ਅਫ਼ਗਾਨਿਸਤਾਨ ਦੀ ਉਲਝੀ ਤਾਣੀ ਤੇ ਤਾਲਿਬਾਨ

Home » Blog » ਅਫ਼ਗਾਨਿਸਤਾਨ ਦੀ ਉਲਝੀ ਤਾਣੀ ਤੇ ਤਾਲਿਬਾਨ
ਅਫ਼ਗਾਨਿਸਤਾਨ ਦੀ ਉਲਝੀ ਤਾਣੀ ਤੇ ਤਾਲਿਬਾਨ

ਜੀ ਪਾਰਥਾਸਾਰਥੀ ਭਾਰਤ ਵਿਚ ਇਹ ਭਰਮ ਹੈ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਇਸ ਦੇ ਬਹੁਤੇ ਹਿੱਸੇ ਦੀ ਨੁਮਾਇੰਦਗੀ ਕਰਦੇ ਹਨ।

ਤਾਲਿਬਾਨ ਕੁੱਲ ਮਿਲਾ ਕੇ ਪੂਰੀ ਤਰ੍ਹਾਂ ਪਖ਼ਤੂਨਾਂ/ਪਠਾਣਾਂ ਉਤੇ ਆਧਾਰਿਤ ਹਨ ਜਿਹੜੇ ਅਫ਼ਗਾਨਿਸਤਾਨ ਦੀ ਆਬਾਦੀ ਦਾ ਕਰੀਬ 45 ਫ਼ੀਸਦੀ ਹਨ। ਤਾਲਿਬਾਨ ਦੇ ਆਗੂ ਅਤੇ ਇਸ ਦਾ ਕਾਡਰ ਆਪਣੀਆਂ ਪਾਕਿਸਤਾਨ ਵਿਚਲੀਆਂ ਛੁਪਣਗਾਹਾਂ ਤੋਂ ਨਿਕਲ ਕੇ ਅਫ਼ਗਾਨਿਸਤਾਨ ਪਰਤ ਗਿਆ ਹੈ, ਬਿਲਕੁਲ ਉਵੇਂ ਹੀ ਜਿਵੇਂ ਅਫ਼ਗਾਨਿਸਤਾਨ ’ਤੇ ਕਬਜ਼ਾ ਸੋਵੀਅਤ ਫ਼ੌਜਾਂ ਨੇ ਫਰਵਰੀ 1989 ਵਿਚ ਵਾਪਸੀ ਸ਼ੁਰੂ ਕੀਤੀ ਸੀ। ਪਾਕਿਸਤਾਨ ਵਿਚ ਜਨਰਲ ਜ਼ਿਆ-ਉਲ-ਹੱਕ ਦੀ ਹਕੂਮਤ ਦੌਰਾਨ ਮੁਲਕ ਦੇ ਕੁਝ ਜ਼ਿਆਦਾ ਕੱਟੜ ਮਦਰੱਸਿਆਂ ਵਿਚ ਸਿਖਲਾਈ ਪ੍ਰਾਪਤ ਅਤੇ ਨਾਲ ਹੀ ਵਿਚਾਰਧਾਰਕ ਤੌਰ ’ਤੇ ਸਿੱਖਿਅਤ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਚੋਂ ਸੋਵੀਅਤ ਫ਼ੌਜਾਂ ਦੀ ਵਾਪਸੀ ਤੋਂ ਬਾਅਦ ਉਥੇ ਪੈਦਾ ਹੋਏ ਸਿਆਸੀ ਅਤੇ ਸੁਰੱਖਿਆ ਖ਼ਲਾਅ ਨੂੰ ਭਰਨ ਦੀ ਕੋਸ਼ਿਸ਼ ਕੀਤੀ; ਦਹਿਸ਼ਤ ਤੇ ਦਮਨ ਦੀ ਖੁੱਲ੍ਹੀ ਹਕੂਮਤ ਚਲਾਈ। ਇਸ ਦੌਰਾਨ ਤਾਲਿਬਾਨ ਨੂੰ ਹੋਰ ਕਰੀਬ ਸਾਰੇ ਹੀ ਅਫ਼ਗ਼ਾਨ ਨਸਲੀ ਗਰੁੱਪਾਂ ਦੇ ਹਥਿਆਰਬੰਦ ਵਿਰੋਧ ਦਾ ਸਾਹਮਣਾ ਕਰਨਾ ਪਿਆ। ਤਾਜਿਕਾਂ ਨੇ ਜ਼ੋਰਦਾਰ ਟੱਕਰ ਦਿੱਤੀ ਜਿਨ੍ਹਾਂ ਦੀ ਆਬਾਦੀ ਕਰੀਬ 35 ਫ਼ੀਸਦ ਹੈ।

ਅਸਲ ਵਿਚ, ਤਾਲਿਬਾਨ ਦੇ ਕਬਜ਼ੇ ਦੇ ਫ਼ੌਰੀ ਬਾਅਦ ਅਫ਼ਗਾਨਿਸਤਾਨ ਦੁਨੀਆ ਭਰ ਦੇ ਕੱਟੜ ਦਹਿਸ਼ਤੀ ਗਰੁੱਪਾਂ ਲਈ ਸੁਰੱਖਿਅਤ ਟਿਕਾਣਾ ਬਣ ਗਿਆ। ਮੁਲਕ ਵਿਚ ਅਮਰੀਕੀ ਫ਼ੌਜੀ ਦਖ਼ਲ ਨਿਊ ਯਾਰਕ ਅਤੇ ਵਾਸ਼ਿੰਗਟਨ ਵਿਚ 2001 ਵਿਚ ਹੋਏ ਸਤੰਬਰੀ (9/11) ਹਮਲਿਆਂ ਤੋਂ ਬਾਅਦ 2003 ਵਿਚ ਸ਼ੁਰੂ ਹੋਇਆ। ਇਸ ਕਾਰਵਾਈ ਰਾਹੀਂ ਅਫ਼ਗਾਨਿਸਤਾਨ ਤੋਂ ਬਾਹਰ ਧੱਕੇ ਤਾਲਿਬਾਨ ਨੇ ਬਾਅਦ ਵਿਚ ਆਪਣੀਆਂ ਕਾਰਵਾਈਆਂ ਅਤੇ ਸਰਗਰਮੀਆਂ ਪਾਕਿਸਤਾਨ ਵਾਲੇ ਆਪਣੇ ਟਿਕਾਣਿਆਂ ਤੋਂ ਜਾਰੀ ਰੱਖੀਆਂ। ਹੈਰਾਨੀ ਦੀ ਗੱਲ ਹੈ ਕਿ ਤਾਲਿਬਾਨ ਦੀ ਸਰਹੱਦ ਪਾਰਲੀ ਦਹਿਸ਼ਤਗਰਦੀ ਨੂੰ ਆਈਐੱਸਆਈ ਦੇ ਖੁੱਲ੍ਹੇ ਸਹਿਯੋਗ ਦੇ ਬਾਵਜੂਦ ਇਸ ਮਾਮਲੇ ਵਿਚ ਪਾਕਿਸਤਾਨ ਦੇ ਬੇਕਸੂਰ ਹੋਣ ਦੇ ਦਾਅਵਿਆਂ ਨੂੰ ਅਮਰੀਕਾ ਸਵੀਕਾਰ ਕਰਦਾ ਰਿਹਾ। ਇਸ ਦੌਰਾਨ ਪਾਕਿਸਤਾਨ ਨੂੰ ਅਮਰੀਕਾ ਤੋਂ ਹਰ ਤਰ੍ਹਾਂ ਦੀ ਫ਼ੌਜੀ ਤੇ ਮਾਲੀ ਇਮਦਾਦ ਮਿਲਦੀ ਰਹੀ। ਦੂਜੇ ਪਾਸੇ ਤਾਲਿਬਾਨ ਨੇ ਆਈਐੱਸਆਈ ਦੀ ਮਦਦ ਨਾਲ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਵਰਗੇ ਦਹਿਸ਼ਤੀ ਗਰੁੱਪਾਂ ਨਾਲ ਗੂੜ੍ਹੇ ਸਬੰਧ ਬਣਾ ਲਏ।

ਅਫ਼ਗਾਨਿਸਤਾਨ ਵਿਚ ਅਮਰੀਕਾ ਦੀ ਮੌਜੂਦਗੀ ਵੀ ਤਾਲਿਬਾਨ ਨੂੰ ਸੰਸਾਰ ਭਰ ਦੇ ਕੱਟੜ ਇਸਲਾਮੀ ਗਰੁੱਪਾਂ ਨਾਲ ਕਰੀਬੀ ਰਿਸ਼ਤੇ ਬਣਾਉਣ ਤੋਂ ਰੋਕ ਨਾ ਸਕੀ। ਤਾਲਿਬਾਨ ਨੇ ਅਫ਼ਗਾਨਿਸਤਾਨ ਵਿਚਲੇ ਆਪਣੇ ਸੁਰੱਖਿਅਤ ਟਿਕਾਣਿਆਂ ਉਤੇ ਅਜਿਹੇ ਦਹਿਸ਼ਤਗਰਦਾਂ ਦੀ ਮੇਜ਼ਬਾਨੀ ਜਾਰੀ ਰੱਖੀ। ਅਜਿਹੇ ਦਹਿਸ਼ਤੀ ਗਰੁੱਪਾਂ ਵਿਚ ਅਲ-ਕਾਇਦਾ, ਇਸਲਾਮੀ ਸਟੇਟ, ਤਹਿਰੀਕ-ਏ-ਤਾਲਿਬਾਨ (ਪਾਕਿਸਤਾਨ) ਅਤੇ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਸਰਗਰਮ ‘ਪੂਰਬੀ ਤੁਰਕਿਸਤਾਨ ਆਜ਼ਾਦੀ ਮੁਹਿੰਮ’ ਆਦਿ ਸ਼ਾਮਲ ਹਨ। ਚੀਨ ਨੂੰ ਤਾਲਿਬਾਨ ਤੋਂ ਭਰੋਸਾ ਮਿਲਿਆ ਹੈ ਕਿ ਉਹ ਚੀਨ ਵਿਚ ਹਥਿਆਰਬੰਦ ਬਗ਼ਾਵਤ ਨੂੰ ਹਵਾ ਨਹੀਂ ਦੇਣਗੇ, ਨਾਲ ਹੀ ਅਫ਼ਗਾਨ ਹਕੂਮਤ ਨਾਲ ਵੀ ਅਮਨ ਕਾਇਮ ਕਰਨ ਦੀ ਕੋਸ਼ਿਸ਼ ਕਰਨਗੇ ਪਰ ਅਜਿਹਾ ਨਹੀਂ ਹੋਇਆ। ਇਸ ਦੇ ਬਾਵਜੂਦ ਪਾਕਿਸਤਾਨ ਨੇ ਅਮਰੀਕਾ ਨੂੰ ਉਦੋਂ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ, ਜਦੋਂ ਉਸ ਨੇ ਆਪਣੀ ਸਰਜ਼ਮੀਨ ਉਤੇ ਉਸਾਮਾ ਬਿਨ-ਲਾਦਿਨ ਨੂੰ ਪਨਾਹ ਦਿੱਤੀ ਜੋ ਸਤੰਬਰੀ ਹਮਲਿਆਂ ਦਾ ਮੁੱਖ ਸਾਜ਼ਿਸ਼ ਘਾੜਾ ਸੀ।

