ਜੰਡਿਆਲਾ ਗੁਰੂ / ਉੱਘੇ ਪੰਜਾਬੀ ਗਾਇਕ ਦਿਲਜਾਨ ਦੀ ਅੱਜ ਤੜਕੇ 2 ਵਜੇ ਦੇ ਕਰੀਬ ਇਕ ਸੜਕ ਹਾਦਸੇ ‘ਚ ਮੌਤ ਹੋ ਗਈ ।
ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਦਿਲਜਾਨ ਆਪਣੀ ਕਾਰ ਰਾਹੀਂ ਕਰਤਾਰਪੁਰ ਤੋਂ ਅੰਮਿ੍ਤਸਰ ਜਾ ਰਹੇ ਸਨ । ਇਸ ਦੌਰਾਨ ਜਦੋਂ ਉਨ੍ਹਾਂ ਦੀ ਕਾਰ ਜੰਡਿਆਲਾ ਗੁਰੂ ਪੁੱਜੀ ਤਾਂ ਜੀ.ਟੀ. ਰੋਡ ‘ਤੇ ਬਣੇ ਪੁਲ ਨੂੰ ਪਾਰ ਕਰਦਿਆਂ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ । ਹਾਦਸੇ ਤੋਂ ਬਾਅਦ ਲੰਘ ਰਹੇ ਰਾਹਗੀਰਾਂ ਨੇ ਉਨ੍ਹਾਂ ਨੂੰ ਤੁਰੰਤ ਨੇੜੇ ਦੇ ਨਿੱਜੀ ਹਸਪਤਾਲ ਲਿਜਾਇਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ । ਜੰਡਿਆਲਾ ਗੁਰੂ ਦੇ ਡੀ. ਐੱਸ.ਪੀ. ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਘਟਨਾ ਦੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ । ਪੁਲਿਸ ਅਧਿਕਾਰੀ ਦੁਰਲੱਭ ਦਰਸ਼ਨ ਸਿੰਘ ਨੇ ਮੌਕੇ ‘ਤੇ ਪੰਹੁਚ ਕੇ ਘਟਨਾ ਦਾ ਜਾਇਜ਼ਾ ਲਿਆ । ਜਾਣਕਾਰੀ ਅਨੁਸਾਰ ਗਾਇਕ ਦਿਲਜਾਨ ਆਪਣੀ ਕਾਰ ਕੇ ਯੂ ਵੀ-100 ਪੀ.ਬੀ. 08 ਡੀ.ਐਚ. 3665 ‘ਤੇ ਅੱਜ ਤੜਕੇ ਹੀ ਕਰਤਾਰਪੁਰ ਤੋਂ ਅੰਮਿ੍ਤਸਰ ਜਾ ਰਹੇ ਸਨ ਕਿ ਜੰਡਿਆਲਾ ਗੁਰੂ ਕੋਲ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ । ਹਾਦਸੇ ਕਾਰਨ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ । ਹਾਦਸੇ ਤੋਂ ਬਾਅਦ ਕਾਰ ਦੇ ਏਅਰ ਬੈਗ ਵੀ ਖੁੱਲ੍ਹ ਗਏ ਸਨ, ਪਰ ਉਹ ਵੀ ਦਿਲਜਾਨ ਨੂੰ ਬਚਾਅ ਨਾ ਸਕੇ । ਹਾਦਸੇ ਦਾ ਪਤਾ ਲੱਗਣ ‘ਤੇ ਦਿਲਜਾਨ ਦੇ ਪਿਤਾ ਬਲਦੇਵ ਕੁਮਾਰ ਕਾਨੂੰਗੋ ਘਟਨਾ ਸਥਾਨ ‘ਤੇ ਪਹੁੰਚੇ । ‘ਅਜੀਤ’ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਬਲਦੇਵ ਕੁਮਾਰ ਨੇ ਦੱਸਿਆ ਕਿ ਦਿਲਜਾਨ ਦਾ 2 ਅਪ੍ਰੈਲ ਨੂੰ ਨਵਾਂ ਗੀਤ ਰਿਲੀਜ਼ ਹੋਣਾ ਸੀ, ਜਿਸ ਕਾਰਨ ਉਹ ਅੰਮਿ੍ਤਸਰ ਜਾ ਰਹੇ ਸਨ । ਸ੍ਰੀ ਬਲਦੇਵ ਕੁਮਾਰ ਨੇ ਦੱਸਿਆ ਕਿ ਗਾਇਕ ਦਿਲਜਾਨ ਦੀ ਮਿ੍ਤਕ ਦੇਹ ਐਸ.ਪੀ. ਚੈਰੀਟੇਬਲ ਹਸਪਤਾਲ ਕਰਤਾਰਪੁਰ ਵਿਖੇ ਰੱਖੀ ਹੋਈ ਹੈ ਤੇ ਦਿਲਜਾਨ ਦੀ ਪਤਨੀ ਹਰਮਨ ਬੈਂਸ ਤੇ ਢਾਈ ਸਾਲਾ ਬੇਟੀ ਦੇ ਕੈਨੇਡਾ ਤੋਂ ਪਰਤਣ ‘ਤੇ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ ।