ਉਮੀਦਵਾਰਾਂ ਦੇ ਐਲਾਨ ਵਿਚ ‘ਕਾਹਲੀ’ ਨੇ ਲਿਆਂਦਾ ਅਕਾਲੀ ਦਲ ‘ਚ ਭੂਚਾਲ

Home » Blog » ਉਮੀਦਵਾਰਾਂ ਦੇ ਐਲਾਨ ਵਿਚ ‘ਕਾਹਲੀ’ ਨੇ ਲਿਆਂਦਾ ਅਕਾਲੀ ਦਲ ‘ਚ ਭੂਚਾਲ
ਉਮੀਦਵਾਰਾਂ ਦੇ ਐਲਾਨ ਵਿਚ ‘ਕਾਹਲੀ’ ਨੇ ਲਿਆਂਦਾ ਅਕਾਲੀ ਦਲ ‘ਚ ਭੂਚਾਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਦਿਨੀਂ ਰਾਜ ਦੀ ਮੌਜੂਦਾ ਕਾਂਗਰਸ ਸਰਕਾਰ ‘ਤੇ ਵਾਅਦਾ ਖਿਲਾਫੀ ਦੇ ਦੋਸ਼ ਲਗਾਉਂਦੇ ਹੋਏ ‘ਪੰਜਾਬ ਮੰਗਦਾ ਜੁਆਬ‘ ਤਹਿਤ ਵਿਧਾਨ ਸਭਾ ਹਲਕਾਵਾਰ ਰੈਲੀਆਂ ਕਰਵਾਈਆਂ ਗਈਆਂ ਤੇ ਇਸ ਦੌਰਾਨ ਉਨ੍ਹਾਂ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜਣ ਦੇ ਦੋਸ਼ ਲਗਾਉਂਦੇ ਹੋਏ ਕਾਂਗਰਸ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ, ਉਥੇ ਆਉਂਦੀਆਂ 2022 ਦੀਆਂ ਚੋਣਾਂ ਲਈ ਪਾਰਟੀ ਦੇ 6 ਉਮੀਦਵਾਰਾਂ ਦਾ ਵੀ ਐਲਾਨ ਕੀਤਾ।

ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਪਾਰਟੀ ਪ੍ਰਧਾਨ ਵੱਲੋਂ ਆਪ ਮੁਹਾਰੇ ਇਸ ਤਰ੍ਹਾਂ ਰੈਲੀਆਂ ਦੀ ਸਟੇਜ ਤੋਂ ਪਾਰਟੀ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੋਵੇ, ਜਦ ਕਿ ਇਸ ਤੋਂ ਪਹਿਲਾਂ ਉਮੀਦਵਾਰਾਂ ਦੀ ਚੋਣ ਕਈ ਪੜਾਵਾਂ ‘ਚੋਂ ਦੀ ਲੰਘਦੀ ਹੈ ਤੇ ਕੋਰ ਕਮੇਟੀ ਸਮੇਤ ਸਕਰੀਨਿੰਗ ਕਮੇਟੀ ‘ਚ ਉਮੀਦਵਾਰਾਂ ਦੇ ਨਾਂ ਤੈਅ ਕੀਤੇ ਜਾਂਦੇ ਹਨ ਪਰ ਇਸ ਤਰ੍ਹਾਂ ਚੋਣਾਂ ਤੋਂ ਕਰੀਬ ਇਕ ਸਾਲ ਪਹਿਲਾਂ ਉਮੀਦਵਾਰਾਂ ਦਾ ਐਲਾਨ ਹੀ ਨਹੀਂ ਕਰਨਾ ਸਗੋਂ ਮੰਤਰੀ ਅਹੁਦੇ ਦੇਣ ਤੱਕ ਦੇ ਵਾਅਦੇ ਕਰਨੇ ਵੀ ਪਾਰਟੀ ਦੇ ਸੀਨੀਅਰ ਆਗੂਆਂ ਦੇ ਗਲੇ ਤੋਂ ਹੇਠਾਂ ਨਹੀਂ ਉਤਰ ਰਹੇ। ਪਾਰਟੀ ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਧਾਨ ਵਲੋਂ ਖੁਦ ਹੀ ਸਾਰੇ ਫੈਸਲੇ ਲੈਣੇ ਹਨ ਤਾਂ ਫਿਰ ਕੋਰ ਕਮੇਟੀ, ਵਰਕਿੰਗ ਕਮੇਟੀ ਤੇ ਹੋਰਨਾਂ ਕਮੇਟੀਆਂ ਬਣਾਉਣ ਦਾ ਕੀ ਫਾਇਦਾ ਹੈ।

