*ਅਸੀਂ ਬੱਚਿਆਂ ਦਾ ਵਾਸਤਾ ਪਾ ਕੇ ਪਤੀ-ਪਤਨੀ ਨੂੰ ਸਮਝਾਉਣ ’ਚ ਕਾਮਯਾਬ ਹੋ ਗਏ*
ਅਦਾਲਤਾਂ ਵਿਚ ਕੰਮ ਕਰਦੇ ਸਮੇਂ ਤਿੰਨ-ਤਿੰਨ ਕਿਸਮ ਦੇ ਤਜਰਬੇ ਹੁੰਦੇ ਹਨ। ਇਸ ਵਿਚ ਕੋਈ ਸ਼ੱਕ
ਨਹੀਂ ਕਿ ਇਨਸਾਫ਼ ਦੀ ਕੁਰਸੀ ’ਤੇ ਬੈਠੇ ਨਿਆਂ ਕਰਨ ਵਾਲਿਆਂ ਦਾ ਕੰਮ ਕਾਨੂੰਨ ਮੁਤਾਬਕ ਫ਼ੈਸਲੇ
ਕਰਨਾ ਹੁੰਦਾ ਹੈ। ਕਈ ਵਾਰ ਇੰਜ ਵੀ ਹੁੰਦਾ ਹੈ ਕਿ ਫ਼ੈਸਲੇ ਕਰਨ ਨਾਲ ਵੀ ਕਈ ਦਫਾ ਪੀੜਤ ਧਿਰਾਂ
ਨੂੰ ਇਨਸਾਫ਼ ਨਹੀਂ ਮਿਲਦਾ। ਫ਼ੈਸਲਾ ਹੋਣ ’ਤੇ ਕਈ ਦਫਾ ਫ਼ਾਸਲਾ ਹੋਰ ਵਧ ਜਾਂਦਾ ਹੈ। ਫ਼ੈਸਲੇ ਉਹ
ਹੋਣੇ ਚਾਹੀਦੇ ਹਨ ਜੋ ਕਿ ਲੜ ਰਹੀਆਂ ਧਿਰਾਂ ਨੂੰ ਸਕੂਨ ਦੇਣ। ਨਾ ਕਿ ਅਪੀਲ-ਦਰ-ਅਪੀਲ ਹੁੰਦੀ
ਰਹੀ ਤੇ ਕੇਸਾਂ ਦੇ ਅੰਬਾਰ ਕਚਹਿਰੀਆਂ ਵਿਚ ਵਧਦੇ ਜਾਣ। ਧਿਰਾਂ ਵਿਚ ਆਪਸੀ ਕੁੜੱਤਣ ਵਧਦੀ
ਰਹੇ। ਜੋ ਸਮਾਂ ਲੋਕਾਂ ਨੇ ਆਪਣੇ ਪਰਿਵਾਰ, ਸਮਾਜ ਤੇ ਦੇਸ਼ ਦੀ ਭਲਾਈ ਲਈ ਲਗਾਉਣਾ ਹੁੰਦਾ ਹੈ,
ਉਹ ਸਿਰਫ਼ ਅਦਾਲਤੀ ਚੱਕਰਾਂ ਵਿਚ ਫਸ ਕੇ ਆਪਣਾ ਸਮਾਂ, ਪੈਸਾ ਤੇ ਊਰਜਾ ਖ਼ਰਾਬ ਕਰ ਲੈਂਦੇ ਹਨ।
ਇਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਬਤੌਰ ਨਿਆਂ ਅਧਿਕਾਰੀ ਮੇਰੇ ਮਨ ਵਿਚ ਖ਼ਿਆਲ ਆਇਆ ਕਿ ਕਿਉਂ ਨਾ
ਸਬੰਧਤ ਧਿਰਾਂ ਨੂੰ ਸਮਝਾ ਕੇ ਉਨ੍ਹਾਂ ਦੇ ਮਸਲੇ ਲੋਕ ਅਦਾਲਤਾਂ ਲਗਾ ਕੇ ਖ਼ਤਮ ਕੀਤੇ ਜਾਣ ਤਾਂ
