ਅਮਰੀਕਾ ‘ਚ ਸਟਾਫ ਦੀ ਘਾਟ ਨਾਲ ਜੂਝ ਰਹੇ ਕੋਰੋਨਾ ਮਰੀਜ਼, ICU ਬੈੱਡ ਵੀ ਘਟੇ, ਜਾਣੋ ਬਾਕੀ ਦੇਸ਼ਾਂ ਦਾ ਹਾਲ

Home » Blog » ਅਮਰੀਕਾ ‘ਚ ਸਟਾਫ ਦੀ ਘਾਟ ਨਾਲ ਜੂਝ ਰਹੇ ਕੋਰੋਨਾ ਮਰੀਜ਼, ICU ਬੈੱਡ ਵੀ ਘਟੇ, ਜਾਣੋ ਬਾਕੀ ਦੇਸ਼ਾਂ ਦਾ ਹਾਲ
ਅਮਰੀਕਾ ‘ਚ ਸਟਾਫ ਦੀ ਘਾਟ ਨਾਲ ਜੂਝ ਰਹੇ ਕੋਰੋਨਾ ਮਰੀਜ਼, ICU ਬੈੱਡ ਵੀ ਘਟੇ, ਜਾਣੋ ਬਾਕੀ ਦੇਸ਼ਾਂ ਦਾ ਹਾਲ

ਕੋਰੋਨਾ ਦੇ ਓਮੀਕ੍ਰੋਨ ਵੈਰੀਐਂਟ ਕਾਰਨ ਆਈ ਮਹਾਮਾਰੀ ਦੀ ਲਹਿਰ ਨਾਲ ਅਮਰੀਕਾ ’ਚ ਸਿਹਤ ਪ੍ਰਬੰਧ ਲਡ਼ਖਡ਼ਾ ਗਏ ਹਨ।

ਅਮਰੀਕੀ ਹਸਪਤਾਲਾਂ ’ਚ ਦਾਖ਼ਲ ਮਰੀਜ਼ਾਂ ਦੀ ਗਿਣਤੀ 151261 ਤਕ ਪੁੱਜ ਗਈ ਜੋ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਤੋਂ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਵਧਦੇ ਮਰੀਜ਼ਾਂ ਕਾਰਨ ਹਸਪਤਾਲ ’ਚ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਘੱਟ ਪੈ ਰਹੀ ਹੈ।

ਅਮਰੀਕੀ ਸਿਹਤ ਤੇ ਮਨੁੱਖੀ ਸੇਵਾ ਵਿਭਾਗ ਦੇ ਅੰਕਡ਼ਿਆਂ ਦੇ ਹਵਾਲੇ ਤੋਂ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ 19 ਸੂਬਿਆਂ ’ਚ 15 ਫ਼ੀਸਦੀ ਤੋਂ ਘੱਟ ਆਈਸੀਯੂ ਬੈੱਡ ਖ਼ਾਲੀ ਹਨ। ਇਨ੍ਹਾਂ ’ਚੋਂ ਵੀ ਚਾਰ ਸੂਬਿਆਂ ਕੇਂਚੁਕੀ, ਅਲਬਾਮਾ, ਇੰਡੀਆਨਾ ਤੇ ਨਿਊ ਹੈਂਪਸ਼ਾਇਰ ਦੇ ਹਸਪਤਾਲਾਂ ’ਚ ਖ਼ਾਲੀ ਆਈਸੀਯੂ ਬੈੱਡਾਂ ਦੀ ਗਿਣਤੀ 10 ਫ਼ੀਸਦੀ ਤੋਂ ਵੀ ਘੱਟ ਰਹਿ ਗਈ ਹੈ।ਓਮੀਕ੍ਰੋਨ ਕਾਰਨ ਨਵੇਂ ਮਾਮਲਿਆਂ ਦੀ ਸੁਨਾਮੀ ਆਈ ਹੈ। ਹਸਪਤਾਲਾਂ ’ਚ ਕੰਮ ਕਰਨ ਵਾਲਿਆਂ ਦੇ ਕੋਰੋਨਾ ਦੀ ਲਪੇਟ ’ਚ ਆਉਣ ਦਾ ਖ਼ਤਰਾ ਜ਼ਿਆਦਾ ਵੱਧ ਗਿਆ ਹੈ। ਸਟਾਫ ਦੀ ਕਮੀ ਨੂੰ ਦਰ ਕਰਨ ਲਈ ਵਾਸ਼ਿੰਗਟਨ ਦੇ ਮੇਅਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਸਪਤਾਲ ਆਮ ਆਪ੍ਰੇਸ਼ਨਾਂ ਨੂੰ ਫਿਲਹਾਲ ਰੋਕ ਦੇਣ।

ਰੂਸ ਵੀ ਕੋਰੋਨਾ ਦੀ ਨਵੀਂ ਲਹਿਰ ਦੀ ਲਪੇਟ ’ਚ ਹੈ। ਨਵੇਂ ਮਾਮਲੇ ਘੱਟ ਨਹੀਂ ਹੋ ਰਹੇ। 23820 ਨਵੇਂ ਮਾਮਲੇ ਮਿਲੇ ਹਨ ਤੇ 739 ਮੌਤਾਂ ਹੋਈਆਂ ਹਨ। ਕੁੱਲ ਮਰੀਜ਼ਾਂ ਦਾ ਅੰਕਡ਼ਾ ਇਕ ਕਰੋਡ਼ ਸੱਤ ਲੱਖ ਨੂੰ ਪਾਰ ਕਰ ਗਿਆ ਹੈ। ਹੁਣ ਤਕ 3.19 ਲੱਖ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ।

