ਅੰਦੋਲਨ ਲੇਖੇ ਲੱਗੇ ਕਿਸਾਨਾਂ ਦੇ ਪਰਿਵਾਰਾਂ ਦੀ ਸੰਭਾਲ

Home » Blog » ਅੰਦੋਲਨ ਲੇਖੇ ਲੱਗੇ ਕਿਸਾਨਾਂ ਦੇ ਪਰਿਵਾਰਾਂ ਦੀ ਸੰਭਾਲ
ਅੰਦੋਲਨ ਲੇਖੇ ਲੱਗੇ ਕਿਸਾਨਾਂ ਦੇ ਪਰਿਵਾਰਾਂ ਦੀ ਸੰਭਾਲ

ਦਿੱਲੀ ਦੀਆਂ ਬਰੂਹਾਂ ਉੱਪਰ ਚਲ ਰਹੇ ਸੰਯੁਕਤ ਕਿਸਾਨ ਮੋਰਚੇ ਨੂੰ 26 ਮਈ ਨੂੰ 6 ਮਹੀਨੇ ਹੋ ਜਾਣੇ ਹਨ।

ਇਹ ਕਿਸਾਨ ਮੋਰਚਾ ਹੁਣ ਦੇਸ਼ਵਿਆਪੀ ਲਹਿਰ ਦਾ ਰੂਪ ਧਾਰਨ ਕਰ ਚੁੱਕਿਆ ਹੈ। ਛੋਟੇ ਵਪਾਰੀ, ਆੜ੍ਹਤੀ, ਦੁਕਾਨਦਾਰ ਤੇ ਹੋਰ ਖੇਤਰਾਂ ਦੇ ਕਰਮਚਾਰੀ, ਮਜ਼ਦੂਰ, ਅਧਿਆਪਕ, ਵਿਦਿਆਰਥੀ, ਡਾਕਟਰ, ਵਕੀਲ, ਚਿੰਤਕ, ਰੰਗਕਰਮੀ, ਫ਼ਨਕਾਰ ਤੇ ਲੋਕ ਕਲਾਕਾਰ, ਨੌਜਵਾਨ, ਔਰਤਾਂ ਤੇ ਬੱਚੇ, ਸਭ ਆਪਣੀ ਹਾਜ਼ਰੀ ਭਰ ਰਹੇ ਹਨ। ਜਨ-ਸਮੂਹ ਚੇਤੰਨ ਹੋ ਚੁਕਿਆ ਹੈ ਕਿ ਖੇਤੀ ਕਾਨੂੰਨ ਲਾਗੂ ਹੋਣ ਨਾਲ ਸਮੁੱਚਾ ਅਰਥਚਾਰਾ ਤੇ ਸਮਾਜ ਬੁਰੀ ਤਰ੍ਹਾਂ ਅਸਰਅੰਦਾਜ਼ ਹੋਵੇਗਾ। ਸਰਕਾਰੀ ਮੰਡੀਆਂ ਦੀ ਥਾਂ ਪ੍ਰਾਈਵੇਟ ਮੰਡੀਆਂ ਹੋਣਗੀਆਂ, ਜ਼ਰੂਰੀ ਵਸਤਾਂ ਦੇ ਭੰਡਾਰੀਕਰਨ ਬਾਰੇ ਕੋਈ ਰੋਕਾਂ ਨਹੀਂ ਰਹਿਣਗੀਆਂ, ਨਾ ਕੇਵਲ ਉਤਪਾਦਕ ਸਗੋਂ ਖਪਤਕਾਰਾਂ ਨੂੰ ਵੀ ਵਸਤਾਂ ਮਹਿੰਗੇ ਭਾਅ ਮਿਲਣਗੀਆਂ। ਕਿਸਾਨਾਂ ਦੁਆਰਾ ਬੀਜੀ ਜਾਣ ਵਾਲੀ ਫਸਲ ਦਾ ਫ਼ੈਸਲਾ ਕੰਟਰੈਕਟਰ ਕਰੇਗਾ।

