ਇਸ ਤਰ੍ਹਾਂ ਗੁਜ਼ਾਰੀਏ ਸੁਖਾਲਾ ਬੁਢਾਪਾ

ਬਚਪਨ, ਜਵਾਨੀ ਤੇ ਬੁਢਾਪਾ ਜ਼ਿੰਦਗੀ ਦੇ ਤਿੰਨ ਅਹਿਮ ਪੜਾਅ ਹਨ। ਬਚਪਨ ਖੇਡਣ ਮੱਲਣ ਦੀ ਉਮਰ ਹੁੰਦੀ ਹੈ।

ਬਚਪਨ ਵਿਚ ਕੁਝ ਬੋਲਣ ਤੋਂ ਪਹਿਲਾਂ ਸੋਚਣਾ ਨਹੀਂ ਪੈਂਦਾ ਜਦਕਿ ਬੁਢਾਪੇ ਵਿਚ ਬੋਲਣ ਤੋਂ ਪਹਿਲਾਂ ਸੌ ਵਾਰ ਸੋਚਣਾ ਪੈਦਾ ਹੈ। ਜਵਾਨੀ ਅਤੇ ਬੁਢਾਪੇ ਵਿਚ ਅੰਤਰ ਕਰਦਿਆਂ ਕਿਹਾ ਜਾਂਦਾ ਹੈ ਕਿ ਜਵਾਨੀ ’ਚ ਮਨੁੱਖ ਅੰਦਰ ਅਥਾਹ ਸ਼ਕਤੀ, ਜੋਸ਼ ਅਤੇ ਉਤਸ਼ਾਹ ਹੁੰਦਾ ਹੈ। ਜਵਾਨੀ ’ਚ ਮਨ ਵਧੇਰੇ ਚੰਚਲ, ਕਲਪਨਾ ਸ਼ਕਤੀ ਉਪਜਾਊ ਅਤੇ ਸਰੀਰ ਸੁਡੌਲ ਹੁੰਦਾ ਹੈ। ਇਸ ਉਮਰੇ ਵਧੇਰੇ ਹਿੰਮਤ, ਹੌਸਲਾ ਅਤੇ ਦਿ੍ਰੜਤਾ ਹੁੰਦੀ ਹੈ ਅਤੇ ਮਨੁੱਖ ਆਸਾਂ ਉਮੰੰਗਾਂ ਅਤੇ ਅਰਮਾਨਾਂ ਸਹਾਰੇ ਜਿਉਂਦਾ ਹੈ। ਇਸ ਦੇ ਉਲਟ ਬੁਢਾਪੇ ਨੂੰ ਬਲਹੀਣਤਾ, ਉਤਸ਼ਾਹਹੀਣਤਾ, ਨਿਰਾਸ਼ਤਾ, ਲਾਚਾਰੀ ਅਤੇ ਬੇਉਮੀਦੀ ਦਾ ਹੀ ਦੂਜਾ ਰੂਪ ਸਮਝਿਆ ਜਾਂਦਾ ਹੈ। ਚਿੰਤਾ, ਡਰ, ਆਪਣੇ ਆਪ ਉੱਪਰ ਬੇਵਿਸ਼ਵਾਸੀ ਸਾਡੇ ਦਿਲ ਨੂੰ ਝੁਕਾ ਦਿੰਦੀ ਹੈ ਅਤੇ ਸਾਡੀ ਰੂਹ ਨੂੰ ਮਿੱਟੀ ਵਿਚ ਮਿਲਾ ਦਿੰਦੀ ਹੈ। ਇਹ ਉਸ ਸਮੇਂ ਹੁੰਦਾ ਹੈ ਜਦੋਂ ਅਸੀਂ ਆਪਣੇ ਆਦਰਸ਼ ਤਿਆਗ ਦਿੰਦੇ ਹਾਂ।

ਪੇਂਡੂ ਖੇਤਰਾਂ ’ਚ ਵੱਧ ਹੈ ਬਜ਼ੁਰਗਾਂ ਦੀ ਗਿਣਤੀਭਾਰਤ ਸਰਕਾਰ ਦੇ ਅੰਕੜਾ ਤੇ ਯੋਜਨਾਬੰਦੀ ਵਿਭਾਗ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਭਾਰਤ ’ਚ ਪੇਂਡੂ ਖੇਤਰ ਵਿਚ ਬਜ਼ੁਰਗਾਂ ਦੀ ਗਿਣਤੀ 73.3 ਮਿਲੀਅਨ ਅਤੇ ਸ਼ਹਿਰੀ ਖੇਤਰ ’ਚ ਇਹ ਗਿਣਤੀ 30.6 ਮਿਲੀਅਨ ਹੈ। ਤਕਰੀਬਨ 104 ਮਿਲੀਅਨ ਸੀਨੀਅਰ ਸਿਟੀਜ਼ਨ ਵਿੱਚੋਂ 53 ਮਿਲੀਅਨ ਔਰਤਾਂ ਅਤੇ 51 ਮਿਲੀਅਨ ਪੁਰਸ਼ ਹਨ। ਇਨ੍ਹਾਂ ਕੁੱਲ ਬਜ਼ੁਰਗਾਂ ਵਿੱਚੋਂ ਲਗਪਗ 14.2 ਫੀਸਦੀ ਬਜ਼ੁਰਗ ਦੂਸਰਿਆਂ ’ਤੇ ਨਿਰਭਰ ਹਨ ਭਾਵ ਆਪ ਕਮਾ ਨਹੀਂ ਸਕਦੇ। ਇਸੇ ਤਰ੍ਹਾਂ ਇਨ੍ਹਾਂ ਕੁਲ ਬਜ਼ੁਰਗਾਂ ਵਿੱਚੋਂ 41.6 ਫ਼ੀਸਦੀ ਨੂੰ ਬਿਰਧ ਉਮਰ ਹੋਣ ’ਤੇ ਵੀ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਕੰਮ ਕਰਨਾ ਪੈਂਦਾ ਹੈ। ਬਜ਼ੁਰਗ ਔਰਤਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਆਪਣੀ ਰੋਜ਼ੀ ਰੋਟੀ ਲਈ ਉਹ ਦੂਸਰਿਆਂ ’ਤੇ ਨਿਰਭਰ ਕਰਦੀਆਂ ਹਨ। ਪਹਿਲੇ ਸਮੇਂ ਨਾਲੋਂ ਵਧੀਆਂ ਸਿਹਤ ਸਹੂਲਤਾਂ ਤੇ ਦਵਾਈਆਂ ਹੋਣ ਕਾਰਨ ਮੌਤ ਦਰ ਘਟਣ ਕਰ ਕੇ ਬਜ਼ੁਰਗਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਯੂਨਾਈਟਿਡ ਨੇਸ਼ਨਜ਼ ਪਾਪੂਲੇਸ਼ਨ ਫੰਡ ਐਂਡ ਹੈਰੀਟੇਜ ਇੰਡੀਆ ਦੀ ਰਿਪੋਰਟ 2017 ਵਿਚ ਕਿਹਾ ਗਿਆ ਹੈ ਕਿ 2026 ਤਕ ਬਜ਼ੁਰਗਾਂ ਦੀ ਗਿਣਤੀ ਵੱਧ ਕੇ 173 ਮਿਲੀਅਨ ਹੋ ਜਾਵੇਗੀ। ਉਂਜ ਭਾਰਤ ’ਚ ਬਜ਼ੁਰਗਾਂ ਦੀ ਆਬਾਦੀ ਕੁੱਲ ਆਬਾਦੀ ਦਾ 12 ਫ਼ੀਸਦੀ ਹੈ।

