ਉੱਚੇ ਉੱਠਣ ਦੀ ਚਾਹਤ ’ਚ ਗੁਆਚੀ ਸੁੱਖ-ਸ਼ਾਂਤੀ

ਪਿੰਡੋਂ ਸ਼ਹਿਰ ਤੇ ਸ਼ਹਿਰੋਂ ਮਹਾਂਨਗਰ ਅਤੇ ਮਹਾਂਨਗਰੋਂ ਉੱਚੇ ਤੋਂ ਹੋਰ ਉੱਚੇ ਉੱਠਦੇ ਜਾਣ ਦੀ ਇੱਛਾ, ਆਧੁਨਿਕ ਦਿੱਖਣ ਦੀ ਚਾਹਤ ਅਤੇ ਨੀਵੇਂ-ਮੱਧ ਵਰੋਂ ਮੱਧ ਵਰਗ ਅਤੇ ਫਿਰ ਉੱਚੇ ਵਰਗ ਵਿਚ ਘੁਸਪੈਠ ਦੀ ਕੋਸ਼ਿਸ਼।

ਲਿਹਾਜ਼ਾ, ਇਸ ਭੱਜ-ਦੌੜ ਅਤੇ ਕਦੀ ਨਾ ਸੰਤੁਸ਼ਟ ਹੋਣ ਵਾਲੀਆਂ ਇੱਛਾਵਾਂ ਵਿਚ ਸਾਹ ਲੈ ਰਹੇ ਅਸੀਂ ਪਰਿਵਾਰਕ ਅਤੇ ਨਿੱਜੀ ਸੁੱਖ-ਸ਼ਾਂਤੀ, ਸਕੂਨ, ਸਾਦਾ ਜੀਵਨ, ਉੱਚੇ ਵਿਚਾਰ, ਜਿਹੇ ਕਥਨਾਂ ਦਾ ਅਰਥ ਭੁੱਲਣ ’ਤੇ ਤੁਲੇ ਹੋਏ ਹਾਂ ਪਰ ਸਾਲਾਂ ਤੋਂ ਪੈਸੇ ਦੀ ਵਧਦੀ ਖ਼ਾਹਿਸ਼ ਅਤੇ ਨਿੱਤ ਨਵਾਂ ਵਿਸਥਾਰ ਲੈਂਦੀਆਂ ਲੋੜਾਂ ਨੂੰ ਹਰ ਕੀਮਤ ਉੱਤੇ ਪੂਰਾ ਕਰਨ ਦੇ ਬਾਵਜੂਦ ਸਾਡੇ ਵਿਚ ਸੁੱਖ ਅਤੇ ਸੰਤੋਖ ਕਿਉਂ ਨਹੀਂ?, ਲੱਗਦਾ ਹੈ ਕਿਤੇ ਨਾ ਕਿਤੇ ਕੁਝ ਨਾ ਕੁਝ ਲਗਾਤਾਰ ਹੱਥ ਵਿੱਚੋਂ ਫਿਸਲਦਾ ਜਾ ਰਿਹਾ ਹੈ। ਲੱਖ ਫੜਨ ਦੀ ਕੋਸ਼ਿਸ਼ ਕਰੋ ਹੱਥ ਨਹੀਂ ਆਉਂਦਾ। ਕਦੇ-ਕਦੇ ਭਰਮ ਜਿਹਾ ਹੋ ਜਾਂਦਾ ਹੈ ਕਿ ਕਿਤੇ ਅਸੀਂ ਦਿਸ਼ਾ ਤੋਂ ਭਟਕ ਤਾਂ ਨਹੀਂ ਗਏ?

ਚਾਹੀਦਾ ਤਾਂ ਇਹ ਹੈ ਕਿ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਇਨ੍ਹਾਂ ਹਾਲਤਾਂ ਦੇ ਨਾਲ ਅਸੀਂ ਸੰਤੁਲਿਤ ਤਾਲਮੇਲ ਰੱਖੀਏ ਪਰ ਸਾਡੇ ਲਈ ਇਹ ਕੋਈ ਆਸਾਨ ਕੰਮ ਨਹੀਂ ਹੈ। ਮੋਟੇ ਤੌਰ ’ਤੇ ਗੌਰ ਕਰੀਏ ਤਾਂ ਅਸੀਂ ਸਾੜਾ, ਅਤਿ੍ਰਪਤੀ, ਅਪਰਾਧੀ ਭਾਵਨਾ, ਸਵਾਰਥ, ਕ੍ਰੋਧ, ਗੁੱਸਾ, ਆਤਮਹੀਣਤਾ, ਨਿਰਾਸ਼ਾ ਅਤੇ ਖ਼ੁਸ਼ੀ ਦੀ ਭਾਵਨਾ ਤੋਂ ਹੀ ਸੰਚਾਲਿਤ ਹੁੰਦੇ ਹਾਂ। ਏਨਾ ਅਲੱਗ – ਥਲੱਗ ਕਰ ਕੇ ਅਸੀਂ ਆਪਣੇ ਜੀਵਨ ਨੂੰ ਚੱਲਦਾ ਨਹੀਂ ਰੱਖ ਸਕਦੇ। ਇਹ ਸਰਲ ਮਨੁੱਖੀ ਸਬੰਧਾਂ ਦੇ ਬਦਲਾਓ ਹਨ ਪਰ ਅਸੀਂ ਇਨ੍ਹਾਂ ਦੇ ਪ੍ਰਭਾਵ ਹੇਠ ਕੁਝ ਨਾ ਕੁਝ ਅਜਿਹਾ ਕਰ ਬੈਠਦੇ ਹਾਂ, ਜਿਸ ਦਾ ਖਮਿਆਜ਼ਾ ਸਾਨੂੰ ਸਾਰੀ ਉਮਰ ਲਈ ਭੁਗਤਣਾ ਪੈਂਦਾ ਹੈ।

ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਉਸ ਦਾ ਗੁੱਸਾ ਹੈ, ਜੋ ਸਾਰੀ ਉਮਰ ਉਸ ਦੇ ਨਾਲ ਚੱਲਦਾ ਹੈ। ਇਹ ਸਿਰਜਣਾਤਮਕ ਵੀ ਹੋ ਸਕਦਾ ਹੈ ਅਤੇ ਵਿਨਾਸ਼ਕਾਰੀ ਵੀ। ਔਖਿਆਈ ਤਦ ਆਉਂਦੀ ਹੈ, ਜਦ ਸਾਨੂੰ ਗ਼ਲਤ ਸਮੇਂ ’ਤੇ ਗੁੱਸਾ ਆਉਂਦਾ ਹੈ ਭਾਵ ਜਦ ਲੋੜ ਚੱੁਪ ਰਹਿਣ ਦੀ ਹੁੰਦੀ ਹੈ, ਅਸੀਂ ਗੁੱਸੇ ਨਾਲ ਭਟਕ ਪੈਂਦੇ ਹਾਂ ਅਤੇ ਘੜੀ-ਮੁੜੀ ਸਾਰੇ ਕੀਤੇ- ਕਰਾਏ ’ਤੇ ਪਾਣੀ ਫਿਰ ਜਾਂਦਾ ਹੈ। ਅਕਸਰ ਸਾਡਾ ਗੁੱਸਾ ਗ਼ਲਤ ਦਿਸ਼ਾ ਵਿਚ ਪ੍ਰਗਟ ਹੁੰਦਾ ਹੈ ਅਤੇ ਅਸੀਂ ਬਿਨਾਂ ਕਾਰਨ ਹੀ ਆਪਣਾ ਨੁਕਸਾਨ ਕਰ ਬੈਠਦੇ ਹਾਂ। ਇਸ ਤਰ੍ਹਾਂ ਰਿਸ਼ਤਿਆਂ ਉੱਪਰ ਦਬਾਅ ਤਾਂ ਬਣਦਾ ਹੀ ਹੈ, ਸਾਡਾ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਦੂਸਰੇ ਪਾਸੇ ਕਈ ਵਾਰੀ ਅਸੀਂ ਕਿਸੇ ਚੀਜ਼ ਜਾਂ ਘਟਨਾ ਤੋਂ ਨਾਰਾਜ਼ ਤਾਂ ਹੋ ਜਾਂਦੇ ਹਾਂ ਪਰ ਆਪਣੇ ਗੁੱਸੇ ਨੂੰ ਆਪਣੇ ਅੰਦਰ ਹੀ ਸਮੇਟ ਕੇ ਰੱਖਦੇ ਹਾਂ, ਜੱਗ ਜ਼ਾਹਿਰ ਨਹੀਂ ਕਰਦੇ।