ਕਿ ਉਨ੍ਹਾਂ ਨੂੰ ਪੂਰਾ ਸਕੂਨ ਤੇ ਇਨਸਾਫ਼, ਦੋਨੋਂ ਮਿਲ ਜਾਣ। ਮੈਨੂੰ ਇਹ ਗੱਲ ਲਿਖਦਿਆਂ ਖ਼ੁਸ਼ੀ
ਦਾ ਅਨੁਭਵ ਹੋ ਰਿਹਾ ਹੈ ਕਿ ਮੈਂ ਆਪਣੇ ਜੁਡੀਸ਼ੀਅਲ ਕਰੀਅਰ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਆਪਸੀ
ਸਮਝੌਤੇ ਕਰਾਉਣ ਵਿਚ ਕਾਮਯਾਬ ਰਿਹਾ ਹਾਂ। ਖ਼ਾਸ ਕਰਕੇ ਮੈਟਰੀਮੋਨੀਅਲ ਕੇਸਾਂ ਵਿਚ ਕਾਫ਼ੀ ਕੇਸ
ਪਤੀ-ਪਤਨੀ ਦੇ ਝਗੜੇ ਨਿਪਟਾ ਕੇ ਦਿਲ ਤੇ ਰੂਹ ਨੂੰ ਬਹੁਤ ਸਕੂਨ ਤੇ ਆਨੰਦ ਮਿਲਦਾ ਹੈ। ਇਕ
ਸਟੇਸ਼ਨ ’ਤੇ ਪਤੀ-ਪਤਨੀ ਦਾ ਬੜਾ ਪੁਰਾਣਾ ਝਗੜਾ ਚੱਲ ਰਿਹਾ ਸੀ। ਉਨ੍ਹਾਂ ਦੇ ਦੋ ਬੱਚੇ ਸਨ। ਇਕ
ਬੇਟਾ ਤੇ ਇਕ ਬੇਟੀ। ਮੇਰੇ ਮਨ ਵਿਚ ਖ਼ਿਆਲ ਆਇਆ ਕਿ ਇਸ ਕੇਸ ਦਾ ਕਾਨੂੰਨੀ ਫ਼ੈਸਲਾ ਕਰ ਕੇ ਸ਼ਾਇਦ
ਗੱਲ ਨਹੀਂ ਬਣੇਗੀ। ਬਲਕਿ ਕਾਨੂੰਨ ਮੁਤਾਬਕ ਫ਼ੈਸਲਾ ਕਰ ਕੇ ਵੀ ਸ਼ਾਇਦ ਦੋਨਾਂ ਧਿਰਾਂ ਨੂੰ ਕੋਈ
ਰਾਹਤ ਨਾ ਮਿਲੇ। ਮੇਰੇ ਮਨ ਵਿਚ ਇਹ ਖ਼ਿਆਲ ਵੀ ਆਇਆ ਕਿ ਹੋ ਸਕਦਾ ਹੈ ਫ਼ੈਸਲਾ ਕਰਨ ਨਾਲ ਉਨ੍ਹਾਂ
ਵਿਚ ਹੋਰ ਕੁੜੱਤਣ ਵਧ ਜਾਵੇ ਕਿਉਂਕਿ ਇਕ ਧਿਰ ਜਿੱਤੀ ਤੇ ਦੂਸਰੀ ਹਾਰੀ ਹੋਈ ਮਹਿਸੂਸ ਕਰੇਗੀ।
ਇਕ ਧਿਰ ਅਪੀਲ ਵਿਚ ਜਾਵੇਗੀ। ਫਿਰ ਇਕ ਹੋਰ ਅਪੀਲ ਹੋ ਜਾਵੇਗੀ। ਇਨ੍ਹਾਂ ਦੀ ਆਪਸੀ ਲੜਾਈ
ਬੱਚਿਆਂ ਦਾ ਭਵਿੱਖ ਧੁੰਦਲਾ ਕਰ ਦੇਵੇਗੀ। ਅਸਲ ਵਿਚ ਪਤੀ-ਪਤਨੀ ਦੀ ਕਿਸੇ ਵਜ੍ਹਾ ਕਰਕੇ ਨਹੀਂ
