ਅਫੀਮ ਦੀ ਖੇਤੀ ‘ਤੇ ਤਾਲਿਬਾਨ ਨੇ ਲਗਾਈ ਪਾਬੰਦੀ

ਤਾਲਿਬਾਨ ਨੇ ਅਫਗਾਨਿਸਤਾਨ ਵਿਚ ਅਫੀਮ ਦੀ ਖੇਤੀ ਉਤੇ ਪਾਬੰਦੀ ਲਗਾ ਦਿੱਤੀ ਹੈ।

ਤਾਲਿਬਾਨੀ ਹਕੂਮਤ ਵਿਚ ਇਹ ਫਰਮਾਨ ਅਜਿਹੇ ਸਮੇਂ ਜਾਰੀ ਕੀਤਾ ਗਿਆ ਜਦੋਂ ਅਫਗਾਨਿਸਤਾਨ ਦੇ ਕਿਸਾਨਾਂ ਨੇ ਲਾਲ ਫੁੱਲ ਦੀ ਕਟਾਈ ਸ਼ੁਰੂ ਕਰ ਦਿੱਤੀ। ਇਨ੍ਹਾਂ ਲਾਲ ਫੁੱਲਾਂ ਨਾਲ ਹੈਰੋਇਨ ਬਣਾਉਣ ਵਿਚ ਇਸਤੇਮਾਲ ਹੋਣ ਵਾਲੀ ਅਫੀਮ ਮਿਲਦੀ ਹੈ।

ਫਰਮਾਨ ਜਾਰੀ ਕਰਦੇ ਹੋਏ ਤਾਲਿਬਾਨ ਨੇ ਅਫਗਾਨਿਸਤਾਨ ਦੇ ਕਿਸਾਨਾਂ ਨੂੰ ਚੇਤਾਵਨੀ ਵੀ ਦਿੱਤੀ ਹੈ। ਤਾਲਿਬਾਨੀ ਫਰਮਾਨ ਵਿਚ ਕਿਹਾ ਗਿਆ ਹੈ ਕਿ ਜੇਕਰ ਉਹ ਕਟਾਈ ਜਾਰੀ ਰੱਖਣਗੇ ਤਾਂ ਉਨ੍ਹਾਂ ਦੀ ਫਸਲ ਸਾੜ ਦਿੱਤੀ ਜਾਵੇਗੀ ਤੇ ਉਨ੍ਹਾਂ ਨੂੰ ਕੈਦ ਦੀ ਸਜ਼ਾ ਤੱਕ ਸੁਣਾਈ ਜਾ ਸਕਦੀ ਹੈ। ਤਾਲਿਬਾਨ ਦੇ ਇਸ ਫਰਮਾਨ ਨੇ ਇੱਕ ਵਾਰ ਫਿਰ ਅਫਗਾਨਿਸਤਾਨ ਨੂੰ 1990 ਦੇ ਦਹਾਕੇ ਦੀ ਯਾਦ ਦਿਵਾ ਦਿੱਤੀ ਹੈ। ਜਦੋਂ ਉਥੋਂ ਦੀ ਸਰਕਾਰ ਨੇ ਅਫੀਮ ਦੀ ਖੇਤੀ ਨੂੰ ਗੈਰ-ਕਾਨੂੰਨੀ ਐਲਾਨਿਆ ਸੀ। ਤਾਲਿਬਾਨ ਨੇ ਉਦੋਂ ਇਹ ਪ੍ਰਤੀਬੰਧ ਦੋ ਸਾਲ ਦੇ ਅੰਦਰ ਪੂਰੇ ਮੁਲਕ ਵਿਚ ਲਾਗੂ ਕਰ ਦਿੱਤਾ ਹੈ।

 ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਦੇ ਜ਼ਿਆਦਾਤਰ ਹਿੱਸਿਆਂ ਵਿਚ ਅਫੀਮ ਦੀ ਖੇਤੀ ਪੂਰੀ ਤਰ੍ਹਾਂ ਤੋਂ ਬੰਦ ਹੋਣ ਦੀ ਪੁਸ਼ਟੀ ਕੀਤੀ ਸੀ। ਹਾਲਾਂਕਿ 2001 ਵਿਚ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਹਕੂਮਤ ਖਤਮ ਹੋਣ ਤੋਂ ਬਾਅਦ ਮੁਲਕ ਦੇ ਕਈ ਹਿੱਸਿਆਂ ਵਿਚ ਕਿਸਾਨਾਂ ਨੇ ਕਥਿਤ ਤੌਰ ‘ਤੇ ਕਣਕ ਦੇ ਖੇਤ ਵਾਹੁਣ ਸਮੇਂ ਅਫੀਮ ਦੀ ਫਸਲ ਬੀਜੀ ਸੀ। ਅਸਲ ਵਿੱਚ ਸੜਕਾਂ ਅਤੇ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਕਿਸਾਨਾਂ ਲਈ ਕਣਕ ਨੂੰ ਮੰਡੀ ਵਿੱਚ ਲਿਜਾਣਾ ਲਗਭਗ ਅਸੰਭਵ ਸੀ।

ਦੱਸ ਦੇਈਏ ਕਿ ਅਫਗਾਨਿਸਤਾਨ ਵਿਚ ਅਫੀਮ ਦੀ ਖੇਤੀ ਕਿਸਾਨਾਂ ਤੇ ਦਿਹਾੜੀ ਮਜ਼ਦੂਰਾਂ ਲਈ ਆਮਦਨ ਦਾ ਮੁੱਖ ਸਰੋਤ ਹੈ, ਜੋ ਇਸ ਜ਼ਰੀਏ ਪ੍ਰਤੀ ਮਹੀਨਾ ਔਸਤਨ 300 ਡਾਲਰ ਤੱਕ ਦੀ ਕਮਾਈ ਕਰ ਲੈਂਦੇ ਹਨ। ਨਸ਼ੀਲੇ ਪਦਾਰਥ ਤੇ ਅਪਰਾਧ ‘ਤੇ ਸੰਯੁਕਤ ਰਾਸ਼ਟਰ ਦੇ ਦਫਤਰ ਦੀ ਰਿਪੋਰਟ ਮੁਤਾਬਕ ਅਫਗਾਨਿਸਤਾਨ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ।ਅੰਕੜਿਆਂ ਮੁਤਾਬਕ 2021 ਵਿਚ ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਮੁਲਕ ਵਿਚ ਅਫੀਮ ਉਤਪਾਦਨ 6000 ਟਨ ਸੀ।

Leave a Reply

Your email address will not be published. Required fields are marked *