ਅਸਹਿਮਤੀ ਜਾਂ ਝਗੜੇ ਆਦਿ ਦੇ ਹੱਲ ਵਾਸਤੇ ਕਿਸਾਨ ਦੀ ਸੁਣਵਾਈ ਲੋਕਲ ਪੱਧਰ ਤੇ ਡੀਸੀ ਤੱਕ ਹੀ ਹੋ ਸਕੇਗੀ। ਕੋਈ ਯਕੀਨ ਨਹੀਂ ਕਿ ਕਿਸਾਨ ਨੂੰ ਉਸ ਦੀ ਤਿਆਰ ਫਸਲ ਦਾ ਸਮਰਥਨ ਮੁੱਲ ਮਿਲੇਗਾ ਵੀ ਕਿ ਨਹੀਂ ਕਿਉਂਕਿ ਖੇਤੀਬਾੜੀ ਦਾ ਸਾਰਾ ਕਾਰੋਬਾਰ ਹੁਣ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਸੌਂਪਣ ਦੀ ਤਿਆਰੀ ਹੋ ਰਹੀ ਚੁੱਕੀ ਹੈ। ਇਸ ਦੇ ਮਾਰੂ ਅਸਰਾਂ ਨੂੰ ਤਾੜਦਿਆਂ ਵੱਖ ਵੱਖ ਖ਼ਿੱਤਿਆਂ ਦੇ ਕਰਮਚਾਰੀ ਤੇ ਮਜ਼ਦੂਰ ਇਕ ਪਲੇਟਫ਼ਾਰਮ ਤੇ ਆ ਗਏ ਹਨ। ਕੇਂਦਰ ਸਰਕਾਰ ਨੂੰ ਖੇਤੀ ਸੁਧਾਰਾਂ ਦੇ ਨਾਂ ਤੇ ਖੇਤੀ ਵਿਰੁੱਧ ਜਾਂਦੇ ਤਿੰਨੇ ਕਾਨੂੰਨ ਵਾਪਸ ਲੈਣ ਦੀ ਵਾਰ ਵਾਰ ਅਪੀਲ ਕੀਤੀ ਜਾ ਰਹੀ ਹੈ। ਜੇਕਰ ਇਹ ਕਾਨੂੰਨ ਲਾਗੂ ਹੁੰਦੇ ਹਨ ਤਾਂ ਖੇਤੀ ਖੇਤਰ ਦਾ ਉਜਾੜਾ ਅਤੇ ਗਰੀਬ ਕਿਸਾਨਾਂ ਤੇ ਕਾਇਨਾਤ ਦਾ ਘਾਣ ਹੋਣ ਤੋਂ ਕੋਈ ਨਹੀਂ ਰੋਕ ਸਕੇਗਾ।

ਘਾਣ ਹੋਣਾ ਤਾਂ ਸ਼ੁਰੂ ਹੋ ਵੀ ਚੁੱਕਿਆ ਹੈ ਜਦੋਂ ਰੋਜ਼ਾਨਾ ਕਿਸੇ ਕਿਸਾਨ ਵੀਰ, ਬਜ਼ੁਰਗ, ਬੀਬੀ ਦੀ ਮੌਤ ਦੀ ਖ਼ਬਰ ਅਖਬਾਰ ਵਿਚ ਪੜ੍ਹਦੇ ਹਾਂ। ਹੁਣ ਤੱਕ ਅੰਦੋਲਨ ਵਿਚ ਸ਼ਾਮਲ ਲਗਭਗ 500 ਕਿਸਾਨਾਂ ਮਜ਼ਦੂਰਾਂ ਦੀ ਜਾਨ ਵੱਖ ਵੱਖ ਕਾਰਨਾਂ ਕਰ ਕੇ ਜਾ ਚੁੱਕੀ ਹੈ। ਇਨ੍ਹਾਂ ਮੌਤਾਂ ਨਾਲ ਕਿਸਾਨ ਭਰਾਵਾਂ, ਬੀਬੀਆਂ ਦੇ ਘਰਾਂ ਵਿਚ ਬੇਯਕੀਨੀ ਵਾਲਾ ਮਾਹੌਲ ਪੈਦਾ ਹੋ ਰਿਹਾ ਹੈ। ਆਮਦਨੀ ਦੇ ਵਸੀਲੇ ਡਾਵਾਂਡੋਲ ਹੋ ਰਹੇ ਹਨ। ਪਿੱਛੇ ਇਕੱਲੀਆਂ ਰਹਿ ਗਈਆਂ ਔਰਤਾਂ ਲਈ ਘਰ-ਬਾਰ, ਡੰਗਰ-ਵੱਛਾ ਸਾਂਭਣਾ, ਬੱਚਿਆਂ ਦੀ ਪੜ੍ਹਾਈ-ਲਿਖਾਈ ਆਦਿ ਹਾਲ ਦੀ ਘੜੀ ਸਭ ਧੁੰਦਲਾ ਨਜ਼ਰ ਆਉਣ ਲੱਗਿਆ ਹੈ। ਸਰਕਾਰਾਂ ਤੇ ਸਿਆਸੀ ਪਾਰਟੀਆਂ ਮਾਮੂਲੀ ਜਿਹੀ ਰਾਸ਼ੀ, ਇਕ-ਦੋ ਲੱਖ ਦੇ ਕੇ ਆਪਣਾ ਪੱਲਾ ਝਾੜ ਜਾਂਦੀਆਂ ਹਨ। ਮਨੁੱਖੀ ਜ਼ਿੰਦਗੀ ਦਾ ਮੁੱਲ ਨਾ-ਮਾਤਰ ਪੈਸਿਆਂ ਨਾਲ ਤੋਲ ਦਿੱਤਾ ਜਾਂਦਾ ਹੈ।