ਕਿਨ੍ਹਾਂ ’ਤੇ ਆਉਂਦਾ ਹੈ ਦੇਰ ਨਾਲ ਬੁਢਾਪਾ?

ਬੁਢਾਪਾ ਨਾ ਤਾਂ ਕੋਈ ਰੋਗ ਹੈ ਅਤੇ ਨਾ ਹੀ ਸਰਾਪ ਸਗੋਂ ਇਹ ਮਾਨਸਿਕ ਕਿਰਿਆਵਾਂ, ਭਾਵਨਾਵਾਂ ਅਤੇ ਵਿਚਾਰਾਂ ਦੇ ਨਾਲ ਸਰੀਰ ਵਿਚ ਹੋਣ ਵਾਲੀ ਵਿਸ਼ੇਸ਼ ਤਰ੍ਹਾਂ ਦੀ ਪ੍ਰਕਿਰਿਆ ਹੈ। ਬੁਢਾਪੇ ਵਿਚ ਚੁਸਤੀ ਅਤੇ ਸਰਗਰਮੀ ਘਟਣ ਲਗਦੀ ਹੈ। ਬੁਢਾਪੇ ਦਾ ਸਬੰਧ ਮਾਨਸਿਕ ਸਥਿਤੀ ਨਾਲ ਵੀ ਜੁੜਿਆ ਹੋਇਆ ਹੈ। ਜੋ ਕਮਜ਼ੋਰ ਦਿਲ ਦੇ ਵਿਅਕਤੀ ਹੁੰਦੇ ਹਨ ਉਨ੍ਹਾਂ ਵਿਚ ਬੁਢਾਪਾ ਛੇਤੀ ਆ ਜਾਂਦਾ ਹੈ। ਸ਼ਕਤੀਸ਼ਾਲੀ ਦਿਲ ਵਾਲੇ ਵਿਅਕਤੀਆਂ ’ਚ ਬੁਢਾਪਾ ਦੇਰ ਨਾਲ ਆਉਂਦਾ ਹੈ। ਜੇ ਮਨੁੱਖ ਦਾ ਭੋਜਨ-ਵਿਹਾਰ ਸੰਜਮ ਅਤੇ ਮਾਨਸਿਕ ਸੰਤੁਲਨ ਸਹੀ ਬਣਿਆ ਰਹੇ ਤਾਂ ਉਸਦੇ ਅੰਗ ਆਸਾਨੀ ਨਾਲ ਲੰਮੇ ਸਮੇਂ ਤਕ ਕੰਮ ਕਰਦੇ ਰਹਿ ਸਕਦੇ ਹਨ। ਹਰ ਵਿਅਕਤੀ ਨੂੰ ਬੁਢਾਪੇ ਦੇ ਆਉਣ ਤੋਂ ਪਹਿਲਾਂ ਹੀ ਉਸ ਲਈ ਆਪਣੇ ਆਪ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤਿਆਰ ਕਰ ਲੈਣਾ ਚਾਹੀਦਾ ਹੈ। ਲੋਕ ਸੇਵਾ ਦੇ ਕੰਮਾਂ ਵਿਚ ਦਿਲਚਪਸੀ ਲੈ ਕੇ ਉਦਾਸੀਨਤਾ ਤੋਂ ਬਚੇ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬੁਢਾਪੇ ਨੂੰ ਸਰਾਪ ਨਾ ਮੰਨਦੇ ਹੋਏ ਉਸਦਾ ਲਾਭ ਉਠਾਉਣਾ ਚਾਹੀਦਾ ਹੈ।

ਜ਼ਿਆਦਤੀਆਂ ਤੋਂ ਪਰੇਸ਼ਾਨ

ਅਜੋਕੇ ਸਮੇਂ ਵਿਚ ਬਜ਼ੁਰਗਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਬਹੁਤ ਸਾਰੇ ਬਜ਼ੁਰਗ ਆਪਣੀ ਔਲਾਦ ਦੀਆਂ ਜ਼ਿਆਦਤੀਆਂ ਤੋਂ ਪਰੇਸ਼ਾਨ ਹਨ। ਕਈ ਘਰਾਂ ’ਚ ਬਜ਼ੁਰਗ ਔਲਾਦ ਤੋਂ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ ਅਤੇ ਮਾਨਸਿਕ ਰੋਗਾਂ ਨਾਲ ਪੀੜਤ ਹਨ। ਚਿੰਤਾਵਾਂ ਕਾਰਨ ਬਜ਼ੁਰਗ ਕਈ ਬਿਮਾਰੀਆਂ ਸਹੇੜੀ ਬੈਠੇ ਹਨ। ਆਰਥਿਕ ਸਥਿਤੀ ਪਤਲੀ ਹੋਣ ਕਰਕੇ ਬਹੁਤੇ ਬਜ਼ੁਰਗਾਂ ਨੂੰ ਹਸਪਤਾਲਾਂ ਦੀਆਂ ਸਹੂਲਤਾਂ ਦਾ ਪਤਾ ਹੀ ਨਹੀਂ ਹੈ। ਉਨ੍ਹਾਂ ਨੂੰ ਸਿੱਖਿਅਤ ਕਰਨ ਦਾ ਕੋਈ ਉਪਰਾਲਾ ਨਹੀਂ ਹੈ। ਜਿਸ ਕਾਰਨ ਉਹ ਬੈਂਕਾਂ ਨਾਲ ਅਤੇ ਹੋਰ ਅਦਾਰਿਆਂ ਨਾਲ ਵਰਤਾਰਾ ਨਹੀਂ ਕਰ ਸਕਦੇ। ਵੱਡੇ ਸ਼ਹਿਰਾਂ ਵਿਚ ਹਰ ਦੂਸਰੇ ਦਿਨ ਬਜ਼ੁਰਗਾਂ ਦੇ ਕਤਲ, ਲੁੱਟ-ਖੋਹ ਤੇ ਕੁੱਟਮਾਰ ਹੁੰਦੀ ਹੈ। ਪਿਛਲੇ ਕੁਝ ਸਾਲਾਂ ਤੋਂ ਨੌਜਵਾਨ ਰੋਜ਼ੀ-ਰੋਟੀ ਲਈ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਤੇ ਇਕੱਲਤਾ ਬਜ਼ੁਰਗਾਂ ਲਈ ਵੱਡੀ ਮੁਸੀਬਤ ਬਣ ਗਈ ਹੈ।

ਨਾ ਕਰੋ ਅੱਖੋਂ ਪਰੋਖੇ

ਕੁਝ ਵਰ੍ਹੇ ਪਹਿਲਾਂ ਬਜ਼ੁਰਗਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਪਰ ਅੱਜ ਸਥਿਤੀ ਕੁਝ ਹੋਰ ਹੀ ਹੈ। ਵਹਿੰਗੀ ਦੇ ਛਾਬਿਆਂ ਵਿਚ ਆਪਣੇ ਬਜ਼ੁਰਗ ਤੇ ਲਾਚਾਰ ਮਾਂ-ਬਾਪ ਨੂੰ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਵਾਉਣ ਵਾਲੇ ਸਰਵਣ ਪੁੱਤ ਦੀ ਕਥਾ ਕਹਾਣੀ ਹੁਣ ਬੀਤੇ ਦੀ ਗਾਥਾ ਬਣ ਚੁੱਕੀ ਹੈ। ਆਪਣੇ ਬਜ਼ੁਰਗਾਂ ਦੀ ਅਣਦੇਖੀ ਕਰਦਿਆਂ ਅਸੀਂ ਭੁੱਲ ਜਾਂਦੇ ਹਾਂ ਕਿ ਮਾਂ ਬਾਪ ਨੇ ਕਿਵੇਂ ਆਪਣੇ ਖ਼ੂਨ ਪਸੀਨੇ ਦੀ ਕਮਾਈ ਨਾਲ ਇੱਟ-ਇੱਟ ਕਰਕੇ ਆਪਣਾ ਮਕਾਨ ਬਣਾਇਆ ਸੀ। ਉਸੇ ਘਰ ’ਚੋ ਜਦੋਂ ਮਾਂ ਬਾਪ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਦਿਲ ’ਤੇ ਕੀ ਬੀਤਦੀ ਹੋਵੇਗੀ। ਜਿਹੜਾ ਸਮਾਜ ਆਪਣੇ ਬਜ਼ੁਰਗਾਂ ਦਾ ਖ਼ਿਆਲ ਨਹੀਂ ਕਰਦਾ, ਉਹ ਸਮਾਜ ਸਭਿਅਕ ਨਹੀਂ ਕਿਹਾ ਜਾ ਸਕਦਾ। ਸਮਾਜ ਤੇ ਸਰਕਾਰਾਂ ਨੂੰ ਬਜ਼ੁਰਗਾਂ ਦੀਆਂ ਲੋੜਾਂ ਨੂੰ ਅੱਖੋਂ ਪਰੋਖੋ ਨਹੀਂ ਕਰਨਾ ਚਾਹੀਦਾ।

ਕਿਵੇਂ ਰਹਿ ਸਕਦੇ ਹੋ ਚੁਸਤ-ਫੁਰਤ

ਬੁਢਾਪੇ ਵਿਚ ਜਾਂ ਵਧਦੀ ਉਮਰ ਵਿਚ ਬਜ਼ੁਰਗਾਂ ਨੂੰ ਆਪਣੇ ਦਿਮਾਗ਼ ਅਤੇ ਯਾਦਦਾਸ਼ਤ ਨੂੰ ਚੁਸਤ ਦਰੁੱਸਤ ਰੱਖਣ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ। ਯਾਦਦਾਸ਼ਤ ਨੂੰ ਚੁਸਤ-ਫੁਰਤ ਰੱਖਣ ਲਈ ਆਪਣੇ ਦਿਮਾਗ਼ ਦੀ ਤਾਕਤ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ। ਮਾਨਸਿਕ ਰੂਪ ਨਾਲ ਚੁਸਤ ਫੁਰਤ ਬਣੇ ਰਹਿਣ ਲਈ ਦਿਮਾਗ਼ੀ ਕਸਰਤ ਕਰਦੇ ਰਹਿਣਾ ਚਾਹੀਦਾ ਹੈ। ਗਣਿਤ ਦੇ ਸਵਾਲ ਕੱਢਣ ਨਾਲ ਵਿਅਕਤੀ ਦਿਮਾਗ਼ੀ ਤੌਰ ’ਤੇ ਜ਼ਿਆਦਾ ਸਰਗਰਮ ਰਹਿੰਦਾ ਹੈ ਅਤੇ ਅਜਿਹੇ ਵਿਅਕਤੀ ਦੀ ਯਾਦਦਾਸ਼ਤ ਹਮੇਸ਼ਾ ਚੰਗੀ ਬਣੀ ਰਹਿੰਦੀ ਹੈ। ਯਾਦਦਾਸ਼ਤ ਨੂੰ ਚੁਸਤ ਫੁਰਤ ਰੱਖਣ ਲਈ ਸਹੀ ਮਾਤਰਾ ਵਿਚ ਸੌਣਾ ਵੀ ਜ਼ਰੂਰੀ ਹੈ। ਹਾਸਾ ਵੀ ਯਾਦਦਾਸ਼ਤ ਨੂੰ ਕਾਇਮ ਰੱਖਣ ਨਾਲ ਡੂੰਘਾ ਸਬੰਧ ਰੱਖਦਾ ਹੈ। ਹੱਸਣ ਦੌਰਾਨ ਸਾਡੇ ਦਿਮਾਗ਼ ਦੇ ਸੈੱਲ ਸਰਗਰਮ ਹੋ ਜਾਂਦੇ ਹਨ ਅਤੇ ਸਾਡੀ ਯਾਦਦਾਸ਼ਤ ਨੂੰ ਤੇਜ਼ ਕਰਨ ਵਿਚ ਸਹਾਇਤਾ ਕਰਦੇ ਹਨ। ਸੰਗੀਤ, ਨਾਚ ਆਦਿ ਕਲਾਵਾਂ ਨਾਲ ਵੀ ਇਕਾਗਰਤਾ ਦਾ ਵਿਕਾਸ ਹੁੰਦਾ ਹੈ। ਤਣਾਅ ਨੂੰ ਦੂਰ ਕਰਨ ਅਤੇ ਯਾਦਦਾਸ਼ਤ ਨੂੰ ਚੁਸਤ ਫੁਰਤ ਬਣਾਈ ਰੱਖਣ ਲਈ ਇਨ੍ਹਾਂ ਕਲਾਵਾਂ ਦਾ ਸਹਾਰਾ ਲਿਆ ਜਾ ਸਕਦਾ ਹੈ। ਯਾਦਦਾਸ਼ਤ ਨੂੰ ਚੰਗਾ ਬਣਾਈ ਰੱਖਣ ਲਈ ਕੁਝ ਨਾ ਨਵਾਂ ਸਿੱਖਦੇ ਰਹਿਣ ਦੀ ਕੋਸ਼ਿਸ਼ ਨਾਲ ਵਿਅਕਤੀ ਦੀ ਰਚਨਾਤਮਕਤਾ ਦੇ ਪੱਧਰ ਵਿਚ ਵਾਧਾ ਹੁੰਦਾ ਹੈ। ਜਿਸ ਨਾਲ ਵਿਅਕਤੀ ਜਲਦੀ ਬੁੱਢਾ ਨਹੀਂ ਹੁੰਦਾ ਅਤੇ ਯਾਦਦਾਸ਼ਤ ਵੀ ਚੁਸਤ ਫੁਰਤ ਬਣੀ ਰਹਿੰਦੀ ਹੈ। ਸਮਾਜਿਕ ਸਰਗਰਮੀਆਂ ਵਿਚ ਵੱਧ ਚੜ੍ਹਕੇ ਹਿੱਸਾ ਲੈਣਾ ਚਾਹੀਦਾ ਹੈ। ਹਰ ਉਮਰ ਦੇ ਵਿਅਕਤੀਆਂ ਖ਼ਾਸ ਕਰ ਕੇ ਬੱਚਿਆਂ ਨਾਲ ਗੱਲਬਾਤ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।

ਸਰਮਾਇਆ ਹੁੰਦੇ ਨੇ ਬਜ਼ੁਰਗ

ਬਜ਼ੁਰਗ ਦੇਸ਼ ਅਤੇ ਸਮਾਜ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੇਸ਼ ਦੇ ਨਿਰਮਾਣ ਲਈ ਲਾਈ ਹੁੰਦੀ ਹੈ। ਉਂਜ ਵੀ ਗੁਰਬਾਣੀ ਵਿਚ ਮਾਤਾ ਪਿਤਾ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਬਜ਼ੁਰਗ ਮਾਪਿਆਂ ਨਾਲੋਂ ਅਣਮੁੱਲੀ ਦਾਤ ਹੋਰ ਭਲਾ ਕਿਹੜੀ ਹੋ ਸਕਦੀ ਹੈ। ਵਧਦੇ ਬਿਰਧ ਆਸ਼ਰਮ ਸਾਡੀ ਢਹਿੰਦੀ ਕਲਾ ਦੀ ਨਿਸ਼ਾਨੀ ਹਨ। ਸਰਕਾਰ ਨੂੰ ਬਜ਼ੁਰਗਾਂ ਲਈ ਵੱਖਰਾ ਕਮਿਸ਼ਨ ਬਣਾਉਣਾ ਚਾਹੀਦਾ ਹੈ। ਜਿਹੜਾ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ। ਘਰਾਂ ਦੀ ਆਨ ਤੇ ਸ਼ਾਨ ਬਜ਼ੁਰਗਾਂ ਨੂੰ ਇਕੱਲਤਾ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਸਾਰੇ ਉਨ੍ਹਾਂ ਨਾਲ ਗੱਲਬਾਤ ਕਰਨ ਤਾਂ ਕਿ ਉਨ੍ਹਾਂ ਨੂੰ ਇਕੱਲਤਾ ਨਾ ਸਤਾਏ। ਜਿਸ ਵਿਅਕਤੀ ਕੋਲ ਬੁਢਾਪੇ ਦੀ ਉਮਰ ਵਿਚ ਔਲਾਦ ਕੋਲ ਹੈ ਤਾਂ ਬੁਢਾਪਾ ਸਵਰਗ ਹੁੰਦਾ ਹੈ। ਪਰ ਜਿਸ ਵਿਅਕਤੀ ਕੋਲ ਬੁਢਾਪੇ ’ਚ ਇਕੱਲਾਪਣ ਹੋਵੇ ਤਦ ਜ਼ਿੰਦਗੀ ਦਾ ਇਹ ਪਹਿਰ ਨਰਕ ਦਾ ਰੂਪ ਹੋ ਜਾਂਦਾ ਹੈ। ਜੇ ਵੱਡੀ ਉਮਰ ਵਿਚ ਵਿਅਕਤੀ ਕੋਲ ਔਲਾਦ ਜਾਂ ਪਰਿਵਾਰ ਨਹੀਂ ਤਾਂ ਉਸ ਕੋਲ ਕੋਈ ਮਿਲਣ ਵਾਲਾ ਵੀ ਨਹੀਂ ਜਾਂਦਾ। ਸਾਨੂੰ ਬਜ਼ੁਰਗਾਂ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ।