ਤਾਲਿਬਾਨ ਲੀਡਰਸ਼ਿਪ ਨੇ ਹੁਣ ਵੀ ਆਪਣੇ ਵਿਚਾਰ ਸਾਫ਼ ਕਰ ਦਿੱਤੇ ਹਨ ਕਿ ਉਹ ਅਫ਼ਗਾਨਿਸਤਾਨ ਉਤੇ ਕਿਵੇਂ ਹਕੂਮਤ ਕਰਨਗੇ। ਤਾਲਿਬਾਨ ਦੇ ਤਰਜਮਾਨ ਜ਼ਬੀਹੁੱਲਾ ਮੁਜਾਹਿਦ ਨੇ ਐਲਾਨ ਕੀਤਾ ਹੈ ਕਿ ਮੁਲਕ ਵਿਚ ਸ਼ਰੀਅਤ ਮੁਤਾਬਕ ਰਾਜ ਚਲਾਇਆ ਜਾਵੇਗਾ ਅਤੇ ਸ਼ਰੀਅਤ ‘ਬਹੁਤ ਸਖ਼ਤੀ’ ਨਾਲ ਲਾਗੂ ਹੋਵੇਗੀ। ਇਹ ਵੀ ਕਿਹਾ ਕਿ ਇਸਲਾਮੀ ਮੁਲਕਾਂ ਵਿਚ ਚੋਣਾਂ ਤੋਂ ਵਧੀਆ ਨਤੀਜੇ ਨਹੀਂ ਨਿਕਲਦੇ, ਇਹ ਕੁਝ ਖੇਤਰਾਂ ਵਿਚ ਹੀ ਚੰਗਾ ਕੰਮ ਕਰ ਸਕਦੀਆਂ ਹਨ। ਔਰਤਾਂ ਨੂੰ ਗਾਉਣ ਆਦਿ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਉਹ ਅਜਿਹੇ ਕੁਝ ਕੁ ਖੇਤਰਾਂ ਵਿਚ ਹੀ ਕੰਮ ਕਰਨਗੀਆਂ ‘ਜਿਥੇ ਉਨ੍ਹਾਂ ਦੀ ਇੱਜ਼ਤ ਨਾਲ ਕੋਈ ਸਮਝੌਤਾ ਨਾ ਹੋਵੇ’। ਔਰਤਾਂ ਦੇ ਘਰੋਂ ਬਾਹਰ ਜਾਣ ਸਮੇਂ ਉਨ੍ਹਾਂ ਦੀ ‘ਰਾਖੀ’ ਲਈ ਉਨ੍ਹਾਂ ਨਾਲ ਕਿਸੇ ਮਰਦ ਦਾ ਹੋਣਾ ਜ਼ਰੂਰੀ ਹੋਵੇਗਾ। ਮਰਦਾਂ ਨੂੰ ਪੱਛਮੀ ਲਿਬਾਸ ਪਹਿਨਣ ਦੀ ਮਨਾਹੀ ਹੋਵੇਗੀ ਅਤੇ ਲੰਮੀ ਦਾੜ੍ਹੀ ਰੱਖਣੀ ਪਵੇਗੀ।

ਇਹ ਵਾਰ ਵਾਰ ਕਿਹਾ ਗਿਆ ਕਿ ਮੁਲਕ ਵਿਚ ਚੋਣਾਂ ਨਹੀਂ ਕਰਵਾਈਆਂ ਜਾਣਗੀਆਂ ਤੇ ਇਸਲਾਮੀ ਸ਼ਰ੍ਹਾ ਦੇ ਨਿਯਮ ਲਾਗੂ ਕੀਤੇ ਜਾਣਗੇ। ਇਹੀ ਨਹੀਂ, ਇਕ ਬਦਲ ਵਜੋਂ ਜੰਗ ਨੂੰ ਨਕਾਰਿਆ ਨਹੀਂ ਜਾ ਸਕਦਾ ਅਤੇ ਜਹਾਦ ਜਾਰੀ ਰਹੇਗਾ। ਇਸ ਵਕਤ ਤਾਲਿਬਾਨ ਦੱਖਣੀ ਅਫ਼ਗਾਨਿਸਤਾਨ ਵਿਚ ਸਥਿਤ ਅਤੇ ਪਾਕਿਸਤਾਨ ਸਰਹੱਦ ਨੇੜਲੇ ਸ਼ਹਿਰ ਕੰਧਾਰ ਉਤੇ ਕਬਜ਼ੇ ਲਈ ਜ਼ੋਰ ਲਾ ਰਹੇ ਹਨ। ਅਫ਼ਗਾਨ ਵਾਸੀ ਕੰਧਾਰ ਨੂੰ ਦੂਜੇ ਮੱਕੇ ਦੇ ਬਰਾਬਰ ਮੰਨਦੇ ਹਨ, ਉਥੇ ਪੈਗੰਬਰ ਹਜ਼ਰਤ ਮੁਹੰਮਦ ਦਾ ਸੰਨ 621 ਵਿਚ ਪਹਿਨਿਆ ਚੋਗਾ ਨਿਸ਼ਾਨੀ ਵਜੋਂ ਸੰਭਾਲਿਆ ਪਿਆ ਹੈ। ਦੱਸਿਆ ਜਾਂਦਾ ਹੈ ਕਿ ਇਹ ਚੋਗਾ ਅਫ਼ਗ਼ਾਨਿਸਤਾਨ ਦੇ ਉਸ ਵੇਲੇ ਦੇ ਹਾਕਮ ਅਹਿਮਦ ਸ਼ਾਹ ਅਬਦਾਲੀ (ਅਹਿਮਦ ਸ਼ਾਹ ਦੁਰਾਨੀ) ਨੂੰ ਬੁਖ਼ਾਰਾ (ਹੁਣ ਉਜ਼ਬੇਕਿਸਤਾਨ) ਦੇ ਹਾਕਮ ਅਮੀਰ ਮੁਰਾਦ ਬੇਗ ਨੇ ਅਬਦਾਲੀ ਦੀ ਉਥੋਂ ਦੀ ਫੇਰੀ ਸਮੇਂ ਭੇਟ ਕੀਤਾ ਸੀ। ਇਸ ਚੋਗੇ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਕੰਧਾਰ ਸਥਿਤ ਮਕਬਰੇ ਦੇ ਨਜ਼ਦੀਕ ਦਰਗਾਹ ਕਿਰਕਾ ਸ਼ਰੀਫ਼ ਵਿਖੇ ਸੰਭਾਲ ਕੇ ਰੱਖਿਆ ਗਿਆ ਹੈ।

ਤਾਲਿਬਾਨ ਹੁਣ ਜਦੋਂ ਸਾਰੇ ਅਫ਼ਗਾਨਿਸਤਾਨ ਉਤੇ ਕਬਜ਼ੇ ਦੀ ਕੋਸ਼ਿਸ਼ ਕੇ ਰਹੇ ਹੈ, ਤਾਂ ਉਨ੍ਹਾਂ ਲਈ ਕੰਧਾਰ ਉਤੇ ਕਬਜ਼ਾ ਪਹਿਲੀ ਤਰਜੀਹ ਹੈ। ਤਾਲਿਬਾਨ ਆਗੂ ਮੁੱਲਾ ਉਮਰ 1996 ਵਿਚ ਉਦੋਂ ਮਸ਼ਹੂਰ ਹੋਇਆ ਸੀ, ਜਦੋਂ ਉਹ ਕੰਧਾਰ ਦੀ ਮਸਜਿਦ ਵਿਚ ਹਜ਼ਰਤ ਮੁਹੰਮਦ ਦੇ ਚੋਗੇ ਨਾਲ ਸਾਹਮਣੇ ਆਇਆ ਸੀ। ਖ਼ਦਸ਼ਾ ਇਹ ਹੈ ਕਿ ਤਾਲਿਬਾਨ ਅਫ਼ਗਾਨ ਫ਼ੌਜ ਨੂੰ ਹਰਾ ਦੇਣਗੇ। ਇਹ ਪ੍ਰਭਾਵ ਵੀ ਹੈ ਕਿ ਅਫ਼ਗਾਨ ਫ਼ੌਜ ਕੋਲ ਤਾਲਿਬਾਨ ਦੀ ਚੁਣੌਤੀ ਦੇ ਟਾਕਰੇ ਲਈ ਸਮਝਦਾਰੀ ਅਤੇ ਰਣਨੀਤੀ ਦੀ ਘਾਟ ਹੈ। ਮੁਲਕ ਦਾ ਵੱਡਾ ਹਿੱਸਾ ਜਿਵੇਂ ਦੱਖਣੀ ਤੇ ਪੱਛਮੀ ਅਫ਼ਗਾਨਿਸਤਾਨ, ਖ਼ਾਸਕਰ ਇਰਾਨ ਤੇ ਤਾਜਿਕਿਸਤਾਨ ਦੀਆਂ ਸਰਹੱਦਾਂ ਨਾਲ ਲੱਗਦੇ ਇਲਾਕੇ ਤਾਲਿਬਾਨ ਦੇ ਕਬਜ਼ੇ ਹੇਠ ਹਨ। ਇਸ ਟਕਰਾਅ ਵਿਚ ਪਾਕਿਸਤਾਨ ਦੀ ਸ਼ਮੂਲੀਅਤ ਸਾਫ਼ ਦਿਖਾਈ ਦਿੰਦੀ ਹੈ। ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਤੇ ਤਹਿਰੀਕ-ਏ-ਤਾਲਿਬਾਨ (ਪਾਕਿਸਤਾਨ) ਦੇ ਵੱਡੀ ਗਿਣਤੀ ਦਹਿਸ਼ਤੀ ਤਾਲਿਬਾਨ ਨਾਲ ਮਿਲ ਕੇ ਅਫ਼ਗਾਨ ਫ਼ੌਜ ਖ਼ਿਲਾਫ਼ ਲੜ ਰਹੇ ਹਨ।

ਰੂਸ ਨੇ ਅਫ਼ਗਾਨ ਟਕਰਾਅ ਦੇ ਆਪਣੇ ਸਾਬਕਾ ਕੇਂਦਰੀ ਏਸ਼ਿਆਈ ਗਣਰਾਜਾਂ ਜਿਵੇਂ ਤਾਜਿਕਿਸਤਾਨ ਵੱਲ ਵਧਣ ’ਤੇ ਚਿੰਤਾ ਜ਼ਾਹਰ ਕੀਤੀ ਹੈ। ਇਰਾਨ ਵੀ ਆਪਣੇ ਇਤਹਾਦੀਆਂ, ਖ਼ਾਸਕਰ ਸ਼ੀਆ ਹਜ਼ਾਰਾ ਭਾਈਚਾਰੇ ਉਤੇ ਤਾਲਿਬਾਨ ਦੇ ਹਮਲਿਆਂ ਕਾਰਨ ਫ਼ਿਕਰਮੰਦ ਹੈ। ਸ਼ੀਆ ਹਜ਼ਾਰਾ ਭਾਈਚਾਰਾ ਅਫ਼ਗਾਨਿਸਤਾਨ ਵਿਚ ਇਰਾਨ ਦੀ ਸਰਹੱਦ ਨਾਲ ਲਗਦੇ ਇਲਾਕਿਆਂ ਵਿਚ ਰਹਿੰਦਾ ਹੈ। ਇਸ ਲਈ ਅਫ਼ਗਾਨਿਸਤਾਨ ਦੀਆਂ ਪੱਛਮੀ ਸਰਹੱਦਾਂ ’ਤੇ ਭਵਿੱਖ ਵਿਚ ਰੂਸੀ ਅਤੇ ਇਰਾਨੀ ਦਖ਼ਲ ਦੀ ਸੰਭਾਵਨਾ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਮਰੀਕਾ ਤੇ ਰੂਸ ਅਤੇ ਅਫ਼ਗਾਨਿਸਤਾਨ ਦੇ ਕੁੱਲ ਮਿਲਾ ਕੇ ਸਾਰੇ ਹੀ ਮੱਧ ਏਸ਼ਿਆਈ ਗੁਆਂਢੀ ਮੁਲਕਾਂ ਨਾਲ ਦੁਵੱਲੀ ਅਤੇ ਸ਼ੰਘਾਈ ਸਹਿਯੋਗ ਸੰਸਥਾ ਵਿਚ ਬਹੁਪੱਖੀ ਗੱਲਬਾਤ ਕੀਤੀ ਹੈ। ਜੈਸ਼ੰਕਰ ਦੀ ਤਹਿਰਾਨ ਵਿਚ ਇਰਾਨ ਦੇ ਨਾਮਜ਼ਦ ਸਦਰ ਇਬਰਾਹੀਮ ਰਾਇਸੀ ਨਾਲ ਹੋਈ ਅਣਕਿਆਸੀ ਮੀਟਿੰਗ ਵੀ ਅਹਿਮੀਅਤ ਰੱਖਦੀ ਹੈ।

