ਅਫ਼ਗਾਨਿਸਤਾਨ ਦੀ ਸਥਿਰਤਾ ਲਈ ਭਾਰਤ ਅਹਿਮ ਯੋਗਦਾਨ ਜਾਰੀ ਰੱਖੇਗਾ-ਬਲਿੰਕਨ

Home » Blog » ਅਫ਼ਗਾਨਿਸਤਾਨ ਦੀ ਸਥਿਰਤਾ ਲਈ ਭਾਰਤ ਅਹਿਮ ਯੋਗਦਾਨ ਜਾਰੀ ਰੱਖੇਗਾ-ਬਲਿੰਕਨ
ਅਫ਼ਗਾਨਿਸਤਾਨ ਦੀ ਸਥਿਰਤਾ ਲਈ ਭਾਰਤ ਅਹਿਮ ਯੋਗਦਾਨ ਜਾਰੀ ਰੱਖੇਗਾ-ਬਲਿੰਕਨ

ਨਵੀਂ ਦਿੱਲੀ / ਭਾਰਤ ਅਤੇ ਅਮਰੀਕਾ ਦਰਮਿਆਨ ਵਧਦੇ ਦੁਵੱਲੇ ਸਬੰਧਾਂ ਦੀ ਝਲਕ ਦੇ ਰੂਪ ‘ਚ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅਫ਼ਗਾਨਿਸਤਾਨ ਦੀ ਸਥਿਤੀ, ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਾਂਝੇਦਾਰੀ, ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਦੇ ਯਤਨਾਂ ਅਤੇ ਖੇਤਰੀ ਸੁਰੱਖਿਆ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਵਿਆਪਕ ਗੱਲਬਾਤ ਕੀਤੀ |

ਸਾਂਝੀ ਪੱਤਰਕਾਰ ਮਿਲਣੀ ਦੌਰਾਨ ਬਲਿੰਕਨ ਨੇ ਕਿਹਾ ਕਿ ਭਾਰਤ, ਅਮਰੀਕਾ ਦਾ ਅਹਿਮ ਭਾਈਵਾਲ ਹੈ ਅਤੇ ਭਾਰਤ ਅਫ਼ਗਾਨਿਸਤਾਨ ਦੀ ਸਥਿਰਤਾ ਅਤੇ ਵਿਕਾਸ ਵਿਚ ਆਪਣਾ ਵਡਮੁੱਲਾ ਯੋਗਦਾਨ ਦਿੰਦਾ ਰਿਹਾ ਹੈ ਅਤੇ ਅੱਗੇ ਵੀ ਜਾਰੀ ਰੱਖੇਗਾ | ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਅਫ਼ਗਾਨਿਸਤਾਨ ਵਿਚ ਸ਼ਾਂਤੀ ਅਤੇ ਸਥਿਰਤਾ ਸਥਾਪਿਤ ਕਰਨ ਵਿਚ ਬੇਹੱਦ ਗਹਿਰੀ ਰੁਚੀ ਰੱਖਦੇ ਹਨ | ਉਨ੍ਹਾਂ ਕਿਹਾ ਕਿ ਅਸੀਂ (ਭਾਰਤ ਤੇ ਅਮਰੀਕਾ) ਅਫ਼ਗਾਨਿਸਤਾਨ ਲੋਕਾਂ ਲਈ ਅਤੇ ਦੇਸ਼ ਵਿਚ ਸਥਿਰਤਾ ਲਈ ਆਪਣੀਆਂ ਫੌਜਾਂ ਦੀ ਵਾਪਸੀ ਤੋਂ ਬਾਅਦ ਵੀ ਮਿਲ ਕੇ ਕੰਮ ਕਰਦੇ ਰਹਾਂਗੇ | ਅਫ਼ਗਾਨਿਸਤਾਨ ਦਾ ਜ਼ਿਕਰ ਕਰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਇਸ ਪ੍ਰਸਤਾਵ ਪ੍ਰਤੀ ਵਚਨਬੱਧ ਹਨ ਕਿ ਉਸ ਦੇਸ਼ ਵਿਚ ਸੰਘਰਸ਼ ਦਾ ਕੋਈ ਸੈਨਿਕ ਹੱਲ ਨਹੀਂ ਹੈ | ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸ਼ਾਂਤੀਪੂਰਨ ਹੱਲ ਹੋਵੇ, ਜਿਸ ਲਈ ਜ਼ਰੂਰੀ ਹੈ ਕਿ ਤਾਲਿਬਾਨ ਅਤੇ ਅਫ਼ਗਾਨ ਸਰਕਾਰ ਗੱਲਬਾਤ ਲਈ ਤਿਆਰ ਹੋਣ |

ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਇਸ ਗੱਲ ਪ੍ਰਤੀ ਪੂਰਨ ਤੌਰ ‘ਤੇ ਸਹਿਮਤ ਹਨ ਕਿ ਅਫ਼ਗਾਨਿਸਤਾਨ ਦੀ ਕੋਈ ਵੀ ਭਵਿੱਖ ਵਾਲੀ ਸਰਕਾਰ ਸਮੂਹਿਕ ਅਤੇ ਅਫ਼ਗਾਨ ਲੋਕਾਂ ਦੀ ਪੂਰਨ ਅਗਵਾਈ ਕਰਨ ਵਾਲੀ ਹੋਵੇ | ਉਨ੍ਹਾਂ ਕਿਹਾ ਕਿ ਦੁਨੀਆ ਦੇ ਅਗਲੀ ਕਤਾਰ ਦੇ ਲੋਕਤੰਤਰਿਕ ਦੇਸ਼ਾਂ ਦੇ ਤੌਰ ‘ਤੇ ਅਸੀਂ ਆਪਣੇ ਸਾਰੇ ਲੋਕਾਂ ਨੂੰ ਸੁਤੰਤਰਤਾ, ਸਮਾਨਤਾ ਅਤੇ ਮੌਕਿਆਂ ਨੂੰ ਲੈ ਕੇ ਆਪਣੀ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ | ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਕਦਮ ਹੀ 21ਵੀਂ ਸਦੀ ਅਤੇ ਉਸ ਤੋਂ ਬਾਅਦ ਦੇ ਦੌਰ ਦਾ ਸਵਰੂਪ ਤੈਅ ਕਰਨਗੇ ਅਤੇ ਇਹੀ ਕਾਰਨ ਹੈ ਕਿ ਭਾਰਤ ਨਾਲ ਭਾਈਵਾਲੀ ਮਜ਼ਬੂਤ ਕਰਨਾ ਅਮਰੀਕਾ ਦੀ ਵਿਦੇਸ਼ ਨੀਤੀ ਦੀਆਂ ਤਰਜੀਹਾਂ ਵਿਚੋਂ ਇਕ ਹੈ | ਜੈ ਸ਼ੰਕਰ ਨੇ ਕਿਹਾ ਕਿ ਇਹ ਗੱਲਬਾਤ ਅਜਿਹੇ ਅਹਿਮ ਪੜਾਅ ਦੌਰਾਨ ਹੋਈ ਹੈ ਜਦੋਂ ਅਹਿਮ ਵਿਸ਼ਵ ਪੱਧਰੀ ਅਤੇ ਖੇਤਰੀ ਚੁਣੌਤੀਆਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਦੀ ਜ਼ਰੂਰਤ ਹੈ |

