ਉੱਘੇ ਲੇਖਕ ਤੇ ਫਿਲਮ ਨਿਰਮਾਤਾ ਸਾਗਰ ਸਰਹੱਦੀ ਦਾ ਦੇਹਾਂਤ

Home » Blog » ਉੱਘੇ ਲੇਖਕ ਤੇ ਫਿਲਮ ਨਿਰਮਾਤਾ ਸਾਗਰ ਸਰਹੱਦੀ ਦਾ ਦੇਹਾਂਤ
ਉੱਘੇ ਲੇਖਕ ਤੇ ਫਿਲਮ ਨਿਰਮਾਤਾ ਸਾਗਰ ਸਰਹੱਦੀ ਦਾ ਦੇਹਾਂਤ

ਉੱਘੇ ਲੇਖਕ ਤੇ ਫਿਲਮ ਨਿਰਮਾਤਾ ਸਾਗਰ ਸਰਹੱਦੀ (88) ਜਿਨ੍ਹਾਂ ਨੇ ‘ਕਭੀ ਕਭੀ’, ‘ਸਿਲਸਿਲਾ’, ‘ਨੂਰੀ’ ਅਤੇ ‘ਬਾਜ਼ਾਰ’ ਵਰਗੀਆਂ ਫਿਲਮਾਂ ਦੀ ਕਹਾਣੀ ਲਿਖੀ ਦਾ ਐਤਵਾਰ ਦੇਰ ਰਾਤ ਦੇਹਾਂਤ ਹੋ ਗਿਆ।

ਸਰਹੱਦੀ ਦੇ ਭਤੀਜੇ ਅਤੇ ਫਿਲਮ ਨਿਰਮਾਤਾ ਰਮੇਸ਼ ਤਲਵਾੜ ਨੇ ਦੱਸਿਆ ਕਿ ਉਨ੍ਹਾਂ ਨੇ ਇਥੇ ਸਿEਨ ਨੇੜੇ ਆਪਣੇ ਘਰ ਵਿੱਚ ਆਖਿਰੀ ਸਾਹ ਲਿਆ। ਉਹ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਐਬਟਾਬਾਦ ਸ਼ਹਿਰ ਨੇੜੇ ਬਫਾ ਵਿੱਚ ਹੋਇਆ ਸੀ। ਉਨ੍ਹਾਂ ਦਾ ਨਾਂ ਗੰਗਾ ਸਾਗਰ ਤਲਵਾੜ ਸੀ। ਸਰਹੱਦੀ ਸੂਬੇ ਨਾਲ ਸਬੰਧ ਹੋਣ ਕਾਰਨ ਉਨ੍ਹਾਂ ਨੇ ਆਪਣੇ ਨਾਂ ਨਾਲ ‘ਸਰਹੱਦੀ’ ਜੋੜ ਲਿਆ ਸੀ। ਦੇਸ਼ ਵੰਡ ਮਗਰੋਂ 12 ਸਾਲ ਦੀ ਉਮਰ ਵਿੱਚ ਸਾਗਰ ਸਰਹੱਦੀ ਦਿੱਲੀ ਆ ਗਏ ਸਨ। ਉਨ੍ਹਾਂ ਮੈਟਰਿਕ ਦਿੱਲੀ ਤੋਂ ਪਾਸ ਕੀਤੀ ਅਤੇ ਉਚੇਰੀ ਸਿੱਖਿਆ ਲਈ ਮੁੰਬਈ ਆ ਗਏ। ਪੜ੍ਹਾਈ ਵਿਚਾਲੇ ਛੱਡੇ ਕੇ ਉਨ੍ਹਾਂ ਇੱਕ ਐਡ ਏਜੰਸੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਸਰਹੱਦੀ ਨੇ ਉਰਦੂ ਵਿੱਚ ਮਿੰਨੀ ਕਹਾਣੀਆਂ ਅਤੇ ਨਾਟਕ ਲਿਖ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਬਾਅਦ ਵਿੱਚ 1976 ਵਿੱਚ ਫਿਲਮ ਨਿਰਮਾਤਾ ਯਸ਼ ਚੋਪੜਾ ਦੀ ਫਿਲਮ ‘ਕਭੀ ਕਭੀ’ ਨੇ ਉਨ੍ਹਾਂ ਲਈ ਬੌਲੀਵੁੱਡ ਦੇ ਦਰਵਾਜ਼ੇ ਖੋਲ੍ਹੇ।