ਸੈਰ ਕਰਨ ਦੀ ਪਾਓ ਆਦਤ

ਚੰਗੀ ਸਿਹਤ ਲਈ ਹਰ ਰੋਜ਼ ਟਹਿਲਣਾ ਚਾਹੀਦਾ ਹੈ। ਪੂਰੀ ਤਰ੍ਹਾਂ ਤੰਦਰੁਸਤ ਰਹਿਣ ਲਈ ਹਰ ਰੋਜ਼ ਸਵੇਰੇ ਕਿਸੇ ਪਾਰਕ ਜਾਂ ਮੈਦਾਨ ਜਾਂ ਕਿਸੇ ਸਾਫ਼ ਸੁਥਰੀ ਜਗ੍ਹਾ ’ਤੇ ਘੱਟੋ-ਘੱਟ ਇਕ ਘੰਟਾ ਸੈਰ ਕਰਨੀ ਚਾਹੀਦੀ ਹੈ। ਪੈਦਲ ਚੱਲਣਾ ਇਕ ਅਜਿਹੀ ਕਸਰਤ ਹੈ ਜਿਸ ਲਈ ਕੋਈ ਉਮਰ ਦੀ ਹੱਦ ਨਹੀਂ ਹੁੰਦੀ ਹੈ।

ਟਹਿਲਣ ਨਾਲ ਸਰੀਰ ਦੀਆਂ ਸਾਰੀਆਂ ਮਾਸਪੇਸ਼ੀਆਂ ਦੀ ਕਸਰਤ ਹੋ ਜਾਂਦੀ ਹੈ। ਜਿਸ ਨਾਲ ਪੈਰਾਂ ਦੀ ਬਨਾਵਟ ਸੁਡੌਲ ਹੋ ਜਾਂਦੀ ਹੈ। ਪੈਦਲ ਚੱਲਣ ਨਾਲ ਵਿਚਾਰ ਸ਼ਕਤੀ ਦਾ ਵਾਧਾ ਹੁੰਦਾ ਹੈ। ਕਿਉਕਿ ਇਸ ਨਾਲ ਦਿਮਾਗ ਦੀਆਂ ਨਾੜੀਆਂ ਨੂੰ ਜ਼ਿਆਦਾ ਆਕਸੀਜਨ ਮਿਲਦੀ ਹੈ। ਸਿੱਟੇ ਵਜੋਂ ਵਿਅਕਤੀ ਤਣਾਅ ਰਹਿਤ ਮਹਿਸੂਸ ਕਰਦਾ ਹੈ ਅਤੇ ਸਿਹਤਮੰਦ ਰਹਿੰਦਾ ਹੈ। ਟਹਿਲਣਾ ਸਿਰਫ਼ ਇਕ ਸਰੀਰਕ ਕਸਰਤ ਹੀ ਨਹੀਂ ਸਗੋਂ ਮਨ ਦੇ ਮਾੜੇ ਪ੍ਰਭਾਵਾਂ ਨੂੰ ਦੂਰ ਕਰਨ ਅਤੇ ਖ਼ੁਸ਼ੀ ਦਾ ਸੰਚਾਰ ਕਰਨ ਦਾ ਵੀ ਇਕ ਕਾਰਗਰ ਉਪਾਅ ਹੈ।

ਜ਼ਰੂਰੀ ਹੈ ਰੁਝੇਵਿਆਂ ਭਰਿਆ ਜੀਵਨ

ਅਗਰ ਥਕਾਵਟ ਮਹਿਸੂਸ ਹੋਵੇ ਤਾਂ ਪੌਸ਼ਿਟਕ ਭੋਜਨ ਦਾ ਸੇਵਨ ਕਰਨ ਨਾਲ ਥਕਾਵਟ ਨੂੰ ਦੂਰ ਕੀਤਾ ਜਾ ਸਕਦਾ ਹੈ। ਸਰੀਰਕ ਕਸਰਤ, ਸਰਗਰਮ ਜੀਵਨ ਸ਼ੈਲੀ ਅਤੇ ਪੌਸ਼ਟਿਕ ਭੋਜਨ ਲੈ ਕੇ ਤੁਸੀਂ ਇਸ ਸਮੱਸਿਆ ’ਤੇ ਕਾਬੂ ਪਾ ਸਕਦੇ ਹੋ। ਮਾਹਿਰਾਂ ਅਨੁਸਾਰ 5 ਵਿੱਚੋਂ 1 ਵਿਅਕਤੀ ਹਲਕੀ ਥਕਾਵਟ ਅਤੇ 10 ਵਿੱਚੋਂ 1 ਲੰਮੇ ਸਮੇਂ ਤਕ ਰਹਿਣ ਵਾਲੀ ਥਕਾਵਟ ਤੋਂ ਪਰੇਸ਼ਾਨ ਰਹਿੰਦਾ ਹੈ। ਹਰ ਸਮੇਂ ਥੱਕਿਆ-ਥੱਕਿਆ ਮਹਿਸੂਸ ਕਰਨ ਨਾਲ ਸਰੀਰ ਦੀ ਗੁਣਵੱਤਾ ’ਤੇ ਪ੍ਰਭਾਵ ਪੈਂਦਾ ਹੈ। ਥਕਾਵਟ ਸਰੀਰ ਦੇ ਨਾਲ-ਨਾਲ ਮਾਨਸਿਕ ਵੀ ਹੁੰਦੀ ਹੈ। ਥਕਾਵਟ ਦੇ ਕਾਰਨਾਂ ਦਾ ਪਤਾ ਲਗਾ ਕੇ ਸਾਨੂੰ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਇਸ ਸਮੱਸਿਆ ਤੋਂ ਖ਼ੁਦ ਨੂੰ ਬਚਾਇਆ ਜਾ ਸਕੇ। ਸਰੀਰਕ ਤੰਦਰੁਸਤੀ ਲਈ ਮਨ ਦੇ ਕਬਾੜ ਨੂੰ ਹਟਾ ਦੇਣਾ ਚਾਹੀਦਾ ਹੈ।

