ਅਜਨਾਲਾ ਬੰਬ ਧਮਾਕੇ ਮਾਮਲੇ ‘ਚ ਗ੍ਰਿਫ਼ਤਾਰ 3 ਵਿਅਕਤੀ 4 ਦਿਨ ਦੇ ਪੁਲਸ ਰਿਮਾਂਡ ‘ਤੇ

Home » Blog » ਅਜਨਾਲਾ ਬੰਬ ਧਮਾਕੇ ਮਾਮਲੇ ‘ਚ ਗ੍ਰਿਫ਼ਤਾਰ 3 ਵਿਅਕਤੀ 4 ਦਿਨ ਦੇ ਪੁਲਸ ਰਿਮਾਂਡ ‘ਤੇ
ਅਜਨਾਲਾ ਬੰਬ ਧਮਾਕੇ ਮਾਮਲੇ ‘ਚ ਗ੍ਰਿਫ਼ਤਾਰ 3 ਵਿਅਕਤੀ 4 ਦਿਨ ਦੇ ਪੁਲਸ ਰਿਮਾਂਡ ‘ਤੇ

ਅਜਨਾਲਾ / ਅਜਨਾਲਾ ਦੀ ਪੁਲਸ ਨੇ ਤੇਲ ਟੈਂਕਰ ‘ਤੇ ਹੋਏ ਟਿਫ਼ਨ ਬੰਬ ਬਲਾਸਟ ਦੇ ਮਾਮਲੇ ਵਿੱਚ ਬੀਤੇ ਦਿਨ ਵੱਡੀ ਸਫਲਤਾ ਹਾਸਲ ਕਰਦੇ ਹੋਏ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਗ੍ਰਿਫ਼ਤਾਰ ਕੀਤੇ ਤਿੰਨ ਦਹਿਸ਼ਤਗਰਦਾਂ ਨੂੰ ਮਾਣਯੋਗ ਅਦਾਲਤ ਵਲੋਂ 4 ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ, ਜਿਸ ਦੌਰਾਨ ਉਨ੍ਹਾਂ ਤੋਂ ਇਸ ਮਾਮਲੇ ਦੇ ਸਬੰਧ ’ਚ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁਲਜ਼ਮਾਂ ਦੀ ਪਛਾਣ ਵਿੱਕੀ ਭੱਟੀ, ਗੁਰਪ੍ਰੀਤ ਸਿੰਘ ਗੋਪੀ ਅਤੇ ਮਲਕੀਤ ਸਿੰਘ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਸੂਬੇ ਦੀ ਅਮਨ ਸਾਂਤੀ ਨੂੰ ਭੰਗ ਕਰਨ ਦੇ ਮਕਸਦ ਨਾਲ ਅਗਸਤ ਮਹੀਨੇ ਵਿੱਚ ਪਾਕਿਸਤਾਨ ‘ਚ ਬੈਠੇ ਦੇਸ਼ ਵਿਰੋਧੀ ਅਨਸਰਾਂ ਦੇ ਇਸ਼ਾਰੇ ‘ਤੇ ਅਜਨਾਲਾ ਦੇ ਸ਼ਰਮਾ ਫਿਲੰਗ ਸਟੇਸ਼ਨ ‘ਤੇ ਖੜ੍ਹੇ ਤੇਲ ਵਾਲੇ ਟੈਂਕਰ ਨੂੰ ਟਿਫ਼ਨ ਬੰਬ ਨਾਲ ਉਡਾਉਣ ਦੀ ਕੋਸ਼ਿਸ ਕੀਤੀ ਗਈ ਸੀ। ਇਸ ਮਾਮਲੇ ਦਾ ਪਰਦਾਫਾਸ਼ ਕਰਦਿਆਂ ਪੁਲਸ ਨੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਸ ਮਾਮਲੇ ਵਿੱਚ ਕਾਬੂ ਕੀਤੇ 3 ਦੋਸ਼ੀਆਂ ਨੂੰ ਅੱਜ ਅਜਨਾਲ਼ਾ ਦੀ ਅਦਾਲਤ ਵਿੱਚ ਪੇਸ਼ੀ ਲਈ ਲਿਆਂਦਾ ਗਿਆ, ਜਿਨ੍ਹਾਂ ਦਾ 4 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਆਈ.ਈ.ਡੀ. ਟਿਫਿਨ ਬੰਬ ਨਾਲ ਤੇਲ ਟੈਂਕਰ ਨੂੰ ਉਡਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਆਈ.ਐਸ.ਆਈ. ਦੀ ਸ਼ਹਿ ਪ੍ਰਾਪਤ ਅੱਤਵਾਦੀ ਗਿਰੋਹ ਦੇ ਚਾਰ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਸੂਬੇ ਵਿੱਚ ਹਾਈ ਅਲਰਟ ਦੇ ਆਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਪਿਛਲੇ 40 ਦਿਨਾਂ ਦੌਰਾਨ ਪੁਲਸ ਵੱਲੋਂ ਸੂਬੇ ਵਿੱਚ ਬੇਨਕਾਬ ਕੀਤੇ ਗਏ ਪਾਕਿਸਤਾਨੀ ਅੱਤਵਾਦੀ ਗਿਰੋਹ ਦਾ ਇਹ ਚੌਥਾ ਮਾਮਲਾ ਹੈ।

