ਉਡਣਾ ਸਿੱਖ ਵਜੋਂ ਮਸ਼ਹੂਰ ਮਿਲਖਾ ਸਿੰਘ ਦਾ ਦੇਹਾਂਤ

Home » Blog » ਉਡਣਾ ਸਿੱਖ ਵਜੋਂ ਮਸ਼ਹੂਰ ਮਿਲਖਾ ਸਿੰਘ ਦਾ ਦੇਹਾਂਤ
ਉਡਣਾ ਸਿੱਖ ਵਜੋਂ ਮਸ਼ਹੂਰ ਮਿਲਖਾ ਸਿੰਘ ਦਾ ਦੇਹਾਂਤ

ਚੰਡੀਗੜ੍ਹ: ਭਾਰਤੀ ਅਥਲੀਟ ਤੇ ‘ਉਡਣੇ ਸਿੱਖ` ਵਜੋਂ ਮਕਬੂਲ ਮਿਲਖਾ ਸਿੰਘ ਦੀ ਕਰੋਨਾ ਵਾਇਰਸ ਕਰਕੇ ਮੌਤ ਹੋ ਗਈ।

ਉਹ ਪਿਛਲੇ ਇਕ ਮਹੀਨੇ ਤੋਂ ਕਰੋਨਾ ਦੀ ਲਾਗ ਨਾਲ ਜੂਝ ਰਹੇ ਸਨ। ਦੱਸਣਾ ਬਣਦਾ ਹੈ ਕਿ ਮਿਲਖਾ ਸਿੰਘ ਦੀ ਪਤਨੀ ਤੇ ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਕੌਰ ਦੀ ਵੀ ਕੁਝ ਦਿਨ ਪਹਿਲਾਂ ਕਰੋਨਾ ਕਰਕੇ ਮੌਤ ਹੋ ਗਈ ਸੀ। ਉਨ੍ਹਾਂ ਦੇ ਪਰਿਵਾਰ ਵਿਚ ਪਿੱਛੇ ਹੁਣ ਗੌਲਫਰ ਪੁੱਤ ਜੀਵ ਮਿਲਖਾ ਸਿੰਘ ਤੇ ਤਿੰਨ ਧੀਆਂ ਹਨ। ਮਿਲਖਾ ਸਿੰਘ ਪਿਛਲੇ ਕੁਝ ਦਿਨਾਂ ਤੋਂ ਇਥੇ ਪੀ.ਜੀ.ਆਈ. ਵਿਚ ਜੇਰੇ ਇਲਾਜ ਸਨ। ਉਨ੍ਹਾਂ ਨੂੰ ਪਿਛਲੇ ਮਹੀਨੇ ਕਰੋਨਾ ਦੀ ਲਾਗ ਚਿੰਬੜ ਗਈ ਸੀ। ਮਿਲਖਾ ਸਿੰਘ ਨੂੰ ਆਕਸਜੀਨ ਦਾ ਪੱਧਰ ਘਟਣ ਮਗਰੋਂ 3 ਜੂਨ ਨੂੰ ਪੀ.ਜੀ.ਆਈ. ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਉਹ ਇਕ ਹਫਤੇ ਲਈ ਫੋਰਟਿਸ ਹਸਪਤਾਲ ਵਿਚ ਵੀ ਦਾਖਲ ਰਹੇ। ਉੱਡਣੇ ਸਿੱਖ ਨੇ ਏਸ਼ਿਆਈ ਖੇਡਾਂ ਵਿਚ ਚਾਰ ਵਾਰ ਤੇ 1958 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗਮਾ ਜਿੱਤਿਆ ਸੀ। ਉਨ੍ਹਾਂ 1956 ਤੇ 1964 ਉਲੰਪਿਕਸ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੂੰ ਸਾਲ 1959 ਵਿਚ ਪਦਮਸ੍ਰੀ ਨਾਲ ਨਿਵਾਜਿਆ ਗਿਆ ਸੀ।

1929 ਨੂੰ ਗੋਵਿੰਦਪੁਰਾ (ਹੁਣ ਪਾਕਿਸਤਾਨ ‘ਚ) ਇਕ ਸਿੱਖ ਪਰਿਵਾਰ ‘ਚ ਮਿਲਖਾ ਸਿੰਘ ਦਾ ਜਨਮ ਹੋਇਆ ਸੀ। ਬਟਵਾਰੇ ਦੌਰਾਨ ਉਹ ਅਨਾਥ ਹੋ ਗਏ ਅਤੇ ਬਾਅਦ ‘ਚ ਭਾਰਤੀ ਸੈਨਾ ‘ਚ ਸ਼ਾਮਲ ਹੋਏ। ਚਾਰ ਵਾਰ ਏਸ਼ਿਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਵਾਲੇ ਤੇ 1958 ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਮਿਲਖਾ ਸਿੰਘ ਨੂੰ ਪਹਿਲੀ ਵਾਰ 1960 ‘ਚ ‘ਉੱਡਣਾ ਸਿੱਖ‘ ਕਿਹਾ ਗਿਆ। ਉਨ੍ਹਾਂ ਨੂੰ ਇਹ ਨਾਂ ਪਾਕਿਸਤਾਨ ਦੇ ਉਸ ਸਮੇਂ ਦੇ ਰਾਸ਼ਟਰਪਤੀ ਆਯੂਬ ਖਾਨ ਨੇ ਦਿੱਤਾ ਸੀ। 1960 ‘ਚ ਆਯੂਬ ਖਾਨ ਨੇ ‘ਇੰਡੋ-ਪਾਕਿ ਸਪੋਰਟਸ ਮੀਟ‘ ਲਈ ਮਿਲਖਾ ਸਿੰਘ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਸੀ। ਹਾਲਾਂਕਿ ਮਿਲਖਾ ਸਿੰਘ ਬਚਪਨ ‘ਚ ਬਟਵਾਰੇ ਕਰਕੇ ਜਿਸ ਦੇਸ਼ ਨੂੰ ਛੱਡ ਆਏ ਸੀ, ਉਥੇ ਨਹੀਂ ਜਾਣਾ ਚਾਹੁੰਦੇ ਸੀ ਪਰ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜੋਰ ਦੇਣ ਉਤੇ ਉਹ ਭਾਰਤੀ ਟੀਮ ਦੇ ਝੰਡਾਬਰਦਾਰ ਦੇ ਤੌਰ ‘ਤੇ ਪਾਕਿਸਤਾਨ ਗਏ।

ਇਥੇ ਮਿਲਖਾ ਸਿੰਘ ਨੇ 200 ਮੀਟਰ ਦੀ ਦੌੜ ‘ਚ ਪਾਕਿਸਤਾਨ ਦੇ ਸੁਪਰ ਸਟਾਰ ਤੇ ਕੌਮੀ ਚੈਂਪੀਅਨ ਅਬਦੁਲ ਖਲੀਕ ਨੂੰ ਆਸਾਨੀ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਇਨਾਮ ਵੰਡ ਸਮਾਰੋਹ ਦੌਰਾਨ ਆਯੂਬ ਖਾਨ ਨੇ ਮਿਲਖਾ ਸਿੰਘ ਨੂੰ ਪਹਿਲੀ ਵਾਰ ‘ਉੱਡਣਾ ਸਿੱਖ‘ ਨਾਂ ਦਿੱਤਾ। ਮਿਲਖਾ ਸਿੰਘ ਨੇ 1958 ਰਾਸ਼ਟਰ ਮੰਡਲ ਖੇਡਾਂ ‘ਚ ਟ੍ਰੈਕ ਐਂਡ ਫੀਲਡ ਮੁਕਾਬਲੇ ‘ਚ ਭਾਰਤ ਲਈ ਪਹਿਲਾ ਸੋਨ ਤਗਮਾ ਜਿੱਤਿਆ ਸੀ। 56 ਸਾਲ ਤੱਕ ਇਹ ਰਿਕਾਰਡ ਕੋਈ ਨਹੀਂ ਤੋੜ ਸਕਿਆ ਸੀ। ਮਿਲਖਾ ਸਿੰਘ ਨੇ 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ‘ਚ ਲਗਾਤਾਰ ਦੋ ਸੋਨ ਤਗਮੇ ਜਿੱਤੇ, ਉਨ੍ਹਾਂ ਨੇ 400 ਮੀਟਰ ਅਤੇ 400 ਮੀਟਰ ਰਿਲੇਅ ਦੌੜ ‘ਚ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਉਨ੍ਹਾਂ 1958 ਏਸ਼ਿਆਈ ਖੇਡਾਂ ‘ਚ 200 ਤੇ 400 ਮੀਟਰ ਦੌੜ ‘ਚ ਸੋਨ ਤਗਮੇ ਜਿੱਤੇ ਸਨ, ਹਾਲਾਂਕਿ ਮਿਲਖਾ ਸਿੰਘ ਦਾ ਸਰਬੋਤਮ ਪ੍ਰਦਰਸ਼ਨ 1960 ਦੀਆਂ ਰੋਮ ਉਲੰਪਿਕ ‘ਚ ਰਿਹਾ ਭਾਵੇਂ ਉਹ ਕੋਈ ਤਗਮਾ ਨਹੀਂ ਜਿੱਤ ਸਕੇ ਪਰ ਉਨ੍ਹਾਂ ਨੇ 400 ਮੀਟਰ ਦੌੜ 45.6 ਸੈਕਿੰਡ ‘ਚ ਪੂਰੀ ਕਰਕੇ ਚੌਥਾ ਸਥਾਨ ਹਾਸਲ ਕੀਤਾ ਸੀ।

