ਇਕ ਪਾਸੇ ਇੰਦਰਾ ਗਾਂਧੀ ਸ਼ਾਂਤੀ ਦਾ ਸੰਦੇਸ਼ ਦੇ ਰਹੀ ਸੀ ਦੂਜੇ ਪਾਸੇ ਦਰਬਾਰ ਸਾਹਿਬ ਤੇ ਫ਼ੌਜ ਚੜ੍ਹ ਰਹੀ ਸੀ

Home » Blog » ਇਕ ਪਾਸੇ ਇੰਦਰਾ ਗਾਂਧੀ ਸ਼ਾਂਤੀ ਦਾ ਸੰਦੇਸ਼ ਦੇ ਰਹੀ ਸੀ ਦੂਜੇ ਪਾਸੇ ਦਰਬਾਰ ਸਾਹਿਬ ਤੇ ਫ਼ੌਜ ਚੜ੍ਹ ਰਹੀ ਸੀ
ਇਕ ਪਾਸੇ ਇੰਦਰਾ ਗਾਂਧੀ ਸ਼ਾਂਤੀ ਦਾ ਸੰਦੇਸ਼ ਦੇ ਰਹੀ ਸੀ ਦੂਜੇ ਪਾਸੇ ਦਰਬਾਰ ਸਾਹਿਬ ਤੇ ਫ਼ੌਜ ਚੜ੍ਹ ਰਹੀ ਸੀ

ਰੂਪਨਗਰ / 2 ਜੂਨ 1984 ਦੀ ਰਾਤ 9 ਵੱਜ ਕੇ 15 ਮਿੰਟ ਤੇ ਰੇਡੀਉ ਅਤੇ ਦੂਰਦਰਸ਼ਨ ਤੇ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਰਾਤ ਨੂੰ ਭੁਲੇਖਾ ਪਾਊ ਭਾਸ਼ਣ ਦਿਤਾ ਗਿਆ, ਜਿਸ ਵਿਚ ਸਿੱਖ ਕੌਮ ਦੇ ਮਸਲਿਆ ਤੋਂ ਹੱਟ ਕੇ ਰਾਜਨੀਤੀ ਤੋਂ ਪ੍ਰੇਰਿਤ ਗੱਲਾਂ ਕੀਤੀਆਂ ਭਾਵੇਂ ਕਿ ਇੰਦਰਾ ਗਾਂਧੀ ਦੀ ਅਵਾਜ਼ ਵਿਚ ਭਾਰੀਪਨ ਸੀ ਅਤੇ ਗੱਚ ਭਰਿਆ ਹੋਇਆ ਸੀ ਜੋ ਕਿ ਸਾਫ਼ ਦਰਸਾ ਰਿਹਾ ਸੀ ਕਿ ਕੋਈ ਭਾਰੀ ਅਣਹੋਣੀ ਵਾਪਰਨ ਵਾਲੀ ਹੈ ਜਿਸ ਤੋਂ ਸਿੱਖਾਂ ਦਾ ਧਿਆਨ ਹਟਾਉਣ ਦੀ ਇਸ ਭਾਸ਼ਣ ਜ਼ਰੀਏ ਕੋਸ਼ਿਸ਼ ਕੀਤੀ ਗਈ ਸੀ।

