ਅਕਾਲੀ ਦਲ-ਬਸਪਾ ਗੱਠਜੋੜ: ਬਦਲਦੇ ਸਮੀਕਰਨ

Home » Blog » ਅਕਾਲੀ ਦਲ-ਬਸਪਾ ਗੱਠਜੋੜ: ਬਦਲਦੇ ਸਮੀਕਰਨ
ਅਕਾਲੀ ਦਲ-ਬਸਪਾ ਗੱਠਜੋੜ: ਬਦਲਦੇ ਸਮੀਕਰਨ

ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮੂਲ ਵਿਰਾਸਤ ਵਾਲੀ ਸਿਆਸੀ ਪਾਰਟੀ ਹੈ। ਹਾਲ ਹੀ ਵਿਚ ਇਸ ਦਾ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਚੋਣ ਗੱਠਜੋੜ ਹੋਇਆ ਹੈ।

ਬਸਪਾ ਦਾ ਜਨਮ ਵੀ ਪੰਜਾਬ ਦੀ ਧਰਤੀ ’ਤੇ ਹੀ ਹੋਇਆ ਸੀ ਜਿੱਥੇ ਦਲਿਤਾਂ ਦੀ ਇਕ ਤਿਹਾਈ ਆਬਾਦੀ ਰਹਿੰਦੀ ਹੈ ਪਰ ਇਹ ਗੱਲ ਵੱਖਰੀ ਹੈ ਕਿ ਬਸਪਾ ਦੇ ਯਤਨਾਂ ਨੂੰ ਪਹਿਲੀ ਵਾਰ ਬੂਰ ਹਿੰਦੀ ਪੱਟੀ ਦੇ ਪ੍ਰਮੁੱਖ ਸੂਬੇ ਉੱਤਰ ਪ੍ਰਦੇਸ਼ ਵਿਚ ਪਿਆ ਸੀ। ਅਕਾਲੀ ਦਲ ਅਤੇ ਬਸਪਾ ਇਸ ਵੇਲੇ ਔਖੇ ਸਿਆਸੀ ਹਾਲਾਤ ’ਚੋਂ ਲੰਘ ਰਹੀਆਂ ਹਨ। ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਵਜੋਂ ਆਪਣੀ ਵਿਰਾਸਤ ਦਾ ਰੁਤਬਾ ਕਾਇਮ ਰੱਖਣ ਅਤੇ ਆਪਣੇ ਮੂਲ ਜਨ ਆਧਾਰ, ਭਾਵ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਨਾ ਕਰ ਸਕਣ ਕਰ ਕੇ ਮੁਸ਼ਕਿਲਾਂ ਨਾਲ ਜੂਝ ਰਹੀ ਹੈ, ਦੂਜੇ ਪਾਸੇ ਬਸਪਾ ਲਈ ਵੀ ਪੰਜਾਬ ਵਿਚ ਆਪਣੀ ਹੋਂਦ ਬਚਾਉਣ ਦਾ ਸੰਕਟ ਹੈ। ਅਕਾਲੀ ਦਲ ਨੂੰ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦਾ ਭਿਆਲ ਹੁੰਦਿਆਂ ਕੇਂਦਰ ਸਰਕਾਰ ਦੇ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਤੋਂ ਛਿੜੇ ਵਿਵਾਦ ਕਾਰਨ ਕਿਸਾਨਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਦੇ ਜ਼ਿਆਦਾਤਰ ਦਲਿਤ ਹਾਲਾਂਕਿ ਬੇਜ਼ਮੀਨੇ ਖੇਤ ਮਜ਼ਦੂਰ ਹਨ ਪਰ ਇਨ੍ਹਾਂ ਤਿੰਨ ਕਾਨੂੰਨਾਂ ਦਾ ਸੇਕ ਉਨ੍ਹਾਂ ਤੱਕ ਵੀ ਅੱਪੜ ਰਿਹਾ ਹੈ। ਇਸ ਕਰ ਕੇ ਜਮਾਤੀ ਟਕਰਾਅ ਦੇ ਬਾਵਜੂਦ ਕਿਸਾਨਾਂ ਅਤੇ ਬੇਜ਼ਮੀਨੇ ਦਲਿਤ ਖੇਤ ਮਜ਼ਦੂਰ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਨ ਲਈ ਇਕ ਦੂਜੇ ਦੇ ਕਰੀਬ ਆ ਗਏ ਹਨ। ਕਿਸਾਨ ਅੰਦੋਲਨ ਨੂੰ ਪੰਜਾਬ ਦੀਆਂ ਵੱਖ ਵੱਖ ਖੇਤ ਮਜ਼ਦੂਰ ਯੂਨੀਅਨਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਇਸ ਨਾਲ ਤੰਗਨਜ਼ਰ ਜਾਤੀ ਵਲਗਣਾਂ ਮਿਟੀਆਂ ਹਨ ਅਤੇ ਵਿਆਪਕ ਕਿਸਾਨ ਮਜ਼ਦੂਰ ਏਕਤਾ ਦਾ ਅਹਿਸਾਸ ਪੈਦਾ ਹੋ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਨੂੰ ਖਦਸ਼ਾ ਹੈ ਕਿ ਇਸ ਨਵੀਂ ਉੱਭਰ ਰਹੀ ਕਿਸਾਨ ਮਜ਼ਦੂਰ ਏਕਤਾ ਦਾ ਕਿਤੇ ਉਸ ਉੱਤੇ ਉਲਟਾ ਸਿਆਸੀ ਅਸਰ ਨਾ ਪਵੇ, ਇਸ ਲਈ ਉਹ ਭਾਜਪਾ ਨਾਲੋਂ ਸਬੰਧ ਤੋੜ ਕੇ ਐੱਨਡੀਏ ’ਚੋਂ ਬਾਹਰ ਆ ਗਿਆ ਅਤੇ ਫਿਰ ਉਸ ਨੇ ਅਗਲੀਆਂ ਚੋਣਾਂ ਵਿਚ ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਹਾਸਲ ਕਰਨ ਦੀ ਉਮੀਦ ਨਾਲ ਬਸਪਾ ਨਾਲ ਗੱਠਜੋੜ ਕਰ ਲਿਆ। ਪੰਜਾਬ ਵਿਚ ਅਨੁਸੂਚਿਤ ਜਾਤੀਆਂ ਦੀ ਚੋਖੀ ਵਸੋਂ ਹੈ ਜਿਸ ਦਾ ਵੱਡਾ ਹਿੱਸਾ ਜਲੰਧਰ, ਨਵਾਂਸ਼ਹਿਰ, ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਤੋਂ ਬਣੇ ਦੋਆਬਾ ਖੇਤਰ ਵਿਚ ਰਹਿੰਦਾ ਹੈ। ਉਂਜ, ਸਿਤਮਜ਼ਰੀਫ਼ੀ ਇਹ ਹੈ ਕਿ ਪੰਜਾਬ ਵਿਚ ਅਨੁਸੂਚਿਤ ਜਾਤੀਆਂ ਦੀ ਚੋਖੀ ਤਾਦਾਦ ਹੋਣ ਦੇ ਬਾਵਜੂਦ ਸੂਬੇ ਵਿਚ ਬਸਪਾ ਅਜਿਹਾ ਇਕ ਵੀ ਆਗੂ ਪੈਦਾ ਨਹੀਂ ਕਰ ਸਕੀ ਜੋ ਘੱਟੋ-ਘੱਟ ਗੱਠਜੋੜ ਦਾ ਐਲਾਨ ਕਰਨ ਮੌਕੇ ਹੀ ਆਪਣੀ ਮੌਜੂਦਗੀ ਦਰਸਾਉਂਦਾ। 