ਅਫ਼ਗਾਨਿਸਤਾਨ ‘ਚ ਪਾਕਿ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕਾਬੁਲ ਤੇ ਦੋ ਹੋਰ ਸੂਬਿਆਂ ‘ਚ ਸੜਕਾਂ ‘ਤੇ ਉਤਰੇ ਲੋਕ

Home » Blog » ਅਫ਼ਗਾਨਿਸਤਾਨ ‘ਚ ਪਾਕਿ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕਾਬੁਲ ਤੇ ਦੋ ਹੋਰ ਸੂਬਿਆਂ ‘ਚ ਸੜਕਾਂ ‘ਤੇ ਉਤਰੇ ਲੋਕ
ਅਫ਼ਗਾਨਿਸਤਾਨ ‘ਚ ਪਾਕਿ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕਾਬੁਲ ਤੇ ਦੋ ਹੋਰ ਸੂਬਿਆਂ ‘ਚ ਸੜਕਾਂ ‘ਤੇ ਉਤਰੇ ਲੋਕ

ਅੰਮ੍ਤਿਸਰ / ਪੰਜਸ਼ੀਰ ਘਾਟੀ ‘ਚ ਪਾਕਿਸਤਾਨੀ ਲੜਾਕੂ ਜਹਾਜ਼ਾਂ ਵਲੋਂ ਹਵਾਈ ਹਮਲੇ ਕਰਨ ਤੇ ਤਾਲਿਬਾਨ ਦਾ ਸਹਿਯੋਗ ਕਰਨ ਅਤੇ ਆਪਣੇ ਨਾਪਾਕ ਮਨਸੂਬਿਆਂ ਨਾਲ ਅਫ਼ਗਾਨਿਸਤਾਨ ਪਹੁੰਚੇ ਪਾਕਿ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦੇ ਮੁਖੀ ਜਨਰਲ ਫ਼ੈਜ਼ ਹਮੀਦ ਦੀ ਮੌਜੂਦਗੀ ਨੂੰ ਲੈ ਕੇ ਰਾਜਧਾਨੀ ਕਾਬੁਲ ਤੇ ਅਫ਼ਗਾਨਿਸਤਾਨ ਦੇ ਦੋ ਹੋਰ ਸੂਬਿਆਂ ਬਲਖ ਅਤੇ ਦੈਕੁੰਡੀ ‘ਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ |

ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਪੰਜਸ਼ੀਰ ‘ਚ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਹਵਾਈ ਹਮਲੇ ਕੀਤੇ ਸਨ | ਉਨ੍ਹਾਂ ਪਾਕਿਸਤਾਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਅੱਜ ਸਵੇਰੇ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀ ਅਫ਼ਗਾਨ ਪੁਰਸ਼ ਤੇ ਔਰਤਾਂ ਰਾਸ਼ਟਰਪਤੀ ਭਵਨ ਦੇ ਨੇੜੇ ਇਕੱਠੇ ਹੋਏ ਅਤੇ ਉੱਥੋਂ ਉਨ੍ਹਾਂ ਨੇ ਸੇਰੇਨਾ ਹੋਟਲ ਵੱਲ ਰੋਸ ਮਾਰਚ ਸ਼ੁਰੂ ਕੀਤਾ, ਜਿੱਥੇ ਆਈ.ਐਸ.ਆਈ. ਦੇ ਮੁਖੀ ਜਨਰਲ ਫ਼ੈਜ਼ ਠਹਿਰੇ ਹੋਏ ਹਨ | ਤਾਲਿਬਾਨ ਨੇ ਪ੍ਰਦਰਸ਼ਨਕਾਰੀਆਂ ਨੂੰ ਸੇਰੇਨਾ ਹੋਟਲ ਤੱਕ ਪਹੁੰਚਣ ਤੋਂ ਰੋਕਣ ਲਈ ਗੋਲੀਬਾਰੀ ਕੀਤੀ | ਜਿਸ ਦੌਰਾਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਜਾਣਕਾਰੀ ਮਿਲੀ ਹੈ | ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੇ ਕਾਬੁਲ ਸਥਿਤ ਪਾਕਿਸਤਾਨੀ ਦੂਤਾਵਾਸ ਦੇ ਸਾਹਮਣੇ ਪਹੁੰਚ ਕੇ ਪਾਕਿਸਤਾਨ ਸਰਕਾਰ ਵਿਰੁੱਧ ਖੁੱਲ੍ਹ ਕੇ ਨਾਅਰੇਬਾਜ਼ੀ ਕੀਤੀ | ਪ੍ਰਦਰਸ਼ਨਕਾਰੀਆਂ ਕੋਲ ਫੜੇ ਬੈਨਰਾਂ ‘ਤੇ ਲਿਖਿਆ ਹੋਇਆ ਸੀ- ‘ਪਾਕਿਸਤਾਨ, ਪਾਕਿਸਤਾਨ, ਲੀਵ ਅਫ਼ਗਾਨਿਸਾਨ’ (ਪਾਕਿਸਤਾਨ ਅਫ਼ਗਾਨਿਸਤਾਨ ‘ਚੋਂ ਬਾਹਰ ਨਿਕਲ ਜਾਉ ) ਅਤੇ ‘ਪਾਕਿਸਤਾਨ ਤੇਰੀ ਮੌਤ’ | ਇਸ ਮੌਕੇ ਕਵਰੇਜ ਲਈ ਪਹੁੰਚੇ ਪੱਤਰਕਾਰਾਂ ਨੂੰ ਵੀ ਤਾਲਿਬਾਨ ਵਲੋਂ ਧਮਕਾਇਆ ਗਿਆ |

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪਾਕਿ ਖ਼ੁਫ਼ੀਆ ਏਜੰਸੀ ਤੇ ਫ਼ੌਜ ਨੇ ਪੰਜਸ਼ੀਰ ਹਮਲੇ ‘ਚ ਤਾਲਿਬਾਨ ਦੀ ਖੁੱਲ੍ਹ ਕੇ ਮਦਦ ਕੀਤੀ ਅਤੇ ਇਸ ਕਾਰਵਾਈ ‘ਚ ਨੈਸ਼ਨਲ ਰਜਿਸਟੈਂਸ ਫ਼ਰੰਟ ਆਫ਼ ਅਫ਼ਗਾਨਿਸਤਾਨ (ਐਨ.ਆਰ.ਐਫ.) ਦੇ ਬਹੁਤ ਸਾਰੇ ਕਮਾਂਡਰ ਮਾਰੇ ਗਏ | ਦਰਅਸਲ, ਪਾਕਿ ਸਰਕਾਰ ਅਤੇ ਆਈ. ਐਸ. ਆਈ. ਚਾਹੁੰਦੀ ਹੈ ਕਿ ਅਫ਼ਗਾਨਿਸਤਾਨ ‘ਚ ਬਣ ਰਹੀ ਤਾਲਿਬਾਨ ਸਰਕਾਰ ‘ਚ ਉਸ ਦੀ ਪੂਰੀ ਦਖ਼ਲਅੰਦਾਜ਼ੀ ਹੋਵੇ ਅਤੇ ਉਸ ਦਾ ਪ੍ਰਤੀਨਿਧੀ ਅਫ਼ਗਾਨਿਸਤਾਨ ਸਰਕਾਰ ਦਾ ਚਾਰਜ ਸੰਭਾਲੇ | ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਸ਼ੀਰ ਘਾਟੀ ‘ਚ ਭਾਵੇਂ ਕਿ ਫਿਲਹਾਲ ਐਨ.ਆਰ.ਐਫ. ਅਤੇ ਤਾਲਿਬਾਨ ਵਿਚਾਲੇ ਲੜਾਈ ਲਗਪਗ ਖ਼ਤਮ ਹੋ ਚੱਕੀ ਹੈ ਪਰ ਐਨ.ਆਰ.ਐਫ. ਦੇ 800 ਤੋਂ ਵਧੇਰੇ ਲੜਾਕੇ ਘਾਟੀ ‘ਚ ਕਿਸੇ ਗੁਪਤ ਠਿਕਾਣੇ ‘ਤੇ ਲੁਕੇ ਹੋਏ ਹਨ ਅਤੇ ਤਾਲਿਬਾਨ ਵਲੋਂ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਹ ਲੜਾਕੇ ਕਿਸੇ ਵੀ ਵੇਲੇ ਰਾਜਧਾਨੀ ਬਜ਼ਾਰਕ ਨੂੰ ਆਪਣੇ ਅਧਿਕਾਰ ‘ਚ ਲੈ ਸਕਦੇ ਹਨ | ਇਸ ਨੂੰ ਲੈ ਕੇ ਰਾਜਧਾਨੀ ਬਜ਼ਾਰਕ ‘ਚ ਗਵਰਨਰ ਦਫ਼ਤਰ ਦੇ ਅੰਦਰ ਬਾਹਰ ਤੇ ਉਸ ਪਾਸੇ ਆਉਂਦੇ ਮੁੱਖ ਰਸਤਿਆਂ ‘ਤੇ ਤਾਲਿਬਾਨ ਨੇ ਸੁਰੱਖਿਆ ਵਧਾ ਦਿੱਤੀ ਹੈ |

Leave a Reply

Your email address will not be published.