ਇਸ ਤਰ੍ਹਾਂ ਇਹ ਸਾਰੀਆਂ ਕਮੇਟੀਆਂ ਬੇਮਾਇਨੇ ਹੋ ਕੇ ਰਹਿ ਜਾਂਦੀਆਂ ਹਨ ਤੇ ਇਨ੍ਹਾਂ ਕਮੇਟੀਆਂ ‘ਚ ਸ਼ਾਮਲ ਆਗੂਆਂ ਦੇ ਪੱਲੇ ਨਮੋਸ਼ੀ ਤੋਂ ਸਿਵਾਏ ਕੁਝ ਨਹੀਂ ਪੈਂਦਾ, ਹਾਲਾਂਕਿ ਕੋਰ ਕਮੇਟੀ ਸਮੇਤ ਹੋਰਨਾਂ ਕਮੇਟੀਆਂ ਵੱਲੋਂ ਵੀ ਅੰਤ ਸਾਰੇ ਫੈਸਲੇ ਕਰਨ ਤੇ ਉਮੀਦਵਾਰ ਚੁਣਨ ਦੇ ਅਧਿਕਾਰ ਪਾਰਟੀ ਪ੍ਰਧਾਨ ਨੂੰ ਸੌਂਪ ਦਿੱਤੇ ਜਾਂਦੇ ਹਨ ਪਰ ਇਨ੍ਹਾਂ ਕਮੇਟੀਆਂ ਵਿਚਲੇ ਮੈਂਬਰਾਂ ਨੂੰ ਇਹ ਤਾਂ ਤਸੱਲੀ ਹੁੰਦੀ ਹੈ ਕਿ ਪਾਰਟੀ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਮੀਟਿੰਗ ‘ਚ ਤਾਂ ਬੁਲਾਇਆ ਗਿਆ, ਪਰ ਹੁਣ ਕੀਤੇ ਗਏ ਉਮੀਦਵਾਰਾਂ ਦੇ ਐਲਾਨ ਨਾਲ ਪਾਰਟੀ ਅੰਦਰੋਂ-ਅੰਦਰੀ ਧੁਖਣ ਲੱਗੀ ਹੈ ਤੇ ਕਾਫੀ ਆਗੂ ਇਸ ਤਰ੍ਹਾਂ ਆਪ ਹੁਦਰੇ ਫੈਸਲਿਆਂ ਤੋਂ ਕਾਫੀ ਖਫਾ ਦੱਸੇ ਜਾ ਰਹੇ ਹਨ। ਦੱਸਣਯੋਗ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹੁਣ ਤੱਕ ਆਪਣੇ ਸਮੇਤ 6 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਤੇ ਉਨ੍ਹਾਂ ਵਲੋਂ ਖੁਦ ਜਲਾਲਾਬਾਦ ਹਲਕੇ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਹੈ। ਜਦ ਕਿ ਅਟਾਰੀ ਹਲਕੇ ਤੋਂ ਗੁਲਜ਼ਾਰ ਸਿੰਘ ਰਣੀਕੇ, ਖੇਮਕਰਨ ਹਲਕੇ ਤੋਂ ਵਿਰਸਾ ਸਿੰਘ ਵਲਟੋਹਾ, ਜੀਰਾ ਹਲਕੇ ਤੋਂ ਜਨਮੇਜਾ ਸਿੰਘ ਸੇਖੋਂ, ਅਜਨਾਲਾ ਤੋਂ ਅਮਰਪਾਲ ਸਿੰਘ ਬੋਨੀ ਤੇ ਡੇਰਾ ਬੱਸੀ ਹਲਕੇ ਤੋਂ ਮੌਜੂਦਾ ਵਿਧਾਇਕ ਐਨ.