ਇਸ ਫਿਲਮ ਵਿੱਚ ਅਮਿਤਾਭ ਬੱਚਨ ਅਤੇ ਰਾਖੀ ਨੇ ਮੁੱਖ ਭੂਮਿਕਾ ਨਿਭਾਈ ਸੀ। ਯਸ਼ ਚੋਪੜਾ ਨਾਲ ਮਿਲ ਕੇ ਉਨ੍ਹਾਂ ਨੇ 1981 ਵਿੱਚ ‘ਸਿਲਸਿਲਾ’ ਅਤੇ 1989 ਵਿੱਚ ‘ਚਾਂਦਨੀ’ ਦਾ ਸਕਰੀਨਪਲੇਅ ਲਿਖਿਆ, ਜਿਸ ਵਿੱਚ ਸ੍ਰੀਦੇਵੀ ਅਤੇ ਰਿਸ਼ੀ ਕਪੂਰ ਨੇ ਕੰਮ ਕੀਤਾ ਸੀ। ਸਰਹੱਦੀ ਨੇ 1982 ਵਿੱਚ ਫਿਲਮ ਨਿਰਮਾਤਾ ਵਜੋਂ ਪਹਿਲੀ ਫਿਲਮ ‘ਬਾਜ਼ਾਰ’ ਬਣਾਈ, ਜਿਸ ਵਿੱਚ ਉਨ੍ਹਾਂ ਨਾਲ ਸੁਪ੍ਰਿਆ ਪਾਠਕ ਕਪੂਰ, ਫਾਰੂਕ ਸ਼ੇਖ, ਸਮਿਤਾ ਪਟੇਲ ਅਤੇ ਨਸੀਰੂਦੀਨ ਸ਼ਾਹ ਨੇ ਕੰਮ ਕੀਤਾ। ਇਸ ਫਿਲਮ ਦੇ ਗਾਣੇ ‘ਦਿਖਾਈ ਦੀਏ ਯੂੰ’, ‘‘ਫਿਰ ਛਿੜੀ ਰਾਤ’ ਅਤੇ ‘ਦੇਖ ਲੋ ਆਜ ਹਮ ਕੋ ਜੀ ਭਰ ਕੇ’ ਅੱਜ ਵੀ ਲੋਕਾਂ ਦੀ ਜ਼ੁਬਾਨ ’ਤੇ ਹਨ। ਸਰਹੱਦੀ ਨੇ ਦੂਸਰਾ ਆਦਮੀ (1977), ਇਨਕਾਰ (1977), ਲੋਰੀ (1984), ਰੰਗ (1993) ਜਿਹੀਆਂ ਫਿਲਮਾਂ ਲਿਖ ਕੇ ਇੱਕ ਵੱਖਰੀ ਪਛਾਣ ਬਣਾਈ। ਸਰਹੱਦੀ ਨੂੰ ਸੁਪਰਸਟਾਰ ਸ਼ਾਹਰੁਖ ਖ਼ਾਨ ਦੀ 1992 ਵਿੱਚ ਆਈ ਫਿਲਮ ‘ਦੀਵਾਨੇ’ ਅਤੇ 2000 ਵਿੱਚ ਆਈ ਰਿਤਿਕ ਰੌਸ਼ਨ ਦੀ ਫਿਲਮ ‘ਕਹੋ ਨਾ ਪਿਆਰ ਹੈ’ ਦੇ ਡਾਇਲੌਗ ਲਿਖਣ ਦਾ ਮਾਣ ਵੀ ਪ੍ਰਾਪਤ ਹੋਇਆ। ਬੌਲੀਵੁੱਡ ਹਸਤੀਆਂ ਜਾਵੇਦ ਅਖ਼ਤਰ, ਡਾਇਰੈਕਟਰ ਹੰਸਲ ਮਹਿਤਾ, ਅਨੁਭਵ ਸਿਨਹਾ, ਨੀਲਾ ਮਾਧਬ ਪਾਂਡਾ ਅਤੇ ਅਦਾਕਾਰ ਜੈਕੀ ਸ਼ਰੌਫ ਸਮੇਤ ਹੋਰ ਹਸਤੀਆਂ ਨੇ ਸਰਹੱਦੀ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। -ਏਜੰਸੀ

Leave a Reply

Your email address will not be published.