ਇਰਾਨ ਕਿਸੇ ਸਮੇਂ ਨਵੀਂ ਦਿੱਲੀ ਦਾ ਕਰੀਬੀ ਇਲਾਕਾਈ ਭਾਈਵਾਲ ਸੀ ਜਦੋਂ ਭਾਰਤ, ਇਰਾਨ ਤੇ ਰੂਸ ਨੇ ਅਫ਼ਗ਼ਾਨਿਸਤਾਨ ਵਿਚ ਅਮੀਰੀਕੀ ਦਖ਼ਲ ਤੋਂ ਵੀ ਪਹਿਲਾਂ ‘ਨੌਰਦਰਨ ਅਲਾਇੰਸ’’ (ਉੱਤਰੀ ਗੱਠਜੋੜ) ਵਿਚ ਸ਼ਾਮਲ ਗਰੁੱਪਾਂ ਦੀ ਪਿੱਠ ਥਾਪੜੀ ਸੀ। ਇਹ ਗਰੁੱਪ ਅਫ਼ਗਾਨਿਸਤਾਨ ਦੇ ਗ਼ੈਰ-ਪਖ਼ਤੂਨ ਬਹੁਗਿਣਤੀ ਭਾਈਚਾਰਿਆਂ ਉਤੇ ਆਧਾਰਿਤ ਸਨ। ਤਾਲਿਬਾਨ ਅਫ਼ਗਾਨਿਸਤਾਨ ਦੇ ਕੁੱਲ 424 ਜ਼ਿਲ੍ਹਿਆਂ ਵਿਚੋਂ ਕਰੀਬ 200 ਉਤੇ ਪਕੜ ਬਣਾ ਚੁੱਕੇ ਹਨ, ਇਸੇ ਕਾਰਨ ਉਨ੍ਹਾਂ ਦੁਨੀਆ ਭਰ ਦਾ ਧਿਆਨ ਖਿੱਚਿਆ ਹੈ। ਉਂਜ, ਅਜੇ ਤੱਕ ਮੁਲਕ ਦੇ 34 ਸੂਬਿਆਂ ਵਿਚੋਂ ਕਿਸੇ ਇਕ ਦੀ ਵੀ ਰਾਜਧਾਨੀ ਉਨ੍ਹਾਂ ਦੇ ਕਬਜ਼ੇ ਵਿਚ ਨਹੀਂ ਆਈ। ਅਮਰੀਕੀ ਫ਼ੌਜ ਦੇ ਜਾਣ ਪਿੱਛੋਂ ਅਫ਼ਗਾਨ ਫ਼ੌਜ ਕੋਲ ਕੋਈ ਖ਼ਾਸ ਜੰਗੀ ਸਾਜ਼ੋ-ਸਾਮਾਨ ਨਹੀਂ ਬਚਿਆ, ਮੁਸ਼ਕਿਲ ਨਾਲ ਹੀ ਕੋਈ ਤੋਪਖਾਨਾ ਜਾਂ ਟੈਂਕ ਆਦਿ ਹੋਣਗੇ। ਅਫ਼ਗਾਨ ਹਵਾਈ ਫੌਜ ਕੋਲ ਕਰੀਬ 200 ਹਵਾਈ ਜਹਾਜ਼ ਹਨ, ਇਨ੍ਹਾਂ ਵਿਚ 69 ਹਲਕੇ ਜੰਗੀ ਹੈਲੀਕਾਪਟਰ ਸ਼ਾਮਲ ਹਨ।