ਬਣਦੀ ਸੀ। ਅਜਿਹਾ ਘਰ-ਘਰ ਦੀ ਕਹਾਣੀ ਹੁੰਦੀ ਹੈ। ਕਈ ਲੋਕ ਬਲਦੀ ’ਤੇ ਤੇਲ ਪਾਉਣ ਵਾਲੇ ਹੁੰਦੇ
ਹਨ। ਸਮਾਜ ਵਿਚ ਕੁਝ ਐਸੇ ਵੀ ਲੋਕ ਹਨ ਜੋ ਪੁਲ ਦਾ ਕੰਮ ਕਰਦੇ ਹਨ। ਟੁੱਟੇ ਦਿਲਾਂ ਨੂੰ ਜੋੜਦੇ
ਹਨ। ਉਪਰੋਕਤ ਕੇਸ ਵੀ ਬਾਤ ਦਾ ਬਤੰਗੜ ਵਰਗੀ ਕਹਾਣੀ ਸੀ। ਥੋੜ੍ਹੀ-ਬਹੁਤ ਕਿਹਾ-ਸੁਣੀ ਨੇ ਲੜਾਈ
ਦਾ ਵਿਕਰਾਲ ਰੂਪ ਧਾਰਨ ਕਰ ਲਿਆ ਸੀ। ਪਤੀ-ਪਤਨੀ ਦਾ ਕਾਨੂੰਨੀ ਤੌਰ ’ਤੇ ਤਲਾਕ ਹੋ ਚੁੱਕਿਆ
ਸੀ। ਪਤਨੀ ਪਰਮਾਨੈਂਟ ਖ਼ਰਚੇ ਵਾਸਤੇ ਮੁਕੱਦਮਾ ਲੜ ਰਹੀ ਸੀ। ਬੱਚੇ ਉਦਾਸ ਤੇ ਪਰੇਸ਼ਾਨ ਸਨ।
ਉਦਾਸੀ ਉਨ੍ਹਾਂ ਦੇ ਚਿਹਰਿਆਂ ਤੋਂ ਪੜ੍ਹੀ ਜਾ ਸਕਦੀ ਸੀ। ਮੇਰੇ ਮਨ ਵਿਚ ਦਿਆ ਆਈ।
ਮੈਂ ਆਪਣੇ ਕਾਬਲ ਤੇ ਨੇਕ ਜੁਡੀਸ਼ੀਅਲ ਅਫ਼ਸਰ ਮਿਸਟਰ ਹਰੀ ਸਿੰਘ ਗਰੇਵਾਲ ਨੂੰ ਨਾਲ ਲੈ ਕੇ ਉਸ
ਉਲਝੇ ਕੇਸ ਨੂੰ ਸੁਲਝਾਉਣ ਦਾ ਮਨ ਬਣਾ ਲਿਆ। ਪਤੀ-ਪਤਨੀ ਨੂੰ ਕਾਫ਼ੀ ਸਮਾਂ ਲਗਾ ਕੇ ਸਮਝਾਇਆ।
ਅਸੀਂ ਪਹਿਲਾਂ ਪਤੀ ਨੂੰ ਪੁੱਛਿਆ ਕਿ ਉਹ ਕੀ ਕਰਦਾ ਹੈ? ਉਸ ਨੇ ਕਿਹਾ ਕਿ ਉਹ ਬਿਜਲੀ ਬੋਰਡ
ਵਿਚ ਅਫ਼ਸਰ ਹੈ। ਅਸੀਂ ਕਿਹਾ ਕਿ ਜੇ ਉਹ ਬਿਜਲੀ ਬੋਰਡ ਵਿਚ ਹੈ ਤਾਂ ਉਸ ਨੂੰ ਸਮਝਣਾ ਚਾਹੀਦਾ
ਹੈ ਕਿ ਉਹ ਲੋਕਾਂ ਦੇ ਘਰਾਂ ਵਿਚ ਤਾਂ ਰੋਸ਼ਨੀ ਕਰਦਾ ਹੈ ਪਰ ਉਸ ਦੇ ਆਪਣੇ ਘਰ ਵਿਚ ਪਰਿਵਾਰ ਤੇ
ਬੱਚਿਆਂ ਤੋਂ ਬਿਨਾਂ ਘੁੱਪ ਹਨੇਰਾ ਹੈ। ਉਹ ਦੋਹਾਂ ਬੱਚਿਆਂ ਤੋਂ ਬਿਨਾਂ ਕਿਵੇਂ ਰਹਿੰਦਾ ਹੈ?
