ਅਫ਼ਗਾਨਿਸਤਾਨ ਦੇ ਸਿੱਖ…

ਅਗਸਤ 2021 ਵਿਚ ਤਾਲਿਬਾਨ ਦਾ ਅਫ਼ਗਾਨਿਸਤਾਨ ’ਤੇ ਮੁੜ ਕਬਜ਼ਾ ਹੋਣ ਤੋਂ ਬਾਅਦ ਉੱਥੇ ਸਿੱਖਾਂ ਦੀ ਗਿਣਤੀ ਸਿਰਫ਼ 140 ਰਹਿ ਗਈ ਹੈ।

ਹੁਣ ਇਸ ਦੇਸ਼ ’ਚ ਸਿਰਫ਼ ਰਾਜਧਾਨੀ ਕਾਬੁਲ ਤੇ ਪੂਰਬੀ ਸ਼ਹਿਰ ਜਲਾਲਾਬਾਦ ’ਚ ਹੀ ਸਿੱਖ ਰਹਿ ਰਹੇ ਹਨ। ਬਾਕੀ ਜਾਂ ਤਾਂ ਭਾਰਤ ਦੇ ਵੱਖੋ-ਵੱਖ ਹਿੱਸਿਆਂ ’ਚ ਜਾ ਕੇ ਵਸ ਗਏ ਹਨ ਜਾਂ ਉਨ੍ਹਾਂ ਨੇ ਪੱਛਮੀ ਦੇਸ਼ਾਂ ਨੂੰ ਆਪਣਾ ਟਿਕਾਣਾ ਬਣਾ ਲਿਆ ਹੈ। ਸੰਨ 1970 ਦੇ ਦੌਰਾਨ ਅਫ਼ਗਾਨਿਸਤਾਨ ’ਚ ਸਿੱਖਾਂ ਦੀ ਗਿਣਤੀ ਚਾਰ-ਪੰਜ ਲੱਖ ਦੇ ਲਗਪਗ ਸੀ ਪਰ ਦਹਾਕਿਆਂ ਤੋਂ ਚਲੀ ਆ ਰਹੀ ਗ਼ਰੀਬੀ, ਸੰਘਰਸ਼ ਤੇ ਅਸਹਿਣਸ਼ੀਲਤਾ ਦੇ ਮਾਹੌਲ ਕਾਰਨ ਹੁਣ ਇਸ ਗਿਣਤੀ ਦਾ ਮੁੱਠੀ ਭਰ ਰਹਿ ਜਾਣਾ ਅਫ਼ਗਾਨਿਸਤਾਨ ਦੇ ਮੰਦਭਾਗੇ ਹਾਲਾਤ ਨੂੰ ਦਰਸਾਉਂਦਾ ਹੈ। ਸਿੱਖ ਆਪਣੀ ‘ਪਿਆਰੀ ਮਾਤਭੂਮੀ’ ਅਤੇ ਆਪਣੇ ਗੁਰੂਘਰਾਂ ਨੂੰ ਛੱਡ ਕੇ ਕਿਤੇ ਜਾਣਾ ਵੀ ਨਹੀਂ ਚਾਹੁੰਦੇ। ਅਫ਼ਗਾਨਿਸਤਾਨ ਦੇ ਸਿੱਖਾਂ ਨੂੰ 1980ਵਿਆਂ ਦੀ ਸੋਵੀਅਤ-ਅਫ਼ਗਾਨ ਜੰਗ ਵੇਲੇ ਤੋਂ ਹੀ ਅਨੇਕ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਦੋਂ ਕਾਬੁਲ ’ਚ ਦੋ ਲੱਖ ਸਿੱਖ ਰਹਿ ਰਹੇ ਸਨ ਪਰ 1992 ਦੀ ਖਾਨਾਜੰਗੀ ਦੌਰਾਨ ਉਨ੍ਹਾਂ ’ਚੋਂ ਬਹੁਤੇ ਆਪਣੇ ਦੇਸ਼ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।

ਮਾਰਚ 2020 ’ਚ ਆਈਐੱਸਆਈਐੱਸ ਦੇ ਅੱਤਵਾਦੀਆਂ ਨੇ ਕਾਬੁਲ ਸਥਿਤ ਗੁਰਦੁਆਰਾ ਹਰਿ ਰਾਇ ਸਾਹਿਬ ’ਤੇ ਹਮਲਾ ਕਰ ਦਿੱਤਾ ਸੀ ਜਿੱਥੇ 25 ਸਿੱਖਾਂ ਨੂੰ ਜਾਨਾਂ ਗੁਆਉਣੀਆਂ ਪਈਆਂ ਸਨ। ਸਾਲ 2001 ਦੌਰਾਨ ਜਲਾਲਾਬਾਦ ’ਚ 700 ਸਿੱਖ ਰਹਿ ਰਹੇ ਸਨ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਚੌਥੀ ਉਦਾਸੀ ਦੌਰਾਨ ਮੱਕਾ ਤੋਂ ਪਰਤਦੇ ਸਮੇਂ 1521 ਈ. ’ਚ ਅਫ਼ਗਾਨਿਸਤਾਨ ਗਏ ਸਨ। ਫਿਰ ਦੂਜੀ ਵਾਰ ਉਹ ਭਾਈ ਮਰਦਾਨਾ ਦੇ ਪੁੱਤਰ ਸ਼ਜ਼ਦਾ ਨਾਲ ਈਰਾਨ ਦੇ ਸ਼ਹਿਰ ਖੁੱਰਮ ਜਾਣ ਵੇਲੇ ਵੀ ਉੱਥੇ ਗਏ ਸਨ। ਗੁਰੂ ਸਾਹਿਬ ਦੀਆਂ ਇਨ੍ਹਾਂ ਉਦਾਸੀਆਂ ਨੂੰ ਸਮਰਪਿਤ ਗੁਰੂਘਰ ਅਫ਼ਗਾਨਿਸਤਾਨ ’ਚ ਮੌਜੂਦ ਹਨ ਜਿਨ੍ਹਾਂ ਦਾ ਇਤਿਹਾਸਕ ਮਹੱਤਵ ਵੀ ਹੈ। ਇਸੇ ਲਈ ਉਨ੍ਹਾਂ ਗੁਰਦੁਆਰਾ ਸਾਹਿਬਾਨ ਦੀ ਦੇਖਭਾਲ ਤੇ ਰੱਖ-ਰਖਾਅ ਲਈ ਉੱਥੇ ਖ਼ੁਸ਼ਹਾਲ ਸਿੱਖ ਸੰਗਤ ਦਾ ਰਹਿਣਾ-ਵਸਣਾ ਬਹੁਤ ਜ਼ਰੂਰੀ ਹੈ।

ਸਿੱਖ ਪੰਥ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਅਫ਼ਗਾਨਿਸਤਾਨ ਦੇ ਸਿੱਖਾਂ ਦੀ ਬਹਾਲੀ ਲਈ ਆਪੋ-ਆਪਣੇ ਪੱਧਰਾਂ ’ਤੇ ਯਤਨ ਕਰਨੇ ਚਾਹੀਦੇ ਹਨ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਭਾਰਤ ਆ ਕੇ ਰਹਿਣ ਵਾਲੇ ਅਫ਼ਗਾਨ ਸਿੱਖਾਂ ਨੂੰ ਬਹੁਤ ਵਾਰ ਲੋੜੀਂਦੇ ਦਸਤਾਵੇਜ਼ਾਂ ਦੀ ਘਾਟ ਕਾਰਨ ਅਨੇਕ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਛੇਤੀ ਕੀਤੇ ਰਫਿਊਜੀ ਕਾਰਡ ਜਾਰੀ ਨਹੀਂ ਹੁੰਦੇ ਜਿਸ ਲਈ ਉਨ੍ਹਾਂ ਨੂੰ ਸਿਮ ਕਾਰਡ, ਰਸੋਈ ਗੈਸ ਸਿਲੰਡਰ ਤੇ ਸਸਤੇ ਰਾਸ਼ਨ ਜਿਹੀਆਂ ਬੁਨਿਆਦੀ ਜ਼ਰੂਰਤਾਂ ਲਈ ਵੀ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਹਾਸਲ ਕਰਨ ਲਈ ਵੀ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ।

ਉਨ੍ਹਾਂ ਨੂੰ ਨੌਕਰੀਆਂ ਲੱਭਣ ਲਈ ਵੀ ਕਈ ਤਰ੍ਹਾਂ ਦੇ ਉੱਦਮ ਕਰਨੇ ਪੈਂਦੇ ਹਨ। ਦਰਅਸਲ, ਭਾਰਤ ਦਾ ਕੋਈ ਰਫਿਊਜੀ ਕਾਨੂੰਨ ਨਹੀਂ ਹੈ। ਇਸੇ ਲਈ ਉਨ੍ਹਾਂ ਨੂੰ ਰਿਕਾਰਡ ’ਚ 1946 ਦੇ ਵਿਦੇਸ਼ੀਆਂ ਨਾਲ ਸਬੰਧਤ ਕਾਨੂੰਨ ਅਧੀਨ ਗ਼ੈਰ-ਕਾਨੂੰਨੀ ਪਰਵਾਸੀ ਹੀ ਮੰਨਿਆ ਜਾਂਦਾ ਹੈ। ਭਾਰਤ ’ਚ ਰਹਿੰਦੇ ਅਫ਼ਗਾਨ ਸਿੱਖ ਸ਼ਰਨਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਮਿਲਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀਆਂ ਬੁਨਿਆਦੀ ਜ਼ਰੂਰਤਾਂ ਆਸਾਨੀ ਨਾਲ ਪੂਰੀਆਂ ਹੋ ਸਕਣ ਅਤੇ ਉਹ ਦੇਸ਼ ਦੀ ਤਰੱਕੀ ’ਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਣ।

Leave a Reply

Your email address will not be published. Required fields are marked *