ਇਹੋ ਜਿਹੇ ਹਾਲਾਤ ਵਿਚ ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ਼ ਕਰਨੀ, ਔਖੀ ਘੜੀ ਵਿਚ ਉਨ੍ਹਾਂ ਦੀ ਬਾਂਹ ਫੜਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਹੀ ਨਹੀਂ ਸਮਾਜਿਕ ਜ਼ਿੰਮੇਵਾਰੀ ਵੀ ਹੈ। ਜਦੋਂ ਪਰਿਵਾਰ ਤੇ ਕੋਈ ਭੀੜ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਮਨੋਬਲ ਡੋਲਦਾ ਹੈ। ਇਸ ਲਈ ਮਨੋਵਿਗਿਆਨਕ ਤੌਰ ਤੇ ਪਰਿਵਾਰ ਨੂੰ ਦਿਲਾਸਾ ਦੇਣਾ, ਉਸ ਨੂੰ ਇਕੱਲਤਾ ਤੇ ਬੇਯਕੀਨੀ ਦੇ ਹਾਲਾਤ ਵਿਚੋਂ ਕੱਢਣਾ ਪਹਿਲਾ ਕੰਮ ਹੈ। ਕੰਮਕਾਜੀ ਜੀਅ ਦੀ ਮੌਤ ਹੋ ਜਾਣ ਤੇ ਨਾ ਕੇਵਲ ਮਨੁੱਖੀ ਨੁਕਸਾਨ ਹੁੰਦਾ ਹੈ ਸਗੋਂ ਵਿੱਤੀ ਸਾਧਨ ਵੀ ਪ੍ਰਭਾਵਿਤ ਹੁੰਦੇ ਹਨ। ਇਸ ਵਾਸਤੇ ਸਭ ਤੋਂ ਪਹਿਲਾਂ ਸਬੰਧਤ ਕਿਸਾਨ ਦੇ ਪਰਿਵਾਰ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਜ਼ਰੂਰਤ ਹੈ। ਬਿਨਾਂ ਕਿਸੇ ਭੇਦਭਾਵ ਦੇ ਉਸ ਪਰਿਵਾਰ ਦੀ ਮਾਲੀ ਸਹਾਇਤਾ ਦੇ ਨਾਲ ਨਾਲ ਬਾਕੀ ਜੀਆਂ ਦੇ ਮਨੋਬਲ ਵੱਲ ਤਵੱਜੋ ਦੇਣੀ ਬਣਦੀ ਹੈ।

