ਅਫਗਾਨਿਸਤਾਨ: ਹਿੰਦੂ-ਸਿੱਖ ਭਾਈਚਾਰੇ ਲਈ ਹਾਲਾਤ ਬਣੇ ਔਖੇ

Home » Blog » ਅਫਗਾਨਿਸਤਾਨ: ਹਿੰਦੂ-ਸਿੱਖ ਭਾਈਚਾਰੇ ਲਈ ਹਾਲਾਤ ਬਣੇ ਔਖੇ
ਅਫਗਾਨਿਸਤਾਨ: ਹਿੰਦੂ-ਸਿੱਖ ਭਾਈਚਾਰੇ ਲਈ ਹਾਲਾਤ ਬਣੇ ਔਖੇ

ਨਵੀਂ ਦਿੱਲੀ: ਅਫਗਾਨਿਸਤਾਨ ਉਤੇ ਤਾਲਿਬਾਨ ਦੇ ਕਬਜ਼ੇ ਪਿੱਛੋਂ ਇਥੇ ਆਮ ਲੋਕਾਂ, ਖਾਸ ਕਰਕੇ ਹਿੰਦੂ ਤੇ ਸਿੱਖ ਭਾਈਚਾਰੇ ਲਈ ਨਿੱਤ ਨਵੀਆਂ ਮੁਸੀਬਤਾਂ ਖੜ੍ਹੀਆਂ ਹੋ ਰਹੀਆਂ ਹਨ।

ਭਾਵੇਂ ਤਾਲਿਬਾਨ ਵੱਲੋਂ ਕਿਸੇ ਨੂੰ ਵੀ ਕੋਈ ਨੁਕਸਾਨ ਨਾ ਪਹੁੰਚਾਉਣ ਦਾ ਭਰੋਸਾ ਦਿੱਤਾ ਹੈ ਪਰ ਇਸ ਦੇ ਬਾਵਜੂਦ ਉਥੇ ਅਫਰਾਤਫਰੀ ਮਚੀ ਹੋਈ ਹੈ। ਲੋਕ ਸ਼ਰਨਾਰਥੀਆਂ ਵਜੋਂ ਹੋਰਾਂ ਦੇਸ਼ਾਂ ਵਿਚ ਵਸਣ ਲਈ ਕਾਹਲੇ ਪਏ ਹਨ ਤੇ ਹਵਾਈ ਅੱਡੇ ਵੱਲ ਵਹੀਰਾਂ ਘੱਤੀਆਂ ਹਨ। ਇਸ ਸਮੇਂ ਸਭ ਤੋਂ ਵੱਧ ਦਹਿਸ਼ਤ ਇਥੇ ਵਸੇ ਹਿੰਦੂ ਤੇ ਸਿੱਖ ਭਾਈਚਾਰੇ ਵਿਚ ਹੈ। ਇਸੇ ਲਈ ਭਾਈਚਾਰੇ ਦੇ ਵੱਡੀ ਗਿਣਤੀ ਲੋਕਾਂ ਨੇ ਗੁਰੂ ਘਰਾਂ ਵਿਚ ਸ਼ਰਨ ਲਈ ਹੋਈ ਹੈ ਤੇ ਮੌਕਾ ਲੱਗਦੇ ਹੀ ਭਾਰਤ ਆਉਣ ਲਈ ਕਾਹਲੇ ਬੈਠੇ ਹਨ। ਇਨ੍ਹਾਂ ਲੋਕਾਂ ਨੂੰ ਆਪਣੇ ਨਾਲ-ਨਾਲ ਆਪਣੇ ਧਾਰਮਿਕ ਸਥਾਨਾਂ ਤੇ ਗ੍ਰੰਥਾਂ ਦਾ ਵੀ ਫਿਕਰ ਹੈ। ਬੀਤੇ ਦਿਨ ਕਾਬੁਲ ਹਵਾਈ ਅੱਡੇ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸਿਰ ਉਤੇ ਰੱਖ ਕੇ ਖੜ੍ਹੇ ਅਫਗਾਨ ਸਿੱਖਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਜਿਨ੍ਹਾਂ ਨੂੰ ਹੁਣ ਭਾਰਤ ਲਿਆਂਦਾ ਗਿਆ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਕਾਬੁਲ ਤੋਂ ਲਿਆਂਦੇ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਲੈਣ ਲਈ ਖੁਦ ਹਵਾਈ ਅੱਡੇ ਪੁੱਜੇ। ਇਸ ਤੋਂ ਇਲਾਵਾ ਭਾਰਤ ਨੇ 25 ਭਾਰਤੀ ਨਾਗਰਿਕਾਂ ਅਤੇ 44 ਅਫਗਾਨ ਸਿੱਖਾਂ ਅਤੇ ਹਿੰਦੂਆਂ ਸਮੇਤ 78 ਲੋਕਾਂ ਨੂੰ ਦੁਸਾਂਬੇ ਤੋਂ ਲਿਆਂਦਾ। ਇਹ ਸਿਲਸਲਾ ਨਿੱਤ ਜਾਰੀ ਹੈ।