12 ਜੂਨ ਨੂੰ ਹੋਏ ਚੋਣ ਗੱਠਜੋੜ ਦੀ ਕਾਰਗਰਤਾ ਨੂੰ ਲੈ ਕੇ ਅਕਾਲੀ ਦਲ ਅਤੇ ਬਸਪਾ ਦੇ ਆਗੂਆਂ ਦੇ ਵੱਖੋ-ਵੱਖਰੇ ਮੱਤ ਹਨ। ਅਕਾਲੀ ਦਲ ਨੂੰ ਕਿਸਾਨ ਅੰਦੋਲਨ ਵਿਚ ਘਿਰ ਜਾਣ ਕਾਰਨ ਭਾਜਪਾ ਨਾਲ ਪੰਝੀ ਸਾਲਾਂ ਤੋਂ ਚਲਿਆ ਆ ਰਿਹਾ ਗੱਠਜੋੜ ਤੋੜਨਾ ਪਿਆ ਅਤੇ ਹੁਣ ਇਸ ਨੇ ਪੰਜਾਬ ਵਿਚ ਦਲਿਤਾਂ ਤੇ ਅਕਾਲੀਆਂ ਦਰਮਿਆਨ ਸਿਆਸੀ ਏਕਤਾ ਦਾ ਭੁੱਲਿਆ ਵਿਸਰਿਆ ਰਾਹ ਚੁਣ ਲਿਆ ਹੈ।

ਇਸ ਤਰ੍ਹਾਂ ਯਕਦਮ ਭਾਜਪਾ ਨਾਲ ਤੋੜ-ਤੜਿੱਕ ਕਰ ਕੇ ਪੈਦਾ ਹੋਏ ਸਿਆਸੀ ਖਲਾਅ ਨੂੰ ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਨਾਲ ਭਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਂਜ, ਪੰਜਾਬ ਦੀਆਂ ਅਨੁਸੂਚਿਤ ਜਾਤੀਆਂ ਲਈ ਇਹ ਗੱਠਜੋੜ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੇ ਹਿੱਤਾਂ ਦੀ ਕੀਮਤ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਨੂੰ ਮਜ਼ਬੂਤ ਕਰਨ ਦੀ ਮਨਸੂਬਾਬੰਦੀ ਦਾ ਸਿੱਟਾ ਜਾਪਦਾ ਹੈ। ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੀ ਸੁਪਰੀਮੋ ਮਾਇਆਵਤੀ ਦੇ ਇਕ ਗ਼ੈਰ-ਦਲਿਤ ਵਫ਼ਾਦਾਰ ਸਤੀਸ਼ ਚੰਦਰ ਮਿਸ਼ਰਾ ਵਲੋਂ ਗੱਠਜੋੜ ਦਾ ਐਲਾਨ ਕਰਨ ਤੋਂ ਕੁਝ ਦਿਨਾਂ ਦੇ ਅੰਦਰ ਹੀ ਉਨ੍ਹਾਂ (ਅਨੁਸੂਚਿਤ ਜਾਤੀਆਂ) ਅੰਦਰ ਧੁਕਧੁਕੀ ਹੋਣ ਲੱਗ ਪਈ ਹੈ। ਬਸਪਾ ਦੀ ਪੰਜਾਬ ਇਕਾਈ ਦੇ ਮੁਕਾਮੀ ਅਹੁਦੇਦਾਰਾਂ ਨੇ ਪਾਰਟੀ ਲਈ ਛੱਡੀਆਂ ਸੀਟਾਂ ਨੂੰ ਲੈ ਕੇ ਨਾਖ਼ੁਸ਼ੀ ਜ਼ਾਹਿਰ ਕੀਤੀ ਹੈ।