ਹਾਈਅਲਰਟ ਕਾਰਨ ਜ਼ਿਲ੍ਹੇ ’ਚ ਲਾਏ 40 ਨਾਕੇ ਗੁਰਦਾਸਪੁਰ / ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇਂ ਮਹੀਨੇ ਆਈ.ਈ.ਡੀ ਟਿਫਿਨ ਬੰਬ ਨਾਲ ਤੇਲ ਟੈਂਕਰ ਨੂੰ ਉਡਾਉਣ ਦੀ ਕੌਸ਼ਿਸ਼ ’ਚ ਸ਼ਾਮਲ ਆਈ.ਐੱਸ.ਆਈ ਦੀ ਸ਼ਹਿ ਪ੍ਰਾਪਤ ਅੱਤਵਾਦੀ ਗਿਰੋਹ ਦੇ 4 ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੂਬੇ ’ਚ ਹਾਈਅਲਰਟ ਜਾਰੀ ਕਰ ਦਿੱਤਾ ਹੈ। ਹਾਈਅਲਰਟ ਦੇ ਚੱਲਦੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਐੱਸ.ਐੱਸ.ਪੀ ਡਾ.ਨਾਨਕ ਸਿੰਘ ਨੇ ਜ਼ਿਲ੍ਹਾ ਪੁਲਸ ਨੂੰ ਅਲਰਟ ਕਰਦੇ ਹੋਏ ਸ਼ਹਿਰ ਦੇ ਹਰ ਪੁਆਇੰਟ ’ਤੇ ਪੁਲਸ ਤਾਇਨਾਤ ਕਰ ਦਿੱਤੀ ਗਈ। ਬਾਹਰੋਂ ਸੂਬਿਆਂ ’ਚ ਆਉਣ ਵਾਲੇ ਚਾਰ ਪਹੀਆਂ ਵਾਹਨ ਸਮੇਤ ਹੋਰ ਵਾਹਨ ’ਤੇ ਬਾਰੀਕੀ ਨਾਲ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਐੱਸ.ਐੱਸ.ਪੀ ਡਾ.ਨਾਨਕ ਸਿੰਘ ਨੇ ਦੱਸਿਆ ਕਿ ਪੰਜਾਬ ’ਚ ਹਾਈਅਲਰਟ ਦੇ ਚੱਲਦੇ ਅੱਜ ਉਨ੍ਹਾਂ ਨੇ ਸ਼ਹਿਰ ਵਿੱਚ ਸੁਰੱਖਿਆ ਦੇ ਮੱਦੇਨਜ਼ਰ 40 ਦੇ ਕਰੀਬ ਪੁਲਸ ਨਾਕੇ ਲਗਾ ਦਿੱਤੇ।

ਸ਼ਹਿਰ ਦੇ ਹਰ ਚੌਂਕ ’ਚ ਪੁਲਸ ਪਾਰਟੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਜੋ ਹਰ ਵਾਹਨ ਦੀ ਬਾਰੀਕੀ ਨਾਲ ਜਾਂਚ ਕਰੇਗੀ। ਇਸ ਦੇ ਇਲਾਵਾ ਰਾਤ ਸਮੇਂ ਅਤੇ ਦਿਨ ਦੇ ਸਮੇਂ ਗਸ਼ਤ ਕਰਨ ਲਈ 30 ਪੈਟਰੋਲੀਅਮ ਦੀਆਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ, ਜਦਕਿ ਸਰਹੱਦੀ ਖੇਤਰਾਂ ’ਚ ਵਿਲੇਜ਼ ਡਿਫੈਂਸ 30 ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ, ਜੋ ਆਪਣੇ ਖੇਤਰ ’ਚ ਨਜ਼ਰ ਰੱਖਣਗੀਆਂ ਅਤੇ ਕੋਈ ਵੀ ਸਰਹੱਦੀ ਖੇਤਰ ’ਚ ਹਲਚਲ ਹੋਣ ’ਤੇ ਪੁਲਸ ਨੂੰ ਸੂਚਿਤ ਕਰੇਗੀ। ਐੱਸ.ਐੱਸ.ਪੀ ਡਾ.ਨਾਨਕ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਅਧੀਨ ਤਿੰਨ ਸਰਹੱਦੀ ਥਾਣੇ ਦੋਰਾਂਗਲਾ, ਬਹਿਰਾਮਪੁਰ, ਕਲਾਨੌਰ ਆਉਂਦੇ ਹਨ, ਜਿੱਥੇ ਉਨ੍ਹਾਂ ਵੱਲੋਂ ਵਿਜ਼ਿਟ ਕੀਤੀ ਜਾ ਰਹੀ ਹੈ ਅਤੇ ਪੁਲਸ ਅਧਿਕਾਰੀਆਂ ਨੂੰ ਚੌਂਕਸ ਰਹਿਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਵਸਤੂ ਦਿਖਾਈ ਦੇਣ’ਤੇ ਤੁਰੰਤ 112 ਨੰਬਰ ’ਤੇ ਫੋਨ ਕਰਨ ਜਾਂ ਨੇੜੇ ਪੁਲਸ ਸਟੇਸ਼ਨ ’ਤੇ ਸੂਚਨਾ ਦੇਣ। ਪੁਲਸ ਲੋਕਾਂ ਦੀ ਸੁਰੱਖਿਆਂ ਲਈ ਦਿਨ ਰਾਤ ਤਿਆਰ ਹੈ।

Leave a Reply

Your email address will not be published.