ਇੰਟਰਨੈੱਟ ਐਕਸਪਲੋਰਰ ਦੇ 27 ਸਾਲ ਦਾ ਸਫ਼ਰ ਹੋਇਆ ਖ਼ਤਮ

ਵਾਸ਼ਿੰਗਟਨ : ਕਿਸੇ ਸਮੇਂ ’ਚ ਦੁਨੀਆ ਦਾ ਸਭ ਤੋਂ ਪ੍ਰਸਿੱਧ ਵੈੱਬ ਬ੍ਰਾਊਜ਼ਰ ਰਿਹਾ ਇੰਟਰਨੈੱਟ ਐਕਸਪਲੋਰਰ ਹੁਣ ਬੰਦ ਹੋਣ ਜਾ ਰਿਹਾ ਹੈ।

ਮਾਈਕ੍ਰੋਸਾਫਟ ਨੇ ਆਪਣੇ ਇਸ ਸਭ ਤੋਂ ਪੁਰਾਣੇ ਬ੍ਰਾਊਜ਼ਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਮਾਈਕ੍ਰੋਸਾਫਟ ਨੇ 27 ਸਾਲ ਪਹਿਲਾਂ 1995 ਵਿਚ ਇਸ ਵੈੱਬ ਬ੍ਰਾਊਜ਼ਰ ਨੂੰ ਸ਼ੁਰੂ ਕੀਤਾ ਸੀ। ਕੰਪਨੀ ਨੇ ਇਸ ਨੂੰ ਆਪਣੇ ਕੰਪਿਊਟਰ ਆਪ੍ਰੇਟਿੰਗ ਸਿਸਟਮ ਵਿੰਡੋਜ-95 ਲਈ ਐਡ-ਆਨ ਪੈਕਜ ਦੇ ਰੂਪ ਵਿਚ ਜਾਰੀ ਕੀਤਾ ਸੀ। ਬਾਅਦ ਵਿਚ ਕੰਪਨੀ ਇਸ ਪੈਕਜ ਤਹਿਤ ਇਸ ਬ੍ਰਾਊਜ਼ਰ ਨੂੰ ਮੁਫ਼ਤ ਵਿਚ ਦੇਣ ਲੱਗੀ ਸੀ। ਨਿਊਜ਼ ਵੈੱਬਸਾਈਟ ਮਸ਼ਾਬਲੇ ਮੁਤਾਬਕ ਇਕ ਸਮੇਂ ਵਿਚ ਇਸ ਬ੍ਰਾਊਜ਼ਰ ਦਾ ਦੁਨੀਆ ਵਿਚ ਦਬਦਬਾ ਸੀ। ਸਾਲ 2000 ਤੋਂ ਬਾਅਦ ਇਸਦੇ ਖਪਤਕਾਰਾਂ ਦੀ ਗਿਣਤੀ ਤੇਜ਼ੀ ਨਾਲ ਵਧੀ। 2003 ਵਿਚ ਇਸ ਦੀ ਵੈੱਬ ਬ੍ਰਾਊਜ਼ਰ ਮਾਰਕੀਟ ਵਿਚ ਹਿੱਸੇਦਾਰੀ ਲਗਪਗ 95 ਫ਼ੀਸਦੀ ਹੋ ਗਈ ਸੀ ਅਤੇ ਲਗਪਗ ਹਰ ਵਿਅਕਤੀ ਇਸ ਦਾ ਇਸਤੇਮਾਲ ਕਰਦਾ ਸੀ।

ਬਾਅਦ ਵਿਚ ਬਾਜ਼ਾਰ ਵਿਚ ਕਈ ਹੋਰ ਬ੍ਰਾਊਜ਼ਰ ਆ ਗਏ। ਉਨ੍ਹਾਂ ਦੇ ਮੁਕਾਬਲੇ ਇੰਟਰਨੈੱਟ ਐਕਸਪਲੋਰਰ ਖ਼ੁਦ ਨੂੰ ਅਪਡੇਟ ਨਹੀਂ ਕਰ ਸਕਿਆ ਅਤੇ ਬਾਜ਼ਾਰ ਵਿਚ ਪੱਛਡ਼ਦਾ ਚਲਾ ਗਿਆ। ਹੌਲੀ-ਹੌਲੀ ਇਹ ਇਕ ਡਿਫਾਲਟ ਬ੍ਰਾਊਜ਼ਰ ਦੇ ਰੂਪ ਵਿਚ ਬਦਲ ਗਿਆ, ਜਿਸ ਦਾ ਇਸਤੇਮਾਲ ਲੋਕ ਦੂਜੇ ਬ੍ਰਾਊਜ਼ਰ ਨੂੰ ਇੰਸਟਾਲ ਕਰਨ ਲਈ ਕਰਨ ਲੱਗੇ। ਕੰਪਨੀ ਨੇ ਕਿਹਾ ਕਿ ਵਿੰਡੋਜ 10 ’ਤੇ ਇੰਟਰਨੈੱਟ ਐਕਸਪਲੋਰਰ ਦੀਆਂ ਸੇਵਾਵਾਂ ਹੁਣ ਮਾਈਕ੍ਰੋਸਾਫਟ ਐੱਜ ’ਚ ਮਿਲਣਗੀਆਂ। ਮਾਈਕ੍ਰੋਸਾਫਟ ਐੱਜ ਇੰਟਰਨੈੱਟ ਐਕਸਪਲੋਰਰ ਦੇ ਮੁਕਾਬਲੇ ਵਿਚ ਇਕ ਤੇਜ਼, ਜ਼ਿਆਦਾ ਸੁਰੱਖਿਅਤ ਅਤੇ ਆਧੁਨਿਕ ਬ੍ਰਾਊਜ਼ਰ ਹੈ। ਮਾਈਕ੍ਰੋਸਾਫਟ ਨੇ 2016 ਵਿਚ ਨਵੇਂ ਬ੍ਰਾਊਜ਼ਰ ਫੀਚਰ ਨੂੰ ਵਿਕਸਤ ਕਰਨਾ ਬੰਦ ਕਰ ਦਿੱਤਾ ਸੀ। ਇਹ ਪਹਿਲੀ ਵਾਰ ਹੈ ਕਿ ਦਿੱਗਜ ਕੰਪਨੀ ਨੇ ਇੰਟਰਨੈੱਟ ਐਕਸਪਲੋਰਰ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।

Leave a Reply

Your email address will not be published. Required fields are marked *