ਵਾਸ਼ਿੰਗਟਨ ਨੂੰ ਚਾਹੀਦਾ ਸੀ ਕਿ ਉਹ ਅਫ਼ਗਾਨਿਸਤਾਨ ਦੀ ਫ਼ੌਜ ਨੂੰ ਵਾਜਿਬ ਢੰਗ ਨਾਲ ਮਜ਼ਬੂਤ ਕਰਦਾ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਪਾਕਿਸਤਾਨ ਤਾਲਿਬਾਨ ਨੂੰ ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਸਟਿੰਗਰ ਮਿਜ਼ਾਈਲਾਂ ਦਿੰਦਾ ਹੈ ਜਾਂ ਨਹੀਂ। ਭਾਰਤ ਨੂੰ ਤਾਲਿਬਾਨ ਨਾਲ ‘ਗੱਲਬਾਤ’ ਦੇ ਸੁਝਾਅ ਦਿੱਤੇ ਜਾ ਰਹੇ ਹਨ ਪਰ ਭਾਰਤ ਸਰਕਾਰ ਨੇ ਇਨ੍ਹਾਂ ਸੁਝਾਵਾਂ ਨੂੰ ਨਜ਼ਰਅੰਦਾਜ਼ ਕਰਨਾ ਹੀ ਬਿਹਤਰ ਸਮਝਿਆ ਹੈ। ਤਾਲਿਬਾਨ ਸ਼ੁਰੂ ਤੋਂ ਹੀ ਆਈਐੱਸਆਈ ਦੇ ਹੱਥਠੋਕੇ ਹਨ। ਕਤਰ ਸਥਿਤ ਤਾਲਿਬਾਨ ਦੇ ਮੁੱਲਾ ਬਰਾਦਰ ਵਰਗੇ ਆਗੂਆਂ ਨਾਲ ਰਾਬਤਾ ਰੱਖਿਆ ਜਾ ਸਕਦਾ ਹੈ ਪਰ ਚੀਨ ਦੀ ਰੀਸ ਕਰਦਿਆਂ ਭਾਰਤ ਨੂੰ ਤਾਲਿਬਾਨ ਆਗੂਆਂ ਨੂੰ ਗੱਲਬਾਤ ਲਈ ਨਵੀਂ ਦਿੱਲੀ ਸੱਦਣ ਵਰਗੇ ਕਦਮ ਚੁੱਕਣ ਦੀ ਲੋੜ ਨਹੀਂ। ਤਾਲਿਬਾਨ ਦੀ ਭਾਰਤੀ ਹਵਾਈ ਜਹਾਜ਼ (ਆਈਸੀ 814) ਦੇ ਅਗਵਾਕਾਰਾਂ ਨਾਲ ਮਿਲੀਭੁਗਤ ਸੀ ਅਤੇ ਉਨ੍ਹਾਂ ਦੇ ਆਈਐੱਸਆਈ ਦੀ ਸ਼ਹਿ ਪ੍ਰਾਪਤ ਦਹਿਸ਼ਤੀ ਗਰੁੱਪਾਂ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਆਦਿ ਨਾਲ ਕਰੀਬੀ ਰਿਸ਼ਤੇ ਹਨ। ਦੂਜੇ ਪਾਸੇ ਪਾਕਿਸਤਾਨ ਨੂੰ ਕਮਜ਼ੋਰ ਅਤੇ ਕੌਮਾਂਤਰੀ ਪੱਧਰ ’ਤੇ ਬਦਨਾਮ ਅਫ਼ਗਾਨਿਸਤਾਨ ਦੀ ਲੋੜ ਹੈ ਤਾਂ ਕਿ ਉਹ ਇਸ ਦਾ ਭਾਰਤ ਖ਼ਿਲਾਫ਼ ਫ਼ਾਇਦਾ ਉਠਾ ਸਕੇ।

Leave a Reply

Your email address will not be published.