ਅਜਿਹੀ ਹਾਲਤ ’ਚ ਸਾਡੀ ਕਿਸੇ ਵੀ ਗੱਲ ਦਾ ਗ਼ਲਤ ਸੰਦੇਸ਼ ਜਾ ਸਕਦਾ ਹੈ ਕਿਉਂਕਿ ਸਾਡਾ ਹਾਵ-ਭਾਵ ਅਤੇ ਚਿਹਰੇ ਦੀ ਰੰਗਤ ਇਸ ਗੱਲ ਦੀ ਚੁਗਲੀ ਕਰਦੇ ਹਨ ਕਿ ਨਾਰਾਜ਼ ਹੀ ਨਹੀਂ, ਅੰਦਰ ਹੀ ਅੰਦਰ ਉਬਲ ਵੀ ਰਹੇ ਹਾਂ।ਅੱਜ-ਕੱਲ੍ਹ ਸਾੜੇ ਦੀ ਘੁਸਪੈਠ ਵੀ ਸਾਡੇ ਹਰੇਕ ਦੇ ਅੰਦਰ ਹੈ। ਇਸ ਦਾ ਵੱਡਾ ਕਾਰਨ ਸਾਡੇ ਅੰਦਰ ਕੋਈ ਨਾ ਕੋਈ ਡਰ ਛੁਪਿਆ ਹੋਇਆ ਹੈ। ਇਹ ਸਾੜਾ ਸਾਡੇ ਲਈ ਕਿਸੇ ਗੰਭੀਰ ਮਰਜ਼ ਦਾ ਸੰਕੇਤ ਬਣ ਸਕਦਾ ਹੈ। ਸੌਂਦੇ-ਜਾਗਦੇ ਵਿਅਕਤੀ ਇਸ ਦੇ ਪ੍ਰਭਾਵ ਹੇਠ ਰਹਿੰਦਾ ਹੈ ਅਤੇ ਆਪਣੀ ਚੰਗੀ- ਭਲੀ ਜ਼ਿੰਦਗੀ ਉੱਤੇ ਤਣਾਅ ਦੀ ਪਰਤ ਪਾ ਲੈਂਦਾ ਹੈ। ਯਾਦ ਰੱਖੋ, ਸਾੜੇ ਨਾਲ ਤੁਹਾਡੀ ਕਮਜ਼ੋਰੀ ਹੀ ਜੱਗ ਜ਼ਾਹਿਰ ਹੁੰਦੀ ਹੈ।

ਸਫਲਤਾ, ਸ਼ੁਹਰਤ ਤੇ ਦੌਲਤ ਦੀ ਇੱਛਾ ’ਚ ਲਗਾਤਾਰ ਕੋਸ਼ਿਸ਼ ਕਰਦੇ ਹੋਏ ਅਸੀਂ ਕਈ ਵਾਰ ਅਜਿਹਾ ਕਰ ਗੁਜ਼ਰਦੇ ਹਾਂ ਕਿ ਸਾਡੇ ਅੰਦਰ ਅਪਰਾਧਿਕ ਭਾਵਨਾ ਪੈਦਾ ਹੋ ਜਾਂਦੀ ਹੈ। ਇਹ ਕਈ ਤਰ੍ਹਾਂ ਦੀ ਹੋ ਸਕਦੀ ਹੈ, ਪੂਰੀ ਨਿੱਜੀ ਵੀ ਅਤੇ ਸਮਾਜਿਕ ਵੀ ਕਿਉਂਕਿ ਸਾਨੂੰ ਜ਼ਿੰਦਗੀ ਦਾ ਪਹੀਆ ਗਤੀਸ਼ੀਲ ਬਣਾਉਣ ਲਈ ਨਾ ਚਾਹੁੰਦੇ ਹੋਏ ਵੀ ਕਈ ਮੋਰਚਿਆਂ ’ਤੇ ਸਮਝੌਤੇ ਕਰਨੇ ਪੈਂਦੇ ਹਨ, ਸੋ ਸਾਡੇ ਅੰਦਰ ਅਪਰਾਧ ਭਾਵਨਾ ਵਾਲਾ ਕੰਡਾ ਚੁੱਭਦਾ ਰਹਿੰਦਾ ਹੈ। ਇਸ ਤਰ੍ਹਾਂ ਸਾਡੇ ਰੋਜ਼ਾਨਾ ਦੇ ਕੰਮਕਾਜ.’ਤੇ ਅਸਰ ਪੈਂਦਾ ਹੈ ਅਤੇ ਨਿੱਜੀ ਜ਼ਿੰਦਗੀ ਵੀ ਪ੍ਰਭਾਵਿਤ ਹੁੰਦੀ ਹੈ। ਮਨੋਚਿਕਿਤਸਕਾਂ ਦਾ ਮੰਨਣਾ ਹੈ ਕਿ ਅਜਿਹੀ ਸਥਿਤੀ ਵਿਚ ਪਹਿਲਾ ਕਦਮ ਆਤਮ ਨਿਰੀਖਣ ਹੋਣਾ ਚਾਹੀਦਾ ਹੈ।