ਉਨ੍ਹਾਂ ਕਿਹਾ ਕਿ ਸਾਡੀ ਦੁਵੱਲੀ ਭਾਈਵਾਲੀ ਇਸ ਪੱਧਰ ਤੱਕ ਵਧੀ ਹੈ ਕਿ ਇਹ ਸਾਨੂੰ ਵੱਡੇ ਮੁੱਦਿਆਂ ਨਾਲ ਮਿਲ ਕੇ ਨਜਿੱਠਣ ਦੇ ਸਮਰੱਥ ਬਣਾਉਂਦੀ ਹੈ | ਅਫ਼ਗਾਨਿਸਤਾਨ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਵਿਸ਼ਵ ਇਸ ਦੇਸ਼ ਨੂੰ ਸੁਤੰਤਰ, ਪ੍ਰਭੂਸੱਤਾ, ਲੋਕਤੰਤਰਿਕ ਅਤੇ ਸਥਿਰ ਦੇਖਣਾ ਚਾਹੁੰਦਾ ਹੈ | ਮੋਦੀ ਨਾਲ ਮੁਲਾਕਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ ਅਤੇ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਰਾਸ਼ਟਰਪਤੀ ਜੋ ਬਾਈਡਨ ਦੀ ਪ੍ਰਤੀਬੱਧਤਾ ਦਾ ਸਵਾਗਤ ਕੀਤਾ | ਮੋਦੀ ਨੇ ਟਵੀਟ ਕਰਕੇ ਕਿਹਾ ਕਿ ਅੱਜ ਅਮਰੀਕੀ ਵਿਦੇਸ਼ ਮੰਤਰੀ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ |

ਭਾਰਤ-ਅਮਰੀਕੀ ਰਣਨੀਤਕ ਭਾਈਵਾਲੀ ਨੂੰ ਲੈ ਕੇ ਰਾਸ਼ਟਰਪਤੀ ਜੋ ਬਾਈਡਨ ਦੀ ਮਜ਼ਬੂਤ ਪ੍ਰਤੀਬੱਧਤਾ ਦਾ ਮੈਂ ਸਵਾਗਤ ਕਰਦਾ ਹਾਂ | ਇਹ ਭਾਈਵਾਲੀ ਸਾਡੇ ਸਾਂਝੇ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਆਕਾਰ ਦਿੰਦੀ ਹੈ ਅਤੇ ਵਿਸ਼ਵ ਪੱਧਰੀ ਭਲਾਈ ਲਈ ਇਕ ਤਾਕਤ ਵੀ ਹੈ | ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਐਲਾਨ ਕੀਤਾ ਕਿ ਅਮਰੀਕਾ ਵਲੋਂ ਭਾਰਤ ‘ਚ ਜਾਰੀ ਕੋਰੋਨਾ ਖ਼ਿਲਾਫ਼ ਟੀਕਾਕਰਨ ਪ੍ਰੋਗਰਾਮ ਲਈ 2.5 ਕਰੋੜ ਡਾਲਰ ਦੀ ਸਹਾਇਤਾ ਦਿੱਤੀ ਜਾਵੇਗੀ | ਇਸ ਦੌਰਾਨ ਜੈਸ਼ੰਕਰ ਨੇ ਅਮਰੀਕਾ ਵਲੋਂ ਕੋਰੋਨਾ ਦੀ ਦੂਸਰੀ ਲਹਿਰ ਦੌਰਾਨ ਕੀਤੀ ਗਈ ਸਹਾਇਤਾ ਅਤੇ ਟੀਕੇ ਬਣਾਉਣ ਲਈ ਦਿੱਤੀ ਕੱਚੀ ਸਮੱਗਰੀ ਲਈ ਬਲਿੰਕਨ ਦਾ ਧੰਨਵਾਦ ਕੀਤਾ | ਇਸ ਤੋਂ ਇਲਾਵਾ ਅਮਰੀਕਾ ਅੰਬੈਸੀ ਵਿਚ ਹੋਏ ਇਕ ਪ੍ਰੋਗਰਾਮ ਦੌਰਾਨ ਬਲਿੰਕਨ ਨੇ ਕਿਹਾ ਕਿ ਅਗਸਤ ਮਹੀਨੇ ਦੇ ਆਖਰ ਤੱਕ 68000 ਵਿਦਿਆਰਥੀਆਂ ਦੀ ਵੀਜ਼ਾ ਇੰਟਰਵਿਊ ਲਈ ਜਾਵੇਗੀ |

Leave a Reply

Your email address will not be published.