ਬਹੁਤ ਸਾਰੀਆਂ ਗ਼ੈਰ ਸਰਕਾਰੀ ਸੰਸਥਾਵਾਂ ਅਤੇ ਵਿਦੇਸ਼ਾਂ ਵਿਚ ਰਹਿ ਰਿਹਾ ਭਾਰਤੀ/ਪੰਜਾਬੀ ਭਾਈਚਾਰਾ ਇਸ ਨੇਕ ਕਾਰਜ ਵਿਚ ਯੋਗਦਾਨ ਪਾ ਰਿਹਾ ਹੈ; ਜਿਵੇਂ ਆਤਮ ਪਰਗਾਸ ਸੁਸਾਇਟੀ, ਸਰਬੱਤ ਦਾ ਭਲਾ ਟਰਸਟ, ਜਾਗਦਾ ਪੰਜਾਬ ਮਿਸ਼ਨ, ਸਹਾਇਤਾ ਐੱਨਜੀE ਭਾਰਤ ਅਤੇ ਸਮਾਜਿਕ ਤੌਰ ਤੇ ਚੇਤੰਨ ਤੇ ਜਾਗਰੂਕ ਹੋਰ ਬਹੁਤ ਸਾਰੇ ਲੋਕ ਇਨ੍ਹਾਂ ਕਿਸਾਨਾਂ ਜਾਂ ਖੁਦਕੁ਼ਸ਼ੀ ਕਰ ਚੁੱਕੇ ਕਿਸਾਨਾਂ, ਮਜ਼ਦੂਰਾਂ ਅਤੇ ਗਰੀਬ ਪਰਿਵਾਰਾਂ ਦੀ ਸਾਂਭ ਸੰਭਾਲ਼ ਕਰ ਰਹੇ ਹਨ। ਮੁੱਖ ਤੌਰ ਤੇ ਕੰਮ ਹੈ ਲਗਾਤਾਰ ਆਮਦਨ ਦਾ ਵਸੀਲਾ ਯਕੀਨੀ ਬਣਾਉਣਾ, ਬੱਚਿਆਂ ਦੀ ਪੜ੍ਹਾਈ ਯਕੀਨੀ ਬਣਾਉਣਾ, ਘਰ ਵਿਚ ਬਜ਼ੁਰਗਾਂ ਦੀ ਦੇਖ ਭਾਲ, ਦਵਾਈ ਆਦਿ ਦਾ ਪ੍ਰਬੰਧ ਕਰਨਾ, ਬਹੁਤੇ ਗਰੀਬ ਪਰਿਵਾਰਾਂ ਲਈ ਘਟੋ-ਘੱਟ ਦੋ ਕਮਰਿਆਂ ਵਾਲਾ ਘਰ, ਰਸੋਈ ਤੇ ਬਾਥਰੂਮ ਸਮੇਤ ਤਿਆਰ ਕਰਵਾਉਣਾ ਤੇ ਸਭ ਤੋਂ ਅਹਿਮ, ਪਰਿਵਾਰ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕਰਵਾਉਣਾ।

ਕਿਸਾਨ-ਮਜ਼ਦੂਰ ਔਰਤਾਂ ਤੇ ਵੀਰ ਸਾਡੇ ਆਪਣੇ ਹਨ ਤੇ ਅਸੀਂ ਹੀ ਇਨ੍ਹਾਂ ਬਾਰੇ ਕੁਝ ਠੋਸ ਕਰਨਾ ਹੈ। ਵਿੱਤੀ ਸਹਾਇਤਾ ਨਾਲ਼ੋਂ ਬਹੁਤੀ ਵਾਰ ਸਮਾਜਿਕ ਸਬੰਧ ਚੱਲਦੇ ਰਹਿਣੇ ਜ਼ਰੂਰੀ ਹੁੰਦੇ ਹਨ। ਇਸ ਵਾਸਤੇ ਉਨ੍ਹਾਂ ਪਰਿਵਾਰਾਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਣਾ, ਮਿਲਦੇ ਰਹਿਣਾ, ਉਨ੍ਹਾਂ ਦਾ ਮਨੋਬਲ ਬਣਾਈ ਰੱਖਣ ਵਾਸਤੇ ਸਲਾਹ ਮਸ਼ਵਰਾ ਕਰਨ ਦੇ ਨਾਲ ਹੀ ਜ਼ਰੂਰੀ ਹੈ ਇਖਲਾਕੀ ਹਮਾਇਤ ਅਤੇ ਨੈਤਿਕ ਸਮਰਥਨ। ਸਬੰਧਤ ਕਿਸਾਨਾਂ ਦੇ ਪਰਿਵਾਰਾਂ ਦੀ ਨਿਸ਼ਾਨਦੇਹੀ ਤੋਂ ਬਾਅਦ ਇਹ ਦੇਖਿਆ ਜਾਵੇ ਕਿ ਕਿੰਨੇ ਪਰਿਵਾਰਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਵਿੱਤੀ ਸਹਾਇਤਾ ਦੀ ਜ਼ਰੂਰਤ ਹੈ। ਬਹੁਤ ਹੀ ਗਰੀਬ ਪਰਿਵਾਰਾਂ ਨੂੰ ਗੁਜ਼ਾਰੇ ਵਾਸਤੇ ਡੰਗਰ ਖਰੀਦਣਾ, ਕਮਰਾ ਪਾਉਣ ਵਾਸਤੇ ਵਿੱਤੀ ਇਮਦਾਦ, ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਫ਼ੀਸ ਤੇ ਹੋਰ ਖ਼ਰਚਿਆਂ ਦਾ ਪ੍ਰਬੰਧ, ਰੋਜ਼ਾਨਾ ਦਵਾਈ ਦਾ ਖ਼ਰਚਾ ਆਦਿ ਕੀਤੇ ਜਾਣੇ ਚਾਹੀਦੇ ਹਨ।