ਜ਼ਿਕਰਯੋਗ ਹੈ ਅਫਗਾਨਿਸਤਾਨ ਵਿਚ ਫਸੇ ਭਾਰਤੀਆਂ ਤੇ ਹੋਰਾਂ ਨੂੰ ਕਈ ਉਡਾਣਾਂ ਰਾਹੀਂ ਭਾਰਤ ਲਿਆਂਦਾ ਜਾ ਰਿਹਾ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਗੁਰੂ ਸਾਹਿਬ ਦੇ ਸਰੂਪਾਂ ਨਾਲ ਕੋਈ ਅਣਹੋਣੀ ਵੀ ਵਾਪਰ ਸਕਦੀ ਸੀ ਪਰ ਹੁਣ ਇਨ੍ਹਾਂ ਨੂੰ ਸੁਰੱਖਿਅਤ ਦੇਸ਼ ਲਿਆਂਦਾ ਗਿਆ ਹੈ। ਅਮਰੀਕੀ ਸਿੱਖ ਜਥੇਬੰਦੀ ‘ਯੂਨਾਈਟਿਡ ਸਿੱਖਸਨੇ ਦਾਅਵਾ ਕੀਤਾ ਹੈ ਕਿ ਕਾਬੁਲ ਦੇ ਗੁਰਦੁਆਰੇ ‘ਕਰਤੇ ਪਰਵਾਨ ਵਿਚ ਪਨਾਹ ਲਈ ਬੈਠੇ 260 ਤੋਂ ਵੱਧ ਅਫਗਾਨ ਸਿੱਖਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਬਾਹਰ ਨਿਕਲਣ ਲਈ ਮਦਦ ਦੀ ਉਡੀਕ ਹੈ। ਜਥੇਬੰਦੀ ਨੇ ਇਕ ਬਿਆਨ ਵਿਚ ਕਿਹਾ, ”ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ਵਿੱਚ 260 ਤੋਂ ਵੱਧ ਅਫਗਾਨ ਸਿੱਖ ਨਾਗਰਿਕ ਮੌਜੂਦ ਹਨ, ਜਿਨ੍ਹਾਂ ਵਿਚ ਔਰਤਾਂ ਤੇ 50 ਤੋਂ ਵੱਧ ਬੱਚੇ ਵੀ ਸ਼ਾਮਲ ਹਨ। ਇਨ੍ਹਾਂ ਵਿਚ ਤਿੰਨ ਨਵਜੰਮੇ ਵੀ ਹਨ।“

ਚੇਤੇ ਰਹੇ ਕਿ ਭਾਰਤ ਤੋਂ ਛੁੱਟ ਕਿਸੇ ਵੀ ਹੋਰ ਮੁਲਕ ਨੇ ਅਜੇ ਤੱਕ ਅਫਗਾਨ ਸਿੱਖਾਂ ਦੀ ਬਾਂਹ ਨਹੀਂ ਫੜੀ ਹੈ। ਯੂਨਾਈਟਿਡ ਸਿੱਖਸ ਨੇ ਕਿਹਾ, ”ਅਸੀਂ ਅਮਰੀਕਾ, ਕੈਨੇਡਾ, ਪਾਕਿਸਤਾਨ, ਆਸਟਰੇਲੀਆ, ਨਿਊਜੀਲੈਂਡ, ਤਾਜਿਕਿਸਤਾਨ, ਇਰਾਨ ਤੇ ਯੂਕੇ ਸਮੇਤ ਕੁਝ ਹੋਰਾਂ ਦੇ ਸੰਪਰਕ ਵਿਚ ਹਾਂ। ਇਸੇ ਤਰ੍ਹਾਂ ਕੌਮਾਂਤਰੀ ਏਡ ਏਜੰਸੀਆਂ ਤੇ ਗੈਰਸਰਕਾਰੀ ਜਥੇਬੰਦੀਆਂ (ਐਨ.ਜੀ.ਓਜ.) ਨਾਲ ਵੀ ਰਾਬਤਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਤਾਂ ਜੋ ਅਫਗਾਨਿਸਤਾਨ ਵਿਚ ਰਾਹਤ ਕਾਰਜ ਯਕੀਨੀ ਬਣਾਏ ਜਾ ਸਕਣ।“ ਅਮਰੀਕੀ ਸੰਸਥਾ ਮੁਤਾਬਕ ਗੁਰਦੁਆਰਾ ਕਰਤੇ ਪਰਵਾਨ ਤੋਂ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਦਾ ਫਾਸਲਾ 10 ਕਿਲੋਮੀਟਰ ਦਾ ਹੈ, ਪਰ ਰਸਤੇ ਵਿਚ ਲੜਾਕਿਆਂ ਵੱਲੋਂ ਲਾਏ ਨਾਕੇ ਸਭ ਤੋਂ ਵੱਡੀ ਚੁਣੌਤੀ ਹਨ।

