ਆਈ. ਐੱਸ. ਆਈ. ਦੇ ਨਵੇਂ ਡਾਇਰੈਕਟਰ ਜਨਰਲ ਨੂੰ ਲੈ ਕੇ ਇਮਰਾਨ ਖਾਨ ਅਤੇ ਪਾਕਿ ਫੌਜ ’ਚ ਖੜਕੀ

ਨਵੀਂ ਦਿੱਲੀ / ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫੌਜ ਨੂੰ ਸਪੱਸ਼ਟ ਕਰ ਦਿੱਤਾ ਕਿ ਉਹ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਦੇ ਡਾਇਰੈਕਟਰ ਜਨਰਲ ਫੈਜ ਹਮੀਦ ਨੂੰ ਬਦਲਣ ਦੇ ਫ਼ੈਸਲੇ ’ਚ ਸ਼ਾਮਲ ਨਹੀਂ ਸਨ।

ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਨਜਮ ਸੇਠੀ ਨੇ ਇਕ ਟੀ. ਵੀ. ਸ਼ੋ ’ਚ ਕਿਹਾ ਕਿ ਇਸ ਮਾਮਲੇ ’ਚ ਪ੍ਰਧਾਨ ਮੰਤਰੀ ਦੇ ਰੁਖ਼ ਨਾਲ ਅੜਿੱਕਾ ਪੈਦਾ ਹੋ ਗਿਆ ਹੈ, ਇਹੀ ਵਜ੍ਹਾ ਹੈ ਕਿ ਨੋਟੀਫਿਕੇਸ਼ਨ ’ਤੇ ਹਸਤਾਖਰ ਨਹੀਂ ਕੀਤੇ ਗਏ ਹਨ। ਸੇਠੀ ਨੇ ਕਿਹਾ ਕਿ ਲੈਫਟੀਨੈਂਟ ਜਨਰਲ ਫੈਜ ਹਮੀਦ ਦੀ ਪੇਸ਼ਾਵਰ ਕੋਰ ਕਮਾਂਡਰ ਦੇ ਰੂਪ ’ਚ ਨਿਯੁਕਤੀ ਅਤੇ ਜਨਰਲ ਨਦੀਮ ਅੰਜੁਮ ਦੀ ਨਵੇਂ ਡੀ. ਜੀ. ਆਈ. ਐੱਸ. ਆਈ. ਦੇ ਰੂਪ ’ਚ ਨਿਯੁਕਤੀ ਦਾ ਐਲਾਨ ਪ੍ਰਧਾਨ ਮੰਤਰੀ ਨਿਵਾਸ ਤੋਂ ਆਉਣਾ ਚਾਹੀਦਾ ਹੈ, ਕਿਉਂਕਿ ਹਮੇਸ਼ਾ ਦੀ ਤਰ੍ਹਾਂ ਪ੍ਰਧਾਨ ਮੰਤਰੀ ਡੀ. ਜੀ. ਆਈ. ਐੱਸ. ਆਈ. ਦੀ ਨਿਯੁਕਤੀ ਕਰਦੇ ਹਨ। ਸੇਠੀ ਨੇ ਕਿਹਾ ਕਿ ਇਸ ਦਾ ਐਲਾਨ ਕਰਨ ਵਾਲੀ ਪ੍ਰੈੱਸ ਰਿਲੀਜ਼ ਰਾਵਲਪਿੰਡੀ (ਪਾਕਿ ਫੌਜ ਦਾ ਹੈੱਡ ਕੁਆਰਟਰ) ਤੋਂ ਆਈ, ਨਾ ਕਿ ਇਸਲਾਮਾਬਾਦ ਤੋਂ। ਪਾਕਿ ਪੀ. ਐੱਮ. ਵੱਲੋਂ ਬੁਲਾਈ ਗਈ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਬੈਠਕ ’ਚ ਲੈਫਟੀਨੈਂਟ ਜਨਰਲ ਫੈਜ ਹਮੀਦ ਦੀ ਹਾਜ਼ਰੀ ਵੀ ਗ਼ੈਰ-ਮਾਮੂਲੀ ਸੀ। ਉਨ੍ਹਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਜਨਰਲ ਫੈਜ ਨੇ ਬੈਠਕ ’ਚ ਡੀ. ਜੀ. ਆਈ. ਐੱਸ. ਆਈ. ਦੇ ਰੂਪ ’ਚ ਭਾਗ ਲਿਆ। ਸੇਠੀ ਅਨੁਸਾਰ ਕੁਝ ਕੈਬਨਿਟ ਮੈਂਬਰ ਨਾਰਾਜ਼ਗੀ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਜੇ ਅੜਿੱਕਾ ਬਣਿਆ ਹੋਇਆ ਹੈ।

Leave a Reply

Your email address will not be published. Required fields are marked *