ਜਿਹੜੇ ਪਰਿਵਾਰਾਂ ਲਈ ਇਹ ਕਾਰਜ ਵਿੱਤੋਂ ਬਾਹਰੇ ਹਨ, ਉਨ੍ਹਾਂ ਨੂੰ ਇਹ ਸੰਸਥਾਵਾਂ (ਐੱਨਜੀੲਜ਼) ਜਾਂ ਐੱਨਆਰਆਈ ਅਪਣਾਉਣ ਜਾਂ ਗੋਦ ਲੈਣ ਦਾ ਕੰਮ ਵੀ ਕਰ ਰਹੀਆਂ ਹਨ। ਹਾਲ ਹੀ ਵਿਚ ਪੰਜਾਬ ਸਰਕਾਰ ਨੇ ਇਨ੍ਹਾਂ ਪਰਿਵਾਰਾਂ ਦੀ ਮਦਦ ਵਾਸਤੇ ਕਮੇਟੀ ਬਣਾਈ ਹੈ ਜਿਹੜੀ ਸਬੰਧਤ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਅਤੇ ਪੰਜ ਲੱਖ ਰੁਪਏ ਐਕਸ-ਗਰੇਸ਼ੀਆ ਮਦਦ ਦੀ ਸਿਫ਼ਾਰਸ਼ ਕਰ ਸਕਦੀ ਹੈ। ਇਸ ਸਾਰੇ ਕੁਝ ਪਿੱਛੇ ਭਾਵਨਾ ਇਹੀ ਹੈ ਕਿ ਵਿੱਤੀ, ਮਨੋਵਿਗਿਆਨਕ ਤੇ ਭਾਵਨਾਤਮਕ ਤੌਰ ਤੇ ਟੁੱਟ ਚੁੱਕੇ ਪਰਿਵਾਰਾਂ ਨੂੰ ਮੁੜ ਮੁੱਖ ਧਾਰਾ ਵਿਚ ਸ਼ਾਮਲ ਕਰਨਾ। ਜੇਕਰ ਸਮੇਂ ਦੀ ਕੇਂਦਰ ਸਰਕਾਰ ਇਸ ਪਾਸਿEਂ ਬੇਮੁੱਖ ਹੈ, ਖੇਤੀ ਵਿਰੁੱਧ ਲਾਗੂ ਕੀਤੇ ਜਾਣ ਵਾਲੇ ਤਿੰਨੇ ਕਾਨੂੰਨ ਵਾਪਸ ਨਾ ਲੈਣ ਲਈ ਬਜ਼ਿੱਦ ਹੈ ਤਾਂ ਅਸੀਂ ਅੰਦੋਲਨ ਦੌਰਾਨ ਫ਼ੌਤ ਹੋਏ ਇਨ੍ਹਾਂ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਰੁਲ਼ਣ ਵਾਸਤੇ ਨਹੀਂ ਛੱਡ ਸਕਦੇ।

