ਉਦਯੋਗਪਤੀ ਦੁਵੱਲੇ ਵਿਕਾਸ ਤੇ ਤਰੱਕੀ ਲਈ ਇਕਜੁੱਟ ਹੋ ਕੇ ਕੰਮ ਕਰਨ-ਚੰਨੀ

ਮੁੱਖ ਮੰਤਰੀ ਵਲੋਂ ਨਵੇਂ ਉੱਦਮੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਾ ਵਾਅਦਾ

ਐੱਸ. ਏ. ਐੱਸ. ਨਗਰ, 26 ਅਕਤੂਬਰ (ਕੇ. ਐੱਸ. ਰਾਣਾ)-ਦੇਸ਼-ਵਿਦੇਸ਼ ਦੇ ਸਨਅਤੀ ਦਿੱਗਜ਼ਾਂ ਨੂੰ ਸੂਬੇ ‘ਚ ਨਿਵੇਸ਼ ਲਈ ਸਾਜ਼ਗਾਰ ਮਾਹੌਲ ਮੁਹੱਈਆ ਕਰਵਾਉਣ ਦਾ ਭਰੋਸਾ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਅੱਜ ਉਦਯੋਗਿਕ ਖੇਤਰ ਲਈ ਉਨ੍ਹਾਂ ਦੀ ਸਰਕਾਰ ਵਲੋਂ ਅਸਲ ਮਦਦਗਾਰ ਅਤੇ ਸਹਿਯੋਗੀ ਵਜੋਂ ਆਪਣੀ ਭੂਮਿਕਾ ਨਿਭਾਉਣ ਦੀ ਦਿ੍ੜ ਵਚਨਬੱਧਤਾ ਦੁਹਰਾਈ । ਇਸ ਮੌਕੇ ਉਨ੍ਹਾਂ ਉਦਯੋਗਪਤੀਆਂ ਨੂੰ ਸੂਬੇ ਦੇ ਦੁਵੱਲੇ ਵਿਕਾਸ ਅਤੇ ਤਰੱਕੀ ਲਈ ਇਕਜੁੱਟ ਹੋ ਕੇ ਕੰਮ ਕਰਨ ‘ਤੇ ਜ਼ੋਰ ਦਿੱਤਾ । ਇਥੇ ਇੰਡੀਅਨ ਸਕੂਲ ਆਫ ਬਿਜਨੈੱਸ ਵਿਖੇ ਚੌਥੇ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ ਦੇ ਦੇਸ਼-ਵਿਦੇਸ਼ ਤੋਂ ਵਰਚੂਅਲ ਤੌਰ ‘ਤੇ ਉੱਦਮੀਆਂ ਦੀ ਸ਼ਮੂਲੀਅਤ ਵਾਲੇ ਸੈਸ਼ਨ ਦੌਰਾਨ ਆਪਣੇ ਸੰਬੋਧਨ ‘ਚ ਮੁੱਖ ਮੰਤਰੀ ਨੇ ਕਿਹਾ ਕਿ ਸਨਅਤਕਾਰਾਂ ਦੀ ਉਮੀਦਾਂ ‘ਤੇ ਪੰਜਾਬ ਖਰਾ ਉਤਰੇਗਾ ਕਿਉਂ ਜੋ ਸੂਬਾ, ਮੁਲਕ ਵਿਚ ਕਾਰੋਬਾਰ ਕਰਨ ਦਾ ਸਭ ਤੋਂ ਬਿਹਤਰ ਸਥਾਨ ਹੈ ।