ਕਿਵੇਂ ਮਹਿਸੂਸ ਕਰਦਾ ਹੈ? ਉਸ ਦੀ ਅੰਤਰ-ਆਤਮਾ ਝੰਜੋੜੀ ਜਾ ਰਹੀ ਸੀ। ਉਸ ਦੀਆਂ ਅੱਖਾਂ
ਵਿੱਚੋਂ ਅੱਥਰੂ ਡਿੱਗ ਰਹੇ ਸਨ। ਫਿਰ ਉਸ ਦੀ ਪਤਨੀ ਨੂੰ ਪੁੱਛਿਆ ਕਿ ਉਹ ਕੀ ਕਰਦੀ ਹੈ? ਉਸ ਨੇ
ਜਵਾਬ ਦਿੱਤਾ ਕਿ ਉਹ ਟੀਚਰ ਹੈ। ਸਾਨੂੰ ਖ਼ਿਆਲ ਆਇਆ ਕਿ ਇਸ ਨੂੰ ਵੀ ਤਰੀਕੇ ਤੇ ਸਲੀਕੇ ਨਾਲ
ਸਮਝਾਉਣ ਦੀ ਲੋੜ ਹੈ। ਉਸ ਨੂੰ ਕਿਹਾ ਕਿ ਟੀਚਰ ਤਾਂ ਦੂਸਰਿਆਂ ਨੂੰ ਗਿਆਨ ਦੀ ਰੋਸ਼ਨੀ ਵੰਡਦੇ
ਹਨ। ਅਧਿਆਪਕ ਨੂੰ ‘ਗੁਰੂ’ ਦੀ ਉਪਾਧੀ ਮਿਲੀ ਹੈ। ਗੁਰੂ ਸੰਸਕ੍ਰਿਤ ਦੇ ਦੋ ਸ਼ਬਦਾਂ ‘ਗੁ’ ਅਤੇ
‘ਰੂ’ ਦਾ ਸਮਾਸ ਹੈ ਜਿਸ ਦਾ ਭਾਵ ਹੈ ਹਨੇਰਾ ਦੂਰ ਕਰਨ ਵਾਲਾ। ਤੁਸੀਂ ਤਾਂ ਖ਼ੁਦ ਹੀ ਗਿਆਨ ਦੀ
ਰੋਸ਼ਨੀ ਤੋਂ ਮਹਿਰੂਮ ਹੋ। ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਤੁਸੀਂ ਦੋਹਾਂ ਬੱਚਿਆਂ ਦੇ
ਭਵਿੱਖ ਨਾਲ ਖਿਲਵਾੜ ਕਰ ਰਹੇ ਹੋ। ਦੋਹਾਂ ਬੱਚਿਆਂ ਨੂੰ ਮਿਲਣ ਤੋਂ ਪਹਿਲਾਂ ਹੀ ਮਾਯੂਸ ਕਰ
ਰਹੇ ਹੋ। ਅਜਿਹਾ ਕਰ ਕੇ ਉਹ ਬਹੁਤ ਵੱਡਾ ਅਪਰਾਧ ਹੀ ਨਹੀਂ ਬਲਕਿ ਬਹੁਤ ਵੱਡਾ ਪਾਪ ਵੀ ਕਮਾ
ਰਹੇ ਹਨ। ਉਸ ਲੜਕੀ ਦੀ ਆਤਮਾ ਵੀ ਝੰਜੋੜੀ ਗਈ। ਫਿਰ ਅਸੀਂ ਬੱਚਿਆਂ ਦਾ ਵਾਸਤਾ ਪਾ ਕੇ ਦੋਹਾਂ
ਪਤੀ-ਪਤਨੀ ਨੂੰ ਸਮਝਾਉਣ ਵਿਚ ਕਾਮਯਾਬ ਹੋ ਗਏ। ਸਾਡੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ
ਉਨ੍ਹਾਂ ਦਾ ਆਪਸੀ ਝਗੜਾ ਹਮੇਸ਼ਾ ਲਈ ਖ਼ਤਮ ਕਰਾ ਦਿੱਤਾ। ਦੋਹਾਂ ਨੇ ਆਪਣੀ ਤਲਾਕ ਵਾਲੀ ਲੜਾਈ ਵੀ
ਖ਼ਤਮ ਕਰ ਲਈ ਤੇ ਪਤਨੀ ਨੇ ਖ਼ਰਚੇ ਦਾ ਮੁਕੱਦਮਾ ਵੀ ਵਾਪਸ ਲੈ ਲਿਆ। ਦੋਹਾਂ ਨੇ ਸਾਰੇ ਕੇਸ ਖ਼ਤਮ
ਕਰ ਕੇ ਦੁਬਾਰਾ ਤੋਂ ਬਤੌਰ ਪਤੀ-ਪਤਨੀ ਰਹਿਣਾ ਸ਼ੁਰੂ ਕਰ ਦਿੱਤਾ। ਜਦੋਂ ਦੋਨੋਂ ਪਤੀ-ਪਤਨੀ ਤੇ
ਬੱਚੇ ਗਲਵਕੜੀ ਪਾ ਕੇ ਮਿਲ ਰਹੇ ਸਨ ਤਾਂ ਇਸ ਤੋਂ ਖ਼ੂਬਸੂਰਤ ਮੰਜ਼ਰ ਸ਼ਾਇਦ ਕਿਸੇ ਬਹਿਸ਼ਤ ’ਚ ਵੀ
ਨਹੀਂ ਸੀ। ਕਹਿਣ ਤੇ ਲਿਖਣ ਦਾ ਭਾਵ ਇਹ ਹੈ ਕਿ ਆਪਸੀ ਸਮਝੌਤੇ ਰਾਹੀਂ ਹੋਇਆ ਫ਼ੈਸਲਾ ਫ਼ਾਸਲਾ
ਨਹੀਂ, ਸਮਾਧਾਨ ਤੇ ਸਕੂਨ ਪ੍ਰਦਾਨ ਕਰਦਾ ਹੈ।
*-ਸਤੀਸ਼ ਅਗਰਵਾਲ*