ਅਕਾਲੀ ਦਲ ਨਾਲ ਗੱਠਜੋੜ ਵੇਲੇ ਭਾਜਪਾ ਨੂੰ 23 ਸੀਟਾਂ ਛੱਡੀਆਂ ਜਾਂਦੀਆਂ ਸਨ ਜਦਕਿ ਬਸਪਾ ਦੇ ਹਿੱਸੇ 20 ਸੀਟਾਂ ਹੀ ਆਈਆਂ ਹਨ ਜਿਨ੍ਹਾਂ ’ਚੋਂ ਅੱਠ ਦੋਆਬੇ, ਸੱਤ ਮਾਲਵੇ ਅਤੇ ਪੰਜ ਸੀਟਾਂ ਮਾਝੇ ’ਚੋਂ ਹਨ। ਇਹੀ ਨਹੀਂ, ਬਸਪਾ ਨੂੰ ਉਹ ਸੀਟਾਂ ਵੀ ਨਹੀਂ ਮਿਲੀਆ ਜਿੱਥੇ ਇਸ ਦੇ ਉਮੀਦਵਾਰਾਂ ਨੇ ਪਿਛਲੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿਚ ਬਿਹਤਰ ਕਾਰਗੁਜ਼ਾਰੀ ਦਿਖਾਈ ਸੀ। ਉਨ੍ਹਾਂ ਪਾਰਟੀ ਲੀਡਰਸ਼ਿਪ ਨੂੰ ਦਲਿਤ ਦਬਦਬੇ ਵਾਲੀਆਂ ਉਹ ਸੀਟਾਂ ਲੈਣ ਲਈ ਦਬਾਅ ਪਾਉਣ ਲਈ ਕਿਹਾ ਹੈ ਜੋ ਅਕਾਲੀ ਦਲ ਦੇ ਖਾਤੇ ਵਿਚ ਚਲੀਆਂ ਗਈਆਂ ਹਨ। ਨਵੇਂ ਗੱਠਜੋੜ ਦਾ ਅਸਰ ਕਿਹੋ ਜਿਹਾ ਰਹੇਗਾ, ਇਸ ਬਾਰੇ ਫਿਲਹਾਲ ਕੋਈ ਵੀ ਪੇਸ਼ੀਨਗੋਈ ਕਰਨਾ ਜਲਦਬਾਜ਼ੀ ਹੋਵੇਗੀ ਪਰ ਸੂਬੇ ਦੀਆਂ ਸਮਾਜੀ-ਸਿਆਸੀ ਤੇ ਆਰਥਿਕ ਹਕੀਕਤਾਂ ’ਤੇ ਸਰਸਰੀ ਝਾਤ ਮਾਰਿਆਂ ਪਤਾ ਲੱਗ ਜਾਂਦਾ ਹੈ ਕਿ ਆਉਣ ਵਾਲੇ ਮਹੀਨਿਆਂ ’ਚ ਹਵਾ ਦਾ ਰੁਖ਼ ਕੀ ਹੋ ਸਕਦਾ ਹੈ। ਜੱਟ ਸਿੱਖ ਅਤੇ ਦਲਿਤ ਸੂਬੇ ਦੇ ਦੋ ਪ੍ਰਮੁੱਖ ਭਾਈਚਾਰੇ ਹਨ ਜੋ ਆਰਥਿਕ ਤੇ ਸਮਾਜਿਕ ਦਰਜੇ ਪੱਖੋਂ ਦੋ ਪਾਟਾਂ ਵਿਚ ਵੰਡੇ ਹੋਏ ਹਨ। ਜੱਟ ਸਿੱਖਾਂ ਦੀ ਬਹੁਗਿਣਤੀ ਜ਼ਮੀਨ ਦੀ ਮਾਲਕ ਹੈ ਜਦਕਿ ਅਨੁਸੂਚਿਤ ਜਾਤੀਆਂ ਦੀ ਵੱਡੀ ਸੰਖਿਆ ਬੇਜ਼ਮੀਨੇ ਖੇਤ ਮਜ਼ਦੂਰ ਰਹੀ ਹੈ।

ਆਰਥਿਕ ਅਸਮਾਨਤਾ ਤੋਂ ਇਲਾਵਾ ਸੂਬੇ ਦੀ ਸਿਆਸੀ ਲੀਡਰਸ਼ਿਪ ’ਤੇ ਕੰਟਰੋਲ ਦੇ ਜਾਤੀਗਤ ਲਿਹਾਜ਼ ਤੋਂ ਜੱਟ ਸਿੱਖ ਬਿਹਤਰ ਪੁਜ਼ੀਸ਼ਨ ਦੀ ਮਾਲਕ ਹੈ। ਇਹ ਦੋਵੇਂ ਭਾਈਚਾਰੇ ਆਪਣੇ ਮਖ਼ਸੂਸ ਸਮਾਜੀ ਮਾਹੌਲ ਵਿਚ ਵਿਚਰਦੇ ਹਨ। ਕਈ ਥਾਵਾਂ ’ਤੇ ਉਨ੍ਹਾਂ ਦੇ ਸ਼ਮਸ਼ਾਨਘਾਟ ਅਤੇ ਧਾਰਮਿਕ ਸਥਾਨ ਵੀ ਵੱਖੋ-ਵੱਖਰੇ ਹਨ। ਹਾਲਾਂਕਿ ਦੋਵੇਂ ਭਾਈਚਾਰਿਆਂ ਦੀ ਬਹੁਸੰਖਿਆ ਪਿੰਡਾਂ ਵਿਚ ਹੀ ਵੱਸਦੀ ਹੈ ਪਰ ਇਨ੍ਹਾਂ ਦੇ ਵਸੇਬੇ ਵੀ ਵੱਖੋ-ਵੱਖਰੇ ਹਨ। ਇਸ ਪ੍ਰਸੰਗ ਵਿਚ ਸਾਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ-ਬਸਪਾ ਗੱਠਜੋੜ ਦੀ ਕਾਰਗਰਤਾ ਦੇ ਆਲੋਚਨਾਤਮਿਕ ਅਧਿਐਨ ਦੀ ਲੋੜ ਹੈ। ਸਮਾਜ ਅੰਦਰ ਪਏ ਜਾਤੀ ਪਾੜੇ ਦੇ ਮੱਦੇਨਜ਼ਰ ਇਸ ਗੱਲ ਦੇ ਆਸਾਰ ਘੱਟ ਜਾਪਦੇ ਹਨ ਕਿ ਇਸ ਗੱਠਜੋੜ ਦੇ ਸਹਾਰੇ ਅਨੁਸੂਚਿਤ ਜਾਤੀਆਂ ਦੀਆਂ ਬਹੁਤੀਆਂ ਵੋਟਾਂ ਅਕਾਲੀ ਦਲ ਦੇ ਹੱਕ ਵਿਚ ਭੁਗਤ ਸਕਣਗੀਆਂ। ਅਗਲੀ ਗੱਲ ਇਹ ਹੈ ਕਿ ਅਨੁਸੂਚਿਤ ਜਾਤੀਆਂ ਦਾ ਕੋਈ ਇਕਹਿਰਾ ਵਰਗ ਨਹੀਂ ਹੈ। ਇਹ ਵੀ 39 ਜਾਤਾਂ ਅਤੇ ਵੱਖੋ-ਵੱਖਰੇ ਧਰਮਾਂ ਤੇ ਫ਼ਿਰਕਿਆਂ ਵਿਚ ਵੰਡੀਆਂ ਹੋਈਆਂ ਹਨ ਜਿਵੇਂ ਵਾਲਮੀਕ (ਹਿੰਦੂ ਦਲਿਤ), ਮਜ਼ਹਬੀ (ਸਿੱਖ ਦਲਿਤ), ਮਸੀਹੀ (ਈਸਾਈ ਦਲਿਤ), ਰਵੀਦਾਸੀਏ, ਰਾਮਦਾਸੀਏ ਆਦਿ।

ਇਸ ਗੱਠਜੋੜ ਕੋਲ ਇੰਨੀਆਂ ਜਾਤੀ ਤੇ ਧਾਰਮਿਕ ਵਲਗਣਾਂ ਦੇ ਆਰ-ਪਾਰ ਜਾ ਕੇ ਅਕਾਲੀ ਦਲ ਲਈ ਬਹੁਤੀਆਂ ਵੋਟਾਂ ਜੁਟਾਉਣ ਦੀ ਸਮੱਰਥਾ ਨਹੀਂ ਦਿਸਦੀ। ਸਿੱਖ ਵੀ ਸਮੁੱਚੇ ਰੂਪ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਨਹੀਂ ਭੁਗਤਦੇ। ਇਨ੍ਹਾਂ ਦੀਆਂ ਵੋਟਾਂ ਵੀ ਪੰਜਾਬ ਦੀਆਂ ਮੁੱਖ ਧਾਰਾ ਪਾਰਟੀਆਂ ਵਿਚ ਵੰਡੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਅਨੁਸੂਚਿਤ ਜਾਤੀਆਂ ਦੇ ਉਹ ਵੋਟਰ ਵੀ ਹਨ ਜੋ ਬਸਪਾ ਤੋਂ ਇਸ ਗੱਲੋਂ ਖ਼ਫ਼ਾ ਹਨ ਕਿ ਇਹ ਪਾਰਟੀ ਦੇ ਬਾਨੀ ਬਾਬੂ ਕਾਂਸ਼ੀ ਰਾਮ ਵਲੋਂ ਜਗਾਈਆਂ ਆਸਾਂ ’ਤੇ ਖ਼ਰੀ ਨਹੀਂ ਉਤਰ ਸਕੀ ਅਤੇ ਹੁਣ ਇਸ ਨੇ ਅਕਾਲੀ ਦਲ ਨਾਲ ਸਮਝੌਤਾ ਕਰ ਲਿਆ ਹੈ ਜਿਸ ਕਰ ਕੇ ਉਹ ਇਸ ਦੇ ਉਲਟ ਵੀ ਜਾ ਸਕਦੇ ਹਨ। ਇਸ ਲਿਹਾਜ਼ ਤੋਂ ਬਸਪਾ ਲਈ ਅਕਾਲੀ ਦਲ ਨਾਲ ਗੱਠਜੋੜ ਮਾਰੂ ਸਾਬਿਤ ਹੋ ਸਕਦਾ ਹੈ। ਅਨੁਸੂਚਿਤ ਜਾਤੀਆਂ ਵਿਚ ਬਸਪਾ ਦੇ ਅਜਿਹੇ ਹਮਾਇਤੀ ਵੀ ਹਨ ਜੋ ਸ਼੍ਰੋਮਣੀ ਅਕਾਲੀ ਦਲ ਨਾਲ ਹੱਥ ਮਿਲਾਉਣ ਤੋਂ ਅਸਹਿਜ ਮਹਿਸੂਸ ਕਰਦੇ ਹਨ ਅਤੇ ਉਹ ਵੀ ਇਸ ਤੋਂ ਟੁੱਟ ਸਕਦੇ ਹਨ। ਦਰਅਸਲ, ਇਹ ਸੋਚ ਘੱਟ ਜਾਂ ਵੱਧ ਉਨ੍ਹਾਂ ਸਾਰੇ ਉਪ-ਵਰਗਾਂ ਤੇ ਜਾਤੀਆਂ ਦੇ ਉਨ੍ਹਾਂ ਸਾਰੇ ਲੋਕਾਂ ਦੀ ਹੋ ਸਕਦੀ ਹੈ ਜਿਨ੍ਹਾਂ ਦਾ ਸਮਰਥਨ ਜੁਟਾਉਣ ਦੀ ਉਮੀਦ ਨਾਲ ਇਹ ਗੱਠਜੋੜ ਕਾਇਮ ਕੀਤਾ ਗਿਆ ਹੈ।

ਅਕਾਲੀ ਦਲ-ਬਸਪਾ ਗੱਠਜੋੜ ਦਾ 2022 ਦੀਆਂ ਵਿਧਾਨ ਸਭਾ ਚੋਣਾਂ ’ਤੇ ਪੈਣ ਵਾਲਾ ਸੰਭਾਵੀ ਅਸਰ ਦੇ ਪੇਸ਼ੇਨਜ਼ਰ ਇਨ੍ਹਾਂ ਦੋਵਾਂ ਪਾਰਟੀਆਂ ਦੇ ਅੰਦਰੂਨੀ ਗਤੀਮਾਨਾਂ ਦਾ ਇਨ੍ਹਾਂ ਦੇ ਪਿਛਲੇ ਚੁਣਾਵੀ ਗੱਠਜੋੜਾਂ ਦੇ ਤਜਰਬੇ ਅਤੇ ਪੰਜਾਬ ਦੇ ਮੌਜੂਦਾ ਹਾਲਾਤੀ ਪ੍ਰਤੀ ਇਨ੍ਹਾਂ ਦੇ ਹੁੰਗਾਰੇ ਦੇ ਪ੍ਰਸੰਗ ਵਿਚ ਵਿਸ਼ਲੇਸ਼ਣ ਕਰਨਾ ਪਵੇਗਾ। ਪਿਛਲੇ ਸੱਤ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੇ ਪੰਜਾਬ ਦੇ ਹਾਲਾਤ ਨੂੰ ਨਵਾਂ ਮੋੜ ਦੇ ਦਿੱਤਾ ਹੈ। ਅਕਾਲੀ ਦਲ ਤੇ ਬਸਪਾ ਨੇ ਪਹਿਲੀ ਵਾਰ 1996 ਵਿਚ ਲੋਕ ਸਭਾ ਦੀਆਂ ਚੋਣਾਂ ਮੌਕੇ ਗੱਠਜੋੜ ਕੀਤਾ ਸੀ। ਉਦੋਂ ਅਕਾਲੀ ਦਲ ਨੇ ਨੌਂ ’ਚੋਂ ਅੱਠ ਸੀਟਾਂ ਅਤੇ ਬਸਪਾ ਨੇ ਚਾਰ ’ਚੋਂ ਤਿੰਨ ਸੀਟਾਂ ਜਿੱਤੀਆਂ ਸਨ। ਉਂਜ, ਇਹ ਗੱਠਜੋੜ ਬਹੁਤਾ ਚਿਰ ਨਾ ਨਿਭ ਸਕਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਨੇ ਇਕਪਾਸੜ ਤੌਰ ’ਤੇ ਫ਼ੈਸਲਾ ਲੈਂਦਿਆਂ ਗੱਠਜੋੜ ਤੋੜ ਕੇ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾ ਲਏ ਤੇ ਕੇਂਦਰ ਵਿਚ ਵਾਜਪਾਈ ਸਰਕਾਰ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ। ਬਸਪਾ ਦੇ ਸੁਪਰੀਮੋ ਬਾਬੂ ਕਾਂਸ਼ੀ ਰਾਮ ਨੇ ਜੁਲਾਈ 1999 ਵਿਚ ਪ੍ਰਕਾਸ਼ ਸਿੰਘ ਬਾਦਲ ’ਤੇ ਮਨੂੰਵਾਦੀ ਹੋਣ ਦਾ ਦੋਸ਼ ਲਾਉਂਦਿਆ, ਗੱਠਜੋੜ ਤੋੜਨ ਲਈ ਉਸ ਨੂੰ ਕਸੂਰਵਾਰ ਠਹਿਰਾਇਆ ਸੀ।

ਮਾਰਚ 2016 ਵਿਚ ਮਾਇਆਵਤੀ ਨੇ ਨਵਾਂਸ਼ਹਿਰ ਵਿਚ ਬਾਬੂ ਕਾਂਸ਼ੀ ਰਾਮ ਦੀ ਜਨਮ ਵਰ੍ਹੇਗੰਢ ਮੌਕੇ ਵੱਡੀ ਰੈਲੀ ਵਿਚ ਉਸ ਵੇਲੇ ਦੀ ਅਕਾਲੀ-ਭਾਜਪਾ ਸਰਕਾਰ ਨੂੰ ਦਲਿਤ ਵਿਰੋਧੀ ਕਰਾਰ ਦਿੱਤਾ ਸੀ। 1996 ਤੋਂ ਲੈ ਕੇ ਹੁਣ ਤੱਕ ਬਹੁਤ ਸਾਰਾ ਪਾਣੀ ਪੁਲਾਂ ਹੇਠੋਂ ਵਹਿ ਚੁੱਕਿਆ ਹੈ। 1997 ਦੀਆਂ ਵਿਧਾਨ ਸਭਾ ਚੋਣਾਂ ਵਿਚ ਗੜ੍ਹਸ਼ੰਕਰ ਦੀ ਇਕਲੌਤੀ ਸੀਟ ਤੋਂ ਸ਼ਿੰਗਾਰਾ ਰਾਮ ਸਹੂੰਗੜਾ ਦੀ ਜਿੱਤ ਤੋਂ ਇਲਾਵਾ ਹੁਣ ਤੱਕ ਬਸਪਾ ਆਪਣੇ ਦਮ ’ਤੇ ਪੰਜਾਬ ਵਿਚ ਵਿਧਾਨ ਸਭਾ ਅਤੇ ਲੋਕ ਸਭਾ ਦੀ ਇਕ ਵੀ ਸੀਟ ਨਹੀਂ ਜਿੱਤ ਸਕੀ ਹੈ। ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ (1997, 2002, 2007, 2012, 2017) ਵਿਚ ਬਸਪਾ ਦਾ ਵੋਟ ਫ਼ੀਸਦ 13.28 ਦੇ ਸਿਖ਼ਰਲੇ ਮੁਕਾਮ ਤੋਂ ਡਿੱਗ ਕੇ 1.59 ਫ਼ੀਸਦ ਰਹਿ ਗਿਆ ਹੈ। ਬਸਪਾ ਨੇ ਆਪਣੀ ਸਭ ਤੋਂ ਵਧੀਆ ਕਾਰਕਰਦਗੀ 1992 ਦੀਆਂ ਵਿਧਾਨ ਸਭਾ ਚੋਣਾਂ ਵਿਚ ਦਿਖਾਈ ਸੀ ਜਦੋਂ ਇਸ ਨੇ 16.68 ਫ਼ੀਸਦ ਵੋਟਾਂ ਲੈ ਕੇ 9 ਸੀਟਾਂ ਜਿੱਤੀਆਂ ਸਨ ਪਰ ਇਹ ਉਦੋਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ। ਉਸ ਤੋਂ ਬਾਅਦ 2017 ਦੀਆਂ ਚੋਣਾਂ ਤੱਕ ਪੰਝੀ ਸਾਲਾਂ ਦੇ ਅਰਸੇ ਦੌਰਾਨ ਬਸਪਾ ਕਦੇ ਵੀ ਅਜਿਹੀ ਚੁਣਾਵੀ ਕਾਰਗੁਜ਼ਾਰੀ ਦੁਹਰਾਅ ਨਾ ਸਕੀ।

ਦਰਅਸਲ, 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਦੀ ਕਾਰਗੁਜ਼ਾਰੀ ਬਹੁਤ ਹੀ ਮਾੜੀ ਸਿੱਧ ਹੋਈ ਸੀ। ਬਸਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੂੰ ਛੱਡ ਕੇ ਇਸ ਦੇ 110 ਉਮੀਦਵਾਰਾਂ ’ਚੋਂ ਕੋਈ ਵੀ ਆਪਣੀ ਜ਼ਮਾਨਤ ਬਚਾਉਣ ਵਿਚ ਕਾਮਯਾਬ ਨਾ ਹੋ ਸਕਿਆ। ਪਾਰਟੀ ਦੀ ਵੋਟ ਫ਼ੀਸਦੀ 1.59 ਫ਼ੀਸਦੀ ਦੇ ਆਪਣੇ ਸਭ ਤੋਂ ਨੀਵੇਂ ਪੱਧਰ ’ਤੇ ਆ ਗਈ। 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਇਸ ਦੇ 117 ਵਿਚੋਂ 109 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ ਪਰ ਇਸ ਦਾ ਵੋਟ ਫ਼ੀਸਦੀ 4.3 ਫ਼ੀਸਦ ਰਿਹਾ ਸੀ। ਹਾਲਾਂਕਿ ਪੰਜਾਬ ਵਿਚ ਅਨੁਸੂਚਿਤ ਜਾਤੀਆਂ ਦੀ ਜਨਸੰਖਿਆ ਇਕ ਤਿਹਾਈ ਬਣਦੀ ਹੈ ਪਰ ਇਨ੍ਹਾਂ ਅੰਦਰਲੇ ਜਾਤੀ ਮੱਤਭੇਦਾਂ ਕਰ ਕੇ ਪੰਜਾਬ ਵਿਚ ਮੁੱਖਧਾਰਾ ਦੀ ਦਲਿਤ ਪਾਰਟੀ ਬਣ ਕੇ ਉੱਭਰਨ ਦੀ ਬਸਪਾ ਦੀ ਖਾਹਿਸ਼ ਨੂੰ ਬੂਰ ਨਹੀਂ ਪੈ ਸਕਿਆ। ਉੱਪਰ ਬਿਆਨੇ ਗਏ ਜਟਿਲ ਕਾਰਕਾਂ ਦੇ ਮੱਦੇਨਜ਼ਰ ਅਕਾਲੀ ਦਲ-ਬਸਪਾ ਦਾ ਇਹ ਗੱਠਜੋੜ ਦੋਵਾਂ ਪਾਰਟੀਆਂ ਲਈ ਸੰਜੀਵਨੀ ਬੂਟੀ ਬਣੇਗਾ ਜਾਂ ਫਿਰ ਆਤਮਘਾਤੀ ਸਾਬਿਤ ਹੋਵੇਗਾ, ਇਹ ਦੇਖਣ ਲਈ 2022 ਦੀਆਂ ਵਿਧਾਨ ਸਭਾ ਚੋਣਾਂ ਤੱਕ ਇੰਤਜ਼ਾਰ ਕਰਨਾ ਪਵੇਗਾ।

Leave a Reply

Your email address will not be published.