ਅਪਣੇ ਭਾਸ਼ਣ ਵਿਚ ਇੰਦਰਾ ਗਾਂਧੀ ਦਾ ਕਹਿਣਾ ਸੀ ਕਿ ਕੇਂਦਰ ਵਲੋਂ ਤਾਂ ਵਾਰ ਵਾਰ ਹੱਥ ਵਧਾਇਆ ਗਿਆ ਸੀ ਪਰ ਅਕਾਲੀਆਂ ਦੀਆਂ ਗ਼ਲਤ ਨੀਤੀਆਂ ਕਾਰਨ ਦੇਸ਼ ਦੀ ਅਖੰਡਤਾ ਖ਼ਤਰੇ ਵਿਚ ਪੈ ਰਹੀ ਹੈ। ਅਪਣੇ ਪੂਰੇ ਸੰਦੇਸ਼ ਵਿਚ ਕਿਤੇ ਵੀ ਅੰਮ੍ਰਿਤਸਰ ਵਿਚ ਫ਼ੌਜ ਭੇਜੇ ਜਾਣ ਦਾ ਜ਼ਿਕਰ ਨਾ ਕੀਤਾ ਗਿਆ। ਇੰਦਰਾ ਨੇ ਅਪਣੇ ਭਾਸ਼ਨ ਵਿਚ ‘ਖ਼ੂਨ ਨਾ ਵਹਾਉ ਤੇ ਨਫ਼ਰਤ ਖ਼ਤਮ ਕਰਨ ਵਿਚ ਮਦਦ ਕਰੋ’ ਦਾ ਸੁਨੇਹਾ ਦੇ ਕੇ ਅਪਣੀ ਸਿਆਸੀ ਚਤੁਰਾਈ ਦਾ ਸਬੂਤ ਦਿਤਾ। ਇਤਿਹਾਸਕਾਰ ਮੰਨਦੇ ਹਨ ਕਿ ਇੰਦਰਾ ਗਾਂਧੀ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਅਤੇ ਹਿੰਦੂ ਵੋਟ ਨੂੰ ਅਪਣੇ ਵੱਲ ਕਰਨਾ ਚਾਹੁੰਦੀ ਸੀ। ਇਸ ਦੀ ਤਿਆਰੀ ਉਹ ਲੰਬੇ ਸਮੇਂ ਤੋਂ ਕਰ ਰਹੀ ਸੀ। ਇਸ ਲਈ ਇੰਦਰਾ ਗਾਂਧੀ ਨੇ 15 ਜਨਵਰੀ 1984 ਤੋਂ ਹੀ ਰੂਸ, ਇੰਗਲੈਂਡ ਅਤੇ ਇਜ਼ਰਾਈਲ ਨਾਲ ਰਾਬਤਾ ਕਾਇਮ ਕੀਤਾ ਅਤੇ ਇਨ੍ਹਾਂ ਤੋਂ ਹਥਿਆਰ ਖ਼ਰੀਦਣ ਲਈ ਵੱਡੇ ਆਰਡਰਾਂ ਦੀ ਪੇਸ਼ਕਸ਼ ਕੀਤੀ ਸੀ ਅਤੇ ਅਪਣੇ ਦੋ ਰਾਅ ਦੇ ਅਫ਼ਸਰ ਰੂਸੀ ਫ਼ੌਜ ਨਾਲ ਮੁਲਾਕਾਤ ਕਰਨ ਲਈ ਭੇਜੇ ਸਨ ਅਤੇ ਬਾਅਦ ਵਿਚ ਇਹ ਰੂਸੀ ਅਫ਼ਸਰ ਟ੍ਰੇਨਿੰਗ ਦੇਣ ਲਈ ਦਿੱਲੀ ਵੀ ਆਉਂਦੇ ਰਹੇ।

ਭਾਵੇਂ ਕਿ ਉਹ ਅਪਣੇ ਭਾਸ਼ਣ ਵਿਚ ਸ਼ਾਂਤੀ ਬਣਾਉਣ ਦੀ ਗੱਲ ਕਹਿ ਰਹੀ ਸੀ, ਪਰ ਭਾਰਤੀ ਹਕੂਮਤ ਦੀ ਬੇਈਮਾਨੀ ਇਸ ਗੱਲ ਤੋਂ ਸਾਫ਼ ਜ਼ਾਹਰ ਹੁੰਦੀ ਹੈ ਕਿ ਜਿਸ ਵੇਲੇ ਪ੍ਰਧਾਨ ਮੰਤਰੀ ਭਾਸ਼ਣ ਦੇ ਰਹੀ ਸੀ ਤਾਂ ਇਕ ਪਿਆਦਾ ਬਟਾਲੀਅਨ 12 ਬਿਹਾਰ ਰੈਜਮੈਂਟ ਦੇ ਜਵਾਨ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਮਾਰਚ ਕਰ ਕੇ ਅਪਣੇ ਮੋਰਚੇ ਸੰਭਾਲ ਚੁੱਕੇ ਸਨ। 28 ਮਈ ਤੋਂ ਬਾਅਦ ਅੰਮ੍ਰਿਤਸਰ ਦੀ ਹਰ ਰਾਤ ਫ਼ੌਜੀ ਬੂਟਾ ਦੀ ਦਗੜ ਦਗੜ ਤੇ ਫ਼ੌਜੀ ਗੱਡੀਆਂ ਦੇ ਸ਼ੋਰ ਸ਼ਰਾਬੇ ਵਿਚ ਲੰਘਦੀ। 3 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾਣਾ ਸੀ। ਦੂਰ ਦੁਰਾਡੇ ਤੋਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ। ਸਿੱਖ ਸੰਗਤਾਂ ਦੇ ਮਨਾਂ ਵਿਚ 1 ਜੂਨ 1984 ਨੂੰ ਹੋਈ ਗੋਲੀਬਾਰੀ ਨੂੰ ਲੈ ਕੇ ਵੀ ਰੋਹ ਸੀ। ਸਿੱਖ ਮਨਾਂ ਵਿਚ ਟੀਸ ਸੀ ਕਿ ਭਾਰਤ ਸਰਕਾਰ ਨੇ ਬਿਨਾਂ ਕਿਸੇ ਕਾਰਨ ਸਿੱਖਾਂ ਦੇ ਕੇਂਦਰੀ ਸਥਾਨ ਤੇ ਗੋਲੀਬਾਰੀ ਕਰ ਕੇ ਸਿੱਖਾਂ ਨੂੰ ਇਕ ਵਾਰ ਮੁੜ ਤੋਂ ਦੂਸਰੇ ਦਰਜੇ ਦੇ ਨਾਗਰਿਕ ਹੋਣ ਦਾ ਅਹਿਸਾਸ ਕਰਵਾਇਆ ਹੈ।

ਭਾਰਤ ਸਰਕਾਰ ਦੀ ਸਿੱਖ ਵਿਰੋਧੀ ਨੀਤੀ ਨੂੰ ਵੇਖ ਕੇ ਸ੍ਰੀ ਦਰਬਾਰ ਸਾਹਿਬ ਅੰਦਰ ਮੌਜੂਦ ਸੰਤ ਜਰਨੈਲ ਸਿੰਘ ਖ਼ਾਲਸਾ ਦੇ ਨੇੜਲੇ ਸਾਥੀ ਜਰਨਲ ਸੁਬੇਗ ਸਿੰਘ ਨੇ ਵੀ ਮੋਰਚਾਬੰਦੀ ਮਜ਼ਬੂਤ ਕਰਨ ਲਈ ਸਿੰਘਾਂ ਨੂੰ ਉਤਸ਼ਾਹਤ ਕਰ ਦਿਤਾ। ਸਿੰਘਾਂ ਨੇ ਵੀ ਫ਼ੌਜ ਨੂੰ ਉਸੇ ਭਾਸ਼ਾ ਵਿਚ ਜਵਾਬ ਦੇਣ ਦੀ ਤਿਆਰੀ ਕਰਨੀ ਸ਼ੁਰੂ ਕਰ ਦਿਤੀ ਜੋ ਭਾਸ਼ਾ ਬੋਲਣ ਲਈ ਫ਼ੌਜ ਬਾਹਾਂ ਟੁੰਗ ਰਹੀ ਸੀ। 3 ਜੂਨ ਵਾਲੇ ਦਿਨ ਹੀ ਅੰਮ੍ਰਿਤਸਰ ਵਿਚ ਮੌਜੂਦ ਭਾਰਤੀ ਅਤੇ ਵਿਦੇਸ਼ੀ ਮੀਡੀਆ ਦੇ ਕੁੱਝ ਨਾਮਵਰ ਪੱਤਰਕਾਰ ਸੰਤ ਜਰਨੈਲ ਸਿੰਘ ਖ਼ਾਲਸਾ ਨੂੰ ਮਿਲਣ ਲਈ ਸ੍ਰੀ ਦਰਬਾਰ ਸਾਹਿਬ ਗਏ। ਇਨ੍ਹਾਂ ਪੱਤਰਕਾਰਾਂ ਦੀ ਟੀਮ ਦੀ ਅਗਵਾਈ ਉਘੇ ਪੱਤਰਕਾਰ ਸ਼ਤੀਸ਼ ਜੈਕਬ ਕਰ ਰਹੇ ਸਨ। ਇਸ ਟੀਮ ਵਿਚ ਪੱਤਰਕਾਰ ਬ੍ਰਹਮ ਚੈਲਾਨੀ, ਗੁਰਦੀਪ ਸਿੰਘ, ਮੁਹਿੰਦਰ ਸਿੰਘ, ਸ਼ੁਭਾਸ਼ ਕਿਰਪੇਕਰ ਅਤੇ ਜਸਪਾਲ ਸਿੰਘ ਆਦਿ ਮੌਜੂਦ ਸਨ।