ਬੇਕਾਰ ਦੇ ਮਨੋਭਾਵਾਂ ਤੋਂ ਛੁਟਕਾਰਾ ਪਾਉਣ ਲਈ ਰੁਝੇਵਿਆਂ ਭਰਿਆ ਜੀਵਨ ਜ਼ਰੂਰੀ ਹੈ। ਸਾਡੇ ਸਰੀਰ ਵਿਚ ਜਿੰਨੇ ਵੀ ਰੋਗ ਪੈਦਾ ਹੁੰਦੇ ਹਨ ਉਹ ਅਸਲ ’ਚ ਮਨ ਦੀ ਗ਼ਲਤ ਸੋਚ ਕਾਰਨ ਹੀ ਪੈਦਾ ਹੁੰਦੇ ਹਨ। ਮਨ ਨੂੰ ਠੀਕ ਰੱਖਣ ਲਈ ਧਿਆਨ ਦੁਆਰਾ ਬਿਮਾਰੀ ਦੇ ਭੈਅ ਤੋਂ ਮੁਕਤ ਹੋ ਕੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਧਿਆਨ ਹੀ ਤਨ ਅਤੇ ਮਨ ਦੋਵਾਂ ਦਾ ਇਲਾਜ ਹੈ। ਮਨ ਅੰਦਰ ਚੰਗੇ ਵਿਚਾਰ ਦਾ ਹੋਣਾ ਜ਼ਰੂਰੀ ਹੈ। ਵਿਚਾਰ ਹੀ ਸਾਡੇ ਜੀਵਨ ਦੀ ਦਸ਼ਾ ਅਤੇ ਦਿਸ਼ਾ ਨਿਰਧਾਰਤ ਕਰਦੇ ਹਨ।

ਬੁਢਾਪੇ ਨੂੰ ਖ਼ੁਸ਼ਗਵਾਰ ਬਣਾਉਣ ਵਾਸਤੇ ਵਿਅਕਤੀ ਨੂੰ ਇਕੱਲਤਾ ਤੋਂ ਬਚਣਾ ਚਾਹੀਦਾ ਹੈ। ਇਸ ਵਾਸਤੇ ਵਿਅਕਤੀ ਨੂੰ ਆਪਣੇ ਆਪ ਨੂੰ ਰੁਝੇਵੇਂ ਵਿਚ ਰੱਖਣਾ ਚਾਹੀਦਾ ਹੈ। ਘਰ ਦੇ ਕੰਮਾਂ ਵਿਚ ਮਦਦ ਕਰਨੀ ਚਾਹੀਦੀ ਹੈ। ਘਰ ਦਾ ਜੋ ਵੀ ਕੰਮ ਸੌਖਾ ਲੱਗੇ ਉਸ ਨੂੰ ਕਰਕੇ ਆਪਣੇ ਆਪ ਨੂੰ ਰੁੱਝੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਨੁੱਖ ਨੂੰ ਆਪਣੇ ਵਤੀਰੇ ਵਿਚ ਤਬਦੀਲੀ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਕੌੜੇ ਸ਼ਬਦ ਨਹੀਂ ਬੋਲਣੇ ਚਾਹੀਦੇ। ਹਮੇਸ਼ਾ ਪਰਿਵਾਰ ਨਾਲ ਨਿਮਰਤਾ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਵਿਅਕਤੀ ਨੂੰ ਕਿਸੇ ਵੀ ਗੱਲ ਨੂੰ ਤਣਾਅ ਤੋਂ ਬਗ਼ੈਰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤਾਂ ਜੋ ਤੁਹਾਡੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ’ਤੇ ਮਾੜਾ ਪ੍ਰਭਾਵ ਨਾ ਪਵੇ।