ਪਿਛਲੇ ਹਫਤੇ ਕੁਝ ਅਫਗਾਨ ਨਾਗਰਿਕਾਂ ਨੇ ਉਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਫਲ ਨਹੀਂ ਹੋ ਸਕੇ ਸਨ। ਚੀਫ ਖਾਲਸਾ ਦੀਵਾਨ ਨੇ ਐਲਾਨ ਕੀਤਾ ਹੈ ਕਿ ਅਫਗਾਨਿਸਤਾਨ ਵਿਚ ਫਸੇ ਸਿੱਖ ਪਰਿਵਾਰਾਂ ਦੇ ਭਾਰਤ ਆਉਣ ਤੇ ਇਨ੍ਹਾਂ ਦੇ ਬੱਚਿਆਂ ਨੂੰ ਸਿੱਖ ਸੰਸਥਾ ਦੇ ਪ੍ਰਬੰਧ ਹੇਠ ਚੱਲ ਰਹੇ ਸਕੂਲਾਂ ਵਿਚ ਮੁਫਤ ਸਿੱਖਿਆ ਦਿੱਤੀ ਜਾਵੇਗੀ। ਸੰਸਥਾ ਦੇ ਪ੍ਰਧਾਨ ਨਿਰਮਲ ਸਿੰਘ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈ ਸ਼ੰਕਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਫਗਾਨਿਸਤਾਨ ਵਿਚ ਗੁਰੂ ਘਰਾਂ ਅਤੇ ਹੋਰਨਾਂ ਸਥਾਨਾਂਤੇ ਫਸੇ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ।

ਗੁਰਧਾਮਾਂ ਦੀ ਦੇਖਭਾਲ ਲਈ ਅਫਗਾਨਿਸਤਾਨ ਨਾ ਛੱਡਣ ਦਾ ਫੈਸਲਾ ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚਲੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਗ੍ਰੰਥੀ ਭਾਈ ਜਸਬੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹ ਅਤੇ ਕੁਝ ਹੋਰ ਅਫਗਾਨ ਸਿੱਖ ਅਫਗਾਨਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੀ ਦੇਖਭਾਲ ਲਈ ਦੇਸ਼ ਛੱਡ ਕੇ ਨਹੀਂ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਕਰਤਾ ਪ੍ਰਵਾਨ ਵਿਖੇ ਸ਼ਰਨ ਲੈਣ ਵਾਲੇ ਸਿੱਖਾਂ ਚੋਂ 10 ਨੇ ਸਵੈ-ਇੱਛਾ ਨਾਲ ਉਥੇ ਰਹਿ ਕੇ ਗੁਰਧਾਮਾਂ ਦੀ ਦੇਖਭਾਲ ਕਰਨ ਦਾ ਫੈਸਲਾ ਲਿਆ ਹੈ। ਭਾਈ ਜਸਬੀਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਆਪਣੀ ਨਵੀਂ ਸੁਰੱਖਿਅਤ ਜ਼ਿੰਦਗੀ ਸ਼ੁਰੂ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਕਿਸੇ ਕੀਮਤਤੇ ਨਹੀਂ ਛੱਡਣਗੇ।

Leave a Reply

Your email address will not be published.