ਇਨ੍ਹਾਂ ਪੱਤਰਕਾਰਾਂ ਵਲੋਂ ਲਈ ਗਈ ਇੰਟਰਵਿਊ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਪੁਛੇ ਗਏ ਸਵਾਲਾਂ ਵਿਚ ਇਕ ਸਵਾਲ ਇਹ ਵੀ ਸੀ ਕਿ ਜੇਕਰ ਫ਼ੌਜ ਅੰਦਰ ਆ ਗਈ ਤਾਂ ਤੁਸੀਂ ਉਸ ਦੀ ਤਾਕਤ ਦਾ ਮੁਕਾਬਲਾ ਨਹੀਂ ਕਰ ਸਕੋਗੇ ਤੇ ਆਤਮ ਸਮਰਪਣ ਕਰ ਦਿਉਗੇ ਦੇ ਜਵਾਬ ਵਿਚ ਉਨ੍ਹਾਂ ਕਿਹਾ ਸੀ ਕਿ ਤੁਹਾਨੂੰ ਪਤਾ ਨਹੀਂ ਹਜ਼ਾਰਾਂ ਭੇਡਾਂ ਨੂੰ ਇਕ ਸ਼ੇਰ ਹੀ ਕਾਬੂ ਕਰ ਸਕਦਾ ਹੈ ਅਤੇ ਜਦੋਂ ਦੂਸਰਾ ਸਵਾਲ ਕੀਤਾ ਕਿ ਤੁਹਾਨੂੰ ਡਰ ਨਹੀਂ ਕਿ ਇਸ ਲੜਾਈ ਵਿਚ ਤੁਸੀ ਮਰ ਜਾਉਗੇ? ਤਾਂ ਉਨ੍ਹਾਂ ਜਵਾਬ ਵਿਚ ਕਿਹਾ,‘‘ਸਰੀਰਕ ਮੌਤ ਕੋਈ ਮੌਤ ਨਹੀਂ ਜ਼ਮੀਰ ਦਾ ਮਰ ਜਾਣਾ ਹੀ ਅਸਲ ਮੌਤ ਹੈ ਅਤੇ ਸਿੱਖ ਮੌਤ ਤੋਂ ਨਹੀਂ ਡਰਦਾ ਅਤੇ ਜੋ ਡਰਦਾ ਹੈ ਉਹ ਸਿੱਖ ਹੀ ਨਹੀ ਹੁੰਦਾ।’’ ਇਨ੍ਹਾਂ ਪੱਤਰਕਾਰਾਂ ਦੇ ਸ੍ਰੀ ਦਰਬਾਰ ਸਾਹਿਬ ਪੁਜਣ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਤਬਦੀਲ ਹੋਏ ਇਕ ਸੀਨੀਅਰ ਪੱਤਰਕਾਰ ਮਨਜੀਤ ਸਿੰਘ ਦੀ ਸੰਤਾਂ ਨਾਲ ਫ਼ੋਨ ’ਤੇ ਗੱਲਬਾਤ ਹੋਈ।