ਉੱਚੇ ਰੱਖੋ ਨੈਤਿਕ ਆਦਰਸ਼

ਸਮੇਂ ਸਿਰ ਉੱਠਣਾ, ਬੈਠਣਾ, ਸੈਰ ਕਰਨਾ, ਪਾਠ ਕਰਨਾ, ਸਾਦਾ ਭੋਜਨ ਖਾਣਾ, ਸ਼ਾਂਤ ਚਿੱਤ ਰਹਿਣਾ, ਵਿਅਰਥ ਦੀ ਟੋਕਾ-ਟਾਕੀ ਤੋਂ ਜ਼ੁਬਾਨ ਬੰਦ ਰੱਖਣਾ, ਸਮੁੱਚੇ ਪਰਿਵਾਰ ਨੂੰ ਬਿਨਾਂ ਭੇਦ-ਭਾਵ ਦੀ ਦਿ੍ਰਸ਼ਟੀ ਨਾਲ ਵੇਖਣਾ ਆਦਿ ਜੀਵਨ ਜਾਚ ਦੇ ਕੁਝ ਸਿਧਾਂਤ ਹਨ। ਵਿਵਹਾਰਕ ਪੱਖੋਂ ਬਜ਼ੁਰਗੀ ਹਰ ਬਜ਼ੁਰਗ ਪਾਸੋਂ ਘੱਟੋ- ਘੱਟ ਇਹ ਜ਼ਰੂਰ ਮੰਗ ਕਰਦੀ ਹੈ ਕਿ ਪਹਿਲਾਂ ਆਪ, ਸਮੁੱਚੀ ਜੀਵਨ ਜਾਚ ਦੇ ਆਦਰਸ਼ਾਂ ਦਾ ਅਨੁਯਾਈ ਬਣੇ, ਆਪਣਾ ਦਾਮਨ ਹਰ ਪੱਖੋਂ ਪਵਿੱਤਰ ਰੱਖੇ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਇਕ ਸਮੁੱਚੀ ਜੀਵਨ ਜਾਚ ਦਾ ਉਪਹਾਰ ਦੇਵੇ ਤਾਂ ਜੋ ਪਰਿਵਾਰ ਬਜ਼ੁਰਗ ਦੇ ਦਰਸਾਏ ਮਾਰਗ ਦਾ ਅਨੁਕਰਨ ਕਰ ਸਕੇ। ਪਰਿਵਾਰਕ ਮਾਣ ਮਰਿਆਦਾ ਬਣਾਈ ਰੱਖਣ ਲਈ ਬਜ਼ੁਰਗ ਤਾਂ ਹੀ ਸਤਿਕਾਰ ਦਾ ਪਾਤਰ ਬਣ ਸਕਦਾ ਹੈ ਜੇ ਉਹ ਨੈਤਿਕ ਆਦਰਸ਼ਾਂ ਪੱਖੋਂ ਉਚੇਰਾ-ਸੁਚੇਰਾ ਅਤੇ ਪਕੇਰਾ ਹੋਵੇ। ਬਜ਼ੁਰਗੀ ਚਾਹੁੰਦੀ ਹੈ ਕਿ ਹਰ ਬਜ਼ੁਰਗ ਮਿੱਠਬੋਲੜਾ, ਨਿਮਰ, ਸਹਿਣਸ਼ੀਲ, ਸਦਾਚਾਰੀ, ਪਰਉਪਕਾਰੀ ਅਤੇ

ਹੱਕਪ੍ਰਸਤ, ਈਮਾਨਪ੍ਰਸਤ ਅਤੇ ਖੁਦਾਪ੍ਰਸਤ ਹੋਵੇ ਅਤੇ ਹਰ ਪਲ ਉਸਦੇ ਬੁੱਲ ਫੜਕਦੇ ਇਹੀ ਗੁਣ ਗੁਣਾਉਂਦੇ ਰਹਿਣ ਕਿ ਰਾਜ਼ੀ ਹੈ ਹਮ ਉਸੀ ਮੇਂ ਜਿਸ ਮੇਂ ਤੇਰੀ ਰਜ਼ਾ ਹੈ। ਮਹੀਨੇ ਵਿਚ ਇਕ ਦੋ ਵਾਰ ਤੁਸੀਂ ਆਪਣੇ ਨੇੜਲੇ ਸਾਥੀਆਂ ਨਾਲ ਰਲ ਕੇ ਪਿਕਨਿਕ ’ਤੇ ਜਾਣ ਦੇ ਨਾਲ-ਨਾਲ ਮੌਜ ਮਸਤੀ ਕਰ ਸਕਦੇ ਹੋ।

ਆਪਣੇ ਦੋਸਤਾਂ ਨਾਲ ਬੀਤੇ ਸਮੇਂ ਦੀਆਂ ਪ੍ਰਾਪਤੀਆਂ, ਜੀਵਨ ਜਾਚ ਦੀਆਂ ਗੱਲਬਾਤਾਂ ਤੇ ਹੱਡ ਬੀਤੀਆਂ ਸਾਂਝੇ ਕਰਦਿਆਂ ਆਖ਼ਰੀ ਪੜਾਅ ਤੇ ਹਾਸਾ ਬਖੇਰਦੇ ਰਹਿਣਾ ਚਾਹੀਦਾ ਹੈ। ਇਹ ਸਰੀਰਕ ਤੇ ਮਾਨਸਿਕ ਸਿਹਤ ਲਈ ਵਰਦਾਨ ਹੈ। ਆਪਣੇ ਪੋਤਰੇ- ਪੋਤਰੀਆਂ ਨਾਲ ਸਮਾਂ ਬਿਤਾ ਕੇ ਅਤੇ ਆਪਣੇ ਵਰਗੇ ਹੋਰ ਬੁਜ਼ਰਗ ਸਾਥੀਆਂ ਦੀ ਸੰਗਤ ਕਰ ਕੇ ਜ਼ਿੰਦਗੀ ਦੀ ਇਸ ਸ਼ਾਮ ਨੂੰ ਖ਼ੁਸ਼ਨੁਮਾ ਬਣਾ ਕੇ ਬੁਢਾਪੇ ਦਾ ਬਿਨਾਂ ਖ਼ੌਫ਼ ਮਜ਼ਾ ਲੈਂਦੇ ਹੋਏ ਤੁਸੀਂ ਇਸ ਨੂੰ ਸੁਗੰਧਿਤ ਕਰ ਸਕਦੇ ਹੋ। ਇਸ ਸਭ ਕੁਝ ਨਾਲ ਜਿਊਣ ਦੀ ਉਮੰਗ ਜਾਗਿ੍ਰਤ ਹੁੰਦੀ ਹੈ, ਜੋ ਚੰਗੀ ਸਿਹਤ ਦਾ ਸੂਚਕ ਹੁੰਦੀ ਹੈ।

