ਇਲੀਨੋਏ ’ਚ ਉਬਰ ਡਰਾਈਵਰ ਦਾ ਸਿਰ ’ਚ ਗੋਲੀ ਮਾਰ ਕੇ ਕਤਲ

ਫਰਿਜ਼ਨੋ (ਕੈਲੀਫੋਰਨੀਆ) / ਇਲੀਨੋਏ ’ਚ ਕੁਝ ਚੋਰਾਂ ਵੱਲੋਂ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਨ ਵਾਲੇ ਇੱਕ ਉਬਰ ਡਰਾਈਵਰ ਦਾ ਸਿਰ ’ਚ ਗੋਲੀ ਮਾਰ ਕੇ ਕਤਲ ਦਿੱਤਾ ਗਿਆ।

ਇਸ ਕਤਲ ਬਾਰੇ ਪੁਲਸ ਨੇ ਦੱਸਿਆ ਕਿ ਸ਼ਿਕਾਗੋ ਦੇ ਬਾਹਰ ਕਾਰਜੈਕਿੰਗ ਦੌਰਾਨ ਸਿਰ ’ਚ ਗੋਲੀ ਲੱਗਣ ਤੋਂ ਦੋ ਦਿਨ ਬਾਅਦ ਇੱਕ ਉਬਰ ਡਰਾਈਵਰ ਦੀ ਮੌਤ ਹੋ ਗਈ। ਇੰਡੀਆਨਾ ਨਿਵਾਸੀ ਜੋਅ ਸ਼ੈਲਸਟਰੇਟ (38) ਸੋਮਵਾਰ ਸ਼ਾਮ ਨੂੰ ਇਲੀਨੋਏ ਦੇ ਸਿਸੀਰੋ ’ਚ ਕੰਮ ਕਰ ਰਿਹਾ ਸੀ, ਜਿਸ ਦੌਰਾਨ ਉਸ ਨੇ ਚਾਰ ਹਥਿਆਰਬੰਦ ਵਿਅਕਤੀਆਂ ਨੂੰ ਗੱਡੀ ’ਚ ਬਿਠਾਇਆ, ਜਿਨ੍ਹਾਂ ਨੇ ਉਬਰ ਐਪ ਦੀ ਵਰਤੋਂ ਕਰਦਿਆਂ ਉਸ ਨਾਲ ਤਾਲਮੇਲ ਕੀਤਾ ਸੀ। ਇਸ ਘਟਨਾ ਦੇ ਸਬੰਧ ’ਚ ਪ੍ਰਾਪਤ ਕੀਤੀ ਗਈ ਇੱਕ ਸੀ. ਸੀ. ਟੀ. ਵੀ. ਕੈਮਰਾ ਫੁਟੇਜ ਵਿੱਚ ਚਾਰ ਵਿਅਕਤੀਆਂ ਨੂੰ ਉਸ ਦੀ ਫੋਰਡ ਕਾਰ ਵੱਲ ਆਉਂਦਿਆਂ ਵੇਖਿਆ ਗਿਆ ਹੈ ਅਤੇ ਪੁਲਸ ਅਨੁਸਾਰ ਉਨ੍ਹਾਂ ’ਚੋਂ ਇੱਕ, ਜੋ ਪਿਛਲੀ ਸੀਟ ’ਤੇ ਬੈਠ ਗਿਆ ਸੀ, ਨੇ ਪੈਸੇ ਤੇ ਫੋਨ ਚੋਰੀ ਕਰਨ ਤੋਂ ਬਾਅਦ ਵੀ ਤਿੰਨ ਬੱਚਿਆਂ ਦੇ ਇਸ ਡਰਾਈਵਰ ਪਿਤਾ ਦੇ ਸਿਰ ’ਚ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਦਿਮਾਗੀ ਸੱਟ ਹੋਣ ਕਰਕੇ ਸ਼ੈਲਸਟਰੇਟ ਦੀ ਬੁੱਧਵਾਰ ਸਵੇਰੇ ਮੌਤ ਹੋ ਗਈ। ਸਿਸੀਰੋ ਦੇ ਪੁਲਸ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੀ ਕੋਈ ਅਪਰਾਧਿਕ ਹਿਸਟਰੀ ਨਹੀਂ ਸੀ, ਉਹ ਇੱਕ ਮਿਹਨਤੀ ਨੌਜਵਾਨ ਸੀ, ਜੋ ਡਾਲਰ ਕਮਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਮਾਮਲੇ ’ਚ ਪੁਲਸ ਨੇ ਇੱਕ ਨਾਬਾਲਗ ਸ਼ੱਕੀ ਲੜਕੇ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਹਮਲੇ ਕਾਰਨ ਇਲਾਕੇ ਦੇ ਉਬਰ ਡਰਾਈਵਰਾਂ ’ਚ ਸਹਿਮ ਪੈਦਾ ਹੋ ਗਿਆ ਹੈ ਅਤੇ ਹੋਰ ਹਮਲਿਆਂ ਨੂੰ ਰੋਕਣ ਲਈ ਉਬਰ ਨੂੰ ਇਸ ਦੀ ਐਪ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਗਈ ਹੈ।

Leave a Reply

Your email address will not be published. Required fields are marked *