ਉਨ੍ਹਾਂ ਦੇ ਨਾਂ ਇਹ ਕੌਮੀ ਰਿਕਾਰਡ 38 ਸਾਲ ਤੱਕ ਰਿਹਾ। ਮਿਲਖਾ ਸਿੰਘ ਨੂੰ 1959 ‘ਚ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 2001 ‘ਚ ਉਨ੍ਹਾਂ ਨੂੰ ਅਰਜੁਨ ਪੁਰਸਕਾਰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਬਾਅਦ ‘ਚ ਉਨ੍ਹਾਂ ਇਸ ਦੀ ਵਜ੍ਹਾ ਦੱਸਦਿਆਂ ਕਿਹਾ ਸੀ ਕਿ ਅੱਜ-ਕੱਲ੍ਹ ਪੁਰਸਕਾਰ ਮੰਦਰ ‘ਚ ਪ੍ਰਸ਼ਾਦ ਦੀ ਤਰ੍ਹਾਂ ਵੰਡੇ ਜਾਂਦੇ ਹਨ। ਮੈਨੂੰ ਪਦਮਸ੍ਰੀ ਦੇ ਬਾਅਦ ਅਰਜੁਨ ਪੁਰਸਕਾਰ ਲਈ ਚੁਣਿਆ ਗਿਆ। 2018 ‘ਚ 4 ਮਾਰਚ ਨੂੰ ਪੰਜਾਬ ਯੂਨੀਵਰਸਿਟੀ ‘ਚ ਹੋਏ ਇਕ ਸਮਾਰੋਹ ਦੌਰਾਨ ਮਿਲਖਾ ਸਿੰਘ ਨੂੰ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਕੈਪਟਨ ਵੱਲੋਂ ਮਿਲਖਾ ਸਿੰਘ ਚੇਅਰ ਬਣਾਉਣ ਦਾ ਐਲਾਨ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਖੇਡ ਯੂਨੀਵਰਸਿਟੀ ਪਟਿਆਲਾ ਵਿਖੇ ਮਹਾਨ ਅਥਲੀਟ ਮਿਲਖਾ ਸਿੰਘ ਦੇ ਨਾਮ ‘ਤੇ ਚੇਅਰ ਸਥਾਪਤ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਸੈਕਟਰ-8 ਸਥਿਤ ਮਿਲਖਾ ਸਿੰਘ ਦੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ, ”ਅਸੀਂ ਮਿਲਖਾ ਸਿੰਘ ਚੇਅਰ ਨੂੰ ਸਪੋਰਟਸ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਤ ਕਰ ਰਹੇ ਹਾਂ।“ ਇਸ ਮੌਕੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਵੀ ਹਾਜ਼ਰ ਸਨ।

ਸ਼੍ਰੋਮਣੀ ਕਮੇਟੀ ਵੱਲੋਂ ਦੁੱਖ ਦਾ ਪ੍ਰਗਟਾਵਾ ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮਿਲਖਾ ਸਿੰਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਮਿਲਖਾ ਸਿੰਘ ਨੇ ਸਖਤ ਮਿਹਨਤ ਨਾਲ ਦੁਨੀਆਂ ਭਰ ਵਿਚ ਆਪਣੀ ਵੱਖਰੀ ਪਛਾਣ ਬਣਾਈ ਅਤੇ ਸਿੱਖ ਦੌੜਾਕ ਵਜੋਂ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਉਨ੍ਹਾਂ ਦੇ ਚਲਾਣੇ ਨਾਲ ਖੇਡ ਜਗਤ ਦਾ ਇਕ ਪ੍ਰੇਰਣਾ ਸਰੋਤ ਸਦਾ ਲਈ ਰੁਖਸਤ ਹੋ ਗਿਆ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਭਵਿੱਖ ਦੇ ਖਿਡਾਰੀਆਂ ਲਈ ਮਾਰਗ ਦਰਸ਼ਨ ਹਨ, ਜੋ ਉਨ੍ਹਾਂ ਨੂੰ ਆਪਣੇ ਟੀਚੇ ਦੀ ਪ੍ਰਾਪਤੀ ਲਈ ਹਮੇਸ਼ਾ ਪ੍ਰੇਰਣਾ ਦਿੰਦੀਆਂ ਰਹਿਣਗੀਆਂ।

Leave a Reply

Your email address will not be published.