‘ਸਾਨੂੰ ਕੀ’ ਦੀ ਥਾਂ ‘ਸਾਨੂੰ ਹੀ’ ਦੇ ਨੁਕਤੇ ਨੂੰ ਉਜਾਗਰ ਕਰਦੇ ਹੋਏ ਕੁਝ ਸਾਰਥਕ ਕਦਮ ਚੁੱਕਣ ਦੀ ਜ਼ਰੂਰਤ ਹੈ। ਸਮਾਜਿਕ ਤੌਰ ਤੇ ਇਨ੍ਹਾਂ ਪਰਿਵਾਰਾਂ ਨੂੰ ਸਮਾਜ ਨਾਲ ਜੋੜੀ ਰੱਖਣ ਵਾਸਤੇ ਉਨ੍ਹਾਂ ਦੀ ਪਰਿਵਾਰਕ ਅਤੇ ਵਿੱਤੀ ਹਾਲਤ ਅਨੁਸਾਰ ਸਹਾਇਤਾ ਕਰਨੀ ਹੈ। ਯਾਦ ਰਹੇ ਕਿ ਇਸ ਕਾਰਜ ਦੀ ਲਗਾਤਾਰਤਾ ਅਤਿ ਜ਼ਰੂਰੀ ਹੈ। ਰੋਜ਼ਾਨਾ, ਹਫ਼ਤਾਵਾਰੀ ਜਾਂ ਮਾਸਿਕ ਜ਼ਰੂਰਤਾਂ ਨੂੰ ਵਖ ਵੱਖ ਰੱਖਦੇ ਹੋਏ ਵਿਸ਼ੇਸ਼ ਲੋੜਾਂ ਵੱਲ ਧਿਆਨ ਦੇਣਾ ਪਵੇਗਾ। ਕਿਸੇ ਕਾਰਨ ਜਿੱਥੇ ਪਰਿਵਾਰ ਫਿਕਰ ਜਾਂ ਅਨਿਸ਼ਚਿਤਾ ਦੀ ਹਾਲਤ ਵਿਚੋਂ ਲੰਘ ਰਿਹਾ ਹੈ, ਸਮਾਜ ਨਾਲ਼ੋਂ ਟੁੱਟਿਆ ਮਹਿਸੂਸ ਕਰ ਰਿਹਾ ਹੈ, ਉੱਥੇ ਵਿੱਤੀ ਸਹਾਇਤਾ ਨਾਲ਼ੋਂ ਇਖਲਾਕੀ ਸਹਾਇਤਾ ਵੱਲ ਤਵੱਜੋ ਦੇਣੀ ਬਣਦੀ ਹੈ। ਇਨ੍ਹਾਂ ਪਰਿਵਾਰਾਂ ਨਾਲ ਲਗਾਤਾਰ ਸੰਪਰਕ ਵਿਚ ਰਹਿਣ ਵਾਸਤੇ ਆਪਸ ਵਿਚ ਮਿਲਣ ਦਾ ਪ੍ਰੋਗਰਾਮ ਬਣਾਉਂਦੇ ਰਹਿਣਾ ਹੈ।

ਪਰਿਵਾਰ ਦੇ ਸਾਰੇ ਜੀਆਂ ਨਾਲ ਰਾਬਤਾ ਰੱਖਣ ਦੀ ਵੀ ਜ਼ਰੂਰਤ ਹੈ ਤਾਂ ਕਿ ਕੋਈ ਵੀ ਮੈਂਬਰ ਸਮਾਜਿਕ ਮੁੱਖ ਧਾਰਾ ਤੋਂ ਭਟਕ ਕੇ ਕਿਸੇ ਸਮਾਜ ਵਿਰੋਧੀ ਰਸਤੇ ਨਾ ਪੈ ਜਾਵੇ। ਉਸ ਨੂੰ ਸਚਿਆਰਾ ਮਨੁੱਖ ਬਣਾਈ ਰੱਖਣ ਵਾਸਤੇ ਮੁਢਲੀਆਂ ਜ਼ਰੂਰਤਾਂ- ਕੁੱਲੀ, ਗੁੱਲੀ ਤੇ ਜੁੱਲੀ ਦਾ ਪੂਰਾ ਹੋਣਾ ਲਾਜ਼ਮੀ ਹੈ। ਮਨੁੱਖ ਸਮਾਜਿਕ ਪ੍ਰਾਣੀ ਹੈ। ਸਮਾਜ ਵਿਚ ਰਹਿੰਦੇ ਹੋਏ ਭਾਈਚਾਰੇ ਅਤੇ ਮਿਲਵਰਤਣ ਦੀ ਅਹਿਮ ਭੂਮਿਕਾ ਹੁੰਦੀ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਕਦੇ ਵੀ ਪੰਜਾਬੀਆਂ ਤੇ ਭੀੜ ਪਈ ਤਾਂ ਉਸ ਦਾ ਇਕੱਠਿਆਂ ਮਿਲ ਕੇ ਸਫਲਤਾਪੂਰਬਕ ਮੁਕਾਬਲਾ ਕੀਤਾ। ਜਾਬਰ ਸਰਕਾਰਾਂ ਨਾਲ ਲੋਹਾ ਲੈਣਾ ਸਾਡਾ ਵਿਰਸਾ ਹੈ ਪਰ ਨਾਲ ਹੀ ਸਬਰ ਸੰਤੋਖ ਤੇ ਮਿਲਵਰਤਣ ਦੀ ਸਿੱਖਿਆ ਵੀ ਸਾਨੂੰ ਸਾਡੇ ਗੁਰੂਆਂ ਪਾਸੋਂ ਮਿਲੀ ਹੈ। ਬਾਬੇ ਨਾਨਕ ਨੇ ਨਾਮ ਜਪਣ ਦੇ ਨਾਲ ਨਾਲ ਕਿਰਤ ਕਰਨ ਤੇ ਵੰਡ ਛਕਣ ਦਾ ਪੈਗ਼ਾਮ ਦਿੱਤਾ।

