ਉਮੀਦਵਾਰਾਂ ਦੀ ਪਿਹਲੀ ਸੂਚੀ ਨੇ ਹੀ ਲਿਆਂਦਾ ਪੰਜਾਬ ਕਾਂਗਰਸ `ਚ ਭੂਚਾਲ

ਚੰਡੀਗੜ੍ਹ: ਪੰਜਾਬ ‘ਚ ਵਿਧਾਨ ਸਭਾ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਦੇ ਨਾਲ ਹੀ ਪਾਰਟੀ ਅੰਦਰ ਬਗਾਵਤੀ ਸੁਰ ਤਿੱਖੇ ਹੋ ਗਏ ਹਨ।

ਜਿਨ੍ਹਾਂ ਦਾਅਵੇਦਾਰਾਂ ਦੀ ਝੋਲੀ ਟਿਕਟਾਂ ਨਹੀਂ ਪਈਆਂ ਹਨ, ਉਨ੍ਹਾਂ ਪਾਰਟੀ ਖਿਲਾਫ਼ ਬਗਾਵਤ ਦਾ ਬਿਗਲ ਵਜਾ ਦਿੱਤਾ ਹੈ। ਬਗ਼ਾਵਤ ਦੀ ਪਹਿਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਤੋਂ ਹੋਈ ਹੈ ਜਿਨ੍ਹਾਂ ਦੇ ਭਰਾ ਡਾ. ਮਨੋਹਰ ਸਿੰਘ ਨੇ ਹਲਕਾ ਬੱਸੀ ਪਠਾਣਾ ਤੋਂ ਆਜ਼ਾਦ ਤੌਰ ‘ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਪਹਿਲੀ ਸੂਚੀ ਵਿਚ 86 ਉਮੀਦਵਾਰ ਐਲਾਨੇ ਹਨ। ਕਾਂਗਰਸੀ ਵਿਧਾਇਕ ਡਾ[ ਹਰਜੋਤ ਕਮਲ ਟਿਕਟ ਨਾ ਮਿਲਣ ‘ਤੇ ਭਾਜਪਾ ਵਿਚ ਸ਼ਾਮਲ ਹੋ ਗਿਆ ਹੈ। ਪਾਰਟੀ ਨੇ ਚਾਰ ਵਿਧਾਇਕਾਂ ਅਜੈਬ ਸਿੰਘ ਭੱਟੀ, ਬਲਵਿੰਦਰ ਸਿੰਘ ਲਾਡੀ, ਹਰਜੋਤ ਕਮਲ ਅਤੇ ਨੱਥੂ ਰਾਮ ਨੂੰ ਟਿਕਟ ਨਹੀਂ ਦਿੱਤੀ। ਇਨ੍ਹਾਂ ਵਿਚੋਂ ਬਲਵਿੰਦਰ ਸਿੰਘ ਲਾਡੀ ਕੁਝ ਦਿਨਾਂ ਲਈ ਭਾਜਪਾ ਵਿਚ ਸ਼ਾਮਲ ਹੋਇਆ ਸੀ ਪਰ ਫਿਰ ਕਾਂਗਰਸ ਵਿਚ ਪਰਤ ਆਇਆ। ਹਲਕਾ ਆਦਮਪੁਰ ਅਤੇ ਜਲੰਧਰ ਕੇਂਦਰੀ ਤੋਂ ਟਿਕਟ ਦੇ ਦਾਅਵੇਦਾਰ ਮਹਿੰਦਰ ਸਿੰਘ ਕੇਪੀ ਨੂੰ ਵੀ ਪਾਰਟੀ ਨੇ ਟਿਕਟ ਨਹੀਂ ਦਿੱਤੀ ਹੈ। ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਕੇਪੀ ਨੇ ਵੀ ਸਾਫ ਕਰ ਦਿੱਤਾ ਹੈ ਕਿ ਉਹ ਆਗਾਮੀ ਚੋਣਾਂ ਜਰੂਰ ਲੜਨਗੇ ਪਰ ਪਹਿਲਾਂ ਸਮਰਥਕਾਂ ਨਾਲ ਮੀਟਿੰਗ ਕਰਨਗੇ। ਮੋਗਾ ਤੋਂ ਟਿਕਟ ਨਾ ਮਿਲਣ ਮਗਰੋਂ ਵਿਧਾਇਕ ਹਰਜੋਤ ਕਮਲ ਨੇ ਪਹਿਲਾਂ ਹੀ ਭਾਜਪਾ ਦਾ ਪੱਲਾ ਫੜ ਲਿਆ ਹੈ। ਇਸੇ ਤਰ੍ਹਾਂ ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਵੀ ਭਾਜਪਾ ਵਿਚ ਚਲੇ ਗਏ ਹਨ। ਮਾਨਸਾ ਤੋਂ ਗਾਇਕ ਸਿੱਧੂ ਮੂਸੇਵਾਲਾ ਨੂੰ ਟਿਕਟ ਦਿੱਤੇ ਜਾਣ ਮਗਰੋਂ ਟਕਸਾਲੀ ਕਾਂਗਰਸੀ ਗਾਗੋਵਾਲ ਪਰਿਵਾਰ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਇਸ ਪਰਿਵਾਰ ਤੱਕ ਪਹੁੰਚ ਬਣਾਈ ਹੈ। ਗਾਗੋਵਾਲ ਪਰਿਵਾਰ ਵੀ ਚੋਣ ਮੈਦਾਨ ਵਿਚ ਡਟ ਸਕਦਾ ਹੈ। ਤਲਵੰਡੀ ਸਾਬੋ ਤੋਂ ਟਿਕਟ ਦੇ ਦਾਅਵੇਦਾਰ ਤੇ ਤਿੰਨ ਵਾਰ ਵਿਧਾਇਕ ਰਹੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ਟਿਕਟ ਨਾ ਮਿਲਣ ਮਗਰੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਮਨ ਬਣਾ ਲਿਆ ਹੈ। ਕਾਂਗਰਸੀ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਦੇ ਵਿਰੋਧ ਵਿਚ ਖੜ੍ਹੇ ਆਗੂ ਜੱਸੀ ਨਾਲ ਤੁਰਨ ਲੱਗ ਪਏ ਹਨ। ਹਰਮਿੰਦਰ ਸਿੰਘ ਜੱਸੀ ਡੇਰਾ ਸਿਰਸਾ ਮੁਖੀ ਦੇ ਰਿਸ਼ਤੇਦਾਰ ਹਨ ਅਤੇ ਮਾਲਵਾ ਖਿੱਤੇ ਵਿਚ ਡੇਰਾ ਪੈਰੋਕਾਰਾਂ ਦਾ ਕਾਫੀ ਵੋਟ ਬੈਂਕ ਹੈ। ਡੇਰੇ ਦਾ ਵੋਟ ਬੈਂਕ ਭਾਜਪਾ ਪ੍ਰਤੀ ਨਰਮੀ ਰੱਖ ਰਿਹਾ ਹੈ। ਹਲਕਾ ਬੱਲੂਆਣਾ ਤੋਂ ਵਿਧਾਇਕ ਨੱਥੂ ਰਾਮ ਦੀ ਟਿਕਟ ਕੱਟੀ ਗਈ ਹੈ। ਹੁਣ ਉਹ ਆਖ ਰਹੇ ਹਨ ਕਿ ਉਨ੍ਹਾਂ ਨਾਲ ਬੇਇਨਸਾਫ਼ੀ ਹੋਈ ਹੈ ਅਤੇ ਉਹ ਆਪਣੇ ਵਰਕਰਾਂ ਨਾਲ ਸਲਾਹ ਕਰਨਗੇ।

‘ਆਪਵਿਚੋਂ ਕਾਂਗਰਸ ਵਿਚ ਸ਼ਾਮਲ ਹੋਏ ਵਿਧਾਇਕ ਜਗਤਾਰ ਜੱਗਾ ਨੂੰ ਵੀ ਰਾਏਕੋਟ ਤੋਂ ਟਿਕਟ ਨਹੀਂ ਮਿਲੀ ਹੈ ਜਦਕਿ ਪਾਰਟੀ ਨੇ ਸੰਸਦ ਮੈਂਬਰ ਡਾ. ਅਮਰ ਸਿੰਘ ਦੇ ਲੜਕੇ ਕਾਮਿਲ ਅਮਰ ਸਿੰਘ ਨੂੰ ਉਥੋਂ ਉਮੀਦਵਾਰ ਬਣਾਇਆ ਹੈ। ਜਲੰਧਰ ਕੇਂਦਰੀ ਹਲਕੇ ਤੋਂ ਪਾਰਟੀ ਨੇ ਰਾਜਿੰਦਰ ਬੇਰੀ ਨੂੰ ਉਮੀਦਵਾਰ ਐਲਾਨਿਆ ਹੈ ਜਿੱਥੋਂ ਦੂਸਰੇ ਨੰਬਰ ਦੇ ਦਾਅਵੇਦਾਰ ਮੇਅਰ ਜਗਦੀਸ਼ ਰਾਜਾ ਨੇ ਵੀ ਆਪਣੇ ਹਮਾਇਤੀ ਕੌਂਸਲਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਇਸੇ ਤਰ੍ਹਾਂ ਹੋਰ ਹਲਕਿਆਂ ਵਿਚ ਵੀ ਬਾਗੀ ਸੁਰ ਖੜ੍ਹੇ ਹੋ ਗਏ ਹਨ ਜਿਨ੍ਹਾਂ ਨੂੰ ਠੱਲ੍ਹਣ ਲਈ ਹਾਲੇ ਕਾਂਗਰਸ ਨੇ ਕੋਈ ਕੋਸ਼ਿਸ਼ਾਂ ਸ਼ੁਰੂ ਨਹੀਂ ਕੀਤੀਆਂ ਹਨ। ਟਿਕਟਾਂ ਕੱਟੇ ਜਾਣ ਪਿੱਛੋਂ ਵਿਧਾਇਕ ਅਜੈਬ ਸਿੰਘ ਭੱਟੀ ਅਤੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ। ਕਾਂਗਰਸਚ ਕੇਪੀ ਨੇ ਚੁੱਕਿਆ ਬਗਾਵਤੀ ਝੰਡਾ ਜਲੰਧਰ: ਕਾਂਗਰਸ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਵਿਧਾਇਕਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਉਹ ਚੋਣ ਜਰੂਰ ਲੜਨਗੇ। ਮਹਿੰਦਰ ਸਿੰਘ ਕੇਪੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਵੀ ਹਨ। ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਚੰਨੀ ਨੇ ਆਦਮਪੁਰ ਹਲਕੇ ਦਾ ਚਾਰਜ ਕੇਪੀ ਨੂੰ ਲਾ ਦਿੱਤਾ ਸੀ ਤੇ ਮੋਟੀਆਂ ਗਰਾਂਟਾਂ ਵੀ ਦਿੱਤੀਆਂ ਸਨ। ਹਾਲਾਂਕਿ ਆਦਮਪੁਰ ਤੋਂ ਕਾਂਗਰਸ ਨੇ ਨਵੇਂ ਚਿਹਰੇ ਸੁਖਵਿੰਦਰ ਸਿੰਘ ਕੋਟਲੀ ਨੂੰ ਟਿਕਟ ਦਿੱਤੀ ਹੈ ਜੋ ਹਾਲ ਹੀ ਵਿਚ ਕਾਂਗਰਸ ਵਿਚ ਸ਼ਾਮਲ ਹੋਏ ਹਨ। ਕਾਂਗਰਸੀ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਟਿਕਟ ਨਾ ਦੇਣ ਦੀ ਸਭ ਤੋਂ ਵੱਡੀ ਦਲੀਲ ਇਹ ਸੀ ਕਿ ਉਹ ਪਿਛਲੀਆਂ ਤਿੰਨ ਚੋਣਾਂ ਹਾਰ ਗਏ ਸਨ।
ਸਰਵਣ ਸਿੰਘ ਫਿਲੌਰ ਅਕਾਲੀ ਦਲ (ਸੰਯੁਕਤ) ਚ ਸ਼ਾਮਲ ਮੁਹਾਲੀ: ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿਚ ਸ਼ਾਮਲ ਹੋ ਗਏ। ਉਹ ਪਿਛਲੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਰਹਿ ਚੁੱਕੇ ਹਨ। ਨਸ਼ਿਆਂ ਦੇ ਮਾਮਲੇ ਵਿਚ ਨਾਂ ਆਉਣ ਤੋਂ ਬਾਅਦ ਕੁਝ ਸਮਾਂ ਪਹਿਲਾਂ ਸਰਵਣ ਸਿੰਘ ਫਿਲੌਰ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਉਹ ਕਾਂਗਰਸ ਨੂੰ ਅਲਵਿਦਾ ਆਖ ਕੇ ਮੁੜ ਆਪਣੇ ਪੁਰਾਣੇ ਸਾਥੀ ਸੁਖਦੇਵ ਸਿੰਘ ਢੀਂਡਸਾ ਦੀ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿਚ ਸ਼ਾਮਲ ਹੋ ਗਏ ਹਨ। ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਆਜ਼ਾਦ ਲੜਨ ਦਾ ਐਲਾਨ ਜਲੰਧਰ: ਕਾਂਗਰਸ ਹਾਈਕਮਾਂਡ ਵੱਲੋਂ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਤੋਂ ਨਵਤੇਜ ਸਿੰਘ ਚੀਮਾ ਨੂੰ ਮੁੜ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਨੌਜਵਾਨ ਆਗੂ ਰਾਣਾ ਇੰਦਰਪ੍ਰਤਾਪ ਸਿੰਘ ਨੇ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਰਾਣਾ ਇੰਦਰਪ੍ਰਤਾਪ ਸਿੰਘ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਵੱਲੋਂ ਕਰਵਾਏ ਗਏ ਸਰਵੇਖਣ ਵਿਚ ਵੀ ਨਵਤੇਜ ਸਿੰਘ ਚੀਮਾ ਦੀ ਹਾਲਤ ਬਹੁਤ ਪਤਲੀ ਦੱਸੀ ਗਈ ਸੀ। ਚੰਦੂਮਾਜਰਾ ਦਾ ਭਾਣਜਾ ਸੰਯੁਕਤ ਸਮਾਜ ਮੋਰਚੇਚ ਸ਼ਾਮਲ ਪਟਿਆਲਾ: ਹਲਕਾ ਘਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਣਜੇ ਹਰਵਿੰਦਰ ਸਿੰਘ ਹਰਪਾਲਪੁਰ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਅਲਵਿਦਾ ਆਖ ਦਿੱਤਾ ਹੈ ਅਤੇ
ਉਹ ਸੰਯੁਕਤ ਸਮਾਜ ਮੋਰਚੇ ਦੇ ਹਰੇ ਝੰਡੇ ਹੇਠ ਆ ਗਏ ਹਨ। ਘਨੌਰ ਵਿਚ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਪ੍ਰੇਮ ਸਿੰਘ ਭੰਗੂ
ਦੇ ਚੋਣ ਦਫਤਰ ਦੇ ਉਦਘਾਟਨ ਮੌਕੇ ਪਹੁੰਚੇ ਸੰਯੁਕਤ ਸਮਾਜ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਦੀ ਹਾਜਰੀ ਵਿਚ ਹਰਵਿੰਦਰ ਸਿੰਘ ਹਰਪਾਲਪੁਰ ਨੇ ਅਕਾਲੀ ਦਲ ਛੱਡ ਕੇ ਸੰਯੁਕਤ ਸਮਾਜ ਮੋਰਚੇ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।ਹਰਪਾਲਪੁਰ ਕਾਫੀ ਸਮੇਂ ਤੋਂ ਚੰਦੂਮਾਜਰਾ ਨਾਲ ਖਫ਼ਾ ਚੱਲ ਰਹੇ ਸਨ।

Leave a Reply

Your email address will not be published. Required fields are marked *