ਚੀਨ ’ਚ ਬੀਜਿੰਗ ਵਿੰਟਰ ਓਲੰਪਿਕ ਸ਼ੁਰੂ ਹੋਣ ’ਚ  ਕੁਛ ਦਿਨ ਹੀ ਬਚੇ ਹਨ ਤੇ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਦੇ ਜਾ ਰਹੇ ਹਨ। ਕੋਰੋਨਾ ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਣ ਲਈ ਚੀਨ ਪਾਬੰਦੀਆਂ ਨੂੰ ਹੋਰ ਸਖ਼ਤ ਕਰ ਰਿਹਾ ਹੈ। ਕੌਮਾਂਤਰੀ ਸਕੂਲਾਂ ’ਚ ਪਡ਼੍ਹਨ ਵਾਲੇ ਬੱਚਿਆਂ ਦੀ ਜਾਂਚ ਵੀ ਅਗਲੇ ਹਫ਼ਤੇ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਕਿਸੇ ਤੀਸਰੇ ਦੇਸ਼ ਦੇ ਰਸਤੇ ਲੋਕਾਂ ਦੇ ਆਉਣ ’ਤੇ ਰੋਕ ਲਾ ਦਿੱਤੀ ਗਈ ਹੈ। ਚੀਨ ਨੇ ਆਪਣੇ ਲੋਕਾਂ ਨੂੰ ਜ਼ਰੂਰੀ ਹੋਣ ’ਤੇ ਹੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਹੈ ਤੇ ਵੈਸੇ ਲੋਕਾਂ ਦੀ ਵਾਪਸੀ ਦੀ ਵੀ ਕੋਈ ਗਾਰੰਟੀ ਨਹੀਂ ਹੈ ਜੋ ਕਿਸੇ ਇਨਫੈਕਸ਼ਨ ਵਾਲੇ ਸ਼ਹਿਰ ਜਾਂ ਇਲਾਕੇ ਦੀ ਯਾਤਰਾ ਕਰ ਕੇ ਆਏ ਹੋਣ। ਬੀਜਿੰਗ ਦੇ ਨਾਲ ਲੱਗਦੇ ਤਿਆਜਿਨ ਸ਼ਹਿਰ ’ਚ ਚੌਥੇ ਦੌਰ ਦੀ ਜਾਂਚ ਸ਼ੁਰੂ ਹੋ ਰਹੀ ਹੈ। ਇੱਥੇ ਕੋਰੋਨਾ ਦੇ 34 ਨਵੇਂ ਮਾਮਲੇ ਮਿਲੇ ਹਨ। 

ਬਰਤਾਨੀਆ ’ਚ ਕੀਤੇ ਗਏ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਨੌਜਵਾਨਾਂ ਤੇ ਬੱਚਿਆਂ ’ਚ ਓਮੀਕ੍ਰੋਨ ਕਾਰਨ ਹਸਪਤਾਲ ’ਚ ਦਾਖ਼ਲ ਹੋਣ ਦੇ ਕੇਸ ਵੱਧ ਗਏ ਹਨ ਪਰ ਜ਼ਿਆਦਾਤਰ ਹਲਕੀ ਇਨਫੈਕਸ਼ਨ ਦੇ ਮਾਮਲੇ ਹਨ। ਓਮੀਕ੍ਰੋਨ ਕਾਰਨ ਇਕ ਸਾਲ ਤੋਂ ਘੱਟ ਉਮਰ ਦੇ 42 ਫ਼ੀਸਦੀ ਬੱਚਿਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਉਣ ਦੀ ਜ਼ਰੂਰਤ ਪੈ ਰਹੀ ਹੈ ਜਦੋਂ ਕਿ ਦੂਸਰੀ ਲਹਿਰ ’ਚ ਇਹ ਗਿਣਤੀ ਲਗਪਗ 30 ਫ਼ੀਸਦੀ ਸੀ।

ਇਟਲੀ ਵਿਚ ਕੋਰੋਨਾ ਮਹਾਂਮਾਰੀ ਦੀ ਸਥਿਤੀ ਘੱਟ-ਘੱਟ ਕੁਝ ਅਜਿਹੀ ਹੀ ਹੈ। ਇੱਥੇ ਕੋਰੋਨਾ ਦੇ 1.86 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਕ ਦਿਨ ਪਹਿਲਾਂ 1,84,615 ਮਾਮਲੇ ਸਾਹਮਣੇ ਆਏ ਸਨ। ਇਸੇ ਤਰ੍ਹਾਂ ਫਰਾਂਸ ਵਿੱਚ ਵੀ ਕੋਰੋਨਾ ਦੇ ਮਾਮਲੇ ਵਧੇ ਹਨ ਪਰ ਇੱਥੇ ਆਈਸੀਯੂ ਵਿੱਚ ਦਾਖ਼ਲ ਮਰੀਜ਼ਾਂ ਦੀ ਗਿਣਤੀ ਵਿੱਚ ਕਮੀ ਆਈ ਹੈ।

Leave a Reply

Your email address will not be published.