ਕਰਤਾਰਪੁਰ ਮਾਡਲ ਤਹਿਤ ਉਸੇ ਸਾਂਝੀ ਖੇਤੀ ਦੇ ਮਾਡਲ ਨੂੰ ਅਪਣਾਉਂਦੇ ਹੋਏ ਅੱਜ ਅਸੀਂ ਨਾ ਕੇਵਲ ਖੇਤੀਬਾੜੀ ਖੇਤਰ ਬਚਾਉਣ ਵਿਚ ਕਾਮਯਾਬ ਹੋਵਾਂਗੇ ਸਗੋਂ ਇਸ ਨਾਲ ਜੁੜੇ ਭਾਈਚਾਰੇ, ਕਿਸਾਨ ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ, ਵਪਾਰੀਆਂ ਨੂੰ ਵੀ ਸੰਭਾਲ਼ ਸਕਣ ਦੇ ਸਮਰੱਥ ਹੋਵਾਂਗੇ ਜਿਹੜੇ ਅਸਿੱਧੇ ਤੌਰ ਤੇ ਕਿਸਾਨੀ ਨਾਲ ਜੁੜੇ ਹੋਏ ਹਨ। ਖੇਤੀਬਾੜੀ ਖੇਤਰ ਵਿਚ ਵੱਡੇ ਕਾਰਪੋਰੇਟ ਘਰਾਣਿਆਂ ਦੀ ਆਮਦ ਅਤੇ ਜਕੜ ਨੂੰ ਟੱਕਰ ਦੇਣ ਵਾਸਤੇ ਸਹਿਕਾਰੀ ਜਾਂ ਸਾਂਝੀ ਖੇਤੀ ਮਾਡਲ ਅਪਣਾਇਆ ਜਾ ਸਕਦਾ ਹੈ ਜਿਸ ਵਿਚ ਸਾਰੇ ਰਲ ਮਿਲ ਕੇ ਕੰਮ ਕਰਨਗੇ ਅਤੇ ਵੰਡ ਕੇ ਛਕਣਗੇ। ਉੱਥੇ ਕਰਜ਼ੇ, ਖ਼ੁਦਕੁਸ਼ੀਆਂ ਜਾਂ ਆਪਣੇ ਹੀ ਹੱਕਾਂ ਨੂੰ ਮਾਨਣ ਵਾਸਤੇ ਜਾਨਾਂ ਨਹੀਂ ਵਾਰਨੀਆਂ ਪੈਣਗੀਆਂ ਪਰ ਇਸ ਵੇਲੇ ਜਾਨ ਵਾਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ਼ ਸਾਡੀ ਸਮਾਜਿਕ, ਨੈਤਿਕ ਤੇ ਇਖਲਾਕੀ ਜ਼ਿੰਮੇਵਾਰੀ ਹੈ। ਆE, ਇਸ ਨੂੰ ਨੇਕ ਕਾਰਜ ਸਮਝਦਿਆਂ ਨਿਰਸਵਾਰਥ ਹੋ ਕੇ ਨਿਸ਼ਕਾਮ ਸੇਵਾ ਵਿਚ ਵਧ ਚੜ੍ਹ ਕੇ ਹਿੱਸਾ ਪਾਈੲ|

Leave a Reply

Your email address will not be published.