ਸਮੇਂ ਦਾ ਸਦਉਪਯੋਗ

ਵਿਅਕਤੀ ਨੂੰ ਇਸ ਉਮਰ ਵਿਚ ਸਮੇਂ ਦਾ ਸਦ ਉਪਯੋਗ ਕਰਨਾ ਚਾਹੀਦਾ ਹੈ। ਮਨ ਤੇ ਰੂਹ ਦੀ ਖ਼ੁਰਾਕ ਲਈ ਆਸਵੰਦ ਹੋ ਕੇ ਕੁਝ ਕਰਨਾ ਚਾਹੀਦਾ ਹੈ। ਸਥਿਰਤਾ ਕੁਦਰਤ ਦਾ ਨਿਯਮ ਨਹੀਂ ਹੈ। ਸਮੇਂ ਦੇ ਬਦਲਾਅ ਨੂੰ ਅਪਣਾ ਲੈਣਾ ਚਾਹੀਦਾ ਹੈ। ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਤੰਗੀਆਂ ਤੁਰਸ਼ੀਆਂ ’ਚੋਂ ਲੰਘ ਰਹੇ ਬੇਸਹਾਰਾ ਬਜ਼ੁਰਗਾਂ ਦੇ ਸਹਾਇਕ ਬਣਨਾ ਅੱਜ ਸਮੇਂ ਦੀ ਲੋੜ ਹੈ। ਸੀਨੀਅਰ ਸਿਟੀਜਨ ਕਲੱਬਾਂ ’ਚ ਸ਼ਾਮਿਲ ਹੋ ਕੇ ਉੱਥੇ ਹੁੰਦੀਆਂ ਖੇਡਾਂ, ਮਨੋਰੰਜਨ, ਸੱਭਿਆਚਾਰ ਆਦਿ ਪ੍ਰੋਗਰਾਮ ਵਿਚ ਤੁਸੀਂ ਹਿੱਸਾ ਲੈ ਸਕਦੇ ਹੋ। ਲਾਇਬ੍ਰੇਰੀ ਵਿਚ ਤੁਸੀ ਕਿਤਾਬਾਂ, ਮੈਗਜ਼ੀਨ ਤੇ ਅਖ਼ਬਾਰਾਂ ਨਾਲ ਦੋਸਤੀ ਪਾ ਸਕਦੇ ਹੋ। ਹਮੇਸ਼ਾ ਰੁਝੇਵਿਆਂ ਵਿਚ ਕੁਦਰਤ ਦੇ ਅਣਮੁੱਲੇ ਤੋਹਫ਼ਿਆਂ ਦਾ ਆਨੰਦ ਮਾਣਦਿਆਂ ਹੋਇਆ ਸਿਹਤ ਨੂੰ ਬਰਕਰਾਰ ਰੱਖ ਕੇ ਤੁਸੀਂ ਬੁਢਾਪਾ ਸੁਖਾਲਾ ਗੁਜ਼ਾਰ ਸਕਦੇ ਹੋ।

ਪਰਿਵਾਰਕ ਮੈਂਬਰਾਂ ਨਾਲ ਰੱਖੋ ਤਾਲਮੇਲ

ਬੁਢਾਪੇ ਨੂੰ ਖ਼ੁਸ਼ਗਵਾਰ ਬਣਾਉਣ ਲਈ ਪਰਿਵਾਰ ਦੇ ਜੀਆਂ ਨਾਲ ਤਾਲ-ਮੇਲ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਬੁਢਾਪੇ ਵਿਚ ਬੱਚਿਆਂ ਦੀ ਸੋਚ ਦੇ ਹਾਣੀ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬੱਚਿਆਂ ਦੀਆਂ ਹੁੰਦੀਆਂ ਤਰੱਕੀਆਂ ਨੂੰ ਦੇਖਕੇ ਖ਼ੁਸ਼ ਹੋਣ ਦੇ ਨਾਲ ਉਨ੍ਹਾਂ ਨੂੰ ਉਤਸ਼ਾਹਤ ਵੀ ਕਰਨਾ ਚਾਹੀਦਾ ਹੈ। ਬੱਚਿਆਂ ਦੀ ਜ਼ਿੰਦਗੀ ਵਿਚ ਜ਼ਿਆਦਾ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਬੱਚਿਆਂ ਨੂੰ ਉਨ੍ਹਾਂ ਦੀ ਸੋਚ ਮੁਤਾਬਿਕ ਵਧੀਆ ਤਰੀਕੇ ਨਾਲ ਜੀਵਨ ਜਿਊਣ ਦੇਣਾ ਚਾਹੀਦਾ ਹੈ ਤਾਂ ਹੀ ਬਜ਼ੁਰਗਾਂ ਵਾਲਾ ਸਤਿਕਾਰ ਮਿਲ ਸਕਦਾ ਹੈ। ਬੁਢਾਪੇ ਵਿਚ ਹਮੇਸ਼ਾ ਖ਼ੁਸ਼ ਰਹਿਣਾ ਚਾਹੀਦਾ ਹੈ। ਬੱਚਿਆਂ ਨੂੰ ਖ਼ੁਸ਼ ਰੱਖਣਾ ਚਾਹੀਦਾ ਹੈ। ਬੁਢਾਪੇ ਵਿਚ ਖ਼ੁਸ਼ ਰਹਿਣ ਦੀ ਆਦਤ ਪਾਉਣੀ ਚਾਹੀਦਾ ਹੈ। ਖ਼ੁਸ਼ੀ ਦੇ ਵਿਚਾਰ ਸਾਡੇ ਤਣਾਅ ਨੂੰ ਖ਼ਤਮ ਕਰ ਕੇ ਦੁੱਖ ਧੋ ਦਿੰਦੇ ਹਨ। ਮਨ ਆਸ਼ਾਵਾਦੀ ਹੁਲਾਰਾ ਦੇਣ ਵਾਲੀਆਂ ਉੱਚੀਆਂ ਭਾਵਨਾਵਾਂ ਅਤੇ ਰੋਸ਼ਨ ਇੱਛਾਵਾਂ ਦਾ ਵਿਸਥਾਰ ਕਦੇ ਵੀ ਵਿਅਕਤੀ ਨੂੰ ਘਟਣ ਨਹੀਂ ਦੇਣਾ ਚਾਹੀਦਾ। ਅਜਿਹਾ ਕਰਨ ਨਾਲ ਜ਼ਿੰਦਗੀ ਵਿਚ ਬੁਢਾਪੇ ਦਾ ਹਨੇਰਾ ਕਦੇ ਵੀ ਤੁਹਾਡੀਆਂ ਬਰੂਹਾਂ ’ਤੇ ਨਹੀਂ ਟਪਕੇਗਾ। ਖ਼ੁਸ਼ ਰਹਿਣਾ ਤੰਦਰੁਸਤ ਜੀਵਨ ਦਾ ਮਹਾਨ ਫਲਸਫ਼ਾ ਹੈ।

Leave a Reply

Your email address will not be published. Required fields are marked *