਾ ਪ੍ਰੀਖਣ ਬੰਦ ਕਰ ਦਿੱਤਾ ਸੀ। ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਕੇਸੀਐੱਨਏ ਨੇ ਦੱਸਿਆ ਕਿ ਦੇਸ਼ ਦੇ ਸਰਬਉੱਚ ਨੇਤਾ ਕਿਮ ਜੋਂਗ ਉਨ ਨੇ ਸੱਤਾਧਾਰੀ ਵਰਕਰਜ਼ ਪਾਰਟੀ ਦੇ ਪੋਲਿਤ ਬਿਊਰੋ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ’ਚ ਅਮਰੀਕਾ ਦੀ ਦੁਸ਼ਮਣੀ ਵਾਲੇ ਕਦਮਾਂ ਨਾਲ ਮੁਕਾਬਲੇ ਲਈ ਦੇਸ਼ ਦੀ ਫ਼ੌਜੀ ਸਮਰੱਥਾ ’ਚ ਤੁਰੰਤ ਵਾਧੇ ਲਈ ਨੀਤੀ ਨਿਰਧਾਰਤ ਕੀਤੀ ਗਈ।

ਪਿਛਲੇ ਹਫ਼ਤੇ ਬਾਇਡਨ ਪ੍ਰਸ਼ਾਸਨ ਨੂੰ ਲੈ ਕੇ ਨਵੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਉੱਤਰੀ ਕੋਰੀਆ ਨੇ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ। ਦੱਸਣਯੋਗ ਹੈ ਕਿ 2018 ’ਚ ਕਿਮ ਜੋਂਗ ਤੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਵਾਰਤਾ ਹੋਈ ਸੀ। ਉਸ ਵੇਲੇ ਉੱਤਰੀ ਕੋਰੀਆ ਨੇ ਪਰਮਾਣੂ ਤੇ ਅੰਤਰਮਹਾਦੀਪੀ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣਾਂ ’ਤੇ ਰੋਕ ਲਗਾ ਦਿੱਤੀ ਸੀ। 2019 ’ਚ ਟਰੰਪ ਤੇ ਕਿਮ ਦੀ ਵਾਰਤਾ ’ਚ ਨਿਰਾਸ਼ਾ ਹੱਥ ਲੱਗਣ ਤੋਂ ਬਾਅਦ ਤੋਂ ਦੋਵਾਂ ਦੇਸ਼ਾਂ ’ਚ ਵਾਰਤਾ ਰੁਕੀ ਹੋਈ ਹੈ।

Leave a Reply

Your email address will not be published. Required fields are marked *