ਇਨਕਲਾਬ ਦਾ ਦੂਜਾ ਨਾਂ ਭਗਤ ਸਿੰਘ

– ਪਰਵਿੰਦਰ ਸਿੰਘ ਢੀਂਡਸਾ
‘ਮੁਰਦਾ ਹੈਂ ਤਾਂ ਸੀਸ ਝੁਕਾ ਕੇ ਤੁਰਿਆ ਚੱਲ, ਜਿਉਂਦਾ ਹੈਂ ਤਾਂ ਜ਼ਿੰਦਾਬਾਦ ਜ਼ਰੂਰੀ ਐ’। ਜ਼ਿੰਦਗੀ ਅਤੇ ਸੰਘਰਸ਼ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਸੰਘਰਸ਼ ਤੋਂ ਬਿਨਾਂ ਜ਼ਿੰਦਗੀ ਵਿਚ ਰਸ ਨਹੀਂ ਭਰਿਆ ਜਾਂਦਾ। ਸੰਘਰਸ਼ਾਂ ਨਾਲ ਕੀਤੀ ਪ੍ਰਾਪਤੀ ’ਤੇ ਮਾਣ ਹੁੰਦਾ ਹੈ। ਅੰਗਰੇਜ਼ੀ ਵਿਚ ਕਹਾਵਤ ਹੈ ਕਿ ‘ਸ਼ਾਂਤ ਸਮੁੰਦਰ ’ਚ ਤੈਰਨ ਵਾਲੇ ਕਦੇ ਪ੍ਰਪੱਕ ਮਲਾਹ ਨਹੀਂ ਬਣਦੇ’ ਬਿਨਾਂ ਕਿਸੇ ਹਿਲਜੁਲ ਦੇ ਹੋਈ ਪ੍ਰਾਪਤੀ ਇਨਸਾਨੀ ਦਿਮਾਗ਼ ਦੀਆਂ ਸੰਭਾਵਨਾਵਾਂ ਨੂੰ ਖੁੰਢਾ ਕਰਦੀ ਹੈ। ਕਾਲਜ ਵਿਚ ਦਾਖ਼ਲਾ ਲੈਣ ਤੋਂ ਬਾਅਦ ਵਿਸ਼ਵ ਸਾਹਿਤ ਦੇ ਗਹਿਰੇ ਅਧਿਐਨ ਨਾਲ ਭਗਤ ਸਿੰਘ ਦੀ ਵਿਚਾਰਧਾਰਾ ਪਰਪੱਕ ਹੁੰਦੀ ਗਈ। ਭਗਤ ਸਿੰਘ ਨੇ ਆਪਣੀ ਵਿਚਾਰਧਾਰਾ ਕਰਕੇ ਇਨਕਲਾਬੀ ਸਫਾਂ ਵਿਚ ਬਹੁਤ ਜਲਦ ਵਿਲੱਖਣ ਪਛਾਣ ਬਣਾ ਲਈ। ਅਸੈਂਬਲੀ ਵਿਚ ਬੰਬ ਸੁੱਟਣ ਵੇਲੇ ਵੀ ਭਗਤ ਸਿੰਘ ਦੇ ਅਨੇਕਾਂ ਸਾਥੀਆਂ ਨੇ ਆਪਣੇ-ਆਪਣੇ ਨਾਵਾਂ ਦੀ ਪੇਸ਼ਕਸ਼ ਕੀਤੀ ਕਿਉਂਕਿ ਅਸੈਂਬਲੀ ਵਿਚ ਬੰਬ ਸੁੱਟਣ ਦਾ ਮਤਲਬ ਸੀ ਗਿ੍ਰਫ਼ਤਾਰੀ ਅਤੇ ਉਸ ਤੋਂ ਬਾਅਦ ਮੁਕੱਦਮਾ ਅਤੇ ਸ਼ਹੀਦੀ। ਬਹੁਤ ਇਨਕਲਾਬੀਆਂ ਨੇ ਭਗਤ ਸਿੰਘ ਨੂੰ ਉੱਥੇ ਨਾ ਜਾਣ ਲਈ ਕਿਹਾ ਕਿਉਂਕਿ ਉਨ੍ਹਾਂ ਅਨੁਸਾਰ ਭਗਤ ਸਿੰਘ ਬਾਹਰ ਰਹਿ ਕੇ ਅਜੇ ਹੋਰ ਬਹੁਤ ਜ਼ਿਆਦਾ ਕੰਮ ਕਰ ਸਕਦਾ ਸੀ ਪਰ ਭਗਤ ਸਿੰਘ ਅਦਾਲਤ ਨੂੰ ਆਪਣੀ ਵਿਚਾਰਧਾਰਾ ਦੇ ਪ੍ਰਚਾਰ ਲਈ ਮੰਚ ਦੇ ਤੌਰ ’ਤੇ ਵਰਤਣਾ ਚਾਹੁੰਦਾ ਸੀ। ਇਸ ਗੱਲ ਨਾਲ ਹਰੇਕ ਨੂੰ ਸਹਿਮਤ ਹੋਣਾ ਪਿਆ ਕਿ ਪ੍ਰਚਾਰ ਦਾ ਕੰਮ ਭਗਤ ਸਿੰਘ ਤੋਂ ਬਿਹਤਰ ਤਰੀਕੇ ਨਾਲ ਕੋਈ ਨਹੀਂ ਕਰ ਸਕਦਾ। ਬੇਸ਼ੱਕ ਨਤੀਜਾ ਸੋਚ ਅਨੁਸਾਰ ਹੀ ਆਇਆ ਪਰ ਭਗਤ ਸਿੰਘ ਦੇ ਅਦਾਲਤ ਵਿਚ ਦਿੱਤੇ ਬਿਆਨ ਰਾਸ਼ਟਰੀ ਪ੍ਰੈਸ ਰਾਹੀਂ ਪੂਰੇ ਦੇਸ਼ ਵਿਚ ਫੈਲ ਗਏ ਅਤੇ ਦੇਖਦੇ ਹੀ ਦੇਖਦੇ ਭਗਤ ਸਿੰਘ ਪੂਰੇ ਦੇਸ਼ ਦੇ ਨੌਜਵਾਨਾਂ ਵਿਚ ਇਨਕਲਾਬ ਦਾ ਦੂਜਾ ਨਾਂ ਬਣ ਗਿਆ। ਭਗਤ ਸਿੰਘ ਨੂੰ ਸ਼ਹੀਦ-ਏ-ਆਜ਼ਮ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਆਜ਼ਾਦੀ ਸੰਗਰਾਮ ਦੌਰਾਨ ਜਾਨ ਦੀ ਬਾਜ਼ੀ ਲਗਾਉਣ ਵਾਲੇ ਹਜ਼ਾਰਾਂ ਸ਼ਹੀਦਾਂ ਵਿੱਚੋਂ ਇਹ ਵਿਸ਼ੇਸ਼ਣ ਭਗਤ ਸਿੰਘ ਦੇ ਹਿੱਸੇ ਆਉਣਾ ਹੀ ਉਸਦੀ ਮਹਾਨਤਾ ਪ੍ਰਗਟਾਉਂਦਾ ਹੈ। ਭਗਤ ਸਿੰਘ ਨੇ ਨਾ ਸਿਰਫ਼ ਭਾਰਤੀ ਆਜ਼ਾਦੀ ਲਈ ਆਪਣੇ ਬੇਸ਼ਕੀਮਤੀ ਜੀਵਨ ਨੂੰ ਕੁਰਬਾਨ ਕੀਤਾ ਸਗੋਂ ਇਕ ਬਦਲਵੇਂ ਸਮਾਜ ਦਾ ਖਾਕਾ ਵੀ ਪੇਸ਼ ਕੀਤਾ। ਭਗਤ ਸਿੰਘ ਨੇ ਆਪਣੇ ਜੀਵਨ ਕਾਲ ਵਿਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਸਫਲ ਕ੍ਰਾਂਤੀਆਂ ਅਤੇ ਉਨ੍ਹਾਂ ਮਹਾਨ ਕ੍ਰਾਂਤੀਆਂ ਦੇ ਮਹਾਨ ਨੇਤਾਵਾਂ ਦੇ ਵਿਚਾਰਾਂ ਦਾ ਡੂੰਘਾ ਅਧਿਐਨ ਕੀਤਾ ਅਤੇ ਇਸ ਅਧਿਐਨ ਨੂੰ ਹਥਿਆਰ ਦੇ ਰੂਪ ਵਿਚ ਭਾਰਤ ਵਿਚ ਅੰਗਰੇਜ਼ੀ ਸਾਮਰਾਜ ਵਿਰੁੱਧ ਨੌਜਵਾਨ ਦਿਲਾਂ ਵਿਚ ਇਨਕਲਾਬੀ ਸੋਚ ਪੈਦਾ ਕਰਨ ਲਈ ਵਰਤਿਆ। ਭਗਤ ਸਿੰਘ ਨੇ ਹਨੇਰੇ ਯੁੱਗ ਵਿੱਚੋਂ ਨਾ ਸਿਰਫ਼ ਨਵੀਂ ਸਵੇਰ ਦਾ ਹੋਕਾ ਹੀ ਦਿੱਤਾ ਸਗੋਂ ਉਸ ਨਵੇਂ ਚਾਨਣ ਤਕ ਪਹੁੰਚਣ ਦਾ ਰਸਤਾ ਵੀ ਦਿਖਾਇਆ। ਭਗਤ ਸਿੰਘ ਦੇ ਅਲਫਾਜ਼ ਆਉਣ ਵਾਲੀਆਂ ਪੀੜੀਆਂ ਲਈ ਹਮੇਸ਼ਾ ਪ੍ਰੇਰਣਾਦਾਇਕ ਰਹਿਣਗੇ ਕਿ “ਇਨਕਲਾਬ ਕਦੇ ਤੋਪਾਂ ਜਾਂ ਬੰਦੂਕਾਂ ਨਾਲ ਨਹੀਂ ਆਉਂਦੇ, ਇਨਕਲਾਬ ਦੀ ਤਲਵਾਰ ਤਾਂ ਵਿਚਾਰਾਂ ਦੀ ਸਾਣ ’ਤੇ ਤਿੱਖੀ ਹੁੰਦੀ ਹੈ।’’ “ਅਸੀਂ ਨੌਜਵਾਨਾਂ ਨੂੰ ਬੰਬ ਜਾਂ ਬੰਦੂਕਾਂ ਚਲਾਉਣ ਦੀ ਸਿੱਖਿਆ ਨਹੀਂ ਦੇ ਸਕਦੇ, ਉਨ੍ਹਾਂ ਦੇ ਕਰਨ ਲਈ ਅਜੇ ਹੋਰ ਬਹੁਤ ਕੰਮ ਹਨ’’ ਅਜਿਹੇ ਸ਼ਬਦ ਅਜੋਕੇ ਯੁੱਗ ਵਿਚ ਹੋਰ ਵੀ ਮਹੱਤਵਪੂਰਨ ਹੋ ਜਾਂਦੇ ਹਨ ਜਦ ਭਗਤ ਸਿੰਘ ਨੂੰ ਸਾਡੇ ਸਾਹਮਣੇ ਰਿਵਾਲਵਰਧਾਰੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਭਗਤ ਸਿੰਘ ਨੇ ਆਪਣੇ ਜੀਵਨ ਵਿਚ ਸਿਰਫ਼ ਇਕ ਵਾਰ ਗੋਲੀ ਚਲਾਈ ਸੀ ਤੇ ਇਸ ਦਾ ਉਹ ਜ਼ਿੰਦਗੀ ਭਰ ਅਫਸੋਸ ਕਰਦਾ ਰਿਹਾ। ਭਗਤ ਸਿੰਘ ਦਾ ਸਭ ਤੋਂ ਮਜ਼ਬੂਤ ਸਾਥੀ ਉਸ ਦਾ ਵਿਸ਼ਵ ਇਨਕਲਾਬੀ ਸਾਹਿਤ ਦਾ ਅਧਿਐਨ ਸੀ। ਭਗਤ ਸਿੰਘ ਦੇ ਚਲੇ ਜਾਣ ਨਾਲ ਇਸ ਦੇਸ਼ ਨੂੰ ਜੋ ਵਿਚਾਰਧਾਰਾਤਮਕ ਘਾਟਾ ਪਿਆ ਹੈ, ਉਹ ਕਦੇ ਪੂਰਾ ਨਹੀਂ ਹੋ ਸਕੇਗਾ। ਭਗਤ ਸਿੰਘ ਨੇ ਇਕ ਸਦੀ ਪਹਿਲਾਂ ਜਿਸ ਚੀਜ਼ ਨੂੰ ਪਛਾਣ ਲਿਆ ਸੀ, ਉਸ ਸੋਚ ਨੂੰ ਮਹਿਸੂਸ ਕਰਨ ਦੀ ਅੱਜ ਬੇਹੱਦ ਲੋੜ ਹੈ। ਭਗਤ ਸਿੰਘ ਨੇ ਚੱਲ ਰਹੇ ਸੰਘਰਸ਼ਾਂ ਵਿਚ ਵਿਚਾਰਧਾਰਾ ਦਾ ਜੋ ਤੜਕਾ ਲਾਇਆ ਉਹ ਗ਼ਰੀਬ ਅਤੇ ਦੱਬੇ ਕੁਚਲੇ ਲੋਕਾਂ ਲਈ ਰੇਗਿਸਤਾਨ ਵਿਚ ਪਿਆਸੇ ਨੂੰ ਪਾਣੀ ਦੀ ਆਸ ਬਰਾਬਰ ਸੀ। ਅੱਜ ਜਦ ਹੇਠਲੇ ਤਬਕੇ ਦੇ ਲੋਕ ਹਰ ਪਾਸਿਓਂ ਆਪਣੇ ਆਪ ਨੂੰ ਅਲੱਗ ਥਲੱਗ ਮਹਿਸੂਸ ਕਰ ਰਹੇ ਹਨ ਤਾਂ ਉਸ ਵਿਚਾਰਧਾਰਾ ਨੂੰ ਸਮਾਜ ਵਿਚ ਲੈ ਕੇ ਆਉਣ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਹਾਲਾਤ ਅੱਜ ਵੀ ਕੋਈ ਖ਼ੁਸ਼ਗਵਾਰ ਨਹੀਂ ਹਨ। ਭਗਤ ਸਿੰਘ ਦੀ ਸੋਚ ਅਨੁਸਾਰ ਲੋਕਾਂ ਦੀ ਹਾਲਤ ਵਿਚ ਤਬਦੀਲੀ ਕਿਸੇ ਸੱਤਾ ਪਰਿਵਰਤਨ ਨਾਲ ਨਹੀਂ ਸਗੋਂ ਨੀਤੀਆਂ ਦੇ ਪਰਿਵਰਤਨ ਅਤੇ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਨਾਲ ਹੀ ਸੰਭਵ ਹੋ ਸਕਦਾ ਹੈ। ਇਸ ਲਈ ਸਮਾਜਿਕ ਤਬਦੀਲੀ ਕਿਸੇ ਤਰ੍ਹਾਂ ਦੀ ਰਾਜਨੀਤਕ ਤਬਦੀਲੀ ਨਾਲੋਂ ਵਧੇਰੇ ਅਹਿਮੀਅਤ ਰੱਖਦੀ ਹੈ। ਭਗਤ ਸਿੰਘ ਅਨੁਸਾਰ “ਤਰੱਕੀ ਚਾਹੁੰਣ ਵਾਲੇ ਹਰ ਇਨਸਾਨ ਨੂੰ ਹਰ ਤਰ੍ਹਾਂ ਦੇ ਪੁਰਾਣੇ ਵਿਸ਼ਵਾਸਾਂ ਨਾਲ ਸਬੰਧਤ ਹਰੇਕ ਗੱਲ ਉੱਪਰ ਪ੍ਰਸ਼ਨ ਖੜੇ੍ਹ ਕਰਨੇ ਪੈਣਗੇ ਅਤੇ ਉਸ ਨੂੰ ਚੁਣੌਤੀ ਦੇਣੀ ਹੋਵੇਗੀ। ਯਥਾਰਥਵਾਦੀ ਆਦਮੀ ਲਈ ਨਵਾਂ ਦਰਸ਼ਨ ਖੜ੍ਹਾ ਕਰਨ ਜ਼ਮੀਨ ਸਾਫ਼ ਕਰਨੀ ਹੋਵੇਗੀ ।’’ਭਗਤ ਸਿੰਘ ਰੂੜੀਵਾਦੀ ਵਿਚਾਰਾਂ ਦਾ ਸਿਰਫ਼ ਖੰਡਨ ਹੀ ਨਹੀਂ ਕਰਦੇ ਸਗੋਂ ਤਰਕਪੂਰਨ ਤਰੀਕੇ ਨਾਲ ਗੰਭੀਰ ਸਵਾਲ ਵੀ ਖੜ੍ਹੇ ਕਰਦੇ ਹਨ ਜਿਨ੍ਹਾਂ ਦਾ ਨਾਂ ਤਾਂ ਉਸ ਸਮੇਂ ਕੋਈ ਜਵਾਬ ਸੀ ਤੇ ਨਾ ਅਜੋਕੇ ਸਮੇਂ ਹੈ। ਭਗਤ ਸਿੰਘ ਦੀ ਰਚਨਾ “ਮੈਂ ਨਾਸਤਿਕ ਕਿਉਂ ਹਾਂ’’ ਵਿਚ ਅਜਿਹੇ ਅਨੇਕਾਂ ਸਵਾਲ ਮਿਲ ਜਾਂਦੇ ਹਨ ਜੋ ਇਸ ਦੁਨੀਆ ਉੱਪਰ ਜਵਾਬ ਰਹਿਤ ਹਨ। ਭਗਤ ਸਿੰਘ ਸਮਾਜਵਾਦੀ ਹੋਣ ਦੇ ਬਾਵਜੂਦ ਉਸ ਕਮਿਊਨਿਜ਼ਮ ਦੀ ਵਿਰੋਧਤਾ ਕਰਦਾ ਸੀ ਜਿਸ ਵਿਚ ਬਹਿਸ ਤੇ ਵਿਰੋਧੀ ਵਿਚਾਰਾਂ ਲਈ ਥਾਂ ਨਾ ਹੋਵੇ। ਭਗਤ ਸਿੰਘ ‘ਵਿਚਾਰ ਪ੍ਰਗਟਾਵੇ ਦੀ ਆਜ਼ਾਦੀ’ ਦੇ ਨਾਲ-ਨਾਲ ‘ਵਿਚਾਰਾਂ ਦੀ ਆਜ਼ਾਦੀ’ ਹੋਣ ਦਾ ਵੀ ਪੁਰਜ਼ੋਰ ਸਮਰਥਨ ਕਰਦਾ ਸੀ। ਭਗਤ ਸਿੰਘ ਨੌਜਵਾਨਾਂ ਦੇ ਮਨਾਂ ਅੰਦਰ ਆਈ ‘ਮਾਨਸਿਕ ਖੜੋਤ’ ਨੂੰ ਤੋੜਨਾ ਚਾਹੁੰਦੇ ਸਨ। ਉਨ੍ਹਾਂ ਅਨੁਸਾਰ “ਤੁਸੀਂ ਕਿਸੇ ਅਜਿਹੇ ਵਿਸ਼ਵਾਸ ਦਾ ਵਿਰੋਧ ਕਰਕੇ ਦੇਖੋ ਜਿਸ ਬਾਰੇ ਲੋਕ ਮੰਨਦੇ ਹੋਣ ਕਿ ਉਹ ਤਾਂ ਕਦੇ ਕੋਈ ਗ਼ਲਤੀ ਕਰ ਹੀ ਨਹੀਂ ਸਕਦਾ। ਇਸ ਲਈ ਇਸ ਦੀ ਆਲੋਚਨਾ ਤਾਂ ਹੋ ਹੀ ਨਹੀਂ ਸਕਦੀ, ਤੁਹਾਡੇ ਤਰਕਾਂ ਦੀ ਤਾਕਤ ਹੀ ਲੋਕਾਂ ਨੂੰ ਮਜਬੂਰ ਕਰੇਗੀ ਕਿ ਉਹ ਹੰਕਾਰੀ ਕਹਿਕੇ ਤੁਹਾਡਾ ਮਜ਼ਾਕ ਉਡਾਉਣ। ਇਸ ਦਾ ਕਾਰਨ ਉਨ੍ਹਾਂ ਦੀ ਮਾਨਸਿਕ ਖੜੋਤ ਹੀ ਹੈ।’’ ਇਸ ਸਥਿਤੀ ਦਾ ਸਾਹਮਣਾ ਕਰਨ ਲਈ ਭਗਤ ਸਿੰਘ ਅਧਿਐਨ ’ਤੇ ਜ਼ੋਰ ਦਿੰਦੇ ਹਨ। ਵਿਰੋਧੀਆਂ ਦੇ ਤਰਕਾਂ ਦਾ ਸਾਹਮਣਾ ਕਰਨ ਲਈ ਉਹ ਅਧਿਐਨ ਤੇ ਸਿਰਫ਼ ਅਧਿਐਨ ਨੂੰ ਹੀ ਇੱਕੋ ਇਕ ਹਥਿਆਰ ਮੰਨਦੇ ਹਨ। ਇਹੀ ਜੀਵਨ ਵਿਧੀ ਭਗਤ ਸਿੰਘ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ ਪਲ ਤਕ ਅਪਣਾਈ। ਫ਼ਾਂਸੀ ਲਈ ਜਾਣ ਵੇਲੇ ਭਗਤ ਸਿੰਘ ਨੇ ਕਿਤਾਬ ਦਾ ਜੋ ਪੰਨਾ ਮੋੜਿਆ ਸੀ, ਆਧੁਨਿਕ ਸਮੇਂ ਵਿਚ ਜ਼ਰੂਰਤ ਹੈ ਉਸ ਤੋਂ ਅੱਗੇ ਦੇ ਪੰਨਿਆਂ ਨੂੰ ਪੜ੍ਹ ਕੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਖ਼ੂਬਸੂਰਤ ਦੁਨੀਆ ਸਿਰਜੀਏ। 28 ਸਤੰਬਰ 1907 ਨੂੰ ਮਾਤਾ ਵਿੱਦਿਆਵਤੀ ਅਤੇ ਪਿਤਾ ਸ. ਕਿਸ਼ਨ ਸਿੰਘ ਦੇ ਗ੍ਰਹਿ ਵਿਖੇ ਫ਼ੈਸਲਾਬਾਦ ਜ਼ਿਲ੍ਹੇ ਦੇ ਪਿੰਡ ਬੰਗਾ ’ਚ ਜਨਮੇ ਭਗਤ ਸਿੰਘ ਨੂੰ ਦੇਸ਼ ਭਗਤੀ ਦੀ ਚਿਣਗ ਵਿਰਾਸਤ ’ਚੋਂ ਮਿਲੀ। ਉਸ ਨੇ ਪ੍ਰੰਪਰਾਗਤ ਸੰਘਰਸ਼ ਦੇ ਸਮਾਨਾਂਤਰ ਸੰਘਰਸ਼ ਕਰਨ ਦਾ ਇਕ ਨਵਾਂ ਤਰੀਕਾ ਪੇਸ਼ ਕੀਤਾ ਅਤੇ ਖ਼ੁਦ ਉਸ ਤਰੀਕੇ ’ਤੇ ਚੱਲ ਕੇ ਨਾ ਸਿਰਫ਼ ਉਸ ਦੀ ਉਦਾਹਰਣ ਸਹਿਤ ਪ੍ਰੋੜਤਾ ਹੀ ਕੀਤੀ ਸਗੋਂ ਮਹਿਜ਼ 23 ਸਾਲ ਦੀ ਉਮਰ ਵਿਚ ਉਸ ਸਾਮਰਾਜ ਦੀਆਂ ਨੀਹਾਂ ਹਿਲਾ ਦਿੱਤੀਆਂ ਜਿਸ ’ਚ ਕਦੇ ਸੂਰਜ ਨਹੀਂ ਸੀ ਡੁੱਬਦਾ। ਭਗਤ ਸਿੰਘ ਨੂੰ ਦੇਸ਼ ਭਗਤੀ ਦੀ ਵਿਰਾਸਤ ਤਾਂ ਪਰਿਵਾਰ ਤੋਂ ਹੀ ਮਿਲੀ ਸੀ। ਆਜ਼ਾਦੀ ਸੰਘਰਸ਼ ਵਿਚ ਭਗਤ ਸਿੰਘ ਨੇ 1921 ਵਿਚ ਮਹਾਤਮਾ ਗਾਂਧੀ ਦੇ ਨਾ-ਮਿਲਵਰਤਣ ਅੰਦੋਲਨ ਦੌਰਾਨ ਪ੍ਰਵੇਸ਼ ਕੀਤਾ ਪਰ ਚੌਰੀ-ਚੌਰਾ ਦੀ ਘਟਨਾ ਵੇਲੇ ਜਦ ਅੰਦੋਲਨ ਸ਼ਿਖਰਾਂ ’ਤੇ ਸੀ ਤਾਂ ਮਹਾਤਮਾ ਗਾਂਧੀ ਦੇ ਅੰਦੋਲਨ ਸਮਾਪਤ ਕਰਨ ਦੇ ਫ਼ੈਸਲੇ ਨੇ ਭਗਤ ਸਿੰਘ ਦੇ ਮਨ ਨੂੰ ਗਹਿਰੀ ਠੇਸ ਪਹੁੰਚਾਈ।

Leave a Reply

Your email address will not be published. Required fields are marked *