ਕੇ. ਸ਼ਰਮਾ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਹਾਲਾਂਕਿ ਸਮੇਂ ਤੋਂ ਪਹਿਲਾਂ ਉਮੀਦਵਾਰਾਂ ਦੇ ਐਲਾਨ ਨਾਲ ਪਾਰਟੀ ਅੰਦਰ ਬਗਾਵਤੀ ਸੁਰ ਵੀ ਸਾਹਮਣੇ ਆ ਰਹੇ ਹਨ। ਖੇਮਕਰਨ ਹਲਕੇ ‘ਚ ਤਾਂ ਬਾਦਲ ਪਰਿਵਾਰ ਅੰਦਰ ਹੀ ਵਿਰੋਧ ਦੇਖਣ-ਸੁਣਨ ਨੂੰ ਮਿਲ ਰਿਹਾ ਹੈ। ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਲੋਂ ਖੇਮਕਰਨ ਹਲਕੇ ਤੋਂ ਪਾਰਟੀ ਟਿਕਟ ਉਤੇ ਆਪਣਾ ਹੱਕ ਜਤਾਉਣ ਕਾਰਨ ਹਲਕੇ ‘ਚ ਅਕਾਲੀ ਦਲ ਧੜਿਆਂ ‘ਚ ਵੰਡਿਆ ਗਿਆ ਹੈ। ਇਸੇ ਤਰ੍ਹਾਂ ਹੁਣ ਸਵਰਗੀ ਹਰੀ ਸਿੰਘ ਜੀਰਾ ਦੇ ਪਰਿਵਾਰ ਨੂੰ ਨਜ਼ਰ ਅੰਦਾਜ਼ ਕਰਕੇ ਇਥੋਂ ਜਨਮੇਜਾ ਸਿੰਘ ਸੇਖੋਂ ਨੂੰ ਉਮੀਦਵਾਰ ਬਣਾਏ ਜਾਣ ਦੇ ਐਲਾਨ ਨਾਲ ਹਰੀ ਸਿੰਘ ਜੀਰਾ ਦਾ ਪਰਿਵਾਰ ਕਾਫੀ ਨਾਰਾਜ਼ ਦੱਸਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਦੇ ਸਪੁੱਤਰ ਅਵਤਾਰ ਸਿੰਘ ਜੀਰਾ ਵਲੋਂ ਆਜ਼ਾਦ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨਾਲ ਪਾਰਟੀ ਅੰਦਰ ਹੁਣ ਤੋਂ ਹੀ ਬਗਾਵਤੀ ਸੁਰਾਂ ਸੁਣਨ ਨੂੰ ਮਿਲ ਰਹੀਆਂ ਹਨ। ਇਸ ਤਰ੍ਹਾਂ ਰੈਲੀਆਂ ‘ਚ ਪਾਰਟੀ ਉਮੀਦਵਾਰਾਂ ਦੇ ਐਲਾਨ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿੱਧਾ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਿਸ਼ਾਨੇ ‘ਤੇ ਆ ਗਏ ਹਨ, ਉਥੇ ਪਾਰਟੀ ਅੰਦਰ ਹੁਣ ਤੋਂ ਹੀ ਉਠਣ ਲੱਗੀਆਂ ਬਗਾਵਤੀ ਸੁਰਾਂ ਨੂੰ ਕਾਬੂ ‘ਚ ਰੱਖਣਾ ਵੀ ਸੁਖਬੀਰ ਸਿੰਘ ਬਾਦਲ ਲਈ ਵੱਡੀ ਚੁਣੌਤੀ ਹੋਵੇਗੀ।

Leave a Reply

Your email address will not be published.