ਅਕਾਲੀ ਦਲ ਨੂੰ ਬਾਦਲਾਂ ਤੋਂ ਮੁਕਤ ਕਰਵਾਉਣ ਲਈ ਬਣੇਗਾ ਨਵਾਂ ਮੋਰਚਾ : ਮਨਜੀਤ ਜੀ.ਕੇ

ਨਵੀਂ ਦਿੱਲੀ : ਪੰਜਾਬ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੋਈ ਹਾਰ ਨੂੰ ਲੈ ਕੇ ਦਿੱਲੀ ’ਚ ਸਿੱਖ ਸਿਆਸਤ ਤੇਜ਼ ਹੋ ਗਈ ਹੈ।

ਪਾਰਟੀ ਦੀ ਦੁਰਦਸ਼ਾ ’ਤੇ ਚਿੰਤਾ ਪ੍ਰਗਟਾਉਣ ਦੇ ਨਾਲ-ਨਾਲ ਬਾਦਲ ਪਰਿਵਾਰ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਜਗ ਆਸਰਾ ਗੁਰੂ ਓਟ (ਜਾਗੋ) ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣ ਲਈ ਪੰਥਕ ਫੈਡਰੇਸ਼ਨ ਬਣਾਉਣ ਦਾ ਫ਼ੈਸਲਾ ਕੀਤਾ ਹੈ। ‘ਜਾਗੋ’ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਸਿੱਖ ਸਿਆਸਤ ਨਾਲ ਜੁਡ਼ੇ ਦਲਾਂ ਦੇ ਮੁਖੀਆਂ ਨਾਲ ਮਿਲ ਕੇ ਫੈਡਰੇਸ਼ਨ ਦੇ ਗਠਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣਗੇ।

ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ‘ਜਾਗੋ’ ਦੇ ਸੀਨੀਅਰ ਆਗੂਆਂ ਨੇ ਸਿੱਖ ਸਿਆਸਤ ਦੇ ਭਵਿੱਖ ’ਤੇ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ। ਉੱਥੋਂ ਦੇ ਲੋਕਾਂ ਦੀ ਸੰਵੇਦਨਾ ਸਮਝਣ ਦੀ ਲੋਡ਼ ਹੈ। ਇਸ ਦੇ ਲਈ ਅਕਾਲੀ ਦਲ ਨੂੰ ਬਚਾਉਣਾ ਜ਼ਰੂਰੀ ਹੈ। ਅਕਾਲੀ ਦਲ ਬਾਦਲ ਸਿਰਫ਼ ਚਾਰ ਸੀਟਾਂ ’ਤੇ ਸਿਮਟ ਗਿਆ ਹੈ। ਇਹ ਚਿੰਤਾਜਨਕ ਸਥਿਤੀ ਹੈ ਕਿਉਂਕਿ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਹੈ। ਇਸ ਦਾ ਕਮਜ਼ੋਰ ਹੋਣਾ ਸਿੱਖਾਂ ਦੇ ਹਿੱਤ ’ਚ ਨਹੀਂ। ਅਕਾਲੀ ਆਗੂ ਬਾਦਲ ਪਰਿਵਾਰ ਤੋਂ ਦੁਖੀ ਹਨ ਕਿਉਂਕਿ ਉਨ੍ਹਾਂ ਕਾਰਨ ਇਹ ਪਾਰਟੀ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ। ਪਾਰਟੀ ਨੂੰ ਇਸ ਪਰਿਵਾਰ ਤੋਂ ਮੁਕਤ ਕਰਵਾਉਣ ਦੀਆਂ ਕੋਸ਼ਿਸ਼ਾਂ ਵੀ ਹੋਈਆਂ ਹਨ ਪਰ ਇਸ ’ਚ ਸਫਲਤਾ ਨਹੀਂ ਮਿਲੀ।

ਇਹੀ ਕਾਰਨ ਹੈ ਕਿ ਪਾਰਟੀ ਹਾਸ਼ੀਏ ’ਤੇ ਚਲੀ ਗਈ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਕਮਜ਼ੋਰ ਹੋਣ ਨਾਲ ਪੰਥਕ ਮਾਮਲਿਆਂ ਨੂੰ ਸਰਕਾਰ ਸਾਹਮਣੇ ਚੁੱਕਣ ’ਚ ਦਿੱਕਤ ਆਵੇਗੀ। ਇਸ ਚੁਣੌਤੀ ਨੂੰ ਧਿਆਨ ’ਚ ਰੱਖ ਕੇ ਪੰਥਕ ਮਾਮਲਿਆਂ ’ਤੇ ਸਿਆਸਤ ਕਰਨ ਵਾਲੀਆਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਮਿਲ ਕੇ ਇਕ ਫੈਡਰੇਸ਼ਨ ਬਣਾਉਣੀ ਚਾਹੀਦੀ ਹੈ। ਇਸ ਨਾਲ ਪਾਰਟੀਬਾਜ਼ੀ ਦੀ ਸਿਆਸਤ ਤੋਂ ਉੱਪਰ ਉੱਠ ਕੇ ਪੰਥ ਦੇ ਹਿੱਤ ’ਚ ਆਵਾਜ਼ ਬੁਲੰਦ ਕਰਨ ’ਚ ਮਦਦ ਮਿਲੇਗੀ। ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਮਾਣ-ਸਨਮਾਨ ਵਾਪਸ ਲਿਆਉਣ ’ਚ ਤੇਜ਼ੀ ਆਵੇਗੀ। ਇਸ ਦੀ ਪਹਿਲ ਦਿੱਲੀ ਤੋਂ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *