* ਦੋਵਾਂ ਵਿਚਕਾਰ ਸਰਕਾਰ ਦੀ ਬਣਤਰ ਨੂੰ ਲੈ ਕੇ ਰਾਸ਼ਟਰਪਤੀ ਭਵਨ ‘ਚ ਹੋਈ ਤਿੱਖੀ ਬਹਿਸ * ਭਾਰਤੀ ਕਾਰੋਬਾਰੀ ਦੇ ਅਗਵਾ ਮਾਮਲੇ ‘ਚ ਤਾਲਿਬਾਨ ਵਲੋਂ ਛਾਪੇਮਾਰੀ
ਅੰਮ੍ਰਿਤਸਰ / ਅਫ਼ਗਾਨਿਸਤਾਨ ਦੀ ਸੱਤਾ ਨੂੰ ਲੈ ਕੇ ਤਾਲਿਬਾਨ ਵਿਚਾਲੇ ਫੁੱਟ ਪੈ ਗਈ ਹੈ ਅਤੇ ਉਪ ਪ੍ਰਧਾਨ ਮੰਤਰੀ ਮੁੱਲਾ ਅਬਦੁਲ ਗਨੀ ਬਰਾਦਰ ਅਤੇ ਸ਼ਰਨਾਰਥੀ ਮਾਮਲਿਆਂ ਦੇ ਮੰਤਰੀ ਖ਼ਲੀਲ-ਉਰ-ਰਹਿਮਾਨ ਹੱਕਾਨੀ ਆਹਮੋ-ਸਾਹਮਣੇ ਆ ਗਏ ਹਨ। ਰਾਜਧਾਨੀ ਕਾਬੁਲ ਸਥਿਤ ਰਾਸ਼ਟਰਪਤੀ ਭਵਨ ‘ਚ ਤਾਲਿਬਾਨ ਦੇ ਦੋ ਸੰਗਠਨਾਂ ‘ਚ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਵਾਦ ਇਸ ਗੱਲ ਨੂੰ ਲੈ ਕੇ ਉੱਠਿਆ ਕਿ ਅਫ਼ਗਾਨਿਸਤਾਨ ਤੋਂ ਅਮਰੀਕਾ ਨੂੰ ਹਟਾਉਣ ‘ਚ ਕਿਸ ਦੀ ਮੁੱਖ ਭੂਮਿਕਾ ਰਹੀ ਅਤੇ ਹੁਣ ਨਵੀਂ ਸਰਕਾਰ ‘ਚ ਸੱਤਾ ਦੀ ਵੰਡ ਕਿਵੇਂ ਕੀਤੀ ਜਾਵੇ। ਇਕ ਪਾਸੇ ਮੁੱਲਾ ਅਬਦੁਲ ਗਨੀ ਬਰਾਦਰ ਦਾ ਮੰਨਣਾ ਹੈ ਕਿ ਉਨ੍ਹਾਂ ਵਰਗੇ ਲੋਕਾਂ ਦੁਆਰਾ ਅਪਣਾਈ ਗਈ ਕੂਟਨੀਤੀ ਕ੍ਰੈਡਿਟ ਦੀ ਹੱਕਦਾਰ ਹੈ, ਜਦਕਿ ਖ਼ਲੀਲ-ਉਰ-ਰਹਿਮਾਨ ਹੱਕਾਨੀ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਨੂੰ ਜੰਗ ਨਾਲ ਜਿੱਤਿਆ ਗਿਆ ਹੈ।
ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਪ ਪ੍ਰਧਾਨ ਮੰਤਰੀ ਬਰਾਦਰ ਸਰਕਾਰ ਦੇ ਗਠਨ ਦੇ ਤਰੀਕੇ ਤੋਂ ਖ਼ੁਸ਼ ਨਹੀਂ ਹਨ। ਪਿਛਲੇ ਹਫ਼ਤੇ ਉਨ੍ਹਾਂ ਦੀ ਖ਼ਲੀਲ-ਉਰ-ਰਹਿਮਾਨ ਹੱਕਾਨੀ ਨਾਲ ਇਸ ਮਾਮਲੇ ਨੂੰ ਲੈ ਕੇ ਤਿੱਖੀ ਬਹਿਸ ਹੋਈ ਅਤੇ ਦੋਵਾਂ ਦੇ ਸਮਰਥਕ ਉਲਝ ਗਏ। ਹਾਲਾਂਕਿ ਤਾਲਿਬਾਨ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ। ਦੂਜੇ ਪਾਸੇ ਤਾਲਿਬਾਨ ਵਲੋਂ ਅਫ਼ਗਾਨਿਸਤਾਨ ਦੀ ਸਾਬਕਾ ਸਰਕਾਰ ਦੇ ਮੰਤਰੀਆਂ, ਰਾਜਪਾਲਾਂ ਤੇ ਪ੍ਰਮੁੱਖ ਅਧਿਕਾਰੀਆਂ ਦੀਆਂ ਕੋਠੀਆਂ ਅਤੇ ਦਫ਼ਤਰਾਂ ‘ਚ ਕੀਤੀ ਛਾਪੇਮਾਰੀ ਦੌਰਾਨ ਇਕੱਠੀ ਹੋਈ ਰਕਮ ‘ਚੋਂ 1.2 ਕਰੋੜ ਡਾਲਰ ਅੱਜ ਤਾਲਿਬਾਨ ਦੇ ਵਿੱਤੀ ਵਿਭਾਗ ਵਲੋਂ ਡੀ. ਏ. ਅਫ਼ਗਾਨਿਸਤਾਨ ਬੈਂਕ ‘ਚ ਜਮ੍ਹਾਂ ਕਰਵਾਏ ਗਏ ਹਨ। ਉਧਰ ਕਾਬੁਲ ਤੋਂ ਭਾਰਤੀ ਮੂਲ ਦੇ ਕਾਰੋਬਾਰੀ ਬੰਸਰੀ ਲਾਲ ਦੇ ਅਗਵਾ ਦੇ ਮਾਮਲੇ ਦੀ ਤਾਲਿਬਾਨ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਕਤ ਹਿੰਦੂ ਕਾਰੋਬਾਰੀ ਦਾ ਪਰਿਵਾਰ ਦਿੱਲੀ ‘ਚ ਰਹਿੰਦਾ ਹੈ ਅਤੇ ਉਹ ਉੱਥੇ ਫਾਰਮਾਸਿਟੀਕਲ ਉਤਪਾਦਾਂ ਦਾ ਵਪਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਅਧਿਕਾਰੀਆਂ ਨੇ ਇਸ ਅਗਵਾ ਮਾਮਲੇ ‘ਚ ਕਾਬੁਲ ਦੇ 11 ਜ਼ਿਲ੍ਹਿਆਂ ‘ਚ ਐਫ.ਆਈ.ਆਰ. ਦਰਜ ਕਰਵਾਈ ਹੈ ਅਤੇ ਸ਼ਿਕਾਇਤ ਦੇ ਅਧਾਰ ‘ਤੇ ਤਲਾਸ਼ੀ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਤਾਲਿਬਾਨ ਦੇ ਖ਼ੁਫ਼ੀਆ ਡਾਇਰੈਕਟੋਰੇਟ ਦੇ ਲੈਟਰ ਪੈਡ ‘ਤੇ ਲਿਖੇ ਆਦੇਸ਼ ‘ਤੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। 50 ਸਾਲਾ ਭਾਰਤੀ ਮੂਲ ਦੇ ਨਾਗਰਿਕ ਬੰਸਰੀ ਲਾਲ ਅਰੇਂਦੇ ਨੂੰ ਸੋਮਵਾਰ ਸਵੇਰੇ ਕਾਬੁਲ ‘ਚ ਉਸ ਵੇਲੇ ਅਗਵਾ ਕੀਤਾ ਗਿਆ ਜਦੋਂ ਉਹ ਆਪਣੀ ਕਾਰ ‘ਚ ਦੁਕਾਨ ‘ਤੇ ਜਾ ਰਿਹਾ ਸੀ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਘਟਨਾ ‘ਚ ਤਾਲਿਬਾਨ ਨਹੀਂ ਸਗੋਂ ਅਣਪਛਾਤੇ ਬੰਦੂਕਧਾਰੀ ਸ਼ਾਮਿਲ ਹਨ। ਅਗਵਾਕਾਰ ਉਕਤ ਕਾਰੋਬਾਰੀ ਦੀ ਦੁਕਾਨ ‘ਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਵੀ ਲੈ ਗਏ ਸਨ ਪਰ ਬਾਅਦ ‘ਚ ਉਹ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ਤੋਂ ਬਚ ਗਏ। ਉਧਰ ਈਰਾਨ ਤੋਂ ਪਹਿਲੀ ਯਾਤਰੂ ਹਵਾਈ ਉਡਾਣ ਜਿਸ ‘ਚ 14 ਲੋਕ ਸਵਾਰ ਸਨ ਅੱਜ ਕਾਬੁਲ ਹਵਾਈ ਅੱਡੇ ‘ਤੇ ਪੁੱਜੀ।