ਬਜ਼ੁਰਗ ਪੱਤਰਕਾਰ ਸ. ਮਨਜੀਤ ਸਿੰਘ ਇਹ ਯਾਦ ਕਰਦਿਆਂ ਦਸਦੇ ਹਨ ਕਿ ਪੰਜਾਬ ਵਿਚ ਉਨ੍ਹਾਂ ਦਿਨਾਂ ਵਿਚ ਫ਼ੋਨ ’ਤੇ ਗੱਲ ਕਰਨ ਵਿਚ ਬੜੀ ਔਖ ਆ ਰਹੀ ਸੀ। ਕਾਫ਼ੀ ਜਦੋਜਹਿਦ ਤੋਂ ਬਾਅਦ ਸੰਤਾਂ ਨਾਲ ਫ਼ੋਨ ’ਤੇ ਗੱਲਬਾਤ ਹੋ ਸਕੀ। ਉਨ੍ਹਾਂ ਯਾਦ ਕਰਦਿਆਂ ਕਿਹਾ,‘‘ਮੈਂ ਅਪਣੇ ਸਾਰੇ ਸੂਤਰਾਂ ਤੋਂ ਪਤਾ ਲਾਇਆ ਹੈ ਕਿ ਸਰਕਾਰ ਦੀ ਨੀਯਤ ਵਿਚ ਖੋਟ ਹੈ।’’ ਮੈਂ ਸੰਤਾ ਨਾਲ ਫ਼ੋਨ ’ਤੇ ਗੱਲਬਾਤ ਕਰਦਿਆਂ ਅਪਣਾ ਤੋਖਲਾ ਜ਼ਾਹਰ ਕੀਤਾ ਤਾਂ ਸੰਤ ਜਰਨੈਲ ਸਿੰਘ ਖ਼ਾਲਸਾ ਨੇ ਪੂਰੇ ਜੋਸ਼ ਨਾਲ ਕਿਹਾ,‘‘ਤੂੰ ਘਬਰਾ ਨਾ ਫੱਟੇ ਚੱਕ ਦਿਆਂਗੇ।’’ ਉਨ੍ਹਾਂ ਯਾਦ ਕਰਦਿਆਂ ਕਿਹਾ,‘‘ਮੈਂ ਸੰਤਾਂ ਨੂੰ ਫਿਰ ਕਿਹਾ ਕਿ ਪੰਜਾਬ ਵਿਚ ਸਰਕਾਰ ਕੁੱਝ ਅਜਿਹਾ ਕਰਨ ਜਾ ਰਹੀ ਹੈ ਜਿਸ ਦੀ ਉਮੀਦ ਨਹੀਂ ਕੀਤੀ ਜਾ ਸਕਦੀ।’’ ਤਾਂ ਸੰਤਾਂ ਨੇ ਪੂਰੀ ਚੜ੍ਹਦੀ ਕਲਾ ਨਾਲ ਕਿਹਾ,‘‘ਮੈਂ ਸੱਭ ਜਾਣਦਾ ਹਾਂ ਸਰਕਾਰ ਦੀ ਨੀਯਤ ਤੋਂ ਜਾਣੂ ਹਾਂ।’’ ਉਘੇ ਪੱਤਰਕਾਰ ਸਤੀਸ਼ ਜੈਕਬ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਬਾਰੇ ਅਪਣੀ ਲਿਖੀ ਕਿਤਾਬ ਵਿਚ ਵਰਨਣ ਕਰਦਿਆਂ ਕਿਹਾ,‘‘ਮੈਂ ਸੰਤਾਂ ਨੂੰ ਜਦ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਮਿਲਿਆ ਤਾਂ ਉਹ ਕੁੱਝ ਤਲਖ ਨਜ਼ਰ ਆ ਰਹੇ ਸਨ। ਹਰ ਸਮੇ ਮੁਸਕੁਰਾ ਕੇ ਗੱਲ ਕਰਨ ਵਾਲੇ ਸੰਤ ਅੱਜ ਅਪਣੇ ਸੁਭਾਅ ਤੋਂ ਉਲਟ ਨਜ਼ਰ ਆ ਰਹੇ ਸਨ।’’ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਸ਼ਾਮ ਤਕ ਮੋਰਚਾਬੰਦੀ ਹੋ ਚੁੱਕੀ ਸੀ। ਹੁਣ ਇੰਤਜ਼ਾਰ ਸੀ ਦੁਸ਼ਮਣ ਦੇ ਪਹਿਲੇ ਹੱਲੇ ਦਾ। ਜਰਨਲ ਸੁਬੇਗ ਸਿੰਘ ਨੇ ਵੀ ਅਪਣੀਆਂ ਤਿਆਰੀਆਂ ਨੂੰ ਆਖ਼ਰੀ ਛੋਹਾਂ ਦੇ ਦਿਤੀਆਂ ਸਨ। ਸੰਤਾਂ ਦੇ ਨਾਲ ਰਹਿਣ ਵਾਲੇ ਸਿੰਘਾਂ ਦੇ ਮਾਲਾ ਵਾਲੇ ਹੱਥਾਂ ਵਿਚ ਬੰਦੂਕਾਂ ਆ ਚੁਕੀਆਂ ਸਨ।

Leave a Reply

Your email address will not be published.