ਆਪਣੇ ਆਦਰਸ਼ਵਾਦੀ ਪੱਖ ਨੂੰ ਖ਼ੁਦ ਤੋਂ ਅਲੱਗ ਕਰ ਕੇ ਦੇਖੋ ਅਤੇ ਨਿੱਜੀ ਕਸੌਟੀ ਉੱਤੇ ਫ਼ੈਸਲਾ ਕਰੋ ਪਰ ਦੂਜੇ ਪਾਸੇ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਚੰਗੇ ਬਣ ਕੇ ਰਹੀਏ, ਲੋਕ ਸਾਨੂੰ ਸਲਾਹੁਣ ਅਤੇ ਸਾਰੀ ਜ਼ਿੰਦਗੀ ਅਸੀਂ ਨੈਤਿਕਤਾ ਦੀ ਕਸੌਟੀ ਉੱਤੇ ਦੁੱਧ ਧੋਤੇ ਦਿਸਦੇ ਰਹੀਏ ਪਰ ਨਿੱਜੀ ਪੱਧਰ ’ਤੇ ਅਜਿਹਾ ਸੰਭਵ ਹੀ ਨਹੀਂ। ਇਸ ਲਈ ਆਪਣੀਆਂ ਮੁੱਢਲੀਆਂ ਲੋੜਾਂ ਨਿਸ਼ਚਿਤ ਕਰ ਲੈਣੀਆਂ ਚਾਹੀਦੀਆਂ ਹਨ। ਨਤੀਜੇ ਪ੍ਰਤੀ ਬਹੁਤ ਜ਼ਿਆਦਾ ਚਿੰਤਤ ਪਹਿਲਾਂ ਤੋਂ ਨਾ ਹੋ ਕੇ ਜੋ ਹੋਵੇਗਾ, ਵੇਖਿਆ ਜਾਵੇਗਾ, ਦਾ ਰਵੱਈਆ ਲਾਭ ਪਹੁੰਚਾ ਸਕਦਾ ਹੈ। ਜੀਵਨ ਨੂੰ ਸਮਝਣ ਲਈ /ਜਾਣਨ ਲਈ ਜ਼ਰੂਰੀ ਹੈ, ਉਸ ਨੂੰ ਜੀ ਕੇ ਵੇਖਿਆ ਜਾਵੇ। ਭਾਵ ਜਿਹੋ ਜਿਹੇ ਹਾਲਾਤ ਹੋਣ, ਖ਼ੁਦ ਨੂੰ ਉਸ ਦੇ ਅਨੁਸਾਰ ਢਾਲ ਕੇ ਜੀਵਨ ਦੇ ਰਸਤੇ ’ਤੇ ਚੱਲਿਆ ਜਾਵੇ, ਬੱਸ ਇਹੀ ਅੱਗੇ ਵੱਧਦੇ ਜਾਣ ਦੀ ਕੋਸ਼ਿਸ਼ ਦਾ ਨਾਂ ਹੀ ਜ਼ਿੰਦਗੀ ਹੈ।

Leave a Reply

Your email address will not be published. Required fields are marked *