26 ਤੇ 27 ਅਕਤੂਬਰ 2021 ਦੇ 2 ਦਿਨਾਂ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ’ ਦੇ ਪਹਿਲੇ ਦਿਨ ਸ਼ਾਮਿਲ ਹੋਏ ਉੱਘੇ ਉਦਯੋਗਪਤੀਆਂ ਦਾ ਧੰਨਵਾਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਸਨਅਤਕਾਰਾਂ ਦੇ ਕੀਮਤੀ ਸੁਝਾਵਾਂ ਮੁਤਾਬਿਕ ਸੂਬਾ ਸਰਕਾਰ ਆਪਣੀ ਮੌਜੂਦਾ ਉਦਯੋਗਿਕ ਨੀਤੀ ‘ਚ ਲੋੜੀਂਦੀਆਂ ਸੋਧਾਂ ਕਰਕੇ ਇਸ ਨੂੰ ਹੋਰ ਵੀ ਨਿਵੇਸ਼ ਪੱਖੀ ਬਣਾਏਗੀ । ਉਨ੍ਹਾਂ ਨਵੇਂ ਉਦਮੀਆਂ ਨੂੰ ਆਪਣੇ ਸੂਬੇ ‘ਚ ਆਪਣੇ ਯੂਨਿਟ ਸਥਾਪਤ ਕਰਨ ਲਈ ਹਰ ਤਰ੍ਹਾਂ ਦੀ ਸਹੂਲਤਾਂ ਦੇਣ ਦਾ ਵਾਅਦਾ ਕੀਤਾ । ਉਨ੍ਹਾਂ ਕਿਹਾ ਕਿ ਸੂਬੇ ਵਲੋਂ ‘ਸਨਅਤ ਲਾE ਤੇ ਚਲਾE’ ਦੀ ਸਹੂਲਤ ਨਾਲ ਲੈਸ 6000 ਏਕੜ ਦੀ ਲੈਂਡ ਬੈਂਕ ਵਿਕਸਤ ਕੀਤੀ ਗਈ ਹੈ । ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੂਬੇ ਵਿਚ ਉਦਯੋਗੀਕਰਨ ਦਾ ਨਵਾਂ ਅਧਿਆਏ ਲਿਖਣ ਲਈ ਉਦਯੋਗ ਜਗਤ ਦੇ ਦਿੱਗਜਾਂ ਵਲੋਂ ਪਾਏ ਵੱਡਮੁੱਲੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਤੋਂ ਪਹਿਲਾਂ ਆਪਣੇ ਸੁਆਗਤੀ ਭਾਸ਼ਣ ‘ਚ ਉਦਯੋਗ ਅਤੇ ਵਣਜ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਇਹ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਸੰਭਾਵੀ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਹੁਲਾਰਾ ਦੇਣ ਵਿਚ ਅਹਿਮ ਸਾਬਤ ਹੋਵੇਗਾ ਅਤੇ ਪੰਜਾਬ ਨੂੰ ਨੂੰ ਨਾ ਸਿਰਫ਼ ਦੇਸ਼ ਵਿਚ ਸਗੋਂ ਵਿਸ਼ਵ ਭਰ ਵਿਚ ਸਭ ਤੋਂ ਵੱਧ ਪਸੰਦੀਦਾ ਸਥਾਨ ਵਜੋਂ ਪੇਸ਼ ਕਰੇਗਾ । ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਕਿਹਾ ਕਿ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਸੰਤੁਲਿਤ ਖੇਤਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਹਿਯੋਗੀ ਭਾਈਵਾਲੀ ਵਿਚ ਵਿਸ਼ਵਾਸ ਰੱਖਦਾ ਹੈ । ਇਸ ਮੌਕੇ ਚੰਨੀ ਨੇ ਨਿਵੇਸ਼ਕ ਸੰਮੇਲਨ 2021 ਦੀ ਯਾਦ ਵਿਚ ਕੈਂਪਸ ਵਿਚ ਅੰਬ ਦਾ ਬੂਟਾ ਲਗਾਇਆ । ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਉਦਯੋਗ ਅਤੇ ਵਣਜ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਵਪਾਰਕ ਮਾਹੌਲ ਨੂੰ ਹੋਰ ਬਿਹਤਰ ਬਣਾਉਣ ਅਤੇ ਨੀਤੀਆਂ ਵਿਚ ਸਥਿਰਤਾ ਅਤੇ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਦਿ੍ੜ ਵਚਨਬੱਧਤਾ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਵੇਗੀ ਅਤੇ ਉਦਯੋਗ, ਕਾਰੋਬਾਰ ਅਤੇ ਰੁਜ਼ਗਾਰ ‘ਤੇ ਸੂਬੇ ਦਾ ਧਿਆਨ ਕੇਂਦਰਤ ਕਰੇਗੀ ।

Leave a Reply

Your email address will not be published. Required fields are marked *